ਕਿਸਾਨਾਂ ਲਈ ਜ਼ਰੂਰੀ ਜਾਣਕਾਰੀ – ਬਰਸੀਮ ਦੇ ਬੀਜ ਦਾ ਵਧ ਝਾੜ ਲੈਣ ਦੇ ਤਕਨੀਕੀ ਨੁਕਤੇ

TeamGlobalPunjab
6 Min Read

-ਮਨਦੀਪ ਕੌਰ ਸੈਣੀ

ਹਰਾ ਚਾਰਾ ਦੁਧਾਰੂ ਪਸ਼ੂਆਂ ਦੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ।ਇਸ ਲਈ ਦੁਧਾਰੂ ਪਸ਼ੂਆਂ ਤੋਂ ਵੱਧ ਦੁੱਧ ਪ੍ਰਾਪਤ ਕਰਨ ਲਈ ਉਹਨਾਂ ਨੂੰ ਚਾਰੇ ਦੀ ਲੰਬੇ ਸਮੇਂ ਤੱਕ ਪ੍ਰਾਪਤੀ ਹੋਣੀ ਬਹੁਤ ਜ਼ਰੂਰੀ ਹੈ। ਹਰੇ ਚਾਰਿਆਂ ਨਾਲ ਦੁਧਾਰੂ ਪਸ਼ੂਆਂ ਤੋਂ ਸਸਤਾ ਅਤੇ ਵਧੇਰੇ ਦੁਧ ਪੈਦਾ ਕੀਤਾ ਜਾ ਸਕਦਾ ਹੈ।ਇਕ ਦੁਧਾਰੂ ਪਸ਼ੂ ਨੂੰ ਘਟੋ ਘਟ ਰੋਜ਼ਾਨਾ 40 ਕਿਲੋ ਸੰਤੁਲਿਤ ਹਰਾ ਚਾਰਾ ਚਾਹੀਦਾ ਹੈ ਪਰ ਅੰਕੜਿਆਂ ਮੁਤਾਬਿਕ ਇਸ ਵੇਲੇ ਪੰਜਾਬ ਵਿਚ ਪ੍ਰਤੀ ਪਸ਼ੂ 31.4 ਕਿਲੋ/ਦਿਨ ਹਰਾ ਚਾਰਾ ਉਪਲਬਧ ਹੈ।ਪੰਜਾਬ ਵਿਚ ਇਸ ਸਮੇਂ ਚਾਰੇ ਥਲੇ 9.0 ਲੱਖ ਹੈਕਟੇਅਰ ਰਕਬਾ ਹੈ ਜਿਸ ਤੋਂ 716 ਲੱਖ ਟਨ ਪ੍ਰਤੀ ਸਾਲ ਹਰਾ ਚਾਰਾ ਪੈਦਾ ਹੁੰਦਾ ਹੈ ਪਰ ਅਸਲ ਲੋੜ 911 ਲੱਖ ਟਨ ਪ੍ਰਤੀ ਸਾਲ ਦੀ ਹੈ ਤਾਂ ਕਿ ਪਸ਼ੂਆਂ ਦੀ ਹਰੇ ਚਾਰੇ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ। ਹਰੇ ਚਾਰੇ ਤੋਂ ਵੰਡ (ਦਾਣੇ) ਦੇ ਮੁਕਾਬਲੇ ਸਸਤਾ ਦੁਧ ਪੈਦਾ ਕੀਤਾ ਜਾ ਸਕਦਾ ਹੈ। ਇਸ ਲਈ ਹਰੇ ਚਾਰੇ ਦੀ ਪੈਦਾਵਾਰ ਵਧਾਉਣ ਦਾ ਇਕੋ ਇਕ ਤਰੀਕਾ ਪ੍ਰਤੀ ਹੈਕਟੇਅਰ ਵਧੇਰੇ ਝਾੜ ਲੈਣਾ ਹੀ ਰਹਿ ਜਾਂਦਾ ਹੈ।

