Home / ਓਪੀਨੀਅਨ / ਕੋਰੋਨਾ ਵਾਇਰਸ ਮਹਾਮਾਰੀ ਮਗਰੋਂ, ਕਾਸ਼! ਅਜਿਹਾ ਹੋ ਜਾਵੇ

ਕੋਰੋਨਾ ਵਾਇਰਸ ਮਹਾਮਾਰੀ ਮਗਰੋਂ, ਕਾਸ਼! ਅਜਿਹਾ ਹੋ ਜਾਵੇ

-ਸੰਜੀਵਨ ਸਿੰਘ

ਵੈਸੇ ਤਾਂ ਸੁਪਨਿਆਂ ਦਾ ਮਰ ਜਾਣਾ ਵੀ ਖਤਰਨਾਕ ਹੁੰਦਾ ਹੈ ਪਰ ਵਿਸ਼ਵਾਸ਼ ਦਾ ਤਿੜਕ ਜਾਣਾ, ਭਰੋਸੇ ਦਾ ਟੁੱਟ ਜਾਣਾ ਵੀ ਘੱਟ ਖਤਰਨਾਕ ਨਹੀਂ ਹੁੰਦਾ।ਇਕ ਚੈਨਲ, ਮਨੁੱਖ ਵੱਲੋਂ ਆਪੇ ਸਹੇੜੀ ਕੋਰੋਨਾ ਵਰਗੀ ਸਭ ਤੋਂ ਭਿਅਆਨਕ ਤੇ ਖ਼ਤਰਨਾਕ ਬਿਪਤਾ ਦਾ ਮਨੁੱਖੀ ਪਲਾਜ਼ਮਾ ਰਾਹੀ ਇਲਾਜ ਦਾ ਜ਼ਿਕਰ ਵਾਰ ਵਾਰ ਕਰ ਰਿਹਾ ਸੀ।ਉਸ ਚੈਨਲ ਦੇ ਅਨੁਸਾਰ ਅਮਰੀਕਾ, ਇੰਗਲੈਂਡ, ਕੇਨੈਡਾ ਅਤੇ ਯੂਰਪ ਦੇ ਹੋਰ ਮੁਲਕਾਂ ਤੋਂ ਇਲਾਵਾ ਭਾਰਤ ਵਿਚ ਕੇਰਲਾ ਤੇ ਪੰਜਾਬ ਵਿਚ ਪਲਾਜ਼ਮਾ ਰਾਹੀਂ ਕੋਰੋਨਾ ਦੇ ਇਲਾਜ ਦੇ ਯਤਨ ਆਰੰਭੇ ਹੋ ਚੁੱਕੇ ਹਨ।ਇਹ ਪਲਾਜ਼ਮਾ ਕੋਰੋਨਾ ਦੀ ਬਿਮਾਰੀ ਤੋਂ ਉੱਭਰ ਚੁੱਕੇ ਮਰੀਜ਼ਾਂ ਦੇ ਖ਼ੂਨ ਵਿਚੋਂ ਲਿਆ ਜਾਂਦਾ ਹੈ ਤੇ ਅੱਗੋਂ ਚਾਰ ਮਰੀਜ਼ਾਂ ਨੂੰ ਉਹ ਪਲਾਜ਼ਮਾ ਚੜ੍ਹਾ ਦਿੱਤਾ ਜਾਂਦਾ ਹੈ।ਇਸ ਤਰਾਂ ਉਹ ਮਰੀਜ਼ ਬਹੱਤਰ ਘੰਟਿਆਂ ਵਿਚ ਕੋਰੋਨਾ ਦੀ ਬਿਮਾਰੀ ਉਪਰ ਜਿੱਤ ਪ੍ਰਾਪਤ ਕਰ ਲੈਂਦਾ ਹੈ।ਪਰ ਫੇਰ ਵੀ ਮੈਂ ਅਖ਼ਬਾਰ ਦਾ ਇੰਤਜ਼ਾਰ ਸਵੇਰ ਹੋਣ ਤੱਕ ਕੀਤਾ ਤਾਂ ਜੋ ਖਬਰ ਦੀ ਪੁਸ਼ਟੀ ਹੋ ਸਕੇ।ਇਹਨੂੰ ਕਹਿੰਦੇ ਨੇ ਵਿਸ਼ਵਾਸ਼ ਦਾ ਤਿੜਕ ਜਾਣਾ, ਭਰੋਸੇ ਦਾ ਟੁੱਟ ਜਾਣਾ।

