Home / ਓਪੀਨੀਅਨ / ਸਾਵਧਾਨ ! ਲੋਕੋ ਰੌਲਾ ਨਾ ਪਾਓ, ਸਰਕਾਰ ਘੂਕ ਸੌਂ ਰਹੀ ਹੈ !

ਸਾਵਧਾਨ ! ਲੋਕੋ ਰੌਲਾ ਨਾ ਪਾਓ, ਸਰਕਾਰ ਘੂਕ ਸੌਂ ਰਹੀ ਹੈ !

-ਸੁਬੇਗ ਸਿੰਘ 

ਸੌਣਾ ਤੇ ਜਾਗਣਾ ਮਨੁੱਖੀ ਜ਼ਿੰਦਗੀ ਦਾ ਇੱਕ ਅਹਿਮ ਅੰਗ ਹੈ। ਕਿਸੇ ਵੀ ਮਨੁੱਖ ਲਈ ਸਾਰਾ ਦਿਨ ਦੀ ਭੱਜ ਨੱਠ ਤੋਂ ਕੁੱਝ ਸਮੇਂ ਲਈ ਸੌਣਾ ਜ਼ਰੂਰੀ ਵੀ ਹੁੰਦਾ ਹੈ। ਵੈਸੇ ਵੀ ਮਨੁੱਖ ਦੀ ਤੰਦਰੁਸਤੀ ਦੇ ਲਈ ਮਨੁੱਖ ਨੂੰ ਸੌਣਾ ਜਰੂਰ ਚਾਹੀਦਾ ਹੈ। ਇਹੋ ਕਾਰਨ ਹੈ ਕਿ ਜਦੋਂ ਪ੍ਰੇਸ਼ਾਨੀਆਂ ਦਾ ਮਾਰਿਆ ਮਨੁੱਖ ਪੂਰੀ ਨੀਂਦ ਨਹੀਂ ਸੌਂਦਾ ਤਾਂ ਮਨੁੱਖ ਆਪਣੇ ਆਪ ਲਈ ਕਈ ਪ੍ਰਕਾਰ ਦੀਆਂ ਬੀਮਾਰੀਆਂ ਵੀ ਸਹੇੜ ਲੈਂਦਾ ਹੈ। ਅਗਰ ਇਹ ਨੀਂਦ ਮਨੁੱਖ ਲਈ ਐਨੀ ਜ਼ਰੂਰੀ ਨਾ ਹੁੰਦੀ ਤਾਂ ਮਨੁੱਖ ਆਪਣੀ ਪੂਰੀ ਨੀਂਦ ਲੈਣ ਲਈ ਡਾਕਟਰਾਂ ਤੇ ਦਵਾਈਆਂ ਦਾ ਸਹਾਰਾ ਕਿਉਂ ਲੈਂਦਾ। ਜਿਸ ਤਰ੍ਹਾਂ ਮਨੁੱਖ ਦੀ ਤੰਦਰੁਸਤੀ ਲਈ ਖਾਣਾ ਪੀਣਾ, ਹੱਸਣਾ, ਖੇਡਣਾ ਤੇ ਹੋਰ ਕ੍ਰਿਆਵਾਂ ਜ਼ਰੂਰੀ ਹਨ। ਇਸੇ ਤਰ੍ਹਾਂ ਮਨੁੱਖ ਨੂੰ ਨੀਂਦ ਲੈਣਾ ਵੀ ਜ਼ਰੂਰੀ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਪ੍ਰਮਾਤਮਾ ਨੇ ਸਾਰੇ ਦਿਨ ਦੇ ਕੰਮ ਕਾਰ ਤੋਂ ਮੁਕਤੀ ਦਿਵਾਉਣ, ਆਰਾਮ ਕਰਨ ਅਤੇ ਨੀਂਦ ਦਿਵਾਉਣ ਲਈ ਹੀ ਦਿਨ ਤੋਂ ਬਾਅਦ ਰਾਤ ਦਾ ਪ੍ਰਬੰਧ ਕੀਤਾ ਹੋਵੇ ਤਾਂ ਕਿ ਮਨੁੱਖ ਕੁੱਝ ਪਲ ਲਈ ਆਰਾਮ ਕਰ ਸਕੇ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਵੀ ਰੱਖ ਸਕੇ।