ਹਾੜੀ ਦੇ ਚਾਰਿਆਂ ਵਿਚ ਬਰਸੀਮ ਇਕ ਮੁਖ ਫ਼ਸਲ ਹੈ ਅਤੇ ਇਸ ਤੋਂ ਚੋਖਾ ਝਾੜ ਲੈਣ ਲਈ ਚੰਗਾ ਬੀਜ ਅਹਿਮ ਭੂਮਿਕਾ ਨਿਭਾਉਂਦਾ ਹੈ।ਕਈ ਕਿਸਾਨ ਵੀਰ ਬਰਸੀਮ ਦਾ ਬੀਜ ਉਤਪਾਦਨ ਵੀ ਕਰਦੇ ਹਨ, ਉਹਨਾਂ ਨੂੰ ਵੀ ਕਈ ਤਰਾਂ ਦੀਆਂ ਕੁਦਰਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਤੇਜ਼ ਹਵਾਵਾਂ ਅਤੇ ਬਾਰਸ਼ਾਂ। ਇਨਾਂ ਕਾਰਨਾਂ ਕਰਕੇ ਬਰਸੀਮ ਦਾ ਬੀਜ ਕਿਰ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਕੀੜਿਆਂ ਦਾ ਹਮਲਾ ਵੀ ਹੁੰਦਾ ਹੈ ਜਿਸ ਕਾਰਨ ਝਾੜ ਵਿੱਚ ਕਾਫ਼ੀ ਗਿਰਾਵਟ ਆਉਂਦੀ ਹੈ। ਸਿੱਟੇ ਵਜੋਂ ਚੰਗੇ ਮਿਆਰ ਦਾ ਬੀਜ ਨਹੀਂ ਮਿਲਦਾ ਅਤੇ ਜਿਹੜਾ ਮਿਲਦਾ ਵੀ ਹੈ ਉਹ ਬਹੁਤ ਮਹਿੰਗੇ ਭਾਅ ਮਿਲਦਾ ਹੈ। ਇਸ ਲਈ ਬੇਹੱਦ ਜ਼ਰੂਰੀ ਹੈ ਕਿ ਪੰਜਾਬ ਅੇੈਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਬਰਸੀਮ ਦੀ ਕਾਸ਼ਤ ਦੇ ਉਨਤ ਢੰਗ ਅਪਣਾਏ ਜਾਣ ਤਾਂ ਜੋ ਫ਼ਸਲ ਦਾ ਵੱਧ ਬੀਜ ਉਤਪਾਦਨ ਲਿਆ ਜਾ ਸਕੇ। ਬਰਸੀਮ ਦੇ ਬੀਜ ਦਾ ਵਧੇਰੇ ਝਾੜ ਲੈਣ ਲਈ ਹੇਠ ਲਿਖੇ ਜ਼ਰੂਰੀ ਨੁਕਤੇ ਅਪਨਾਉਣੇ ਚਾਹੀਦੇ ਹਨ:
ਬੀਜ ਲਈ ਬਰਸੀਮ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਵੀ ਬੀਜਿਆ ਜਾ ਸਕਦਾ ਹੈ। ਬਿਜਾਈ ਖੜੇ ਪਾਣੀ ਵਿੱਚ ਛੱਟੇ ਨਾਲ ਕੀਤੀ ਜਾ ਸਕਦੀ ਹੈ। ਪਛੇਤੀ ਬੀਜੀ ਫ਼ਸਲ ਤੋਂ ਦੋ ਲੌਅ ਲੈਣ ਪਿੱਛੋਂ ਬੀਜ ਲਈ ਛੱਡ ਦੇਣੀ ਚਾਹੀਦੀ ਹੈ। ਪਛੇਤੀ ਬਿਜਾਈ ਲਈ ਕਾਸ਼ਤ ਦੇ ਢੰਗ ਵੇਲੇ ਸਿਰ ਬਿਜਾਈ ਵਾਲੇ ਹੀ ਹਨ।
ਬਰਸੀਮ ਦੇ ਬੀਜ ਦਾ ਝਾੜ ਫ਼ਸਲ ਦੀ ਅਖ਼ੀਰਲੀ ਕਟਾਈ ਦੇ ਸਮੇਂ ਅਤੇ ਉਸ ਪਿੱਛੋਂ ਬੀਜ ਪੈਦਾ ਕਰਨ ਲਈ ਛੱਡਣ ਤੇ ਨਿਰਭਰ ਕਰਦਾ ਹੈ। ਅਜਿਹਾ ਬਰਸੀਮ ਦੀ ਕਿਸਮ, ਭੂਮੀ ਅਤੇ ਮੌਸਮ ਅਨੁਸਾਰ ਕੀਤਾ ਜਾ ਸਕਦਾ ਹੈ।