ਵਿਸ਼ਵ ਦੇ ਇਤਿਹਾਸ ਵਿਚ ਕੋਰੋਨਾ ਪਹਿਲੀ ਮਹਾਂਮਾਰੀ ਹੈ ਜਿਸ ਨੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਤੇ ਪਕੜ ਵਿਚ ਲੈ ਲਿਆ ਹੈ।ਇਸ ਤੋਂ ਪਹਿਲਾਂ ਕਿਸੇ ਬਿਪਤਾ ਨੇ ਸਾਰੀ ਦੀ ਸਾਰੀ ਮਨੁੱਖਤਾ ਨੂੰ ਆਪਣੇ ਸ਼ਿਕੰਜੇ ਵਿਚ ਨਹੀਂ ਸੀ ਕੱਸਿਆ। ਕੁੱਝ ਕੁ ਮੁਲਕ ਹੀ ਅਸਰ ਅੰਦਾਜ਼ ਹੁੰਦੇ ਰਹੇ ਹਨ।ਸ਼ਾਇਦ ਇਸੇ ਲਈ ਕੁੱਝ ਕੁ ਦੇਸਾਂ ਤੋਂ ਇਲਾਵਾ ਹਰ ਇਨਸਾਨ ਇਕੋ ਜਿਹੀ ਮਨੋ-ਅਵਸਥਾ, ਡਰ, ਭੈਅ ਤੇ ਸਹਿਮ ਦੇ ਮਾਹੌਲ ਵਿਚ ਵਿਚਰ ਰਿਹਾ ਹੈ।ਹਰ ਕਿਸੇ ਨੂੰ ਮੌਤ ਖਹਿ-ਖਹਿ ਕੇ ਜਾਂਦੀ ਮਹਿਸੂਸ ਹੋ ਰਹੀ ਹੈ।ਹਰ ਕੋਈ ਹਰ ਕਿਸੇ ਤੋਂ ਬਚਣ ਦਾ ਯਤਨ ਕਰਦਾ ਲੱਗ ਰਿਹਾ ਹੈ।ਹਰ ਕੋਈ ਹਰ ਕਿਸੇ ਤੋਂ ਭੈਅ-ਭੀਤ ਨਜ਼ਰ ਆ ਰਿਹਾ ਹੈ।

ਸੰਕਟ ਭਾਵੇਂ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ, ਬਿਪਤਾ ਚਾਹੇ ਕਿੰਨੀ ਖਤਰਨਾਕ ਕਿਉਂ ਨਾ ਹੋਵੇ, ਹਨੇਰਾ ਭਾਂਵੇਂ ਕਿੰਨਾ ਵੀ ਗਹਿਰਾ ਕਿਉਂ ਨਾ ਹੋਵੇ, ਆਪਣੀ ਹਿੰਮਤ, ਸੰਜਮ, ਹੌਸਲੇ ਤੇ ਅਕਲ ਦੀ ਬਦੌਲਤ ਮਨੁੱਖਤਾ ਨੇ ਇਸ ਵਿਚੋਂ ਉਭਰਨਾ ਹੀ ਉਭਰਨਾ ਹੈ।ਫੇਰ ਲਾਜ਼ਮੀ ਹੋਵੇਗਾ ਕੋਰੋਨਾ ਤੋਂ ਪਹਿਲਾਂ ਤੇ ਬਾਅਦ ਦੀ ਸਥਿਤੀਆਂ, ਪ੍ਰਸਿਥਤੀਆਂ, ਇਨਸਾਨੀ ਸੁਭਾਓ, ਵਤੀਰੇ ਤੇ ਕਾਰ-ਵਿਵਹਾਰ ਦਾ ਮੁਲੰਅਕਣ।

