ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲੇ ਲਗਾਤਾਰ ਚਿੰਤਾ ਵਧਾ ਰਹੇ ਹਨ। ਬੁੱਧਵਾਰ ਨੂੰ ਦੇਸ਼ ਵਿੱਚ 53,364 ਨਵੇਂ ਮਾਮਲੇ ਸਾਹਮਣੇ ਆਏ, ਜੋ ਬੀਤੇ ਸਾਲ 23 ਅਕਤੂਬਰ ਤੋਂ ਬਾਅਦ ਸਭ ਤੋਂ ਵੱਡਾ ਅੰਕੜਾ ਹੈ। ਇਸੇ ਤਰ੍ਹਾਂ ਕੋਰੋਨਾ ਵਾਇਰਸ ਦਾ ਸੰਕਰਮਣ ਬੀਤੇ 5 ਮਹੀਨਿਆਂ ਦੇ ਟਾਪ ਤੇ ਪਹੁੰਚ ਗਿਆ ਹੈ।
23 ਅਕਤੂਬਰ ਨੂੰ ਦੇਸ਼ ਵਿੱਚ 54,350 ਨਵੇਂ ਕੇਸ ਮਿਲੇ ਸਨ, ਉਸ ਤੋਂ ਬਾਅਦ ਤੋਂ ਲਗਾਤਾਰ ਇਹ ਗਿਣਤੀ ਘੱਟ ਹੀ ਰਹੀ ਸੀ। ਹਾਲਾਂਕਿ ਉਦੋਂ ਇਹ ਨਵੇਂ ਮਾਮਲਿਆਂ ਦਾ ਸਿਖਰ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਨਵੇਂ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ, ਪਰ ਇਸ ਮਹੀਨੇ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਦਿਨ ਨਵੇਂ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੋਰੋਨਾ ਦੀ ਪਹਿਲੀ ਲਹਿਰ ਦਾ ਪੀਕ ਪਿਛਲੇ ਸਾਲ 17 ਸਤੰਬਰ ਨੂੰ ਵੇਖਿਆ ਗਿਆ ਸੀ, ਜਦੋਂ ਦੇਸ਼ ਵਿਚ ਦੇਸ਼ ਵਿਚ 98 ਹਜ਼ਾਰ ਕੇਸ ਸਾਹਮਣੇ ਆਏ ਸਨ।
ਉੱਥੇ ਹੀ ਬੁੱਧਵਾਰ ਨੂੰ ਕੋਰੋਨਾ ਦੇ ਚੱਲਦਿਆਂ 248 ਲੋਕਾਂ ਦੀ ਮੌਤ ਹੋ ਗਈ, ਹਾਲਾਂਕਿ ਮੰਗਲਵਾਰ ਦੇ ਮੁਕਾਬਲੇ ਇਹ ਥੋੜ੍ਹਾ ਰਾਹਤ ਭਰਿਆ ਰਿਹਾ। ਹਾਲਾਂਕਿ ਬੀਤੇ ਸਾਲ 23 ਅਕਤੂਬਰ ਨੂੰ ਜਦੋਂ 54 ਹਜ਼ਾਰ ਤੋਂ ਜ਼ਿਆਦਾ ਕੇਸ ਮਿਲੇ ਸਨ। ਉਦੋਂ ਮ੍ਰਿਤਕਾਂ ਦਾ ਅੰਕੜਾ 665 ਦਰਜ ਕੀਤਾ ਗਿਆ ਸੀ। ਫਿਲਹਾਲ ਐਕਟਿਵ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਦੇ ਹੋਏ ਚਾਰ ਲੱਖ ਦੇ ਨੇੜੇ ਪਹੁੰਚ ਰਹੀ ਹੈ।