ਕਿਸਾਨਾਂ ਨੂੰ ਸਿੰਚਾਈ ਲਈ ਮਾੜੇ ਪਾਣੀਆਂ ਦੀ ਸੁਯੋਗ ਵਰਤੋਂ ਦੇ ਜ਼ਰੂਰੀ ਨੁਕਤੇ

TeamGlobalPunjab
10 Min Read

ਉਂਝ ਤਾਂ ਧਰਤੀ ਹੇਠਲੇ ਸਾਰੇ ਪਾਣੀਆਂ ਵਿੱਚ ਲੂਣਾਂ ਦੀ ਕੁਝ-ਨਾ- ਕੁਝ ਮਾਤਰਾ ਵਿੱਚ ਮਾਤਰਾ ਹੁੰਦੀ ਹੈ, ਪਰ ਜੇਕਰ ਇਹੀ ਲੂਣਾਂ ਦੀ ਮਾਤਰਾ ਇੰਨੀ ਜਿ਼ਆਦਾ ਹੋਵੇ ਕਿ ਉਹ ਮਾਪਦੰਡਾਂ ਤੋਂ ਵੱਧ ਜਾਵੇ ਤਾਂ ਉਹ ਫ਼ਸਲਾਂ ਅਤੇ ਜਮੀਨ ਦੀ ਸਿਹਤ ਵਾਸਤੇ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਅਜਿਹੇ ਪਾਣੀਆਂ ਨੂੰ `ਮਾੜੇ ਪਾਣੀ` ਕਿਹਾ ਜਾਂਦਾ ਹੈ। ਮਾੜੇ ਪਾਣੀ ਮੁੱਖ ਤੌਰ ਤੇ ਦੋ ਕਿਸਮਾਂ ਦੇ ਹੁੰਦੇ ਹਨ: ਪਹਿਲੇ `ਲੂਣੇ ਪਾਣੀ` ਜਿਹਨਾਂ ਵਿੱਚ ਸੋਡੀਅਮ, ਕੈਲਸ਼ੀਅਮ, ਮੈਂਗਨੀਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਵਾਲੇ ਲੂਣਾਂ ਦੀ ਮਾਤਰਾ ਜਿਆਦਾ ਹੰੁਦੀ ਹੈ। ਦੂਸਰੇ `ਖਾਰੇ ਪਾਣੀ `ਜਿਹਨਾਂ `ਚ ਸੋਡੀਅਮ ਦੇ ਕਾਰਬੋਨੇਟ ਜਾਂ ਬਾਈਕਾਰਬੋਨੇਟ ਦੀ ਮਾਤਰਾ ਜਿਆਦਾ ਹੁੰਦੀ ਹੈ। ਕਈ ਪਾਣੀਆਂ `ਚ ਬੋਰੈਨ ਅਤੇ ਫਲੋਰਾਈਡ ਵਰਗੇ ਜ਼ਹਿਰੀਲੇ ਪਦਾਰਥ ਵੀ ਹੋ ਸਕਦੇ ਹਨ। ਪੰਜਾਬ ਭਰ `ਚ ਤਕਰੀਬਨ 42 ਪ੍ਰਤੀਸ਼ਤ ਰਕਬੇ ਵਿੱਚ ਟਿਊਬਵੈਲ ਵਾਲੇ ਜਮੀਨੀ ਪਾਣੀ `ਮਾੜੇ` ਹਨ। ਜਿੰਨਾਂ ਵਿਚੋਂ ਲਗਭਗ ਅੱਧੇ ਪਾਣੀ `ਖਾਰੇ`, ਇੱਕ ਚੌਥਾਈ `ਲੂਣੇ` ਅਤੇ ਬਾਕੀ `ਲੂਣੇ-ਖਾਰੇ` ਹਨ। ਇਸ ਕਰਕੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਇਨ੍ਹਾਂ ਪਾਣੀਆਂ ਦੀ ਜਾਂਚ ਕਰਵਾ ਕੇ ਹੀ ਸਿੰਚਾਈ ਲਈ ਵਰਤਿਆ ਜਾਵੇ, ਕਿਉਂਕਿ ਮਾੜੇ ਪਾਣੀ ਵਰਤਣ ਨਾਲ ਬੂਟਿਆਂ ਦਾ ਵਾਧਾ ਤੇ ਵਿਕਾਸ ਰੁਕ ਜਾਂਦਾ ਹੈ। ਲੰਬੇ ਸਮੇਂ ਤੱਕ ਮਾੜੇ ਪਾਣੀ ਦੀ ਵਰਤੋਂ ਨਾਲ ਜਮੀਨਾਂ ਵੀ ਲੂਣੀਆਂ ਜਾਂ ਖਾਰੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਲਗਾਤਾਰ ਮਾੜਾ ਪਾਣੀ ਵਰਤਣ ਨਾਲ ਬੂਟੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ, ਝੋਨੇ ਦੀ ਫਸਲ ਵਿੱਚ ਅਜਿਹੇ ਲੱਛਣ ਆਮ ਦੇਖੇ ਜਾ ਸਕਦੇ ਹਨ ਕਿਉਂਕਿ ਝੋਨੇ ਵਿੱਚ ਜਿਆਦਾ ਪਾਣੀਆਂ ਦੀ ਲੋੜ ਪੈਂਦੀ ਹੈ। ਇਹ ਨਿਸ਼ਾਨੀਆਂ ਕਿਆਰੇ ਦੇ ਅਖੀਰਲੇ ਪਸਾੇ ਜਿੱਥੇ ਪਾਣੀ ਬਾਅਦ ਵਿੱਚ ਪਹੁੰਚਦਾ ਹੈ, ਪਹਿਲਾਂ ਨਜਰ ਆਉਂਦੀਆਂ ਹਨ।

