Breaking News

ਭਾਰਤੀ ਮਹਿਲਾ ਹਾਕੀ : ਸ਼ਾਬਾਸ਼ ! ਕੁੜੀਓ, ਸ਼ਾਬਾਸ਼ !

-ਸੁਬੇਗ ਸਿੰਘ;

ਪੰਜਾਬੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਡਿੱਗਦੇ ਵੀ ਉਹ ਹੀ ਹੁੰਦੇ ਹਨ, ਜਿਹੜੇ ਸਵਾਰ ਹੁੰਦੇ ਹਨ। ਜਿਹੜੇ ਸਵਾਰੀ ਹੀ ਨਹੀਂ ਕਰਦੇ, ਉਹ ਕੀ ਖਾਕ ਡਿੱਗਣਗੇ। ਕਹਿਣ ਤੋਂ ਭਾਵ ਇਹ ਹੈ ਕਿ ਹਾਰਨਾ ਵੀ ਉਨ੍ਹਾਂ ਨੇ ਹੀ ਹੁੰਦਾ ਹੈ,ਜਿਹੜੇ ਲੜਦੇ ਹਨ। ਜਦੋਂ ਦੋ ਪਹਿਲਵਾਨ ਘੁਲਦੇ ਹਨ ਜਾਂ ਫਿਰ ਦੋ ਖਿਡਾਰੀ ਖੇਡਦੇ ਹਨ, ਤਾਂ ਇੱਕ ਜਿੱਤਦਾ ਤੇ ਦੂਸਰਾ ਹਾਰਦਾ ਹੈ।ਕਿਉਂਕਿ ਲੜਾਈ ਹੋਵੇ ਜਾਂ ਫਿਰ ਕੋਈ ਖੇਡ ਦਾ ਮੈਦਾਨ ਹੋਵੇ, ਜਿੱਤ ਹਾਰ ਤਾਂ ਲਾਜਮੀ ਹੁੰਦੀ ਹੈ।

ਭਾਵੇਂ ਕਿਸੇ ਖੇਡ ਵਿੱਚ ਜਿੱਤ ਜਾਣਾ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਲੋਕ ਵੀ ਜਿੱਤਣ ਵਾਲੇ ਨੂੰ ਪੂਰਾ ਮਾਣ ਸਨਮਾਨ ਦਿੰਦੇ ਹਨ ਅਤੇ ਇਹ ਮਾਣ ਸਨਮਾਨ ਦੇਣਾ ਵੀ ਚਾਹੀਦਾ ਹੈ।ਜਿੱਤਣ ਦੇ ਲਈ ਤਾਂ ਸਿਰ ਧੜ ਦੀ ਬਾਜੀ ਲਾਉਣੀ ਪੈਂਦੀ ਹੈ। ਘਰ ਬੈਠਿਆਂ ਅਤੇ ਹੱਥ ‘ਤੇ ਹੱਥ ਧਰ ਕੇ ਬੈਠਣ ਨਾਲ ਕਦੇ ਜਿੱਤ ਨਸ਼ੀਬ ਨਹੀਂ ਹੁੰਦੀ। ਭਾਵੇਂ ਇਹ ਜਿੱਤ ਲੜਾਈ ਦੇ ਮੈਦਾਨ ਦੀ ਹੋਵੇ। ਜਿੰਦਗੀ ਜਿਉਣ ਦੀ ਹੋਵੇ ਜਾਂ ਫਿਰ ਇਹ ਲੜਾਈ ਖੇਡ ਦੇ ਮੈਦਾਨ ਦੀ ਹੋਵੇ। ਇਹ ਲੜਾਈ ਔਖੀ ਹੀ ਨਹੀਂ, ਸਗੋਂ ਜੋਖਮ ਭਰੀ ਵੀ ਹੁੰਦੀ ਹੈ ਅਤੇ ਉਹ ਵੀ ਉਸ ਵਕਤ ਜਦੋਂ ਕੋਈ ਲੜਾਈ ਕਰੋੜਾਂ ਲੋਕਾਂ ਚੋਂ ਅਤੇ ਕਰੋੜਾਂ ਲੋਕਾਂ ਦੇ ਮਾਣ ਤੇ ਸਨਮਾਨ ਲਈ ਲੜੀ ਜਾ ਰਹੀ ਹੋਵੇ।

