ਕਿਸਾਨਾਂ ਲਈ ਜ਼ਰੂਰੀ ਨੁਕਤੇ: ਬੀ ਟੀ ਨਰਮੇ ਉਪਰ ਗੁਲਾਬੀ ਸੁੰਡੀ ਦੀ ਸਰਵਪੱਖੀ ਰੋਕਥਾਮ

TeamGlobalPunjab
9 Min Read

-ਵਿਜੈ ਕੁਮਾਰ, ਅਮਨਦੀਪ ਕੌਰ ਅਤੇ ਜਸਜਿੰਦਰ ਕੌਰ;

ਬੀ ਟੀ ਨਰਮਾ ਸਾਉਣੀ ਦੀ ਪ੍ਰਮੁੱਖ ਵਪਾਰਕ ਹੈ ਜਿਸ ਦੀ ਕਾਸ਼ਤ 111 ਦੇਸਾਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ਨਰਮੇ ਊਪਰ ਟੀਂਡੇ ਦੀਆਂ ਸੁੰਡੀਆਂ (ਅਮਰੀਕਨ, ਚਿਤਕਬਰੀ ਅਤੇ ਗੁਲਾਬੀ ਸੰੁਡੀ) ਅਤੇ ਰਸ ਚੂਸਣ ਵਾਲੇ ਕੀੜੇ (ਤੇਲਾ, ਚਿੱਟੀ ਮੱਖੀ, ਭੂਰੀ ਜੂੰ ਅਤੇ ਚੇਪਾ) ਹਮਲਾ ਕਰਦੇ ਸਨ। ਭਾਵੇਂ ਬੀ ਟੀ ਨਰਮੇ ਦੇ ਆਉਣ ਤੋਂ ਬਾਅਦ ਟੀਂਡੇ ਦੀਆਂ ਸੁੰਡੀਆਂ ਦੇ ਹਮਲੇ ਵਿੱਚ ਭਾਰੀ ਕਮੀ ਪਾਈ ਗਈ ਪਰ ਰਸ ਚੂਸਣ ਵਾਲੇ ਕੀੜਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪਿਛਲੇ 5-6 ਸਾਲਾਂ ਤੋਂ ਕੇਂਦਰੀ ਅਤੇ ਦੱਖਣੀ ਭਾਰਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਬੀ ਟੀ ਨਰਮੇ ਦੇ ਉੱਤੇ ਦਿਖਾਈ ਦਿੱਤਾ ਹੈ। ਸਾਲ 2020 ਦੌਰਾਨ, ਗੁਲਾਬੀ ਸੁੰਡੀ ਦਾ ਹਮਲਾ ਬਠਿੰਡੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪਾਇਆ ਗਿਆ। ਕਿਸਾਨ ਭਰਾਂਵਾ ਨੂੰ ਜਾਗਰੂਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ, ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੁਆਰਾ ਇਸਦਾ ਸਰਵੇਖਣ ਅਤੇ ਰੋਕਥਾਮ ਸੰਬਧੀ ਕੈਂਪ ਲਗਾਏ ਜਾ ਰਹੇ ਹਨ। ਇਸ ਲੇਖ ਵਿੱਚ ਗੁਲਾਬੀ ਸੁੰਡੀ ਦਾ ਜੀਵਨ ਚੱਕਰ, ਨੁਕਸਾਨ ਚਿੰਨ੍ਹ ਅਤੇ ਨਰਮੇ ਉੱਪਰ ਇਸਦੀ ਸੁਚੱਜੀ ਰੋਕਥਾਮ ਸੰਬੰਧੀ ਜ਼ਰੂਰੀ ਨੁਕਤੇ ਦੱਸੇ ਗਏ ਹਨ।