ਖਾਰੇ ਪਾਣੀ ਜਮੀਨ ਦੀ ਭੌਤਿਕ ਸਿਹਤ ਨੂੰ ਵਿਗਾੜ ਦਿੰਦੇ ਹਨ ਅਤੇ ਜਮੀਨ ਦੀ ਪਾਣੀ ਜੀਰਨ ਦੀ ਸਮਰੱਥਾਂ ਨੂੰ ਘਟਾ ਦਿੰਦੇ ਹਨ ਅਤੇ ਲਗਾਤਾਰ ਅਜਿਹਾ ਪਾਣੀ ਵਰਤਣ ਨਾਲ ਕਲੱਰ ਪੈਣ ਦਾ ਖਤਰਾ ਵੱਧ ਜਾਂਦਾ ਹੈ । ਸੁੱਕਣ ਉਪਰੰਤ ਮਿੱਟੀ ਬਹੁਤ ਸਖ਼ਤ ਅਤੇ ਗਿੱਲੀ ਹੋਣ ਤੇ ਜਿਆਦਾ ਚਿਪਚਿਪੀ ਹੋ ਜਾਂਦੀ ਹੈ ਜਿਸ ਕਰਕੇ ਵਹਾਈ ਵਿੱਚ ਮੁਸ਼ਕਿਲ ਆਉਂਦੀ ਹੈ।