ਕਿਸੇ ਲੜਾਈ ਨੂੰ ਲੜਨਾ ਜਾਂ ਖੇਡ ਦੇ ਮੈਦਾਨ ਚ ਖੇਡਣਾ ਅਤੇ ਕਿਸੇ ਕਾਰਨ ਹਾਰ ਜਾਣਾ ਐਨਾ ਮਹੱਤਵਪੂਰਨ ਨਹੀਂ ਹੁੰਦਾ, ਜਿੰਨਾ ਉਸ ਖੇਡ ਨੂੰ ਹਿੰਮਤ, ਹੌਸਲੇ ਤੇ ਜਜਬੇ ਨਾਲ ਖੇਡਣਾ ਹੁੰਦਾ ਹੈ।ਖੇਡ ਨੂੰ ਖੇਡ ਦੀ ਭਾਵਨਾ ਨਾਲ ਜੀਅ ਜਾਨ ਲਗਾ ਕੇ ਖੇਡਣਾ ਅਤੇ ਆਪਣੇ ਹੌਸਲੇ ਨੂੰ ਬੁਲੰਦ ਰੱਖਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਅਤੇ ਨਾ ਹੀ ਹਰ ਕਿਸੇ ਦੇ ਵੱਸ ਦੀ ਗੱਲ ਹੀ ਹੁੰਦੀ ਹੈ। ਉਹ ਵੀ ਉੱਥੇ, ਜਿੱਥੇ ਦੁਨੀਆਂ ਦੀਆਂ ਉੱਚਕੋਟੀ ਦੀਆਂ ਟੀਮਾਂ ਖੇਡ ਰਹੀਆਂ ਹੋਣ ਅਤੇ ਜਿੰਨ੍ਹਾਂ ਨੂੰ ਭਾਰਤ ਜਿਹੇ ਮੁਲਕ ਦੇ ਮੁਕਾਬਲੇ ਬਿਹਤਰ ਸਹੂਲਤਾਂ ਮਿਲਦੀਆਂ ਹੋਣ।ਅਗਰ ਕੋਈ ਖਿਡਾਰੀ ਆਪਣੇ ਪਰਿਵਾਰ ਦੀਆਂ ਦੁਸ਼ਵਾਰੀਆਂ ਨਾਲ ਜੂਝਦਾ ਅਤੇ ਦੇਸ਼ ਵੱਲੋਂ ਮਿਲੀਆਂ ਬਹੁਤ ਹੀ ਘੱਟ ਸਹੂਲਤਾਂ ਦੇ ਬਾਵਜੂਦ ਉਲੰਪਿਕ ਖੇਡਾਂ ਚ ਕੋਈ ਤਗਮਾ ਜਿੱਤਦਾ ਹੈ ਜਾਂ ਤਗਮਾ ਜਿੱਤਣ ਦੇ ਨੇੜੇ ਤੇੜੇ ਪਹੁੰਚਦਾ ਹੈ, ਤਾਂ ਇਹ ਵੀ ਤਗਮਾ ਜਿੱਤਣ ਤੋਂ ਕੋਈ ਘੱਟ ਨਹੀਂ ਹੁੰਦਾ। ਜਿਹੜੀ ਉਨ੍ਹਾਂ ਖਿਡਾਰੀਆਂ ਤੇ ਉਹਦੇ ਦੇਸ਼ ਲਈ ਮਾਣ ਵਾਲੀ ਗੱਲ ਹੁੰਦੀ ਹੈ।

ਇਹੋ ਜਿਹੀ ਮਾਣਮੱਤੀ ਪ੍ਰਾਪਤੀ ਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਕੀਤੀ ਹੈ। ਭਾਵੇਂ ਇਸ ਮਹਿਲਾ ਹਾਕੀ ਟੀਮ ਦੀਆਂ ਕੁੜੀਆਂ ਦਾ ਕਾਂਸੀ ਦਾ ਤਗਮਾ ਜਿੱਤਣ ਦਾ ਸੁਪਨਾ ਟੁੱਟ ਗਿਆ। ਪਰ ਜਿਸ ਤਰ੍ਹਾਂ ਦੇ ਜੁਝਾਰੂਪਣ ਤੇ ਹੌਸਲੇ ਨਾਲ ਇਹ ਕੁੜੀਆਂ ਲਗਾਤਾਰ ਖੇਡੀਆਂ ਅਤੇ ਉਲੰਪਿਕ ਖੇਡਾਂ ਵਿੱਚ ਚੌਥੇ ਨੰਬਰ ਤੇ ਰਹੀਆਂ, ਉਹ ਕਾਰਨਾਮਾ ਵਾਕਈ ਤਾਰੀਫ ਦੇ ਕਾਬਲ ਹੈ। ਅਜਿਹਾ ਕਾਰਨਾਮਾ ਬੜੇ ਲੰਮੇ ਸਮੇਂ ਬਾਅਦ ਮਹਿਲਾ ਹਾਕੀ ਟੀਮ ਵੱਲੋਂ ਕੀਤਾ ਗਿਆ ਹੈ। ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਕਾਰਨਾਮਾ 1980 ਵਿੱਚ ਹੋਇਆ ਸੀ।ਉਸ ਵਕਤ ਵੀ ਮਹਿਲਾ ਹਾਕੀ ਟੀਮ ਉਲੰਪਿਕ ਵਿੱਚ ਚੌਥੇ ਸਥਾਨ ‘ਤੇ ਰਹੀ ਸੀ। ਜਿਹੜਾ ਕਿ ਕਿਸੇ ਤਗਮੇ ਤੋਂ ਘੱਟ ਨਹੀਂ ਹੈ।

