ਕਿਸਾਨਾਂ ਦੇ ਹੱਕ ’ਚ ਨਿਤਰਿਆ ਆਸਟ੍ਰੇਲੀਆ ਦਾ ਪੰਜਾਬੀ ਭਾਈਚਾਰਾ, ਮੈਲਬੌਰਨ, ਸਿਡਨੀ ਤੇ ਐਡੀਲੇਡ ‘ਚ ਪ੍ਰਦਰਸ਼ਨ

TeamGlobalPunjab
2 Min Read

ਨਿਊਜ਼ ਡੈਸਕ: ਭਾਰਤ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ-ਮਜ਼ਦੂਰ ਜਥੇਬੰਦੀਆਂ ਸਣੇ ਵੱਖ-ਵੱਖ ਵਰਗਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਲੈ ਕੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਪਾਸੇ ਟਿਕੀਆਂ ਹੋਈਆਂ ਹਨ। ਜਿਸ ਦੇ ਚਲਦਿਆਂ ਦੁਨੀਆਂ ਭਰ ‘ਚੋਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਨੂੰ ਲੈ ਕੇ ਆਸਟ੍ਰੇਲੀਆ ‘ਚ ਵੀ ਸ਼ਾਤਮਈ ਪ੍ਰਦਰਸ਼ਨ ਕੀਤੇ ਗਏ। ਇੱਥੋ ਦੇ ਸ਼ਹਿਰਾਂ ਮੈਲਬੌਰਨ ,ਸਿਡਨੀ ਅਤੇ ਐਡੀਲੇਡ ਵਿੱਚ ਵਸਦੇ ਭਾਈਚਾਰੇ ਵਲੋ ਕੋਵਿਡ ਕਾਨੂੰਨਾਂ ਦੀ ਪਾਲਣਾ ਕਰਦਿਆਂ ਇਕਤਰਤਾ ਕਰਕੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਗਿਆ।

ਮੈਲਬੌਰਨ ਦੇ ਵਾਲਰਟ ਇਲਾਕੇ ਵਿੱਚ ਇਕੱਤਰਤਾ ਕੀਤੀ ਗਈ। ਜਿਸ ਵਿੱਚ ਪੰਜਾਬ ਵੱਲੋਂ ਵਿੱਢੇ ਮੌਜੂਦਾ ਕਿਰਸਾਨੀ ਸੰਘਰਸ਼ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਤੇ ਵੀ ਚਰਚਾ ਕੀਤੀ ਗਈ ਤੇ ਦੱਸਿਆ ਗਿਆ ਕਿ ਇਹ ਬਿੱਲ ਕਿਸ ਤਰਾਂ ਲੋਕ ਵਿਰੋਧੀ ਸਿੱਧ ਹੋਣਗੇ। ਬੁਲਾਰਿਆਂ ਨੇ ਕਿਹਾ ਕਿ ਭਾਰਤ ਦਾ ਕੌਮੀ ਮੀਡੀਆ ਇਸ ਸੰਘਰਸ਼ ਨੂੰ ਗਲਤ ਰੰਗਤ ਦੇ ਰਿਹਾ ਹੈ ਤੇ ਇਹਨਾਂ ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਆਸਟ੍ਰੇਲੀਆ ਮੀਡੀਆ ਨੂੰ ਵੀ ਜਾਣੂੰ ਕਰਵਾਇਆ ਜਾਵੇਗਾ ਤਾਂ ਜੋ ਕੌਮਾਂਤਰੀ ਪੱਧਰ ਤੇ ਭਾਰਤ ਦੀਆਂ ਤਾਨਸ਼ਾਹੀ ਨੀਤੀਆਂ ਜੱਗ ਜਾਹਰ ਹੋ ਸਕਣ।

- Advertisement -

ਬੁਲਾਰਿਆਂ ਨੇ ਭਾਰਤੀ ਹਕੂਮਤ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਖੇਤੀ ਬਿੱਲ ਰੱਦ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਾਜ਼ਰ ਲੋਕਾਂ ਵੱਲੋਂ ਕਿਸਾਨ ਬਚਾਓ , ਪੰਜਾਬ ਬਚਾਓ ਸਮੇਤ ਅਨੇਕਾਂ ਨਾਅਰਿਆਂ ਨਾਲ ਸਜੀਆਂ ਤਖਤੀਆਂ ਰਾਹੀਂ ਆਪਣਾ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਕੋਰੋਨਾ ਮਹਾਂਮਾਰੀ ਕਰਕੇ ਲੱਗੀਆਂ ਪਾਬੰਦੀਆਂ ਕਰਕੇ ਸਰਕਾਰੀ ਹਦਾਇਤਾਂ ਦਾ ਪਾਲਣ ਵੀ ਪੂਰਨ ਰੂਪ ਵਿੱਚ ਕੀਤਾ ਗਿਆ।

ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਆਸਟ੍ਰੇਲੀਆਈ ਸ਼ਹਿਰ ਸਿਡਨੀ ਅਤੇ ਐਡੀਲੇਡ ਵਿੱਚ ਵੀ ਮੁਜ਼ਾਹਰਾ ਕੀਤਾ ਗਿਆ। ਸਥਾਨਕ ਲੋਕਾਂ ਨੇ ਖੇਤੀ ਬਿੱਲਾਂ ਨੂੰ ਲੋਕ ਮਾਰੂ ਬਿੱਲ ਗਰਦਾਨਿਆ ਤੇ ਦਿੱਲੀ ਸੰਘਰਸ਼ ਮੋਰਚੇ ਵਿੱਚ ਬੈਠੇ ਕਿਸਾਨਾਂ ਦਾ ਭਰਪੂਰ ਸਮਰਥਨ ਕਰਨ ਦਾ ਐਲਾਨ ਵੀ ਕੀਤਾ।

Share this Article
Leave a comment