ਘੱਟ ਨਮੀ ਵਾਲੇ ਇਲਾਕਿਆਂ ਵਿਚ ਆਖਰੀ ਲੌਅ ਕੁਝ ਅਗੇਤਾ ਅਤੇ ਵਧੇਰੇ ਨਮੀ ਵਾਲੇ ਇਲਾਕੇ ਵਿਚ ਪਛੇਤਾ ਲੈਣਾ ਚਾਹੀਦਾ ਹੈ।
ਬੀ ਐਲ 10 ਕਿਸਮ ਨੂੰ ਬੀਜ ਲਈ ਛੱਡਣ ਦਾ ਢੁੱਕਵਾਂ ਸਮਾਂ ਅਪ੍ਰੈਲ ਦਾ ਦੂਜਾ ਪੰਦਰਵਾੜਾ ਹੈ। ਬੀ ਐਲ 42 ਕਿਸਮ ਦਾ ਵਧੇਰੇ ਝਾੜ ਲੈਣ ਲਈ 10 ਅਪ੍ਰੈਲ ਤੱਕ ਅਤੇ ਬੀ ਐਲ 43 ਕਿਸਮ ਨੂੰ ਅਖੀਰ ਮਾਰਚ ਤੋਂ ਅੱਧ ਅਪ੍ਰੈਲ ਤੱਕ ਬੀਜ ਲਈ ਛੱਡੋ।
ਕਾਸ਼ਨੀ ਅਤੇ ਹੋਰ ਘਾਹ-ਫੂਸ ਖੇਤ ਵਿੱਚੋਂ ਕੱਢ ਦੇਣਾ ਚਾਹੀਦਾ ਹੈ।

- Advertisement -

ਬਰਸੀਮ ਦੇ ਬੀਜ ਦਾ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) (2 ਕਿਲੋ ਪੋਟਾਸ਼ੀਅਮ ਨਾਈਟਰੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੀਆਂ ਦੋ ਸਪਰੇਆਂ ਹਫ਼ਤੇ-ਹਫ਼ਤੇ ਦੇ ਵਕਫ਼ੇ ਨਾਲ ਫੁੱਲ ਸ਼ੁਰੂ ਹੋਣ ਤੇ ਕਰੋ ਜਾਂ 7.5 ਗ੍ਰਾਮ ਸੈਲੀਸਿਲਕ ਏਸਿਡ, 225 ਮਿਲੀਲਿਟਰ ਈਥਾਈਲ ਅਲਕੋਹਲ ਵਿਚ ਘੋਲ ਕੇ ਇਸ ਮਿਸ਼ਰਣ ਨੂੰ 100 ਲਿਟਰ ਪਾਣੀ ਵਿਚ ਘੋਲ ਲਉ। ਇਹ ਘੋਲ ਪ੍ਰਤੀ ਏਕੜ ਇਕ ਸਪਰੇਅ ਲਈ ਹੈ। ਇਸ ਤਰਾਂ ਦੇ ਘੋਲ ਦੀਆਂ ਦੋ ਸਪਰੇਆਂ ਇਕ ਹਫਤੇ ਦੇ ਵਕਫ਼ੇ ਨਾਲ ਫੁੱਲ ਸ਼ੁਰੂ ਹੋਣ ਤੇ ਕਰੋ।
ਫ਼ਸਲ ਨੂੰ ਬੀਜ ਪੈਣ ਤੇ ਪੱਕਣ ਵੇਲੇ ਥੋੜੇ ਸਮੇਂ ਪਿਛੋਂ ਸਿੰਜਦੇ ਰਹਿਣਾ ਚਾਹੀਦਾ ਹੈ।
ਬੀਜ ਲਈ ਬਰਸੀਮ ਦੀ ਬਿਜਾਈ ਬਾਸਮਤੀ ਦੀ ਕਟਾਈ ਤੋਂ ਪਿੱਛੋਂ ਅਖ਼ੀਰ ਨਵੰਬਰ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਤਰਾਂ ਹਰੇ ਚਾਰੇ ਦੀਆਂ ਤਿੰਨ ਕਟਾਈਆਂ ਲੈਣ ਪਿੱਛੋਂ ਫ਼ਸਲ ਨੂੰ ਬੀਜ ਲਈ ਛੱਡ ਦਿੱਤਾ ਜਾਂਦਾ ਹੈ।
ਜਦੋਂ ਬੀਜ ਪੱਕ ਜਾਣ ਤਾਂ ਫ਼ਸਲ ਕੱਟ ਲੈਣੀ ਚਾਹੀਦੀ ਹੈ। ਬੀਜ ਦਾ ਔਸਤ ਝਾੜ ਤਕਰੀਬਨ 2 ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦਾ ਹੈ।
ਬੀਜ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਨਮੀ ਰਹਿਤ ਸਟੋਰ ਵਿੱਚ ਰੱਖਣਾ ਚਾਹੀਦਾ ਹੈ।
ਛੋਲਿਆਂ ਦੀ ਸੁੰਡੀ ਬੀਜ ਵਾਲੀ ਫ਼ਸਲ ਦਾ ਬਹੁਤ ਨੁਕਸਾਨ ਕਰਦੀ ਹੈ।ਇਸ ਸੁੰਡੀ ਨੂੰ ਹਰੀ ਸੁੰਡੀ ਜਾਂ ਅਮਰੀਕਨ ਸੁੰਡੀ ਵੀ ਆਖਿਆ ਜਾਂਦਾ ਹੈ। ਇਹ ਸੁੰਡੀ ਫੁਲਾਂ ਵਿਚ ਬਣ ਰਹੇ ਦਾਣੇ ਖਾ ਜਾਂਦੀ ਹੈ। ਜਿਸ ਨਾਲ ਬੀਜ ਵਾਲੀ ਫਸਲ ਦਾ ਝਾੜ ਬਹੁਤ ਘਟ ਜਾਂਦਾ ਹੈ। ਹਮਲੇ ਵਾਲੇ ਫੁਲ ਪੀਲੇ ਨਜ਼ਰ ਆਉਣ ਲਗ ਪੈਂਦੇ ਹਨ।