ਜੀਵਨ ਚੱਕਰ: ਆਂਡੇ ਸ਼ੁਰੂ ਵਿੱਚ ਚਿੱਟੇ ਤੇ ਬਾਅਦ ਵਿੱਚ ਸੰਤਰੀ ਰੰਗ ਦੇ ਹੋ ਜਾਂਦੇ ਹਨ। ਅੰਡਿਆਂ ਵਿੱਚੋਂ 3-4 ਦਿਨਾਂ ਤੋਂ ਬਾਅਦ ਸੁੰਡੀ ਨਿਕਲ ਆਉਂਦੀ ਹੈ। ਨਵ-ਜੰਮ ਸੁੰਡੀਆਂ ਚਿੱਟੇ ਰੰਗ ਦੀਆਂ ਅਤੇ ਉਹਨਾਂ ਦੇ ਸਿਰ ਕਾਲੇ ਰੰਗ ਦੇ ਹੁੰਦੇ ਹਨ। ਪੂਰੀ ਪਲ ਜਾਣ ਤੇ ਸੁੰਡੀ 10 ਤੋਂ 12 ਮਿਲੀਮੀਟਰ ਹੋ ਜਾਂਦੀ ਹੈ ਅਤੇ ਪੇਟ ਦੇ ਹਰ ਉੱਪਰਲੇ ਭਾਗ ਉੱਤੇ ਗੁਲਾਬੀ ਰੰਗ ਦੀ ਗੂੜੀ ਪੱਟੀ ਦਿਖਾਈ ਦਿੰਦੀ ਹੈ। ਸ਼ੁਰੂਆਤੀ ਹਾਲਤ ਵਿੱਚ ਸੁੰਡੀ ਫੁੱਲ ਖਾਂਦੀ ਹੈ ਬਾਅਦ ਵਿੱਚ ਟੀਂਡਿਆਂ ਵਿੱਚ ਵੜ ਕੇ ਅੰਦਰੋਂ ਬੀਜ ਖਾਂਦੀ ਹੈ। ਸੁੰਡੀ 10 ਤੋਂ 14 ਦਿਨ ਤੱਕ ਟੀਂਡਿਆਂ ਵਿੱਚ ਪਲਦੀ ਹੈ। ਇਸ ਕੀੜੇ ਦਾ ਕੋਆ (ਟੁਟੀਆਂ) ਦੀ ਅਵਸਥਾ 7 ਤੋਂ 10 ਦਿਨ ਦੀ ਹੁੰਦੀ ਹੈ। ਇਸ ਕੀੜੇ ਦੇ ਪਤੰਗੇ ਗੂੜੇ ਖਾਕੀ ਰੰਗ ਦੇ ਹੁੰਦੇ ਹਨ ਅਤੇ ਪਿਛਲੇ ਖੰਭ ਦੀਆਂ ਕੰਨੀਆਂ ਉੱਪਰ ਲੰਮੇ-ਲੰਮੇ ਵਾਲਾਂ ਦੀ ਝਾਲਰ ਬਣੀ ਨਜ਼ਰ ਆਉਂਦੀ ਹੈ।

ਨੁਕਸਾਨ ਦੇ ਚਿੰਨ੍ਹ: ਜੰਮਣ ਤੋਂ ਦੋ ਦਿਨਾਂ ਦੇ ਅੰਦਰ ਛੋਟੀ ਸੁੰਡੀ ਫੁੱਲਾਂ ਜਾਂ ਛੋਟੇ ਟੀਂਡਿਆਂ ਵਿੱਚ ਵੜ ਜਾਂਦੀ ਹੈ। ਸੁੰਡੀ ਜ਼ਿਆਦਾਤਰ ਬਣ ਰਹੇ ਬੀਜ ਨੂੰ ਖਾਣਾ ਪਸੰਦ ਕਰਦੀ ਹੈ ਅਤੇ ਪਿਊਪੇ ਦੀ ਅਵਸਥਾ ਬੀਜ ਜਾਂ ਟੀਂਡੇ ਵਿੱਚ ਗੁਜਾਰਦੀ ਹੈ। ਬਾਅਦ ਵਿੱਚ ਹਮਲੇ ਵਾਲੇ ਟੀਂਡਿਆਂ ਦੀ ਰੂੰ ਨੂੰ ਉੱਲੀ ਲੱਗ ਜਾਂਦੀ ਹੈ। ਸੁੰਡੀ ਫੁੱਲ ਡੋਡੀਆਂ, ਫੁੱਲਾਂ ਅਤੇ ਟੀਂਡਿਆਂ ਦਾ ਨੁਕਸਾਨ ਕਰਦੀ ਹੈ। ਹਮਲੇ ਵਾਲੇ ਫੁੱਲ ਭੰਬੀਰੀਆਂ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਪ੍ਰਾਗਣ ਨਾਲ ਲਥਪਥ ਗੁਲਾਬੀ ਸੁੰਡੀਆਂ ਪਈਆਂ ਨਜ਼ਰ ਆਉਂਦੀਆਂ ਹਨ। ਛੋਟੇ ਟੀਂਡੇ ਤੇ ਡੋਡੀਆਂ ਕਈ ਵਾਰੀ ਹਮਲੇ ਕਾਰਨ ਝੜ ਵੀ ਜਾਂਦੇ ਹਨ। ਸੁੰਡੀਆਂ ਟੀਂਡੇ ਦੇ ਵਿੱਚ ਬਣ ਰਹੇ ਬੀਜਾਂ ਨੂੰ ਖਾਂਦੀਆਂ ਹਨ, ਜਿਸ ਕਰਕੇ ਟੀਂਡੇ ਵਿੱਚ ਬਣ ਰਹੀ ਰੂੰ ਵੀ ਖਰਾਬ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਗਲ ਜਾਂਦੇ ਹਨ ਤੇ ਰੂੰ ਵੀ ਦਾਗੀ ਹੋ ਜਾਂਦੀ ਹੈ। ਹਮਲੇ ਵਾਲੇ ਟੀਂਡੇ ਪੂਰੀ ਤਰ੍ਹਾਂ ਖਿੜਦੇ ਵੀ ਨਹੀਂ। ਸਰਦੀ ਦੇ ਮੌਸਮ ਵਿੱਚ ਗੁਲਾਬੀ ਸੁੰਡੀ ਦੋ ਬੀਜਾਂ ਨੂੰ ਜੋੜ ਕੇ ਉਨ੍ਹਾਂ ਵਿੱਚ ਸੁਸਤੀ ਦੀ ਹਾਲਤ ਵਿੱਚ ਪਈ ਰਹਿੰਦੀ ਹੈ। ਜੁਲਾਈ ਤੋਂ ਅਕਤੂਬਰ ਤੱਕ ਇਹ ਕੀੜਾ ਨਰਮੇ/ ਕਪਾਹ ਦਾ ਜ਼ਿਆਦਾ ਨੁਕਸਾਨ ਕਰਦਾ ਹੈ।