ਗੱਲ ਤਗਮਾ ਜਿੱਤਣ ਦੀ ਨਹੀਂ ਹੈ। ਸਗੋਂ ਮਹਿਲਾ ਹਾਕੀ ਟੀਮ ਦੀਆਂ ਲੜਕੀਆਂ ਦੇ ਹੌਸਲੇ ਤੇ ਜੁਝਾਰੂ ਖੇਡ ਦੀ ਹੈ, ਜੋ ਕਿ ਉਨ੍ਹਾਂ ਨੇ ਖੇਡ ਦੇ ਦੌਰਾਨ ਬਾਖੂਬੀ ਵਿਖਾਇਆ ਵੀ ਹੈ। ਇਸ ਲਈ ਸਮੁੱਚੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ, ਉਨ੍ਹਾਂ ਦੀ ਕਪਤਾਨ ਰਾਣੀ ਰਾਮਪਾਲ, ਜਿਸ ਦੀ ਅਗਵਾਈ ਚ ਪੂਰੀ ਟੀਮ ਖੇਡੀ। ਇਸ ਤੋਂ ਇਲਾਵਾ ਇਸ ਟੀਮ ਦੇ ਕੋਚ ਅਤੇ ਟੀਮ ਨਾਲ ਸਵੰਧਿਤ ਸਾਰਾ ਅਮਲਾ ਹੀ ਵਧਾਈ ਦਾ ਪਾਤਰ ਹੈ। ਸਾਨੂੰ ਸਾਰੇ ਹੀ ਦੇਸ਼ ਵਾਸ਼ੀਆਂ ਨੂੰ ਇਨ੍ਹਾਂ ਖਿਡਾਰਨਾਂ ‘ਤੇ ਮਾਣ ਹੈ ਅਤੇ ਇਨ੍ਹਾਂ ਦਾ ਦੇਸ਼ ‘ਚ ਪਹੁੰਚਣ ਤੇ ਦਿਲ ਖੋਲ ਕੇ ਸਨਮਾਨ ਕਰਨਾ ਚਾਹੀਦਾ ਹੈ, ਤਾਂ ਕਿ ਇਹ ਬੱਚੀਆਂ ਅੱਗੇ ਲਈ ਹੋਰ ਹੌਸਲੇ ਨਾਲ ਖੇਡ ਸਕਣ ਤੇ ਆਪਣੇ ਦੇਸ਼ ਦਾ ਨਾਮ ਰੌਸਨ ਕਰ ਸਕਣ। ਇਸ ਤੋਂ ਇਲਾਵਾ ਭਾਰਤ ਦੀ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਨੂੰ ਬੇਨਤੀ ਹੈ, ਕਿ ਇਨ੍ਹਾਂ ਖਿਡਾਰਨਾਂ ਦੀ ਦਿਲ ਖੋਲ੍ਹ ਕੇ ਮਾਲੀ ਮੱਦਦ ਵੀ ਕੀਤੀ ਜਾਵੇ। ਕਿਉਂਕਿ ਉਲੰਪਿਕ ਖੇਡਾਂ ਵਿੱਚ ਚੌਥੇ ਨੰਬਰ ਤੇ ਆਉਣਾ ਵੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ।ਸਾਰੇ ਦੇਸ਼ ਵਾਸ਼ੀਆਂ ਦੀਆਂ ਸ਼ੁਭ ਇਛਾਵਾਂ ਇੰਨ੍ਹਾਂ ਕੁੜੀਆਂ ਦੇ ਨਾਲ ਹਨ। ਪ੍ਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ!

ਸੰਪਰਕ: 93169 10402

Check Also

ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ! ਕਿੰਨੀ ਸੱਚੀ ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ? ਕਿੰਨੀ ਸੱਚੀ ? ਇਹ …

Leave a Reply

Your email address will not be published. Required fields are marked *