ਲੂਣੇ ਪਾਣੀ ਵੀ ਫ਼ਸਲਾਂ ਦੇ ਝਾੜ ‘ਤੇ ਮਾੜਾ ਅਸਰ ਪਾਉਂਦੇ ਹਨ। ਲਗਾਤਾਰ ਲੂਣੇ ਪਾਣੀ ਜਮੀਨ ਨੂੰ ਵੀ ਲੂਣਾ ਕਰ ਸਕਦੇ ਹਨ ਜੇਕਰ ਇਹਨਾਂ ਨੂੰ ਸੁੱਚਜੇ ਢੰਗ ਨਾਲ ਨਾ ਵਰਤਿਆ ਜਾਵੇ। ਸਮਾਂ ਪੈਣ ਤੇ, ਇਹ ਲੂਣ ਭੂਮੀ ਵਿੱਚ ਜੜ੍ਹ ਖੇਤਰ ਵਿੱਚ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਪਾਣੀ ਅਤੇ ਖੁਰਾਕੀ ਤੱਤਾਂ ਦੀ ਉਪਲਬਧਤਾ ਤੇ ਮਾੜਾ ਅਸਰ ਪਾਉਂਦੇ ਹਨ। ਧਿਆਨ ਰਹੇ ਲੂਣੇਪਣ ਨੂੰ ਖਤਮ ਕਰਨ ਲਈ ਕੋਈ ਵੀ ਰਸਾਇਣ ਜਾਂ ਤੇਜ਼ਾਬ ਮੌਜੂਦ ਨਹੀਂ ਹੈ, ਇਸ ਲਈ ਲੂਣੇ ਪਾਣੀ ਦੀ ਸਿੰਚਾਈ ਬਰਸਾਤੀ ਮੌਸਮ ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ ਤਾਂ ਜੋ ਬਰਸਾਤੀ ਪਾਣੀ ਲੂਣਾਂ ਨੂੰ ਥੱਲੇ ਜ਼ੀਰਣ ਉਪਰੰਤ ਜੜ੍ਹ ਖੇਤਰ ਨੂੰ ਲੂਣਾਂ ਰਹਿਤ ਕੀਤਾ ਜਾ ਸਕੇ।

ਲੂਣੇ ਪਾਣੀ ਦੀ ਪਰਖ਼ ਲਈ ਪਾਣੀ ਦੀ ਚਾਲਕਤਾ ਭਾਵ ਇਲੈਕ੍ਰਟੀਕਲ ਕੰਡਕਟੀਵਿਟੀ (ਈ ਸੀ) ਮਾਪੀ ਜਾਂਦੀ ਹੈ। ਜੇਕਰ ਪਾਣੀ ਵਿੱਚ ਲੂਣਾ-ਪਣ ਜਿਆਦਾ ਹੋਵੇਗਾ ਤਾਂ ਚਾਲਕਤਾ ਵੀ ਜਿ਼ਆਦਾ ਹੁੰਦੀ ਹੈ। ਚਾਲਕਤਾ ਨੂੰ ਮਾਈਕ੍ਰੋਮਹੋਸ ਪ੍ਰਤੀ ਸੈਂਟੀਮੀਟਰ ਵਿੱਚ ਮਾਪਿਆ ਜਾਂਦਾ ਹੈ। ਸਿੰਚਾਈ ਵਾਲੇ ਵਰਤਣਯੋਗ ਪਾਣੀ ਦੀ ਚਾਲਕਤਾ 2000 ਮਾਈਕ੍ਰੋਮਹੋਸ ਪ੍ਰਤੀ ਸੈਂਟੀਮੀਟਰ ਤੋਂ ਘੱਟ ਹੋਣੀ ਚਾਹੀਦੀ ਹੈ। ਦੂਜੇ ਪਾਸੇ ਖਾਰੇ ਪਾਣੀ ਨੂੰ ਮਾਪਣ ਦੀ ਇਕਾਈ ਬਾਕੀ ਸੋਡੀਅਮ ਕਾਰਬੋਨੇਟ ਭਾਵ ਰੈਜ਼ੀਵੂਅਲ ਸੋਡੀਅਮ ਕਾਰਬੋਨੇਟ (ਆਰ.ਐਸ.ਸੀ.) ਹੈ ਜੇਕਰ ਆਰ.ਐਸ.ਸੀ ਦੀ ਮਾਤਰਾ 2.5 ਮਿਲੀਇਕੁਇਵੈਲਟ ਪ੍ਰਤੀ ਲਿਟਰ ਤੋਂ ਘੱਟ ਹੋਵੇ ਤਾਂ ਪਾਣੀ ਵਰਤਣ ਯੋਗ ਹੁੰਦਾ ਹੈ।

