ਕਿਹੜੇ ਗੁਰਦੁਆਰੇ ਵਿੱਚ ਮੁਸਲਮਾਨ ਕਰ ਸਕਦੇ ਨਮਾਜ਼ ਅਦਾ !

TeamGlobalPunjab
2 Min Read

ਚੰਡੀਗੜ੍ਹ: ਅੱਜ ਕੱਲ੍ਹ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਸਾਂਝ ਦੀ ਇਕ ਖ਼ਬਰ ਮੀਡੀਆ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਰਿਆਣਾ ਦੇ ਸ਼ਹਿਰ ਗੁਰੁਗਰਾਮ ਵਿੱਚ ਖ਼ੁੱਲ੍ਹੇ ਵਿੱਚ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕਰਨ ਦਾ ਮਾਮਲਾ ਰਾਜਨੀਤਕ ਰੰਗ ਵਿੱਚ ਬਦਲਦਾ ਜਾ ਰਿਹਾ ਹੈ। ਇਸ ਵਿਵਾਦ ਦੌਰਾਨ ਇਕ ਸਥਾਨਕ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਮੁਸਲਿਮ ਭਰਾਵਾਂ ਲਈ ਨਮਾਜ਼ ਅਦਾ ਕਰਨ ਲਈ ਗੁਰੂ ਘਰ ਦੇ ਦੁਆਰ ਖੋਲ੍ਹ ਦਿੱਤੇ ਹਨ।

ਮੀਡੀਆ ਵਿੱਚ ਪ੍ਰਮੁੱਖਤਾ ਨਾਲ ਛਪੀ ਖ਼ਬਰ ਅਨੁਸਾਰ ਪਿਛਲੇ ਕੁਝ ਹਫਤਿਆਂ ਤੋਂ ਕੁਝ ਸੱਜੇਪੱਖੀ (ਭਾਜਪਾ ਤੇ ਹੋਰ) ਸੰਗਠਨਾਂ ਅਤੇ ਕੁਝ ਸਥਾਨਕ ਲੋਕਾਂ ਦੇ ਵਿਰੋਧ ਦੇ ਕਾਰਨ ਸ਼ੁਕਰਵਾਰ (ਜੁਮੇ) ਦੀ ਨਮਾਜ਼ ਲਈ ਪਹਿਲਾਂ ਜਿਹੜੀਆਂ ਥਾਂਵਾਂ ਦੀ ਇਜਾਜ਼ਤ ਦਿੱਤੀ ਗਈ ਸੀ, ਉਨ੍ਹਾਂ ਵਿਚੋਂ ਕੁਝ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਗਈ ਹੈ।

ਇਸ ਵਿਤਕਰੇ ਨੂੰ ਧਿਆਨ ਵਿੱਚ ਰੱਖਦਿਆਂ ਗੁਰੁਗਰਾਮ ਦੇ ਇਕ ਸਥਾਨਕ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਐਲਾਨ ਕਰ ਦਿੱਤਾ ਕਿ ਮੁਸਲਿਮ ਭਾਈਚਾਰੇ ਦੇ ਲੋਕ ਸ਼ੁਕਰਵਾਰ ਦੀ ਨਮਾਜ਼ ਗੁਰੂ ਘਰ ਦੇ ਅੰਦਰ ਕਰ ਸਕਦੇ ਹਨ।

ਗੁਰੁਗਰਾਮ ਦੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦੇ ਅਧੀਨ ਪੰਜ ਗੁਰਦੁਆਰੇ ਆਓਂਦੇ ਹਨ। ਇਨ੍ਹਾਂ ਵਿਚੋਂ ਇਕ ਗੁਰਦੁਆਰਾ ਸਦਰ ਬਾਜ਼ਾਰ ਸਬਜ਼ੀ ਮੰਡੀ ਵਿੱਚ, ਇਕ ਮੇਦਾਂਤਾ ਹਸਪਤਾਲ ਨੇੜੇ ਸੈਕਟਰ 39 ਵਿੱਚ, ਇਕ ਸੈਕਟਰ 46 ਵਿੱਚ, ਇਕ ਜੇਕਬਪੁਰਾ ਵਿੱਚ ਅਤੇ ਇਕ ਮਾਡਲ ਟਾਊਨ ਵਿੱਚ ਸਥਿਤ ਹੈ।

- Advertisement -

ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸ਼ਨ ਤੋਂ ਪ੍ਰਵਾਨਗੀ ਲੈਣਗੇ ਕਿ ਮੁਸਲਮਾਨਾਂ ਨੂੰ ਗੁਰਦੁਆਰੇ ਵਿੱਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਮੀਡੀਆ ਰਿਪੋਰਟਾਂ ਅਨੁਸਾਰ ਕਮੇਟੀ ਦੇ ਇਕ ਮੈਂਬਰ ਹੈਰੀ ਸਿੰਘ ਨੇ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਮੁਸਲਮਾਨਾਂ ਦੇ ਖੁਲ੍ਹੇ ਵਿੱਚ ਨਮਾਜ਼ ਅਦਾ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦੁਆਰ ਹਰ ਇਕ ਲਈ ਖੁੱਲ੍ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇ ਮੁਸਲਮਾਨ ਭਰਾਵਾਂ ਨੂੰ ਆਪਣੀ ਨਮਾਜ਼ ਅਦਾ ਕਰਨ ਵਾਸਤੇ ਥਾਂ ਦੀ ਮੁਸ਼ਕਲ ਆ ਰਹੀ ਹੈ ਤਾਂ ਉਹ ਉਨ੍ਹਾਂ ਦਾ ਸੁਆਗਤ ਕਰਦੇ ਹਨ, ਉਹ ਗੁਰੂ ਘਰ ਆਉਣ ਅਤੇ ਨਮਾਜ਼ ਅਦਾ ਕਰਨ। ਸਿੱਖ ਭਾਈਚਾਰੇ ਦੀ ਇਸ ਖੁੱਲਦਿਲੀ ਦੀ ਸਾਰੇ ਪਾਸੇ ਪ੍ਰਸ਼ੰਸ਼ਾ ਹੋ ਰਹੀ ਹੈ।

Share this Article
Leave a comment