ਭਾਰਤ ‘ਚ ਕੋਰੋਨਾ ਦੇ ਪ੍ਰਸਾਰ ਦੀ ਰਫਤਾਰ ਭਿਆਨਕ, ਕੁੱਲ ਅੰਕੜਾ 36 ਲੱਖ ਪਾਰ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦੇ ਮਾਮਲੇ ਹੁਣ ਪੂਰੀ ਦੁਨੀਆ ਦੇ ਰਿਕਾਰਡ ਤੋੜ ਰਹੇ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੀ ਰਫਤਾਰ ਹੁਣ ਇੰਨੀ ਤੇਜ਼ ਹੋ ਗਈ ਹੈ ਕਿ ਅੰਕੜੇ ਡਰਾਉਣ ਲੱਗੇ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲੇ 36 ਲੱਖ ਪਾਰ ਕਰ ਚੁੱਕੇ ਹਨ, ਜਿਨ੍ਹਾਂ ‘ਚੋਂ 27,74,802 ਲੋਕ ਡਿਸਚਾਰਜ ਹੋ ਚੁੱਕੇ ਹਨ। ਪਿਛਲੇ 24 ਘੰਟੇ ‘ਚ ਸੋਮਵਾਰ ਨੂੰ ਕੋਰੋਨਾ ਦੇ 78 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਕੋਰੋਨਾ ਨਾਲ ਮੌਤਾਂ ਦੀ ਗੱਲ ਕਰੀਏ ਤਾਂ ਭਾਰਤ ਹੁਣ ਦੁਨੀਆਭਰ ‘ਚ ਤੀਜੇ ਨੰਬਰ ‘ਤੇ ਪਹੁੰਚ ਚੁੱਕਿਆ ਹੈ।

ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 78,512 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲੇ 36 ਲੱਖ ਪਾਰ ਹੋ ਗਏ। ਉੱਥੇ ਹੀ 24 ਘੰਟਿਆਂ ‘ਚ 971 ਲੋਕਾਂ ਦੀਆਂ ਮੌਤਾਂ ਵੀ ਹੋਈਆਂ ਹਨ, ਇਸ ਤਰ੍ਹਾਂ ਮੌਤਾਂ ਦਾ ਅੰਕੜਾ 64,469 ‘ਤੇ ਪਹੁੰਚ ਗਿਆ ਹੈ।

ਕੋਰੋਨਾ ਨਾਲ ਮੌਤਾਂ ਦੇ ਮਾਮਲੇ ਵਿੱਚ ਭਾਰਤ ਮੈਕਸੀਕੋ ਨੂੰ ਪਛਾੜ ਕੇ ਪੂਰੀ ਦੁਨੀਆ ਵਿੱਚ ਹੁਣ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਭਾਰਤ ਵਿੱਚ 64,469 ਮੌਤਾਂ ਹੋਈਆਂ ਹਨ, ਉੱਥੇ ਹੀ ਅਮਰੀਕਾ ਵਿੱਚ 187,224, ਬ੍ਰਾਜ਼ੀਲ ਵਿੱਚ 120,896 ਅਤੇ ਮੈਕਸੀਕੋ ਵਿੱਚ 64,158 ਮੌਤਾਂ ਹੋਈਆਂ ਹਨ। ਭਾਰਤ ਵਿੱਚ ਫਿਲਹਾਲ 7,81,975 ਐਕਟਿਵ ਕੇਸ ਹਨ।

- Advertisement -

ਸਿਹਤ ਮੰਤਰਾਲੇ ਦੇ ਮੁਤਾਬਕ ਕੋਰੋਨਾ ਮਹਾਮਾਰੀ ਦੇ ਸ਼ਿਕਾਰ ਹੋਏ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 76.61 ਫ਼ੀਸਦੀ ਹੋ ਗਈ ਹੈ ਅਤੇ ਇਸ ਨਾਲ ਹੋਣ ਵਾਲੀ ਮੌਤ ਦਰ ਘੱਟ ਕੇ 1.79 ਫ਼ੀਸਦੀ ਰਹਿ ਗਈ ਹੈ।

Share this Article
Leave a comment