- Advertisement -

ਸਿੰਚਾਈ ਵਾਲੇ ਪਾਣੀਆਂ ਨੂੰ ਲੂਣੇ, ਖਾਰੇ ਜਾਂ ਦੋਨੇ ਅਲਾਮਤਾ ਦੇ ਅਧਾਰ ਤੇ ਹੇਠ ਲਿਖੇ ਅਨੁਸਾਰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ :
ਸ਼ੇਣੀ ਪਾਣੀ ਦਾ ਵੇਰਵਾ
1 ਨੰਬਰ ਜੇ ਪਾਣੀ ਦੀ ਆਰ.ਐਸ.ਸੀ. 2.5 ਮਿਲੀਇਕੁਇਵੈਲੇਂਟ ਪ੍ਰਤੀ ਲੀਟਰ ਤੋਂ ਘੱਟ ਹੋਵੇ ਅਤੇ ਚਾਲਕਤਾ (ਈ ਸੀ) 2000 ਮਾਈਕ੍ਰੋਮਹੋਸ ਪ੍ਰਤੀ ਤੋਂ ਘੱਟ ਹੋਵੇ ਤਾਂ ਪਾਣੀ ਹਰ ਫਸਲ ਤੇ ਜ਼ਮੀਨ ਲਈ ਵਰਤਣ ਯੋਗ ਹੈ।
2 ਨੰਬਰ ਜੇ ਚਾਲਕਤਾ 2000 ਤੋਂ 4000 ਮਾਈਕ੍ਰੋਮਹੋਸ/ਸੈਂ.ਮੀ. ਦੇ ਦਰਮਿਆਨ ਹੋਵੇ ਤਾਂ ਇਸ ਪਾਣੀ ਨੂੰ ਨਹਿਰੀ ਪਾਣੀ ਨਾਲ ਬਦਲ-ਬਦਲ ਕੇ ਰੇਤਲੀਆਂ ਜ਼ਮੀਨਾਂ ਲਈ ਵਰਤਿਆ ਜਾ ਸਕਦਾ ਹੈ। ਇਸੇ ਸ੍ਰੇ਼ਣੀ ਵਿੱਚ ਆਰ .ਐਸ.ਸੀ.2.5 ਤੋਂ ਵੱਧ ਹੋਣ ਦੀ ਹਾਲਤ ਵਿੱਚ ਪਾਦੀ ਪਰਖ ਰਾਹੀਂ ਦੱਸੀ ਹੋਈ ਜਿਪਸਮ ਦੀ ਮਾਤਰਾ ਹਰ ਚਾਰ ਪਾਣੀਆਂ ਪਿੱਛੇ ਪਹਿਲੇ ਪਾਣੀ ਨਾਲ ਪਾਉ। ਬੜੇ ਧਿਆਨ ਵਾਲੀ ਗੱਲ ਇਹ ਹੈ ਕਿ ਜਿਪਸਮ ਕੇਵਲ ਉਦੋਂ ਹੀ ਪਾਉਣਾ ਹੈ
ਜਦੋਂ ਚਾਲਕਤਾ 2000 ਤੋਂ ਘੱਟ ਹੋਵੇ। ਜੇਕਰ ਚਾਲਕਤਾ 2000 ਤੋਂ ਵੱਧ ਹੈ ਤਾਂ ਕਿਸੇ ਵੀ ਹਾਲਤ ਵਿੱਚ ਜਿਪਸਮ ਦੀ ਵਰਤੋਂ ਨਹੀਂ ਕਰਨੀ ਹੈ। ਆਰ.ਐਸ.ਸੀ.ਦੀ ਹਰ ਇੱਕ ਮਿਲੀਇਊਵੈਲੇਂਟ ਪ੍ਰਤੀ ਲਿਟਰ ਪਿੱਛੇ 1.50 ਕੁਇੰਟਲ ਜਿਪਸਮ ਪ੍ਰਤੀ ਏਕੜ ਚਾਰ ਸਿੰਚਾਈਆਂ ਪਿੱਛੇ ਪਾਉ ਅਤੇ ਹਰ ਸਿੰਚਾਈ ਘੱਟੋ ਘੱਟ 7.5 ਸੈਂਟੀਮੀਟਰ ਦੀ ਜ਼ਰੂਰ ਹੋਵੇ।
3 ਨੰਬਰ ਜੇਕਰ ਚਾਲਕਤਾ 2000 ਤੋਂ ਘੱਟ ਪਰੰਤੂ ਆਰ.ਐਸ.ਸੀ. 5.0 ਤੋਂ 7.5 ਮਿਲੀਇਕਇਵੈਲੇਂਟ ਪ੍ਰਤੀ ਲਿਟਰ ਦਰਮਿਆਨ ਹੋਵੇ ਤਾਂ ਪਰਖ ਅਨੁਸਾਰ ਦੱਸੀ ਗਈ ਜਿਪਸਮ ਦੀ ਮਾਤਰਾ ਪਾਉ।