ਬਰਸੀਮ ਦੀ ਬੀਜ ਵਾਲੀ ਫ਼ਸਲ ਨੂੰ ਟਮਾਟਰ, ਛੋਲੇ, ਪਛੇਤੀ ਕਣਕ, ਸੱਠੀ ਮੂੰਗੀ, ਸੱਠੇ ਮਾਂਹ ਅਤੇ ਸੂਰਜਮੁਖੀ ਦੀ ਫ਼ਸਲ ਦੇ ਨੇੜੇ ਬੀਜਣ ਤੋਂ ਗੁਰੇਜ਼ ਕਰੋ।ਇਨਾਂ ਫ਼ਸਲਾਂ ਤੇ ਇਹ ਸੁੰਡੀ ਵੱਧ-ਫੁੱਲ ਕੇ ਬਾਅਦ ਵਿਚ ਬਰਸੀਮ ਦੀ ਪਕਾਵੀਂ ਫ਼ਸਲ ਤੇ ਆ ਜਾਂਦੀ ਹੈ ਅਤੇ ਨੁਕਸਾਨ ਕਰਦੀ ਹੈ। ਜੇਕਰ ਹੋ ਸਕੇ ਤਾਂ ਉਪਰ ਲਿਖੀਆਂ ਨੇੜੇ ਬੀਜੀਆਂ ਗਈਆਂ ਫ਼ਸਲਾਂ ਤੇ ਸੁੰਡੀ ਦੀ ਰੋਕਥਾਮ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਨਾਲ ਕਰੋ।
ਇਸ ਤਰ੍ਹਾਂ ਕਿਸਾਨ ਭਰਾਓ, ਆਓ ਬਰਸੀਮ ਦੇ ਬੀਜ ਦਾ ਵਧੇਰੇ ਝਾੜ ਲੈਣ ਲਈ ਉਪਰ ਦੱਸੇ ਨੁਕਤੇ ਅਪਨਾ ਕੇ ਵੱਧ ਤੋਂ ਵੱਧ ਝਾੜ ਪ੍ਰਾਪਤ ਕਰੀਏ।

ਸੰਪਰਕ: 94631-50838

Share this Article
Leave a comment