- Advertisement -

ਗੁਲਾਬੀ ਸੁੰਡੀ ਦਾ ਫੈਲਾਅ: ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਇਸ ਦੀ ਨਾਜੁਕ ਕੜੀ ਨੂੰ ਤੋੜਨਾਂ ਪੈਣਾ। ਪੁਰਾਣੀ ਛਿਟੀਆਂ ਵਿੱਚ ਪਏ ਅੱਧ ਖੁੱਲ੍ਹੇ ਟੀਂਡਿਆਂ ਵਿੱਚ ਇਹ ਸੁੰਡੀ ਰਹਿੰਦੀ ਹੈ ਜੋ ਕਿ ਮੌਸਮ ਨਾਲ ਪਿਉਪਾ ਬਣ ਕੇ ਪਤੰਗੇ ਦੇ ਰੂਪ ਵਿੱਚ ਬਾਹਰ ਆਉਂਦੀ ਹੈ ਅਤੇ ਨਵੇਂ ਖੁੱਲ੍ਹੇ ਫੁੱਲਾਂ ਜਾਂ ਛੋਟੇੇ ਬਣੇ ਟੀਂਡਿਆਂ ਵਿੱਚ ਅੰਡੇ ਦੇ ਦਿੰਦੀ ਹੈ। ਜਿੱਥੇ ਤੱਕ ਹੋ ਸਕੇ ਫ਼ਸਲ ਦੀ ਚੁਗਾਈ ਜਲਦੀ ਕਰ ਦਿਓ। ਇਸ ਵਾਸਤੇ ਅਖੀਰਲਾ ਪਾਣੀ ਸਤੰਬਰ ਦੇ ਅਖੀਰ ਵਿੱਚ ਲਾ ਦਿਓ।

ਸਰਵਪੱਖੀ ਰੋਕਥਾਮ: ਇਸ ਕੀੜੇ ਦਾ ਜੀਵਨ ਚੱਕਰ ਅਤੇ ਫੈਲਾਅ ਦੇ ਢੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪਿੰਡ ਪੱਧਰ ਤੇ ਇਕੱਠੇ ਹੋ ਕੇ ਇਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਸ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦੱਸੀ ਵਿਉਂਤਬੰਦੀ ਅਪਣਾਉਣ ਦੀ ਲੋੜ ਹੈ।