4 ਨੰਬਰ ਜਦੋਂ ਚਾਲਕਤਾ 4000 ਤੋਂ ਵੱਧ ਅਤੇ ਆਰ.ਐਸ.ਸੀ. 7.5 ਤੋਂ ਵੱਧ ਜਾਵੇ ਤਾਂ ਇਹ ਪਾਣੀ ਕਿਸੇ ਵੀ ਫ਼ਸਲ ਲੲ ਵਰਤਣਯੋਗ ਨਹੀਂ ਹੈ।

ਦਰਮਿਆਨੇ ਲੂਣੇ ਅਤੇ ਖਾਰੇ ਪਾਣੀਆਂ ਨੂੰ ਹੇਠ ਲਿਖੇ ਢੰਗ ਤਰੀਕੇ ਵਰਤ ਕੇ ਫ਼ਸਲਾਂ ਦੀ ਪੈਦਾਵਾਰ ਤੇ ਮਾੜਾ ਅਸਰ ਪਾਏ ਬਗੈਰ ਵਰਤਿਆ ਜਾ ਸਕਦਾ ਹੈ :
 ਪਾਣੀ ਦੀ ਇੱਕੋ-ਜਿਹੀ ਵੰਡ ਲਈ ਜ਼ਮੀਨ ਦਾ ਚੰਗੀ ਤਰ੍ਹਾਂ ਪੱਧਰਾ ਲਾਜਮੀ ਹੈ ਤਾਂ ਜੋ ਲੂਣਾਂ ਅਤੇ ਪਾਣੀ ਦੀ ਜ਼ੀਰਣ ਸਮਰੱਥਾ ਇੱਕਸਾਰ ਹੋ ਸਕੇ। ਥੋੜੇ ਵੀ ਫਰਕ ਨਾਲ ਲੂਣਾਂ ਦੀ ਵੰਡ ਵਿੱੱਚ ਵਿਗਾੜ ਪੈ ਜਾਂਦਾ ਹੈ ਅਤੇ ਜਮੀਨਾਂ ਲੂਣੀਆਂ ਜਾਂ ਖਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਲੇਜ਼ਰ ਕਰਾਹਾ ਵਰਤ ਕੇ ਜ਼ਮੀਨ ਨੂੰ ਪੱਧਰਾ ਕਰਾਉ। ਮਾੜੇ ਪਾਣੀਆਂ ਦੇ ਬੁਰੇ ਪ੍ਰਭਾਵ ਨੂੰ ਸੋਧਣ ਲਈ ਦੇਸੀ ਰੂੜੀ ਜਾਂ ਹਰੀ ਖਾਦ ਜਾਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਵਰਤਿਆ ਜਾ ਸਕਦਾ ਹੈ।