ਭਾਵੇਂ ਸਰੀਰ ਦੀ ਤੰਦਰੁਸਤੀ ਲਈ ਖਾਣ ਪੀਣ ਦੇ ਨਾਲ ਨਾਲ ਨੀਂਦ ਵੀ ਜ਼ਰੂਰੀ ਹੈ।ਪਰ ਇਹਦਾ ਭਾਵ ਇਹ ਨਹੀਂ ਕਿ ਮਨੁੱਖ ਦਿਨ ਰਾਤ ਲੰਮੀਆਂ ਤਾਣ ਕੇ ਹੀ ਸੁੱਤਾ ਰਹੇ। ਵੈਸੇ ਵੀ ਹਰ ਚੀਜ਼ ਦੀ ਕੋਈ ਨਾ ਕੋਈ ਹੱਦ ਤਾਂ ਹੁੰਦੀ ਹੀ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ਲੋੜ ਤੋਂ ਜ਼ਿਆਦਾ ਤਾਂ ਸ਼ਰਾਫਤ ਵੀ ਮਾੜੀ ਹੁੰਦੀ ਹੈ। ਇਸੇ ਲਈ ਤਾਂ ਹੱਦ ਤੋਂ ਜ਼ਿਆਦਾ ਹਰ ਚੀਜ਼ ਦੇ ਨੁਕਸਾਨ ਬਾਰੇ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ

ਅੱਤ ਨਾ ਬਾਹਲਾ ਬੋਲਣਾ,

     ਅੱਤ ਨਾ ਬਾਹਲੀ ਚੁੱਪ।

ਅੱਤ ਨਾ ਬਾਹਲਾ ਖਾਣਾ,

      ਅੱਤ ਨਾ ਬਾਹਲੀ ਭੁੱਖ।

ਸੋ ਹਰ ਚੀਜ਼ ਲੋੜ ਤੋਂ ਜ਼ਿਆਦਾ ਮਾੜੀ ਹੀ ਹੁੰਦੀ ਹੈ। ਅਸਲ ਵਿੱਚ ਹਰ ਚੀਜ਼ ਸੰਤੁਲਨ ‘ਚ ਰੱਖੀ ਹੋਈ ਹੀ ਠੀਕ ਰਹਿੰਦੀ ਹੈ। ਬਿਨਾਂ ਸੰਤੁਲਨ ਤੋਂ ਹਰ ਚੀਜ਼ ਨੁਕਸਾਨ ਹੀ ਪਹੁੰਚਾਉੰਦੀ ਹੈ। ਭਾਵੇਂ ਉਹ ਮਨੁੱਖ ਦੀ ਜ਼ਿੰਦਗੀ ਨਾਲ ਸਬੰਧਿਤ ਹੋਵੇ ਜਾਂ ਫਿਰ ਕਿਸੇ ਹੋਰ ਕਿਸਮ ਦਾ ਅਸੰਤੁਲਨ ਹੀ ਕਿਉਂ ਨਾ ਹੋਵੇ।

