BIG NEWS : ਭਾਰਤ ਅਤੇ ਤਾਲਿਬਾਨ ਦਰਮਿਆਨ ਗੱਲਬਾਤ, ਭਾਰਤੀਆਂ ਦੀ ਸੁਰੱਖਿਆ ਅਤੇ ਸੁਰੱਖਿਅਤ ਵਾਪਸੀ ਦਾ ਦਿੱਤਾ ਭਰੋਸਾ

TeamGlobalPunjab
2 Min Read

ਦੋਹਾ/ ਨਵੀਂ ਦਿੱਲੀ : ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਤਾਲਿਬਾਨ ਨਾਲ ਗੱਲਬਾਤ ਕੀਤੀ ਹੈ। ਇਹ ਗੱਲਬਾਤ ਭਾਰਤੀ ਰਾਜਦੂਤ ਦੀਪਕ ਮਿੱਤਲ ਅਤੇ ਤਾਲਿਬਾਨ ਦੇ ਸ਼ੇਰ ਮੁਹੰਮਦ ਅੱਬਾਸ ਦਰਮਿਆਨ ਹੋਈ ਹੈ।

ਕਤਰ ਵਿੱਚ ਭਾਰਤੀ ਰਾਜਦੂਤ ਦੀਪਕ ਮਿੱਤਲ ਨੇ ਮੰਗਲਵਾਰ ਨੂੰ ਤਾਲਿਬਾਨ ਦੇ ਰਾਜਨੀਤਿਕ ਦਫਤਰ ਦੇ ਮੁਖੀ ਸ਼ੇਰ ਮੁਹੰਮਦ ਅੱਬਾਸ ਸਟੈਨਕਜ਼ਈ ਨਾਲ ਮੁਲਾਕਾਤ ਕੀਤੀ । ਦੋਹਾ ਵਿਖੇ ਹੋਈ ਇਸ ਮੁਲਾਕਾਤ ਦੌਰਾਨ ਮਿੱਤਲ ਨੇ ਅਫ਼ਗ਼ਾਨਿਸਤਾਨ ਵਿੱਚ ਭਾਰਤੀਆਂ ਦੀ ਸੁਰੱਖਿਆ ਅਤੇ ਉੱਥੇ ਫਸੇ ਭਾਰਤੀ ਨਾਗਰਿਕਾਂ ਦੀ ਛੇਤੀ ਅਤੇ ਸੁਰੱਖਿਅਤ ਵਾਪਸੀ ਬਾਰੇ ਚਰਚਾ ਕੀਤੀ ।

ਇਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਮੀਟਿੰਗ ਤਾਲਿਬਾਨ ਪੱਖ ਦੀ ਬੇਨਤੀ ‘ਤੇ ਦੋਹਾ ਦੇ ਭਾਰਤੀ ਦੂਤਘਰ ‘ਚ ਹੋਈ।

ਬਿਆਨ ਵਿੱਚ ਕਿਹਾ ਗਿਆ ਹੈ, “ਅਫਗਾਨਿਸਤਾਨ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸੁਰੱਖਿਅਤ ਛੇਤੀ ਵਾਪਸੀ ‘ਤੇ ਚਰਚਾ ਹੋਈ । ਅਫਗਾਨ ਨਾਗਰਿਕਾਂ, ਖਾਸ ਕਰਕੇ ਘੱਟ ਗਿਣਤੀਆਂ, ਜੋ ਭਾਰਤ ਆਉਣ ਦੀ ਇੱਛਾ ਰੱਖਦੇ ਹਨ, ਦੀ ਯਾਤਰਾ ਬਾਰੇ ਵੀ ਚਰਚਾ ਹੋਈ।”

- Advertisement -

ਭਾਰਤੀ ਰਾਜਦੂਤ ਨੇ ਭਾਰਤ ਦੀ ਚਿੰਤਾ ਜਤਾਈ ਅਤੇ ਕਿਹਾ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਅੱਤਵਾਦ ਲਈ ਨਹੀਂ ਵਰਤਿਆ ਜਾਣਾ ਚਾਹੀਦਾ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਤਾਲਿਬਾਨ ਦੇ ਪ੍ਰਤੀਨਿਧੀ ਨੇ ਰਾਜਦੂਤ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਸਕਾਰਾਤਮਕ ਤਰੀਕੇ ਨਾਲ ਹੱਲ ਕੀਤਾ ਜਾਵੇਗਾ।

ਤਾਲਿਬਾਨ ਭਾਰਤ ਨਾਲ ਚਾਹੁੰਦੇ ਹਨ ‘ਚੰਗੇ ਸੰਬੰਧ’

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਦਾ ਕਹਿਣਾ ਹੈ ਕਿ ਭਾਰਤ ਇਸ ਖੇਤਰ ਦਾ ਇੱਕ ਮਹੱਤਵਪੂਰਨ ਦੇਸ਼ ਹੈ ਅਤੇ ਅਫਗਾਨਿਸਤਾਨ ਵਿੱਚ ਨਵੀਂ ਸਰਕਾਰ ਉਨ੍ਹਾਂ ਲਈ ਖਤਰਾ ਨਹੀਂ ਹੋਵੇਗੀ। ਜ਼ਬੀਉੱਲਾਹ ਮੁਜਾਹਿਦ ਨੇ ਅਫਗਾਨਿਸਤਾਨ ਦੇ ਨਾਲ ਭਾਰਤ ਦੇ ਚੰਗੇ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਤਾਲਿਬਾਨ ਦੇ ਅਧੀਨ ਬਣੀ ਨਵੀਂ ਸਰਕਾਰ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੀ ਹੈ।

ਤਾਲਿਬਾਨ ਵੱਲੋਂ ਭਾਰਤ ਦੇ ਵਿਰੁੱਧ ਪਾਕਿਸਤਾਨ ਦਾ ਸਾਥ ਦੇਣ ਦੀਆਂ ਰਿਪੋਰਟਾਂ ਬਾਰੇ ਪੁੱਛੇ ਜਾਣ ‘ਤੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਬੇਬੁਨਿਆਦ ਹਨ। ਉਨ੍ਹਾਂ ਕਿਹਾ, “ਤਾਲਿਬਾਨ  ਕਿਸੇ ਹੋਰ ਦੇਸ਼ ਨੂੰ ਖਤਰੇ ਵਿੱਚ ਨਹੀਂ ਪੈਣ ਦੇਣਗੇ। ਅਸੀਂ ਭਾਰਤ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਾਡਾ ਪੱਖ ਉਨ੍ਹਾਂ ਲਈ ਖਤਰਾ ਨਹੀਂ ਬਣੇਗਾ।”

- Advertisement -
Share this Article
Leave a comment