 ਮਾੜੇ ਪਾਣੀਆਂ ਦੀ ਵਰਤੋਂ ਸਮੇਂ ਚੰਗਾ ਜਲ ਨਿਕਾਸ ਯਕੀਨੀ ਬਣਾਇਆ ਜਾਵੇ ਤਾਂ ਜੋ ਵਾਧੂ ਘੁਲਣਸ਼ੀਲ ਲੂਣਾਂ ਨੂੰ ਬੂਟੇ ਦੇ ਜੜ੍ਹ ਖੇਤਰ ਤੋਂ ਹੇਠਾਂ ਭੇਜਿਆ ਜਾ ਸਕੇ।ਭਾਰੀਆਂ ਜ਼ਮੀਨਾਂ ਵਿੱਚ ਪਾਣੀ ਜਜ਼ਬ ਕਰਨ ਦੀ ਘੱਟ ਸਮਰੱਥਾ ਹੋਣ ਕਰਕੇ ਮਾੜੇ ਪਾਣੀਆਂ ਦੀ ਵਰਤੋਂ ਹਲਕੀਆਂ ਜ਼ਮੀਨਾਂ ਵਿੱਚ ਜਿ਼ਆਦਾ ਲਾਹੇਵੰਦ ਹੈ।

 ਆਮ ਤੌਰ ‘ਤੇ ਜਿ਼ਆਦਾਤਰ ਦਾਲਾਂ ਤੇ ਮਾੜੇ ਪਾਣੀਆਂ ਦਾ ਅਸਰ ਕਾਫੀ ਹੁੰਦਾ ਹੈ ਅਤੇ ਇਸ ਕਰਕੇ ਦਾਲਾਂ ਵਿੱਚ ਮਾੜੇ ਪਾਣੀਆਂ ਦੀ ਵਰਤੋਂ ਨੂੰ ਤਰਜ਼ੀਹ ਨਾ ਦਿਉ।ਜਿ਼ਆਦਾ ਪਾਣੀ ਮੰਗਣ ਵਾਲੀਆਂ ਫ਼ਸਲਾਂ ਜਿਵੇਂ ਕਿ ਝੋਨਾ, ਗੰਨਾ ਤੇ ਬਰਸੀਮ ਨੂੰ ਮਾੜੇ ਪਾਣੀ ਲਗਾਉਣ ਤੋਂ ਗੁਰੇਜ਼ ਗਰਨਾ ਚਾਹੀਦਾ ਹੈ ਤਾਂ ਜੋ ਮਾੜੇ ਪਾਣੀ ਨਾਲ ਜ਼ਮੀਨ ਉੱਪਰ ਮਾੜੇ ਪ੍ਰਭਾਵ ਨੂੰ ਬਚਾਇਆ ਜਾ ਸਕੇ। ਵੱਖ-ਵੱਖ ਫਸਲਾਂ ਵਿੱਚ ਲੂਣੇ ਤੇ ਖਾਰੇਪਣ ਨੂੰ ਸਹਾਰਨ ਦੀ ਵੱਖ -ਵੱਖ ਸਮਰੱਥਾ ਹੋਣ ਕਰਕੇ ਫ਼ਸਲਾਂ ਨੂੰ ਹੇਠ ਲਿਖੀਆਂ ਤਿੰਨ ਸ੍ਰੇਣੀਆਂ ਵਿੱਚ ਵੰਡਿਆ ਗਿਆ ਹੈ :
ਸ਼ੇਣੀ ਫ਼ਸਲਾਂ
ਸਹਿਣਸ਼ੀਲ ਝੋਨਾ, ਪਾਲਕ, ਸ਼ਲਗਮ, ਪੈਰਾਘਾਹ, ਚੁਕੰਦਰ, ਢੈਂਚਾ
ਅਰਧ-ਸਹਿਣਸ਼ੀਲ ਜੌਂ, ਕਣਕ, ਰਾਇਆ, ਗੰਨਾਂ, ਜਵੀ, ਨਰਮਾ, ਕਪਾਹ, ਸੇਂਜੀ ਬਰਸੀਮ, ਚਰ੍ਹੀ, ਆਲੂ ਤੇ ਤਰਬੂਜ
ਅਸਿਹਣਸ਼ੀਲ ਉੱਗਣ ਵੇਲੇ ਕਪਾਹ, ਮੂੰਗਫਲੀ, ਮੱਕੀ, ਮਟਰ, ਰਵਾਂਹ, ਮੂੰਗੀ, ਮਾਂਹ, ਸੂਰਜਮੁਖੀ