ਕੋਰੋਨਾ ਵਰਗੇ ਅੱਖ ਦੇ ਫੋਰ ਵਿਚ ਫੈਲਣ ਵਾਲੇ ਵਾਇਰਸ ਤੋਂ ਹਿਫ਼ਾਜ਼ਤ ਲਈ ਜਿਸਮਾਨੀ ਫ਼ਾਸਲੇ ਤੇ ਪ੍ਰਹੇਜ਼ ਦੀ ਜ਼ਰੂਰਤ ਵੀ ਹੈ ਤੇ ਲਾਜ਼ਮੀ ਵੀ ਪਰ ਸਮਾਜਿਕ ਦੂਰੀ ਤੇ ਜਿਸਮਾਨੀ ਫਾਸਲੇ ਨੂੰ ਰੱਲ-ਗੱਡ ਕਰ ਕੇ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਹੈ।ਸਮਾਜਿਕ ਦੂਰੀ ਤਾਂ ਸਮਾਜ ਅਤੇ ਮਨੁੱਖ ਰੂਪੀ ਸਮਾਜਿਕ ਪ੍ਰਾਣੀ ਦੇ ਸੁਭਾਅ ਵਿਚ ਮੁੱਢੋਂ ਹੀ ਹੈ।ਜਾਤ-ਪਾਤ ਦੇ ਰੂਪ ਵਿਚ, ਧਾਰਿਮਕ ਕੱਟੜਤਾ ਤੇ ਫਿਰਕਾ ਪ੍ਰਸਤੀ ਦੀ ਸ਼ਕਲ ਵਿਚ, ਮਹਿਲਾਂ ਤੇ ਝੁੱਗੀਆਂ ਦੇ ਰੂਪ ਵਿਚ, ਨਸਲੀ ਵਿਤਕਰੇ ਦੀ ਸ਼ਕਲ ਵਿਚ ਤੇ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਦੇ ਰੂਪ ਵਿਚ।ਤਕਰੀਬਨ ਤਕਰੀਬਨ ਪੂਰੇ ਦੇ ਪੂਰੇ ਸੰਸਾਰ ਵਿਚ ਅਜਿਹਾ ਵਰਤਾਰਾ ਵਾਪਰ ਰਿਹਾ ਹੈ।

ਕੁੱਝ ਮਹੀਨੇ ਪਹਿਲਾਂ ਊਚ-ਨੀਚ, ਜਾਤ-ਪਾਤ, ਧਾਰਮਿਕ ਕਟੜਤਾ, ਨਸਲ ਤੇ ਰੰਗ ਦੇ ਵਿਤਕਰੇ ਦੀਆਂ ਵੱਲਗਣਾਂ ਬਹੁਤ ਹੀ ਮਜ਼ਬੂਤ ਤੇ ਗਹਿਰੀਆਂ ਸਨ।ਮਹਿਲ, ਝੁੱਗੀਆਂ ਵਿਚ ਦੀਵਾਂ ਬੱਲਦਾ ਵੀ ਬਰਦਾਸ਼ਤ ਨਹੀਂ ਸਨ ਕਰਦੇ, ਸਵਰਣ ਜਾਤਾਂ ਆਪਣੇ ਤੋਂ ਨੀਵੀਆਂ ਜਾਤਾਂ ਨਾਲ ਗੁਲਾਮਾਂ ਵਾਲਾ ਵਤੀਰਾ ਤੇ ਨਫ਼ਰਤ ਕਰਦੀਆਂ, ਇਕ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਨੂੰ ਸਰਵਉੱਚ ਤੇ ਦੂਸਰੇ ਧਰਮ ਨੂੰ ਧਰਮ ਹੀ ਨਾ ਸਮਝਦੇ, ਗੋਰਾ ਭੁਰੇ ਨੂੰ ਤੇ ਭੂਰਾ ਕਾਲੇ ਨੂੰ ਅੰਤਾਂ ਦੀ ਨਫ਼ਰਤ ਕਰਦਾ।ਕੀ ਕੋਰੋਨਾ ਤੋਂ ਬਾਅਦ ਇਨਸਾਨ ਨੂੰ ਕੋਈ ਸੋਝੀ ਆਵੇਗੀ? ਕੀ ਔਰਤ ਨੂੰ ਉਸ ਦਾ ਬਣਦਾ ਹੱਕ ਦੇਣ ਬਾਰੇ ਅਸੀਂ ਕਦੇ ਸੋਚਾਂਗੇ? ਕੀ ਸ਼ੇਰ ਬੱਕਰੀ ਦਾ ਇਕ ਘਾਟ ’ਤੇ ਪਾਣੀ ਪੀਣਾ ਸੰਭਵ ਹੋ ਸਕੇਗਾ? ਕਾਸ਼! ਅਜਿਹਾ ਹੋ ਜਾਵੇ।