ਕੁਦਰਤ ਨੇ ਇਸ ਸੰਸਾਰ ਨੂੰ ਵਧੀਆ ਤਰੀਕੇ ਨਾਲ ਚਲਾਉਣ ਅਤੇ ਖੁਸ਼ੀਆਂ ਤੇ ਖੇੜਿਆਂ ਨਾਲ ਭਰਨ ਲਈ ਹਰ ਚੀਜ਼ ਦਾ ਸੰਤੁਲਨ ਬਣਾ ਕੇ ਰੱਖਿਆ ਹੋਇਆ ਹੈ।ਇੱਥੋਂ ਤੱਕ ਕਿ ਸੰਸਾਰ ਦੇ ਹਰ ਜੀਵ ਜੰਤੂ ਦੇ ਖਾਣ ਪੀਣ , ਬੋਲਣ ਚਾਲਣ, ਉਹਦੀ ਪਹਿਚਾਣ ਅਤੇ ਇੱਥੋਂ ਤੱਕ ਕਿ ਉਹਦੇ ਕੰਮਾਂ ਦੀ ਵੰਡ ਵੀ ਕਾਫੀ ਹੱਦ ਤੱਕ ਕੀਤੀ ਹੋਈ ਹੈ। ਕੁਦਰਤ ਨੇ ਜਨਮ ਤੋਂ ਬਾਅਦ ਮੌਤ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਜੇ ਕੁਦਰਤ ਅਜਿਹਾ ਪ੍ਰਬੰਧ ਨਾ ਕਰਦੀ ਤਾਂ ਸੰਸਾਰ ਤੇ ਹਰ ਚੀਜ਼ ਦਾ ਅਸੰਤੁਲਨ ਹੋ ਜਾਣਾ ਸੀ।ਮਨੁੱਖ ਨੂੰ ਛੱਡ ਕੇ ਬਾਕੀ ਸਭ ਜੀਵ ਜੰਤੂ, ਪਸ਼ੂ ਪੰਛੀ ਤੇ ਇੱਥੋਂ ਤੱਕ ਕਿ ਬਨਸਪਤੀ ਵੀ ਕੁਦਰਤ ਵੱਲੋਂ ਸੌਂਪਿਆ ਹੋਇਆ ਕੰਮ ਆਪਣੇ ਆਪ ਹੀ ਕਰੀ ਜਾ ਰਹੀ ਹੈ। ਸੰਸਾਰ ਦੇ ਉੱਤੇ ਧਰਤੀ, ਚੰਦਰਮਾ, ਤਾਰੇ, ਸੂਰਜ ਅਤੇ ਗ੍ਰਹਿ ਸਭ ਆਪੋ ਆਪਣਾ ਕਾਰਜ ਕਰਕੇ ਮਨੁੱਖ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਰਹੇ ਹਨ। ਇਹਦੇ ਕਾਰਨ ਹੀ ਦਿਨ ਤੇ ਰਾਤ ਅਤੇ ਰੁੱਤਾਂ ਬਣਦੀਆਂ ਹਨ, ਜਿਹੜੀਆਂ ਮਨੁੱਖ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਂਦੀਆਂ ਹਨ। ਸਭ ਤੋਂ ਖਾਸ ਤੇ ਵਿਲੱਖਣ ਗੱਲ ਤਾਂ ਇਹ ਵੀ ਹੈ ਕਿ ਇਹ ਸਾਰੇ ਚੁੱਪ ਚਾਪ ਆਪੋ ਆਪਣਾ ਕਾਰਜ ਕਰੀ ਜਾ ਰਹੇ ਹਨ। ਪਰ ਫੇਰ ਵੀ ਕਿਸੇ ‘ਤੇ ਕਿਸੇ ਕਿਸਮ ਦਾ ਭੋਰਾ ਵੀ ਅਹਿਸਾਨ ਨਹੀਂ ਜਤਾਉਂਦੇ ਅਤੇ ਕੁਦਰਤ ਦੀ ਰਜ੍ਹਾ ‘ਚ ਰਹਿ ਕੇ ਖੁਸ਼ ਵੀ ਹਨ। ਪਰ ਮਨੁੱਖ ਹਰ ਚੀਜ਼ ਦਾ ਆਨੰਦ ਮਾਣਦਾ ਹੋਇਆ ਵੀ ਹੋਰ ਦੀ ਝਾਕ ‘ਚ ਆਪਣੀ ਸਾਰੀ ਉਮਰ ਹੀ ਪ੍ਰੇਸ਼ਾਨੀ ਵਿੱਚ ਲੰਘਾ ਦਿੰਦਾ ਹੈ।