- Advertisement -

 ਖਾਰੇ ਪਾਣੀ ਦੀ ਵਰਤੋਂ ਸਮੇਂ ਪਰਖ਼ ਅਨੁਸਾਰ ਦੱਸੇ ਹੋਏ ਪੂਰੇ ਜਿਪਸਮ ਨੂੰ ਪ੍ਰਤੀ ਏਕੜ ਚਾਰ ਸਿੰਚਾਈਆਂ (ਕੁੱਲ ਸਿੰਚਾਈਆਂ ਦੇ ਅਧਾਰ ਤੇ) ਪਿੱਛੇ ਇੱਕ ਹੀ ਵਾਰ ਫ਼ਸਲ ਦੀ ਕਟਾਈ ਤੋਂ ਬਾਅਦ ਪਾਉ। ਇਹ ਜਿਪਸਮ ਜ਼ਮੀਨ ਦੀ ਉਪਰਲੀ ਤਹਿ ਕੇਵਲ 4 ਇੰਚ ਤੱਕ ਰਲਾ ਕੇ ਭਰਵਾਂ ਪਾਣੀ ਲਾਉ ਤਾਂ ਜੋ ਅਗਲੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਘੁਲਣਵਾਲੇ ਲੂਣ ਹੇਠਾਂ ਜ਼ੀਰ ਜਾਣ।

ਕਪਾਹ ਉੱਗਣ ਵੇਲੇ ਮਾੜੇ ਪਾਣੀ ਲਈ ਅਸਿਹਣਸ਼ੀਲ ਹੁੰਦੀ ਹੈ। ਇਸ ਕਰਕੇ ਰੌਣੀ ਨਹਿਰੀ ਪਾਣੀ ਨਾਲ ਕਰਕੇ ਬਾਅਦ ਵਿੱਚ ਟਿਊੁਬਵੈਲ ਦਾ ਪਾਣੀ ਇੱਕ ਖੇਤ ਛੱਡ ਕੇ ਲਗਾਇਆ ਜਾ ਸਕਦਾ ਹੈ। ਜਿੱਥੇ ਨਰਮੇ ਦੀ ਸਿੰਚਾਈ ਲੂਣੇ ਪਾਣੀ (ਚਾਲਕਤਾ 10000 ਮਾਈਕ੍ਰੋਮਹੋਸ ਪ੍ਰਤੀ ਸੈਂ.ਮੀ.) ਨਾਲ ਹੋਵੇ ਉੱਥੇ ਜ਼ਮੀਨਾਂ ਵਿੱਚ 16 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਤੋਂ ਬਦੇ ਬਾਇੳਚਾਰ ਪਾਉਣ ਨਾਲ ਲੂਣੇਪਣ ਦੇ ਅਸਰ ਨੂੰ ਘਟਾ ਕੇ ਵੱਧ ਝਾੜ ਲਿਆ ਜਾ ਸਕਦਾ ਹੈ।
ਚੂਨੇ ਜਾਂ ਰੋੜੇ ਵਾਲੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਕੈਲਸ਼ੀਅਮ ਕਾਰਬੋਨੇਟ 2 ਪ੍ਰਤੀਸ਼ਤ ਤੋਂ ਜਿਆਦਾ ਹੋਵੇ ਤਾਂ ਜੈਵਿਕ ਖਾਦਾਂ ਜਿਵੇਂ ਦੇਸੀ ਰੂੜੀ ਪਾਉਣ ਨਾਲ
ਮਾੜੇ ਪਾਣੀ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ।
ਮਾੜਾ ਅਤੇ ਚੰਗਾ ਪਾਣੀ ਇਕੱਠਾ ਰਲਾ ਕੇ ਵੀ ਵਰਤਿਆ ਜਾ ਸਕਦਾ ਹੈ। ਫ਼ਸਲ ਦੇ ਸ਼ੁਰੂ ਵਿੱਚ ਚੰਗਾ ਪਾਣੀ ਤੇ ਫ਼ਸਲ ਵਧਣ ਤੇ ਮਾੜਾ ਪਾਣੀ ਵਰਤਣ ਨਾਲ ਫ਼ਸਲ ਖਾਰੇਪਣ ਅਤੇ ਸੋਕੇ ਨੂੰ ਸਹਾਰ ਸਕਦੀ ਹੈ।