ਕੁੱਝ ਮਹੀਨੇ ਪਹਿਲਾਂ ਆਪੋ-ਧਾਪੀ, ਭੱਜ-ਨੱਠ, ਇਕ ਦੂਜੇ ਦੇ ਪੈਰ ਮਿੱਧ ਕੇ ਅਗਾਂਹ ਵਧਣ, ਆਪਸੀ ਨਫ਼ਰਤ, ਸਾੜਾ, ਈਰਖ਼ਾ, ਰਿਸ਼ਤੇ-ਨਾਤੇ ਤੇ ਸਾਕ-ਸਕੀਰੀਆਂ ਦਾ ਮਤਲਬ ਤੇ ਸਵਾਰਥ ਦੇ ਆਲੇ ਦੁਆਲੇ ਘੁੰਮਣ ਦਾ ਸਿਲਸਲਾ ਕੀ ਇਸ ਸੰਕਟ ਤੋਂ ਬਾਅਦ ਖਤਮ ਹੋ ਜਾਵੇਗਾ? ਠਰੰਮਾ, ਠਹਿਰਾਂ, ਹਮਦਰਦੀ, ਪਿਆਰ, ਸਤਿਕਾਰ, ਨਿਮਰਤਾ, ਨਿੱਘ-ਨੇੜਤਾ ਕੀ ਮਨੁੱਖੀ ਸੁਭਾਅ ਦਾ ਹਿੱਸਾ ਬਣ ਜਾਣਗੇ? ਕਾਸ਼! ਅਜਿਹਾ ਹੋ ਜਾਵੇ। ਸੂਬੇ ਜਾਂ ਮੁਲਕ ਵਿਚ ਹੀ ਨਹੀਂ ਬਲਿਕ ਸਾਰੇ ਸੰਸਾਰ ਵਿਚ ਰਾਜਨੀਤਿਕ ਤੇ ਵਪਾਰਕ ਹਿੱਤ ਭਾਰੂ ਹਨ।ਤਕੜਾ ਮਾੜੇ ਨੂੰ ਦੱਬਣ ਨੂੰ ਫਿਰਦਾ ਹੈ, ਦਾਬੇ ਮਾਰਦਾ ਹੈ, ਹੜੱਪਣ ਨੂੰ ਤਕਾਉਂਦਾ ਹੈ। ਮਨੁੱਖ ਸਿਹਤ ਲਈ ਖਤਰਨਾਕ ਉਦਯੋਗ ਆਪਣੇ ਵਾਲੇ ਪਾਸਿਓਂ ਪੁੱਟ ਕੇ, ਮਾੜਿਆਂ ਵਾਲੇ ਪਾਸੇ ਲਿਜਾ ਰਿਹਾ ਹੈ।ਕੋਰੋਨਾ ਨੇ ਕੀ ਤਕੜੇ, ਕੀ ਮਾੜੇ ਸਭ ਰਗੜ ਕੇ ਰੱਖ ਦਿੱਤੇ ਹਨ।ਸਭ ਨੂੰ ਯਮ ਦਿਸ ਰਹੇ ਹਨ।ਸਭ ਆਪਣੇ ਆਪਣੇ ਰੱਬ ਨੂੰ ਧਿਆ ਰਹੇ ਹਨ।ਕੀ ਇਸ ਸੰਕਟ ਤੋਂ ਬਾਅਦ ਇਨਸਾਨੀ ਸੁਭਾਅ ਵਿਚ ਕੋਈ ਤਬਦੀਲੀ ਆਵੇਗੀ? ਕਾਸ਼! ਕੁਦਰਤ ਦਾ ਕ੍ਰਿਸ਼ਮਾ ਹੋ ਹੀ ਜਾਵੇ।

