ਭਾਰਤ ‘ਚ ਕੋਵਿਡ-19 ਦੇ ਮਰੀਜ਼ਾਂ ਦਾ ਅੰਕੜਾ 71.75 ਲੱਖ ਪਾਰ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਵਿੱਚ ਕੋਵਿਡ-19 ਦੇ 55,342 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੰਕਰਮਣ ਦੇ ਮਾਮਲੇ 71.75 ਲੱਖ ਤੋਂ ਪਾਰ ਪਹੁੰਚ ਗਏ ਹਨ। ਜਦਕਿ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 62 ਲੱਖ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 55,342 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਕੁਲ ਸੰਕਰਮਿਤਾਂ ਦੀ ਗਿਣਤੀ 71,75,880 ਹੋ ਗਈ ਹੈ। 18 ਅਗਸਤ ਤੋਂ ਬਾਅਦ ਪਹਿਲੀ ਵਾਰ 55 ਹਜ਼ਾਰ ਦੇ ਲਗਭਗ ਮਾਮਲੇ ਸਾਹਮਣੇ ਆਏ ਹਨ।

ਉਥੇ ਹੀ ਇਸ ਦੌਰਾਨ 706 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 1,09,856 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਮੰਗਲਵਾਰ ਨੂੰ ਇੱਕ ਵਾਰ ਫਿਰ ਸੰਕਰਮਿਤਾਂ ਤੋਂ ਜ਼ਿਆਦਾ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਰਹੀ। ਪਿਛਲੇ 24 ਘੰਟਿਆਂ ਵਿੱਚ 77,760 ਮਰੀਜ਼ ਠੀਕ ਹੋਏ ਹਨ। ਹੁਣ ਤੱਕ ਕੁੱਲ 62,27,295 ਲੋਕ ਕੋਰੋਨਾ ਨੂੰ ਮਾਤ ਦੇਣ ਵਿੱਚ ਕਾਮਯਾਬ ਰਹੇ ਹਨ। ਦੇਸ਼ ਵਿੱਚ ਇਸ ਸਮੇਂ 8, 38,729 ਮਾਮਲੇ ਐਕਟਿਵ ਸਟੇਜ ਵਿੱਚ ਹਨ, ਯਾਨੀ ਕਿ ਇਨ੍ਹਾਂ ਦਾ ਇਲਾਜ ਜਾਂ ਤਾਂ ਹਸਪਤਾਲ ਵਿੱਚ ਚੱਲ ਰਿਹਾ ਹੈ ਜਾਂ ਫਿਰ ਇਹ ਡਾਕਟਰਾਂ ਦੇ ਨਿਰਦੇਸ਼ਾਂ ਅਨੁਸਾਰ ਹੋਮ ਆਈਸੋਲੇਸ਼ਨ ਵਿੱਚ ਹਨ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਰਿਕਵਰੀ ਰੇਟ 86.78 ਫ਼ੀਸਦੀ ਹੋ ਗਿਆ ਹੈ, ਉੱਥੇ ਹੀ 11.68 ਫੀਸਦੀ ਮਰੀਜ਼ ਐਕਟਿਵ ਸਟੇਜ ਵਿੱਚ ਹਨ। ਡੈੱਥ ਰੇਟ 1.53 ਫ਼ੀਸਦੀ ‘ਤੇ ਬਰਕਰਾਰ ਹੈ ਤਾਂ ਹੁਣ ਪਾਜ਼ਿਟਿਵਿਟੀ ਰੇਟ ਡਿੱਗ ਕੇ 5.15 ਫ਼ੀਸਦੀ ਹੋ ਗਿਆ ਹੈ।

- Advertisement -
Share this Article
Leave a comment