ਸਿੰਚਾਈ ਵਾਲੇ ਪਾਣੀ ਦੀ ਪਰਖ਼ ਕਰਵਾਉਣ ਲਈ ਟਿਊਬਵੈਲ ਨੂੰ ਅੱਧਾ ਘੰਟਾ ਚੱਲਣ ਤੋਂ ਬਾਅਦ ਸਾਫ ਬੋਤਲ ਨੂੰ ਉਸੇ ਚਲਦੇ ਪਾਣੀ ਨਾਲ ਕਈ ਵਾਰ ਧੋ ਕੇ ਪਾਣੀ ਦਾ ਨਮੂਨਾ ਭਰਿਆ ਜਾ ਸਕਦਾ ਹੈ। ਬੋਤਲ ਨੂੰ ਕਿਸੇ ਵੀ ਸਾਬਣ ਜਾਂ ਸਰਫ਼ ਨਾਲ ਨਾ ਧੋਣਾ ਨਹੀਂ ਚਾਹੀਦਾ। ਨਮੂਨਾ ਭਰਨ ਤੋਂ ਬਾਅਦ ਬੋਤਲ ਤੇ ਲੇਬਲ ਲਗਾਉ ਜਿਸ ਤੇ ਕਿਸਾਨ ਦਾ ਨਾਮ, ਪਤਾ, ਜ਼ਮੀਨ ਦੀ ਕਿਸਮ, ਬੋਰ ਦੀ ਡੂੰਘਾਈ ਆਦਿ ਜਾਣਕਾਰੀ ਲਿਖੀ ਹੋਵੇ। ਕਿਸਾਨ ਵੀਰ ਨਵਾਂ ਬੋਰ ਲਗਾਉਣ ਸਮੇਂ ਅਲੱਗ-ਅੱਲਗ ਪੱਤਣਾਂ ਦੇ ਪਾਣੀ ਦੀ ਪਰਖ਼ ਕਰਵਾਉਣ ਤੋਂ ਬਾਅਦ ਠੀਕ ਪੱਤਣ ਵਾਲੇ ਤਲ ਤੱਕ ਬੋਰ ਕਰਵਾ ਸਕਦੇ ਹਨ। ਇਸ ਕੰਮ ਲਈ ਬੋਰ ਦੌਰਾਨ ਪੱਤਣ ਦਾ ਪਾਣੀ ਬਾਲਟੀ ਵਿੱਚ ਭਰ ਲਉ ਅਤੇ ਨਿੰਤਰਣ ਉਪਰੰਤ ਨਮੂਨਾ ਭਰ ਕੇ ਪ੍ਰਯੋਗਸ਼ਾਲਾ ਤੋਂ ਟੈਸਟ ਕਰਵਾਉ ਅਤੇ ਸਿਫਾਰਿਸ਼ ਅਨੁਸਾਰ ਹੀ ਵਰਤੋ।

-ਅਸ਼ੋਕ ਕੁਮਾਰ ਗਰਗ1, ੳ. ਪੀ. ਚੌਧਰੀ ਅਤੇ ਮਨਦੀਪ ਸਿੰਘ
(ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ), ਭੂਮੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ)

Share this Article
Leave a comment