ਕੈਨੇਡਾ ਅਤੇ ਭਾਰਤ ਦਰਮਿਆਨ ਜਲਦ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ

TeamGlobalPunjab
3 Min Read

ਓਟਾਵਾ : ਕੈਨੇਡਾ ਅਤੇ ਭਾਰਤ ਦਰਮਿਆਨ ਸਿੱਧੀਆਂ ਉਡਾਣਾਂ ਜਲਦ ਸ਼ੁਰੂ ਹੋ ਸਕਦੀਆਂ ਹਨ। ਕੈਨੇਡਾ ਸਰਕਾਰ ਅੱਗੇ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਦਾ ਮੁੱਦਾ ਚੁੱਕਦੇ ਹੋਏ ਭਾਰਤ ਨੇ ਇਹ ਉਡਾਣਾਂ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਹੈ। ਕੋਰੋਨਾ ਮਹਾਂਮਾਰੀ ਦੇ ਕੇਸ ਤੇਜ਼ੀ ਨਾਲ ਵਧਣ ਕਾਰਨ ਕੈਨੇਡਾ ਸਰਕਾਰ ਨੇ ਬੀਤੀ 22 ਅਪ੍ਰੈਲ ਨੂੰ ਭਾਰਤ ਸਣੇ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਵਿੱਚ ਦੋ ਵਾਰ ਵਾਧਾ ਕੀਤਾ ਜਾ ਚੁੱਕਾ ਹੈ।

ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਕਹਿਰ ਅਤੇ ਹਵਾਈ ਯਾਤਰੀਆਂ ਰਾਹੀਂ ‘ਡੈਲਟਾ ਵੈਰੀਐਂਟ’ ਫੈਲਣ ਦੇ ਡਰ ਕਾਰਨ ਕੈਨੇਡਾ ਸਰਕਾਰ ਨੇ ਅਪ੍ਰੈਲ ਵਿੱਚ ਭਾਰਤ ਸਣੇ ਕਈ ਦੇਸ਼ਾਂ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਕੈਨੇਡਾ ਵੱਲੋਂ ਸਿੱਧੀਆਂ ਉਡਾਣਾਂ ’ਤੇ ਲਾਈਆਂ ਗਈਆਂ ਪਾਬੰਦੀਆਂ ਦੀ ਮਿਆਦ ਮੌਜੂਦਾ ਸਮੇਂ 21 ਜੁਲਾਈ ਨੂੰ ਪੂਰੀ ਹੋਣ ਜਾ ਰਹੀ ਹੈ।

ਇਸ ਸਬੰਧੀ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਕੈਨੇਡੀਅਨ ਅਧਿਕਾਰੀਆਂ ਕੋਲ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਸਿੱਧੀਆਂ ਉਡਾਣਾਂ ’ਤੇ ਲੱਗੀਆਂ ਪਾਬੰਦੀਆਂ ਜਲਦ ਹਟਾਈਆਂ ਜਾਣ, ਕਿਉਂਕਿ ਭਾਰਤ ਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਯਾਤਰੀਆਂ, ਖਾਸ ਤੌਰ ’ਤੇ ਵਿਦਿਆਰਥੀਆਂ ਦੀ ਇਹੀ ਮੰਗ ਹੈ ਕਿ ਇਹ ਉਡਾਣਾਂ ਜਲਦ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਲਗਭਗ ਖ਼ਤਮ ਹੋ ਚੁੱਕੀ ਹੈ ਅਤੇ ਕੋਰੋਨਾ ਦੇ ਰੋਜ਼ਾਨਾਂ ਕੇਸਾਂ ਵਿੱਚ ਵੱਡੀ ਗਿਰਾਵਟ ਆਈ ਹੈ। ਇਸ ਨੂੰ ਮੁੱਖ ਰੱਖਦਿਆਂ ਕੈਨੇਡਾ ਸਰਕਾਰ ਨੂੰ ਉਡਾਣਾਂ ’ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਲੈ ਲੈਣਾ ਚਾਹੀਦਾ ਹੈ।

 

ਅਜੇ ਬਿਸਾਰੀਆ ਨੇ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ। ਪਾਬੰਦੀਆਂ ਤੋਂ ਪਹਿਲਾਂ ਇਨ੍ਹਾਂ ਦੋਵਾਂ ਹਵਾਈ ਕੰਪਨੀਆਂ ਦੇ ਜਹਾਜ਼ ਨਵੀਂ ਦਿੱਲੀ ਅਤੇ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ ਤੇ ਵੈਨਕੁਵਰ ਵਿਚਾਲੇ ਰੋਜ਼ਾਨਾ ਉਡਾਰੀਆਂ ਭਰ ਰਹੇ ਸਨ। ਇਹ ਦੋਵੇਂ ਹਵਾਈ ਕੰਪਨੀਆਂ ਵੀ ਭਾਰਤ ਤੋਂ ਕੈਨੇਡਾ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਜਲਦ ਸ਼ੁਰੂ ਕਰਨ ਦੀ ਚਾਹਵਾਨ ਹਨ। ਕੈਨੇਡਾ ਵਿੱਚ ਏਅਰ ਇੰਡੀਆ ਦੇ ਨੁਮਾਇੰਦਿਆਂ ਨਾਲ ਮੀਟਿੰਗ ਮਗਰੋਂ ਅਜੇ ਬਿਸਾਰੀਆ ਨੇ ਟਵੀਟ ਕਰਦਿਆਂ ਕਿਹਾ ਕਿ ਆਰਥਿਕ ਤਰੱਕੀ, ਕਾਰੋਬਾਰ ਅਤੇ ਸਿੱਖਿਆ ਨੂੰ ਪਹਿਲਾਂ ਵਾਲੀਆਂ ਲੀਹਾਂ ’ਤੇ ਤੋਰਨ ਲਈ ਉਡਾਣਾਂ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲੈਣਾ ਲਾਜ਼ਮੀ ਹੈ।

 

- Advertisement -

 

ਕੈਬਨਿਟ ਮੰਤਰੀ ਵਿਕਟਰ ਫੈਡਲੀ ਤੇ ਸਹਾਇਕ ਮੰਤਰੀ ਨੀਨਾ ਤਾਂਗੜੀ ਸਣੇ ਓਂਟਾਰੀਓ ਦੇ ਕਈ ਸੂਬਾਈ ਨੇਤਾਵਾਂ ਨਾਲ ਬੈਠਕ ਦੌਰਾਨ ਅਜੇ ਬਿਸਾਰੀਆ ਨੇ ਹਵਾਈ ਆਵਾਜਾਈ ਲਈ ਹਾਲਾਤ ਪਹਿਲਾਂ ਵਾਲੇ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਰੋਜ਼ਾਨਾਂ ਕੇਸ ਹੇਠਾਂ ਵੱਲ ਜਾ ਰਹੇ ਹਨ, ਕਿਉਂਕਿ ਵੈਕਸੀਨ ਦਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਪੌਜ਼ੀਟੀਵਿਟੀ ਦਰ 5 ਫੀਸਦੀ ਤੋਂ ਵੀ ਹੇਠ ਚਲੀ ਗਈ ਹੈ। ਕੈਨੇਡਾ ’ਚ ਵੀ ਹਾਲਾਤ ਆਮ ਹਨ। ਇਸ ਲਈ ਹੁਣ ਮਹੱਤਵਪੂਰਨ ਕੰਮਾਂ ਵੱਲ ਕਦਮ ਚੁੱਕਣ ਲਈ ਫ਼ੈਸਲੇ ਲੈਣੇ ਚਾਹੀਦੇ ਹਨ।

Share this Article
Leave a comment