ਕਾਸ਼ਤਕਾਰੀ ਢੰਗਾਂ ਰਾਹੀਂ ਰੋਕਥਾਮ

• ਨਰਮੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਤੇ ਅਗੇਤੀ ਖਿੜਨ ਵਾਲੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੋ।
• ਬਿਜਾਈ ਹਰ ਹਾਲਤ ਵਿੱਚ 15 ਮਈ ਤੱਕ ਕਰ ਦਿਓ।
• ਸਮੇ ਸਿਰ ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਵਰਤੋਂ, 15 ਸੈਂਟੀਮੀਟਰ ਉੱਚਾ ਲਗਾੳ। ਲਿਓਰ ਨੂੰ 15 ਦਿਨਾਂ ਬਾਅਦ ਬਦਲੋ ਅਤੇ ਇੱਕ ਟ੍ਰੈਪ ਪ੍ਰਤੀ ਹੈਕਟੇਅਰ ਵਰਤੋ।
• ਜਦੋਂ ਨਰਮੇ ਨੂੰ ਫੁੱਲ ਡੋਡੀ ਲੱਗਣੀ ਸ਼ੁਰੂ ਹੋ ਜਾਵੇ ਤਾਂ ਹਫਤੇ ਦੇ ਵਕਫੇ ਤੇ ਭੰਬੀਰੀ ਬਣੇ ਫੁੱਲਾਂ ਦਾ ਸਰਵੇਖਣ ਕਰੋ। ਜਦੋਂ ਫ਼ਸਲ 80 ਦਿਨ ਦੀ ਹੋ ਜਾਵੇ ਤਾਂ ਨਰਮੇ ਦੇ ਕੱਚੇ ਟੀਂਡਿਆਂ ਨੂੰ ਤੋੜ ਕੇ ਸੰੁਡੀ ਦੇ ਹਮਲੇ ਵਾਸਤੇ 15 ਦਿਨਾਂ ਬਾਅਦ ਨਿਰੀਖਣ ਕਰਦੇ ਰਹੋ।
• ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਵਿੱਚੋਂ ਚੁੱਗੇ ਹੋਏ ਨਰਮੇ ਨੂੰ ਹਮਲੇ ਰਹਿਤ ਖੇਤਰ ਵਿੱਚ ਪੈਂਦੀਆਂ ਮਿੱਲ੍ਹਾਂ ਵਿੱਚ ਨਾ ਲਿਜਾਓ।
• ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਜਿੱਥੇ ਤੱਕ ਹੋ ਸਕੇ ਫ਼ਸਲ ਦੀ ਚੁਗਾਈ ਜਲਦੀ ਕਰ ਲਓ। ਇਸ ਤਰ੍ਹਾਂ ਕਰਨ ਲਈ ਅਖੀਰਲਾ ਪਾਣੀ ਸਤੰਬਰ ਦੇ ਅੰਤ ਵਿੱਚ ਲਾ ਦਿਓ।
• ਆਖਰੀ ਚੁਗਾਈ ਤੋਂ ਬਾਅਦ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਨਰਮੇ ਦੇ ਖੇਤਾਂ ਵਿੱਚ ਬਚੀਆਂ ਛਿੱਟੀਆਂ ਨੂੰ ਸ਼ਰੈਡਰ ਦੁਆਰਾ ਖੇਤਾਂ ਵਿੱਚ ਵਾਹ ਦਿਓ ਤਾਂ ਜੋ ਗੁਲਾਬੀ ਸੁੰਡੀ ਨੂੰ ਠੱਲ੍ਹ ਪਾਈ ਜਾ ਸਕੇ।
• ਆਖਰੀ ਚੁਣਾਈ ਤੋਂ ਬਾਅਦ ਭੇਡਾਂ, ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫ਼ਸਲ ਦਾ ਬੱਚ-ਖੁਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਕਪਾਹ ਦੇ ਖੇਤਾਂ ਵਿੱਚ ਛੱਡ ਦਿਓ।
• ਜਿਹੜਾ ਬੀਜ ਤੇਲ ਮਿੱਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਸੈਲਫਾਸ/ਫਾਸਟੋਕਸਨ/ਡੈਲੀਸ਼ੀਆ ਦੀ ਤਿੰਨ ਗ੍ਰਾਮ ਦੀ ਗੋਲੀ ਨਾਲ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਧੂਣੀ ਦਿਓ।
ਗੁਲਾਬੀ ਸੰੁਡੀ ਦਾ ਸਰਵੇਖਣ
• ਗੁਲਾਬੀ ਸੁੰਡੀ ਦੇ ਸਰਵੇਖਣ ਲਈ ਸਟਿਕਾ/ਡੈਲਟਾ ਟਰੈਪ ਮਿੱਲ੍ਹਾਂ ਦੇ ਆਲੇ ਦੁਆਲੇ ਅਤੇ ਨਰਮੇ ਦੇ ਖੇਤਾਂ ਵਿੱਚ ਲਗਾਓ। ਟਰੈਪ ਫ਼ਸਲ ਤੋਂ 15 ਸੈਂਟੀਮੀਟਰ ਉੱਚਾ ਰੱਖੋ। ਲਿਓਰ ਨੂੰ 15 ਦਿਨਾਂ ਬਾਅਦ ਬਦਲੋ ਅਤੇ ਇੱਕ ਟ੍ਰੈਪ ਪ੍ਰਤੀ ਏਕੜ ਵਰਤੋ।
ਗੁਲਾਬੀ ਸੰੁਡੀ ਦੇ ਆਰਥਿਕ ਨੁਕਸਾਨ ਦੀ ਜਾਂਚ ਕਰਨ ਦੇ ਤਰੀਕੇ
• ਖੇਤ ਵਿੱਚੋਂ ਅਲੱਗ ਅਲੱਗ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕਰੋ ਇਨ੍ਹਾਂ ਵਿੱਚੋਂ ਉੱਪਰ ਦਿਖਾਏ ਗਏ ਗੁਲਾਬਨੁਮਾ ਫੁੱਲ ਅਤੇ ਸੰੁਡੀ ਦੁਆਰਾ ਨੁਕਸਾਨ ਕੀਤੇ ਗਏ 5 ਫੁੱਲ ਮਿਲਦੇ ਹਨ ਤਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਪਰੇਅ ਕਰੋ।
• ਖੇਤ ਵਿੱਚੋਂ ਅਲੱਗ ਅਲੱਗ ਪੌਦਿਆਂ ਵਿੱਚੋਂ 20 ਹਰੇ ਟੀਂਡੇ ਤੋੜ ਕੇ ਟੀਂਡੇ ਵਿੱਚ ਵੜੀ ਗੁਲਾਬੀ ਸੁੰਡੀ ਨੂੰ ਗਿਣੋ, ਜੇਕਰ ਇਸ ਵਿੱਚੋਂ 2 ਜਾਂ 3 ਤੋਂ ਜ਼ਿਆਦਾ ਸੁੰਡੀਆਂ ਮਿਲਦੀਆਂ ਹਨ ਤਾਂ ਇਸ ਸੁੰਡੀ ਦੀ ਰੋਕਥਾਮ ਲਈ ਸਪਰੇਅ ਕਰੋ।