ਜਿਸ ਤਰ੍ਹਾਂ ਸੰਸਾਰ ਦਾ ਹਰ ਪ੍ਰਾਣੀ ਆਪੋ ਆਪਣੇ ਕੰਮਾਂ ਪ੍ਰਤੀ ਵਚਨਵੱਧ ਹੈ ਅਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਜਾ ਰਿਹਾ ਹੈ। ਇਸੇ ਤਰ੍ਹਾਂ ਮਨੁੱਖ ਨੇ ਵੀ ਆਪਣੀ ਸੋਚ ਤੇ ਬੁੱਧੀ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਸੁਖਾਵਾਂ ਬਨਾਉਣ ਲਈ ਕੁੱਝ ਕਾਇਦੇ ਕਾਨੂੰਨ ਤੇ ਕੁੱਝ ਰੀਤੀ ਰਿਵਾਜ ਬਣਾਏ ਹਨ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਨੁੱਖ ਐਨਾ ਸਮਝਦਾਰ ਹੁੰਦਾ ਹੋਇਆ ਵੀ ਆਪਣੀ ਖੁਸ਼ੀ ਲਈ ਆਪ ਕਾਨੂੰਨ ਬਣਾ ਕੇ ਵੀ ਉਨ੍ਹਾਂ ‘ਤੇ ਖਰਾ ਨਹੀਂ ਉੱਤਰਦਾ। ਆਪਣੇ ਆਪ ਲਈ ਬਣਾਏ ਕਾਨੂੰਨਾਂ ਨੂੰ ਤੋੜ ਕੇ ਸ਼ਰਮ ਮੰਨਣ ਦੀ ਬਜਾਏ ਉਲਟਾ ਮਾਣ ਮਹਿਸੂਸ ਕਰਦਾ ਹੈ। ਮਨੁੱਖ ਦੀ ਇਸੇ ਕੜੀ ਦੇ ਵਜੋਂ ਮਨੁੱਖ ਨੇ ਆਪਣੀ ਸਹੂਲਤ ਲਈ ਇੱਕ ਸੰਵਿਧਾਨ ਦੀ ਸਿਰਜਣਾ ਵੀ ਕੀਤੀ ਹੈ ਤਾਂ ਕਿ ਉਸ ਸੰਵਿਧਾਨ ਵਿੱਚ ਦਰਜ ਕਾਨੂੰਨਾਂ ਦੀ ਪਾਲਣਾ ਕਰਕੇ ਜੀਵਨ ਨੂੰ ਸੁਖਾਲਾ ਬਣਾਇਆ ਜਾ ਸਕੇ। ਇਸਦੇ ਤਹਿਤ ਹੀ ਲੋਕਾਂ ਦੁਆਰਾ ਵੋਟਾਂ ਪਾ ਕੇ ਇੱਕ ਸਰਕਾਰ ਦਾ ਗਠਨ ਵੀ ਕੀਤਾ ਜਾਂਦਾ ਹੈ।ਜਿਸਦੇ ਇਵਜ ਵਜੋਂ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਨੂੰ ਲੋਕਾਂ ਤੋਂ ਇਕੱਠੇ ਕੀਤੇ ਟੈਕਸਾਂ ‘ਚੋਂ ਤਨਖਾਹਾਂ, ਭੱਤੇ, ਪੈਨਸ਼ਨਾਂ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ, ਤਾਂ ਕਿ ਇਹ ਨੁਮਾਇੰਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਧਿਆਨ ਰੱਖਣ ਅਤੇ ਲੋਕ ਭਲਾਈ ਦੇ ਕੰਮਾਂ ਦਾ ਧਿਆਨ ਰੱਖਣ। ਦੇਸ਼ ਦੇ ਲੋਕਾਂ ਦੀ ਜਾਨ, ਮਾਲ, ਸਿਹਤ, ਸਸਤੀ ਵਿਦਿਆ, ਰੁਜ਼ਗਾਰ ਤੇ ਹੋਰ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਖਿਆਲ ਰੱਖਣ। ਇਸੇ ਲਈ ਹੀ ਵੋਟਾਂ ਪਾ ਕੇ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਨੂੰ ਲੋਕਤੰਤਰਿਕ ਸਰਕਾਰਾਂ ਆਖਿਆ ਜਾਂਦਾ ਹੈ।

