ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ ਦੇਸ਼ ਦੀ ਮੌਜੂਦਾ ਸਥਿਤੀ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਰਤ ਹੁਣ ‘ਵਿਸ਼ਵਗੁਰੂ’ ਨਹੀਂ ਰਿਹਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਾਨੂੰ ਫਿਲਹਾਲ ਇਸ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
“ਅਸੀਂ ਅਤੀਤ ਵਿੱਚ ਵਿਸ਼ਵਗੁਰੂ ਸੀ, ਅੱਜ ਨਹੀਂ”
ਆਰਐੱਸਐੱਸ ਨਾਲ ਜੁੜੀ ਸੰਸਥਾ ‘ਸੰਸਕ੍ਰਿਤ ਭਾਰਤੀ’ ਦੇ ਕੇਂਦਰੀ ਦਫ਼ਤਰ ਦੇ ਬੀਤੇ ਦਿਨ ਦਿੱਲੀ ਵਿੱਚ ਉਦਘਾਟਨ ਮੌਕੇ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ, “ਮੈਂ ਨਿੱਜੀ ਤੌਰ ‘ਤੇ ਮੰਨਦਾ ਹਾਂ ਕਿ ਅੱਜ-ਕੱਲ੍ਹ ਸਾਨੂੰ ‘ਵਿਸ਼ਵਗੁਰੂ’ ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਸੀਂ ਵਰਤਮਾਨ ਵਿੱਚ ਵਿਸ਼ਵਗੁਰੂ ਨਹੀਂ ਹਾਂ। ਹਾਂ, ਸਾਨੂੰ ਵਿਸ਼ਵਗੁਰੂ ਬਣਨ ਦੀ ਇੱਛਾ ਜ਼ਰੂਰ ਰੱਖਣੀ ਚਾਹੀਦੀ ਹੈ। ਬੇਸ਼ੱਕ, ਅਸੀਂ ਕਿਸੇ ਸਮੇਂ ਵਿਸ਼ਵਗੁਰੂ ਸੀ, ਪਰ ਅੱਜ ਦੀ ਹਕੀਕਤ ਕੁਝ ਹੋਰ ਹੈ।”
ਸਮਾਗਮ ਦੌਰਾਨ ਜੋਸ਼ੀ ਨੇ ਸੰਸਕ੍ਰਿਤ ਭਾਸ਼ਾ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਇਸ ਨੂੰ ਭਾਰਤ ਦੀ ਅਧਿਕਾਰਤ ਭਾਸ਼ਾ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਯਾਦ ਕਰਵਾਇਆ ਕਿ ਅਤੀਤ ਵਿੱਚ ਡਾ. ਬੀ.ਆਰ. ਅੰਬੇਡਕਰ ਸਣੇ ਕਈ ਉੱਘੀਆਂ ਸ਼ਖਸੀਅਤਾਂ ਨੇ ਸੰਸਕ੍ਰਿਤ ਲਈ ਯਤਨ ਕੀਤੇ ਸਨ, ਪਰ ਅਫਸੋਸ ਕਿ ਉਨ੍ਹਾਂ ਤਜਵੀਜ਼ਾਂ ਨੂੰ ਮਨਜ਼ੂਰੀ ਨਹੀਂ ਮਿਲ ਸਕੀ।
ਜੋਸ਼ੀ ਨੇ ਸੰਸਕ੍ਰਿਤ ਨੂੰ ਸਿਰਫ਼ ਧਾਰਮਿਕ ਜਾਂ ਪ੍ਰਾਚੀਨ ਭਾਸ਼ਾ ਵਜੋਂ ਨਹੀਂ, ਸਗੋਂ ਭਵਿੱਖ ਦੀ ਤਕਨਾਲੋਜੀ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਸੰਸਕ੍ਰਿਤ ਦੀ ਵਰਤੋਂ ਕੁਆਂਟਮ ਕੰਪਿਊਟਿੰਗ ਵਰਗੇ ਆਧੁਨਿਕ ਵਿਗਿਆਨਕ ਕਾਰਜਾਂ ਵਿੱਚ ਕੀਤੀ ਜਾਣੀ ਚਾਹੀਦੀ ਹੈ। ਇਹ ਸਿਰਫ਼ ਭਾਰਤ ਦੀ ਨਹੀਂ, ਸਗੋਂ ਪੂਰੀ ਦੁਨੀਆ ਦੀ ਸਭ ਤੋਂ ਪੁਰਾਣੀ ਵਿਰਾਸਤ ਹੈ। ਇਹ ਭਾਸ਼ਾ ਗਿਆਨ, ਵਿਗਿਆਨ, ਅਧਿਆਤਮ ਅਤੇ ਤਕਨਾਲੋਜੀ ਦਾ ਸੁਮੇਲ ਹੈ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਸੰਸਕ੍ਰਿਤ “ਭਾਰਤ ਦੇ ਪ੍ਰਾਣ” ਹੈ ਅਤੇ ਜੇਕਰ ਅਸੀਂ ਮੁੜ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਉਣੀ ਹੈ, ਤਾਂ ਇਸ ਭਾਸ਼ਾ ਦਾ ਵੱਧ ਤੋਂ ਵੱਧ ਪ੍ਰਚਾਰ ਅਤੇ ਵਿਗਿਆਨਕ ਖੇਤਰਾਂ ਵਿੱਚ ਇਸ ਦਾ ਇਸਤੇਮਾਲ ਲਾਜ਼ਮੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

