ਨਵੀਂ ਦਿੱਲੀ- ਇਸਲਾਮਿਕ ਦੇਸ਼ਾਂ ਦੀ ਸੰਸਥਾ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ (ਓ.ਆਈ.ਸੀ.) ‘ਚ ਚੀਨ ਵੱਲੋਂ ਕਸ਼ਮੀਰ ਦਾ ਜ਼ਿਕਰ ਕੀਤੇ ਜਾਣ ‘ਤੇ ਭਾਰਤ ਨੇ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਸਲਾਮਾਬਾਦ ‘ਚ ਓਆਈਸੀ ਦੀ ਬੈਠਕ ਦੌਰਾਨ ਜਿਸ ਤਰ੍ਹਾਂ ਨਾਲ ਕਸ਼ਮੀਰ ਦਾ ਜ਼ਿਕਰ ਕੀਤਾ, ਉਹ ਬਿਲਕੁਲ ਬੇਲੋੜਾ ਸੀ। ਅਸੀਂ ਇਸ ਨੂੰ ਰੱਦ ਕਰਦੇ ਹਾਂ। ਭਾਰਤ ਨੇ ਕਿਹਾ ਕਿ ਕਸ਼ਮੀਰ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਚੀਨ ਸਮੇਤ ਕਿਸੇ ਤੀਜੇ ਦੇਸ਼ ਲਈ ਇਸ ‘ਤੇ ਟਿੱਪਣੀ ਕਰਨ ਦਾ ਕੋਈ ਮਤਲਬ ਨਹੀਂ ਬਣਦਾ।
ਸੰਸਾਰ ਵਿੱਚ ਮੁਸਲਿਮ ਦੇਸ਼ਾਂ ਦੀ ਆਵਾਜ਼ ਬੁਲੰਦ ਕਰਨ ਲਈ ਇਸਲਾਮਿਕ ਸਹਿਯੋਗ ਸੰਗਠਨ ਦਾ ਗਠਨ ਕੀਤਾ ਗਿਆ ਹੈ। ਇਸ ਸੰਗਠਨ ਦਾ ਉਦੇਸ਼ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਦਭਾਵਨਾ ਨੂੰ ਕਾਇਮ ਰੱਖਦੇ ਹੋਏ ਮੁਸਲਿਮ ਸੰਸਾਰ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਇਸ 57 ਮੈਂਬਰੀ ਸੰਸਥਾ ਦੇ ਵਿਦੇਸ਼ ਮੰਤਰੀ ਪ੍ਰੀਸ਼ਦ ਦਾ ਦੋ ਦਿਨਾ ਸੈਸ਼ਨ 22 ਅਤੇ 23 ਮਾਰਚ ਨੂੰ ਇਸਲਾਮਾਬਾਦ ਵਿੱਚ ਹੋਇਆ। ਮੰਗਲਵਾਰ ਨੂੰ ਉਦਘਾਟਨੀ ਸੈਸ਼ਨ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਓਆਈਸੀ ਦੇ ਮੰਚ ਤੋਂ ਕਸ਼ਮੀਰ ਦਾ ਰਾਗ ਬੁਲੰਦ ਕੀਤਾ। ਇਮਰਾਨ ਨੇ ਕਿਹਾ ਸੀ ਕਿ ਅਸੀਂ ਡੇਢ ਅਰਬ ਮੁਸਲਮਾਨ ਹਾਂ ਪਰ ਕਸ਼ਮੀਰ ਅਤੇ ਫਲਸਤੀਨ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਅਸਫਲ ਰਹੇ ਹਾਂ। ਕਸ਼ਮੀਰ ‘ਤੇ ਸਾਡਾ ਕੋਈ ਪ੍ਰਭਾਵ ਨਹੀਂ ਹੈ। ਉਹ ਸਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਰਤ ਨੇ ਗ਼ੈਰਕਾਨੂੰਨੀ ਢੰਗ ਨਾਲ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਦਿੱਤਾ ਪਰ ਅਜਿਹਾ ਕੁਝ ਨਹੀਂ ਹੋਇਆ।
ਇਸ ਬੈਠਕ ‘ਚ ਮੌਜੂਦ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀ ਕਸ਼ਮੀਰ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ”ਅਸੀਂ ਕਸ਼ਮੀਰ ‘ਤੇ ਆਪਣੇ ਕਈ ਇਸਲਾਮਿਕ ਦੋਸਤਾਂ ਦੀ ਪੁਕਾਰ ਫਿਰ ਸੁਣੀ ਹੈ। ਚੀਨ ਵੀ ਇਹੀ ਉਮੀਦ ਕਰਦਾ ਹੈ।” ਇਸ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੱਲੋਂ ਓਆਈਸੀ ਦੇ ਉਦਘਾਟਨੀ ਸਮਾਰੋਹ ਦੌਰਾਨ ਆਪਣੇ ਭਾਸ਼ਣ ਦੌਰਾਨ ਭਾਰਤ ਦਾ ਜ਼ਿਕਰ ਬੇਲੋੜਾ ਸੀ ਅਤੇ ਅਸੀਂ ਇਸ ਨੂੰ ਰੱਦ ਕਰਦੇ ਹਾਂ। ਬਾਗਚੀ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਮੁੱਦਾ ਪੂਰੀ ਤਰ੍ਹਾਂ ਭਾਰਤ ਦਾ ਅੰਦਰੂਨੀ ਮਾਮਲਾ ਹੈ। ਚੀਨ ਸਮੇਤ ਹੋਰ ਦੇਸ਼ਾਂ ਨੂੰ ਇਸ ‘ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਦੇ ਅੰਦਰੂਨੀ ਮੁੱਦਿਆਂ ‘ਤੇ ਜਨਤਕ ਬਿਆਨ ਦੇਣ ਤੋਂ ਵੀ ਗੁਰੇਜ਼ ਕਰਦਾ ਹੈ।
ਭਾਰਤ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਚੀਨ ਦੇ ਵਿਦੇਸ਼ ਮੰਤਰੀ ਦੇ 24 ਮਾਰਚ ਨੂੰ ਦੋ ਦਿਨਾਂ ਲਈ ਦਿੱਲੀ ਦੌਰੇ ‘ਤੇ ਆਉਣ ਦੀ ਚਰਚਾ ਹੈ। ਚੀਨੀ ਵਿਦੇਸ਼ ਮੰਤਰੀ ਦੀ ਇਹ ਸੰਭਾਵਿਤ ਯਾਤਰਾ ਯੂਕਰੇਨ ‘ਤੇ ਰੂਸੀ ਹਮਲੇ ਨੂੰ ਲੈ ਕੇ ਦੁਨੀਆ ‘ਚ ਪੈਦਾ ਹੋਏ ਹੰਗਾਮੇ ਦਰਮਿਆਨ ਹੋ ਰਹੀ ਹੈ। ਦੁਨੀਆ ਵਿੱਚ ਸਿਰਫ ਚੀਨ ਅਤੇ ਭਾਰਤ ਹੀ ਹਨ, ਜੋ ਰੂਸ ਦੇ ਖਿਲਾਫ਼ ਖੁੱਲ ਕੇ ਨਹੀਂ ਬੋਲ ਰਹੇ ਹਨ। ਅਮਰੀਕਾ ਆਦਿ ਦੇਸ਼ਾਂ ਵਿੱਚ ਵੀ ਡੂੰਘੀ ਨਾਰਾਜ਼ਗੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.