ਪਰ ਬੜੇ ਅਫਸੋਸ ਤੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਤਾਂ ਉੱਕਾ ਹੀ ਵਿਸਾਰ ਦਿੱਤਾ ਹੈ। ਅਜੋਕੇ ਦੌਰ ‘ਚ ਲੋਕਾਂ ਵਿੱਚ ਹਰ ਪਾਸੇ ਬਦ ਅਮਨੀ ਤੇ ਹਾਹਾਕਾਰ ਮੱਚੀ ਪਈ ਹੈ। ਲੋਕ ਤ੍ਰਾਹ 2 ਕਰ ਰਹੇ ਹਨ। ਪਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਪਣੀ ਗੂੜ੍ਹੀ ਨੀਂਦ ਘੂਕ ਸੁੱਤੇ ਪਏ ਹਨ।ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ, ਧਾਰਮਿਕ ਕੱਟੜਤਾ, ਨਿੱਜੀਕਰਨ, ਰੁਜ਼ਗਾਰ ਦੀ ਸਮੱਸਿਆ, ਜਾਤ ਪਾਤ ਦਾ ਕੋਹੜ, ਮਹਿੰਗੀ ਵਿਦਿਆ, ਸਿਹਤ ਸਹੂਲਤਾਂ ਦੀ ਘਾਟ ਅਤੇ ਹੋਰ ਬਹੁਤ ਸਾਰੇ ਮੁੱਦੇ ਫਨੀਅਰ ਸੱਪ ਦੇ ਵਾਂਗ ਫਣ ਖਿਲਾਰੀ ਖੜ੍ਹੇ ਹਨ। ਦੇਸ਼ ਦਾ ਕਿਸਾਨ ਸੱਤ ਅੱਠ ਮਹੀਨਿਆਂ ਤੋਂ ਖੇਤੀ ਸਬੰਧੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ।ਕਿਰਤ ਕਾਨੂੰਨਾਂ ਦਾ ਚਾਰੋਂ ਪਾਸੇ ਜਨਤਾ ਵੱਲੋਂ ਵਿਰੋਧ ਹੋ ਰਿਹਾ ਹੈ। ਸੀਏਏ, ਐਨ ਆਰ ਸੀ ਅਤੇ ਐਨ ਪੀ ਆਰ ਜਿਹੇ ਕਾਨੂੰਨਾਂ ਦਾ ਵੱਡੇ ਪੱਧਰ ‘ਤੇ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ। ਮਹਿੰਗਾਈ ਸਿਖਰਾਂ ‘ਤੇ ਪਹੁੰਚ ਚੁੱਕੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਬੈਠੀਆਂ ਹਨ। ਬਿਜਲੀ ਦੀਆਂ ਦਰਾਂ ਬਿਨਾਂ ਹੱਥ ਲਾਇਆਂ ਹੀ ਕਰੰਟ ਮਾਰਦੀਆਂ ਹਨ। ਨਿੱਤ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਨੇ ਆਮ ਜਨਤਾ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਰਸੋਈ ਗੈਸ ਦੀ ਕੀਮਤ ਆਮ ਬੰਦੇ ਦੇ ਵੱਸ ਤੋਂ ਬਾਹਰ ਹੋ ਚੁੱਕੀ ਹੈ। ਦੇਸ਼ ਦੀ ਜਨਤਾ ਕੋਵਿਡ-19 ਮਹਾਮਾਰੀ ਬੀਮਾਰੀ ਨਾਲ ਇਕੱਲੀ ਜੂਝਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੀ ਹੈ। ਇਉਂ ਜਾਪਦਾ ਹੈ ਕਿ ਜਿਵੇਂ ਦੇਸ਼ ਦੀਆਂ ਸਰਕਾਰਾਂ ਲੰਮੀਆਂ ਤਾਣ ਕੇ ਕੁੰਭਕਰਨੀ ਨੀਂਦ ਸੌ ਰਹੀਆਂ ਹੋਣ। ਇਹਦੇ ਵਿੱਚ ਇਕੱਲੀ ਕੇਂਦਰ ਸਰਕਾਰ ਹੀ ਭਾਗੀਦਾਰ ਨਹੀਂ , ਸਗੋਂ ਸੂਬਾ ਸਰਕਾਰਾਂ ਵੀ ਬਰਾਬਰ ਦੀਆਂ ਹਿੱਸੇਦਾਰ ਹਨ। ਦੇਸ਼ ਦੀਆਂ ਸਰਕਾਰਾਂ ਦੀ ਅਜਿਹੀ ਗੂਹੜੀ ਨੀਂਦ ਨੂੰ ਵੇਖ ਕੇ ਇਨ੍ਹਾਂ ਸਰਕਾਰਾਂ ‘ਤੇ ਤਰਸ ਵੀ ਆਉਂਦਾ ਹੈ ਅਤੇ ਆਪਣੇ ਆਪ ‘ਤੇ ਸ਼ਰਮ ਵੀ ਆਉਂਦੀ ਹੈ। ਅਸੀਂ ਆਪ ਹੀ ਅਜਿਹੀਆਂ ਸਰਕਾਰਾਂ ਚੁਣਨ ਦੇ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ। ਇਸੇ ਲਈ ਤਾਂ ਦਿਲ ਇਉਂ ਕਹਿਣ ਲਈ ਮਜਬੂਰ ਹੋ ਜਾਂਦਾ ਹੈ,ਕਿ ਦੇਸ਼ ਦੀ ਜਨਤਾ ਨੂੰ ਆਪਣੇ ਹੱਕਾਂ ਲਈ ਜਿਆਦਾ ਸ਼ੋਰ ਸ਼ਰਾਬਾ ਨਹੀਂ ਕਰਨਾ ਚਾਹੀਦਾ, ਤਾਂ ਕਿ ਸਰਕਾਰਾਂ ਦੇ ਨੁਮਾਇੰਦਿਆਂ ਦੀ ਨੀਂਦ ‘ਚ ਵਿਘਨ ਨਾ ਪੈ ਜਾਵੇ। ਸਰਕਾਰਾਂ ਆਪਣੀ ਗੂਹੜੀ ਨੀਂਦ ਤੋਂ ਜਾਗ ਨਾ ਪੈਣ। ਆਪਣੇ ਨੁਮਾਇੰਦਿਆਂ ਲਈ ਜਨਤਾ ਐਨੀ ਕੁ ਕੁਰਬਾਨੀ ਤਾਂ ਹੋਰ ਕਰ ਹੀ ਸਕਦੀ ਹੈ ਕਿਉਂਕਿ ਸਰਕਾਰਾਂ ਨੂੰ ਵੀ ਸੌਣ ਦਾ ਪੂਰਾ 2 ਹੱਕ ਹੈ ਅਤੇ ਸਰਕਾਰ ਦੇ ਨੁਮਾਇੰਦਿਆਂ ਦੀ ਚੰਗੀ ਸਿਹਤ ਲਈ ਜ਼ਰੂਰੀ ਵੀ ਹੈ। ਵੈਸੇ ਵੀ ਐਨੀ ਕਿਹੜਾ ਪਰਲੋਂ ਆਈ ਹੋਈ ਹੈ।

  ਸੰਪਰਕ: 93169 10402

Check Also

ਸਿਆਸੀ ਦਾਅ ਪੇਚ ‘ਚ ਗਵਾਚਦੇ ਲੋਕਾਂ ਦੇ ਮਸਲੇ

 ਬਿੰਦੁੂ ਸਿੰਘ ਇੰਝ ਜਾਪਦਾ ਹੈ  ਕਿ ਪੰਜਾਬ ‘ਚ ਰੈਲੀਆਂ ਤੇ ਰੋਕ ਲੱਗਣ ਦੇ ਨਾਲ ਨਾਲ  …

Leave a Reply

Your email address will not be published. Required fields are marked *