ਜੰਮੂ-ਕਸ਼ਮੀਰ ਦੇ ਬਡਗਾਮ ਵਿੱਚ ਭਾਰਤੀ ਹਵਾਈ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਜਹਾਜ਼ ਕ੍ਰੈਸ਼ ਹੋਣ ਕਾਰਨ ਦੋ ਪਾਇਲਟਾਂ ਦੀ ਮੌਤ ਦੀ ਵੀ ਖ਼ਬਰ ਆ ਰਹੀ ਹੈ। ਰਿਪੋਰਟ ਮੁਤਾਬਕ ਜਹਾਜ਼ ਨੇ ਸ਼੍ਰੀਨਗਰ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਕੁਝ ਸਮੇਂ ਬਾਅਦ ਕ੍ਰੈਸ਼ ਹੋ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਦਾ ਮਲਬਾ ਹਵਾਈ ਅੱਡੇ ਤੋਂ ਸੱਤ ਕਿਲੋਮੀਟਰ ਦੂਰ ਖੁੱਲ੍ਹੇ ਇਲਾਕੇ ‘ਚ ਮਿਲਿਆ।
ਮਾਹਿਰਾਂ ਮੁਤਾਬਕ ਮਿਗ ਜਹਾਜ਼ ਏਅਰ ਪੈਟਰੋਲ ਮਿਸ਼ਨ ‘ਤੇ ਸੀ ਪਰ ਇਸ ਹਾਦਸੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਚੰਡੀਗੜ੍ਹ ਅਤੇ ਅੰਮ੍ਰਿਤਸਰ ਏਅਰਪੋਰਟ ਤੋਂ ਸਾਰੀਆਂ ਕਮਰਸ਼ੀਅਲ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਲੇਹ ਤੋਂ ਭਰੀਆਂ ਜਾਣ ਵਾਲੀਆਂ ਉਡਾਣਾਂ ਨੂੰ ਵੀ ਰੱਦ ਕੀਤਾ ਗਿਆ ਹੈ।
ਉੱਧਰ, ਕਸ਼ਮੀਰ ਦੇ ਰਾਜੌਰੀ ਤੇ ਪੁੰਛ ਜ਼ਿਲ੍ਹੇ ਵਿੱਚ ਪਾਕਿ ਲੜਾਕੂ ਜਹਾਜ਼ਾਂ ਵੱਲੋਂ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਦੀ ਖ਼ਬਰ ਵੀ ਮਿਲੀ ਸੀ। ਭਾਰਤ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦਾ ਐਫ-16 ਜਹਾਜ਼ ਡੇਗੇ ਜਾਣ ਦੀ ਵੀ ਸੂਚਨਾ ਹੈ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੁਰੱਖਿਆ ਸਲਾਹਕਾਰ ਨਾਲ ਉੱਚ ਪੱਧਰੀ ਬੈਠਕ ਵੀ ਕੀਤੀ ਹੈ।