ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 17 ਫਰਵਰੀ 2026 ਨੂੰ ਕਰਨਾਟਕ ਦੇ ਵੇਮਾਗਲ ਵਿੱਚ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (TASL) ਅਤੇ ਏਅਰਬੱਸ ਦੇ ਸਾਂਝੇ ਉੱਦਮ ਦੁਆਰਾ ਸਥਾਪਿਤ H-125 ਹੈਲੀਕਾਪਟਰ ਫਾਈਨਲ ਅਸੈਂਬਲੀ ਲਾਈਨ (FAL) ਦਾ ਵਰਚੁਅਲ ਉਦਘਾਟਨ ਕੀਤਾ। ਇਹ ਭਾਰਤ ਵਿੱਚ ਨਿੱਜੀ ਖੇਤਰ ਦੀ ਪਹਿਲੀ ਹੈਲੀਕਾਪਟਰ ਫਾਈਨਲ ਅਸੈਂਬਲੀ ਲਾਈਨ ਹੈ, ਜੋ ‘ਆਤਮਨਿਰਭਰ ਭਾਰਤ’ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ-ਫਰਾਂਸ ਦੇ ਡੂੰਘੇ ਵਿਸ਼ਵਾਸ ਦੀ ਇੱਕ ਹੋਰ ਸ਼ਾਨਦਾਰ ਮਿਸਾਲ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ “ਸਾਨੂੰ ਮਾਣ ਹੈ ਕਿ ਭਾਰਤ ਅਤੇ ਫਰਾਂਸ ਮਿਲ ਕੇ ਦੁਨੀਆ ਦਾ ਇਕਲੌਤਾ ਅਜਿਹਾ ਹੈਲੀਕਾਪਟਰ ਬਣਾਉਣਗੇ ਜੋ ਮਾਊਂਟ ਐਵਰੈਸਟ ਦੀਆਂ ਉਚਾਈਆਂ ਤੱਕ ਉਡਾਣ ਭਰ ਸਕਦਾ ਹੈ, ਅਤੇ ਇਸ ਨੂੰ ਪੂਰੀ ਦੁਨੀਆ ਵਿੱਚ ਨਿਰਯਾਤ (Export) ਵੀ ਕੀਤਾ ਜਾਵੇਗਾ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ-ਫਰਾਂਸ ਦੀ ਭਾਈਵਾਲੀ ਦੀ ਕੋਈ ਸੀਮਾ ਨਹੀਂ ਹੈ, ਇਹ ਡੂੰਘੇ ਸਮੁੰਦਰਾਂ ਤੋਂ ਲੈ ਕੇ ਸਭ ਤੋਂ ਉੱਚੀਆਂ ਚੋਟੀਆਂ ਤੱਕ ਫੈਲ ਸਕਦੀ ਹੈ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫਰਾਂਸ ਭਾਰਤ ਦੇ ਸਭ ਤੋਂ ਪੁਰਾਣੇ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ਇੱਕ ਮਜ਼ਬੂਤ ਅਤੇ ਵਿਸ਼ਵਵਿਆਪੀ ਰਣਨੀਤਕ ਭਾਈਵਾਲੀ ਵਜੋਂ ਅੱਗੇ ਵਧਾ ਰਹੇ ਹਨ। ਇਹ ਭਾਈਵਾਲੀ ਦੁਨੀਆ ਵਿੱਚ ਸਥਿਰਤਾ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਪੀਐਮ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਮੈਕਰੋਨ ਦੇ ਨਾਲ ਮਿਲ ਕੇ ਇਸ ਰਿਸ਼ਤੇ ਨੂੰ ਨਵੀਂ ਡੂੰਘਾਈ ਅਤੇ ਊਰਜਾ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਦੇ ਵਿਚਕਾਰ ਸਹਿਯੋਗ ਦੀ ਕੋਈ ਸੀਮਾ ਨਹੀਂ ਹੈ। ਹਾਲ ਹੀ ਵਿੱਚ ਭਾਰਤ ਨੇ ਯੂਰਪੀ ਸੰਘ (EU) ਦੇ ਨਾਲ ਮੁਫ਼ਤ ਵਪਾਰ ਸਮਝੌਤਾ (Free Trade Agreement) ਕੀਤਾ ਹੈ, ਜਿਸ ਨਾਲ ਭਾਰਤ-ਫਰਾਂਸ ਸਬੰਧਾਂ ਨੂੰ ਵੀ ਨਵੀਂ ਗਤੀ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨੋਵੇਸ਼ਨ ਇਕੱਲਿਆਂ ਨਹੀਂ, ਸਗੋਂ ਸਹਿਯੋਗ ਨਾਲ ਅੱਗੇ ਵਧਦੀ ਹੈ। ਦੋਵੇਂ ਦੇਸ਼ ਉਦਯੋਗ, ਸਟਾਰਟਅੱਪ ਅਤੇ ਖੋਜ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨਗੇ। ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਆਦਾਨ-ਪ੍ਰਦਾਨ ਨੂੰ ਹੋਰ ਆਸਾਨ ਬਣਾਇਆ ਜਾਵੇਗਾ।