ਕੋਰੋਨਾ ਸੰਕਟ ਤੋਂ ਨਿਜਾਤ ਪਾਉਣ ਤੋਂ ਬਾਅਦ ਸੰਸਾਰ ਵਿਚ ਬਿਨਾਂ ਸ਼ੱਕ ਸਾਹਿਤ, ਨਾਟਕਾਂ, ਫਿਲਮਾਂ, ਕੀ ਅਜੋਕੀ ਪ੍ਰਚਲਿਤ ਗਾਇਕੀ ਦੇ ਵਿਸ਼ਿਆਂ ਅਤੇ ਸੁਭਾਅ ਵਿਚ ਕੀ ਸਾਕਾਰਆਤਮਕ ਤੇ ਹਾਂ-ਪੱਖੀ ਤਬਦੀਲੀਆਂ ਆਉਂਣਗੀਆਂ? ਕੀ ਕਲਮਾਂ ਦੇ ਜਜ਼ਬਿਆਂ ਤੇ ਭਾਵਨਾਵਾਂ ਵਿਚ ਬਦਲਾਅ ਆਵੇਗਾ? ਕਾਸ਼! ਅਜਿਹਾ ਹੋ ਜਾਵੇ। ਮਨੁੱਖ ਵਿਕਾਸ ਦੀ ਅੰਨੀ ਦੌੜ ਵਿਚ ਅੱਗਾ ਦੌੜ, ਪਿੱਛਾ ਚੌੜ ਵਾਲੇ ਰਾਹ ਪਿਆ ਹੋਇਆ ਹੈ।ਪੈਦਾਵਾਰ ਵਧਾਉਣ ਦੇ ਚੱਕਰ ਵਿਚ ਮਨੁੱਖ ਰੂਪੀ ਪ੍ਰਾਣੀ ਵਾਤਾਵਰਣ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਹਾਂ।ਪੈਦਾਵਾਰ ਚਾਹੇ ਉਦਯੋਗਿਕ ਹੋਵੇ ਜਾਂ ਫ਼ਸਲੀ, ਪਾਣੀ ਦੀ ਬੇਕਿਰਕ ਵਰਤੋਂ, ਜੰਗਲਾਂ-ਦਰਖਤਾਂ ਦਾ ਬੇਰਹਿਮੀ ਨਾਲ ਵਢਾਂਗਾ, ਨਦੀਆ-ਨਾਲਿਆਂ ਵਿਚ ਜ਼ਹਿਰੀ ਤੇਜ਼ਾਬ ਤੇ ਹੋਰ ਜ਼ਹਿਰੀਲੇ ਪਦਾਰਥਾਂ ਦੀ ਮਿਲਾਵਟ।ਮਲਤਬ ਕਿ ਮਨੁੱਖ ਜਿਸ ਟਾਹਣੀ ਉਪਰ ਬੈਠਾ ਹੈ, ੳੇਸੇ ਉਪਰ ਆਰੀ ਚਲਾ ਰਿਹਾ ਹੈ।ਆਪਣੇ ਮਿੱਤਰ ਜੀਵ-ਜੰਤੂਆਂ ਮਗਰ ਵੀ ਇਨਸਾਨ ਹੱਥ ਧੋ ਕੇ ਪਿਆ ਹੋਇਆ ਹੈ।ਜਿਸ ਦੇ ਨਤੀਜੇ ਇਨਸਾਨ ਕੋਰੋਨਾ ਵਰਗੀਆਂ ਮਹਾਂਮਾਰੀ ਤੇ ਹੋਰ ਆਪੇ ਸਹੇੜੇ ਸਿਆਪਿਆਂ ਦੇ ਰੂਪ ਵਿਚ ਭੁਗਤ ਰਿਹਾ ਹੈ।ਕੋਰੋਨਾ ਕਰਕੇ ਠਹਿਰੇ ਜੀਵਨ ਦੀ ਬਦੌਲਤ ਸ਼ੁੱਧ ਵਾਤਾਵਰਣ, ਕੁਦਰਤੀ ਸਰੋਤਾਂ ਦਾ ਨਿਰਮਲ ਜਲ, ਚਿੜੀਆਂ, ਘੁੱਗੀਆਂ-ਗਟਾਂਰਾਂ ਤੇ ਕੋਇਲਾਂ ਦੀਆਂ ਵੰਨਸੁਵੰਨੀਆਂ ਤੇ ਮਨਮੋਹਣੀਆਂ ਆਵਾਜ਼ਾਂ ਇਨਸਾਨੀ ਜ਼ਿੰਦਗੀ ਨੂੰ ਅੱਜ ਦੇ ਸਮੇਂ ਬੋਝਲ ਤੇ ਨੀਰਸ ਹੋਣ ਤੋਂ ਬਚਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ।ਕੀ ਕੋਰੋਨਾ ਤੋਂ ਬਾਅਦ ਦਾ ਮਨੁੱਖ ਇਸ ਸ਼ੁੱਧ ਵਾਤਾਵਣ ਤੇ ਨਿਰਮਲ ਮਾਹੌਲ ਨੂੰ ਬਰਕਰਾਰ ਰੱਖਣ ਵਿਚ ਆਪਣਾ ਵੀ ਤਿਲ-ਫੁੱਲ ਪਾਵੇਗਾ? ਕਾਸ਼! ਅਜਿਹਾ ਹੋ ਜਾਵੇ।

ਸੰਪਰਕ:94174-60656

Check Also

ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ-2

-ਜਗਤਾਰ ਸਿੰਘ ਸਿੱਧੂ ਕੇਵਲ ਮਨੁੱਖਾਂ ਨੇ ਹੀ ਨਹੀਂ ਕੁਦਰਤ ਨੇ ਵੀ ਇਸ ਦੁਨੀਆ ਨੂੰ ਸਾਫ-ਸੁਥਰਾ …

Leave a Reply

Your email address will not be published. Required fields are marked *