ਰਸਾਇਣਿਕ ਰੋਕਥਾਮ

- Advertisement -

• ਨਰਮੇ ਦੀ 70 ਤੋਂ 120 ਦਿਨ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਫੁੱਲਾਂ ਜਾਂ ਟਿਂਡਿਆਂ ਤੇ ਹਮਲਾ 5 ਪ੍ਰਤੀਸ਼ਤ ਤਕ ਪਹੁੰਚ ਜਾਵੇ ਤਾਂ ਇਸ ਦੀ ਰੋਕਥਾਮ ਲਈ 500 ਮਿਲੀਲਿਟਰ ਕਿਊਰਾਕਰਾਨ 50 ਈ ਸੀ (ਪ੍ਰਫ਼ੀਨੌਫੋਸ) ਜਾਂ 200 ਮਿਲੀਲਿਟਰ ਅਵਾਂਟ 14.5 ਐਸ ਸੀ (ਇੰਡੋਕਸਾਕਾਰਬ) ਜਾਂ 250 ਗ੍ਰਾਮ ਲਾਰਵਿਨ 75 ਡਬਲਯੂ ਪੀ (ਥਾਇਓਡੀਕਾਰਬ) ਜਾਂ 800 ਮਿਲੀਲਿਟਰ ਫੋਸਮਾਇਟ 50 ਈ ਸੀ (ਇਥੀਓਨ) ਪ੍ਰਤੀ ਏਕੜ ਦਾ ਛਿੜਕਾਅ ਕਰੋ

• ਨਰਮੇ ਦੀ 120 ਤੋਂ 150 ਦਿਨ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ 160 ਮਿਲੀਲਿਟਰ ਡੈਸਿਸ 2.8 ਈ ਸੀ (ਡੈਲਟਾਮੈਥਰਿਨ) ਜਾਂ 200 ਮਿਲੀਲਿਟਰ ਸਾਈਪਰਮੈਥਰਿਨ 10 ਈ ਸੀ ਜਾਂ 100 ਮਿਲੀਲਿਟਰ ਫੈਨਵਲਰੇਟ 20 ਈ ਸੀ ਜਾਂ 300 ਮਿਲੀਲਿਟਰ ਬੁਲਡੋਕ 0.25 ਐਸ ਸੀ (ਬੀਟਾ ਸਾਈਫਲੂਥਰੀਨ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

• ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਬੀ ਟੀ ਨਰਮੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਵਿਖਾਈ ਦੇਵੇ ਤਾਂ ਆਪਣੇ ਇਲਾਕੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਖੇਤਰੀ ਖੋਜ ਕੇਂਦਰ ਜਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਧਿਆਨ ਵਿੱਚ ਲਿਆਓ।

 

Share this Article
Leave a comment