ਅਮਰੀਕਾ ‘ਚ ਵਿਦਿਆਰਥੀਆਂ ਦਾ ਕਰਜ਼ਾ ਕੀਤਾ ਜਾ ਰਿਹੈ ਮੁਆਫ, ਇੰਝ ਦਿੱਤੀ ਜਾ ਸਕਦੀ ਹੈ ਦਰਖਾਸਤ

Prabhjot Kaur
2 Min Read

ਸੈਕਰਾਮੈਂਟੋ: ਅਮਰੀਕਾ ‘ਚ ਵਿਦਿਆਰਥੀਆਂ ਦੀ ਯਕਮੁਸ਼ਤ ਕਰਜਾ ਮੁਆਫੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵਿਦਿਆਰਥੀ ਇਸ ਯੋਜਨਾ ਦਾ ਲਾਹਾ ਲੈਣ ਲਈ ਆਨ ਲਾਈਨ ਫਾਰਮ ਭਰ ਸਕਦੇ ਹਨ। ਰਾਸ਼ਟਰਪਤੀ ਜੋਅ ਬਾਇਡਨ ਵਲੋਂ ਐਲਾਨੇ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਭਾਰੀ ਦਿਲਚਸਪੀ ਲਈ ਹੈ ਤੇ ਹੁਣ ਤੱਕ 80 ਲੱਖ ਦਰਖਾਸਤਾਂ ਆਨ ਲਾਈਨ ਭਰੀਆਂ ਜਾ ਚੁੱਕੀਆਂ ਹਨ।

7 ਕੰਜ਼ਰਵੇਟਿਵ ਸੂਬਾ ਸਰਕਾਰਾਂ ਸਣੇ ਅਨੇਕਾਂ ਹੋਰਨਾਂ ਧਿਰਾਂ ਵੱਲੋਂ ਦਰਪੇਸ਼ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ ਸੰਘੀ ਸਰਕਾਰ ਨੂੰ ਵਿਸ਼ਵਾਸ਼ ਹੈ ਕਿ ਉਹ ਵਿਦਿਆਰਥੀਆਂ ਦੀ ਕਰਜ਼ਾ ਮੁਆਫੀ ਦਾ ਆਪਣਾ ਵਾਅਦਾ ਪੂਰਾ ਕਰੇਗੀ। ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ 80 ਲੱਖ ਦਰਖਾਸਤਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਾਪਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਆਰਥਿਕ ਜਿੰਮੇਵਾਰੀ ਵਾਲੀ ਹੈ। ਇਸ ਯੋਜਨਾ ਤਹਿਤ ਵਿਦਿਆਰਥੀ 10,000 ਡਾਲਰ ਜਾਂ 20,000 ਡਾਲਰ ਤੱਕ ਦੀ ਕਰਜ਼ਾ ਰਾਹਤ ਲੈਣ ਦੇ ਯੋਗ ਹਨ। ਇਹ ਕਰਜ਼ਾ ਮੁਆਫੀ ਵਿਦਿਆਰਥੀਆਂ ਦੀ ਆਮਦਨ ‘ਤੇ ਨਿਰਭਰ ਕਰੇਗੀ। ਕਾਲਜਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਰਾਹਤ ਵੱਖਰੀ ਹੈ। ਉਸ ਦਾ ਕਰਜ਼ਾ ਮੁਆਫੀ ਯੋਜਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਮਹੀਨੇ ਦਰਖਾਸਤਾਂ ਦਿੱਤੀਆਂ ਹਨ ਜਾਂ ਦੇਣਗੇ, ਉਨਾਂ ਨੂੰ ਬਹੁਤ ਛੇਤੀ ਰਾਹਤ ਮਿਲੇਗੀ। ਨਵੰਬਰ ਮਹੀਨੇ :ਚ ਉਨਾਂ ਨੂੰ ਕਰਜਾ ਮੁਕਤ ਕਰ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ 15 ਨਵੰਬਰ ਤੱਕ ਦਰਖਾਸਤਾਂ ਦੇ ਦੇਣ।

ਦਰਖਾਸਤ ਦੇਣ ਲਈ ਵਿਦਿਆਰਥੀਆਂ ਨੂੰ ਆਪਣਾ ਸੋਸ਼ਲ ਸਕਿਊਰਿਟੀ ਨੰਬਰ ਤੇ ਜਨਮ ਤਰੀਕ ਦਸਣੀ ਪਵੇਗੀ। ਸਵੈ ਪੁਸ਼ਟੀ ਕਰਨੀ ਪਵੇਗੀ ਕਿ ਉਨਾਂ ਦੀ ਸਾਲਾਨਾ ਆਮਦਨੀ 1 ਲੱਖ 25 ਹਜ਼ਾਰ ਡਾਲਰ ਤੇ ਜੇਕਰ ਜੋੜਾ ਹੋਵੇ ਤਾਂ ਉਸ ਦੀ 2 ਲੱਖ 50 ਹਜ਼ਾਰ ਡਾਲਰ ਤੋਂ ਘੱਟ ਹੋਵੇ। ਦਰਖਾਸਤ ਕਰਤਾਵਾਂ ਨੂੰ ਆਪਣੀ ਆਮਦਨੀ ਦਾ ਸਬੂਤ ਦੱਸਣਾ ਪਵੇਗਾ। ਜੋ ਲੋਕ ਝੂਠੀ ਜਾਣਕਾਰੀ ਦੇਣਗੇ ਜਾਂ ਧੋਖਾ ਦੇ ਕੇ ਰਾਹਤ ਲੈਣ ਦੀ ਕੋਸ਼ਿਸ਼ ਕਰਨਗੇ, ਉਨਾਂ ਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਜੇਲ ਜਾਣਾ ਪੈ ਸਕਦਾ ਹੈ। ਦਰਖਾਸਤਾਂ ਅੰਗਰੇਜੀ ਤੇ ਸਪੈਨਿਸ਼ ਭਾਸ਼ਾ ‘ਚ ਆਨ ਲਾਈਨ ਉਪਲਬੱਧ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment