ਜਪੁਜੀ ਸਾਹਿਬ ਦਾ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਵਿੱਚ ਹੋਇਆ ਅਨੁਵਾਦ

TeamGlobalPunjab
3 Min Read

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਤੋਂ ਇਲਾਵਾ ਗੈਰ ਸਿੱਖਾਂ ‘ਚ ਵੀ ਅਥਾਹ ਸ਼ਰਧਾ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ  ਹੈ। ਸਿੱਖ ਵਿਦਵਾਨ ਨਾਨਕ ਬਾਣੀ ਦੀਆਂ ਕਿਤਾਬਾਂ ਰਚ ਰਹੇ ਹਨ। ਪਰ ਇਕ ਵਿਲੱਖਣ ਕਾਰਜ ਕੀਤਾ ਹੈ ਅਮਰੀਕਾ ਵਿਚ ਵਸਦੇ ਸਿੱਖਾਂ ਦੀ ਜਥੇਬੰਦੀ ‘ਸਿੱਖ ਧਰਮ ਇੰਟਰਨੈਸ਼ਨਲ’ ਨੇ। ਇਸ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦਾ ਵਿਸ਼ਵ ਦੀਆਂ 19 ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਇਸ ਨੂੰ ਪੋਥੀ ਦੇ ਰੂਪ ਵਿਚ ਤਿਆਰ ਕੀਤਾ ਹੈ। ਇਸ ਨੂੰ ‘ਜਪੁਜੀ ਸਾਹਿਬ-ਵਿਸ਼ਵ ਲਈ ਗੁਰੂ ਨਾਨਕ ਦਾ ਪ੍ਰਕਾਸ਼’ ਨਾਂ ਦਿੱਤਾ ਗਿਆ। ਜਪੁਜੀ ਸਾਹਿਬ ਦਾ ਅਨੁਵਾਦ ਅੰਗਰੇਜ਼ੀ, ਜਰਮਨ, ਡੱਚ, ਇਤਾਲਵੀ, ਸਪੈਨਿਸ਼, ਪੋਲਿਸ਼, ਨਾਰਵੇਇਨ, ਸਵੀਡਿਸ਼, ਫਿਨਿਸ਼, ਫਰੈਂਚ, ਪੁਰਤਗਾਲ, ਗੁਰੈਨੀ, ਰੂਸੀ, ਐਸਟੋਨੀਅਨ, ਮਲੇਸ਼ੀਅਨ, ਚੀਨੀ, ਜਾਪਾਨੀ, ਹਿਬਰਿਊ ਅਤੇ ਤੁਰਕਿਸਤਾਨੀ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ।

400 ਪੰਨਿਆਂ ਦੀ ਪੋਥੀ ਦੀ ਜਿਲਦ ਚਾਂਦੀ ਦੀ ਤਿਆਰ ਕਰਕੇ ਇਸ ਵਿਚ ਰਤਨ ਜੜੇ ਹੋਏ ਹਨ। ‘ਸਿੱਖ ਧਰਮ ਇੰਟਰਨੈਸ਼ਨਲ’ ਵੱਲੋਂ ਤਿਆਰ ਕਰਵਾਈ ਇਹ ਪੋਥੀ ਸ਼੍ਰੋਮਣੀ ਕਮੇਟੀ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਰੱਖੀ ਜਾਵੇਗੀ। ਪੋਥੀ ਦਾ ਡਿਜ਼ਾਈਨ ਕੈਲੀਫੋਰਨੀਆ ਵਾਸੀ ਰਣਧੀਰ ਸਿੰਘ ਨੇ ਦੱਸਿਆ ਕਿ ਪੋਥੀ ਦੇ ਹਰ ਪੰਨੇ ਨੂੰ ਸੁਚੱਜੇ ਢੰਗ ਨਾਲ ਤਿਆਰ ਕੀਤਾ ਗਿਆ। ਪੰਨਿਆਂ ਉੱਤੇ ਵੱਖ ਵੱਖ ਦੇਸ਼ਾਂ ਦੇ ਫੁੱਲ ਵੀ ਦਿਖਾਏ ਗਏ, ਜੋ ਉੱਥੋਂ ਦੀ ਭਾਸ਼ਾ ਨੂੰ ਚਿੰਨ੍ਹਤ ਕਰਦੇ ਹਨ। ਰਣਧੀਰ ਸਿੰਘ ਅਨੁਸਾਰ ਜਪੁਜੀ ਸਾਹਿਬ ਨੂੰ ਵੱਖ ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਮੁੱਖ ਉਦੇਸ਼ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਵਿਸ਼ਵ ਵਿਚ ਵੱਖ ਵੱਖ ਮੁਲਕਾਂ ’ਚ ਉੱਥੋਂ ਦੀ ਭਾਸ਼ਾ ਵਿਚ ਪ੍ਰਚਾਰ ਕਰਨਾ ਹੈ। ਜਥੇਬੰਦੀ ਦੇ ਮੁਖੀ ਕੁਲਬੀਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਜਪੁਜੀ ਸਾਹਿਬ ਦਾ ਵੱਖ ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਨ ਸਮੇਂ ਇਸ ਦੇ ਅਰਥਾਂ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਗਿਆ ਹੈ ਤਾਂ ਜੋ ਇਸ ਦਾ ਮੂਲ ਮੰਤਵ ਕਾਇਮ ਰਹੇ। ਇਸ ਦਾ ਅਨੁਵਾਦ ਜਥੇਬੰਦੀ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਹੈ। ਜਥੇਬੰਦੀ ਦੀ ਆਗੂ ਗੁਰਅੰਮ੍ਰਿਤ ਕੌਰ ਖਾਲਸਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਜਥੇਬੰਦੀ ਵੱਲੋਂ ਯਾਤਰਾ ਵੀ ਕਰਵਾਈ ਜਾ ਰਹੀ ਹੈ ਜਿਸ ਵਿਚ ਵੱਖ ਵੱਖ ਮੁਲਕਾਂ ਤੋਂ ਲਗਪਗ ਸੌ ਸ਼ਰਧਾਲੂ ਸ਼ਾਮਲ ਹੋਣਗੇ।

ਡਾ. ਹਰਜੋਤ ਕੌਰ ਖਾਲਸਾ ਅਨੁਸਾਰ ਇਸ ਪੋਥੀ ਰਾਹੀਂ ਬਾਣੀ ਦੇ ਪ੍ਰਚਾਰ ਨਾਲ ਵਿਸ਼ਵ ਵਿਚ ਸਿੱਖ ਪਛਾਣ ਦੀ ਸਮੱਸਿਆ ਵੀ ਹੱਲ ਹੋਵੇਗੀ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਉਸ ਨੂੰ ਇਸ ਨਾਲ ਜੋੜਿਆ ਜਾਵੇ ਤਾਂ ਜੋ ਨਵੀਂ ਪੌਧ ਕੁਰਾਹੇ ਪੈਣ ਤੋਂ ਬਚ ਸਕੇ।

ਅਵਤਾਰ ਸਿੰਘ

- Advertisement -

-ਸੀਨੀਅਰ ਪੱਤਰਕਾਰ

Share this Article
Leave a comment