Punjab News : ਜੇਕਰ ਤੁਸੀਂ ਵੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ… ਕਿਉਂਕਿ ਹੁਣ ਬਿਨਾਂ NOC ਰਜਿਸਟਰੀ ਕਰਵਾਉਣ ਦੀ ਉਮੀਦ ਲੈ ਕੇ ਸਬ-ਰਜਿਸਟਰਾਰ ਦਫ਼ਤਰ ਪਹੁੰਚਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਨਵੇਂ ਜੁਆਇੰਟ ਸਬ-ਰਜਿਸਟਰਾਰ ਨੇ ਅਹੁਦਾ ਸੰਭਾਲਦਿਆਂ ਹੀ ਰਜਿਸਟਰੀਆਂ ਨੂੰ ਲੈ ਕੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਕੀ ਹਨ ਨਵੇਂ ਨਿਯਮ? ਕਿਹੜੀਆਂ ਜਾਇਦਾਦਾਂ ਲਈ NOC ਜ਼ਰੂਰੀ ਹੋਵੇਗੀ ਅਤੇ ਕਿਨ੍ਹਾਂ ਨੂੰ ਮਿਲੇਗੀ ਛੋਟ? ਆਓ ਤੁਹਾਨੂੰ ਦੱਸਦੇ ਹਾਂ ਪੂਰੀ ਖ਼ਬਰ। ਦਰਅਸਲ, ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੇ ਗਏ ਪ੍ਰਸ਼ਾਸਨਿਕ ਫੇਰਬਦਲ ਤੋਂ ਬਾਅਦ ਜਲੰਧਰ-1 ਸਬ-ਰਜਿਸਟਰਾਰ ਦਫ਼ਤਰ ਵਿੱਚ ਨਵੀਂ ਨਿਯੁਕਤੀ ਹੋਈ ਹੈ। ਨਵ-ਨਿਯੁਕਤ ਜੁਆਇੰਟ ਸਬ-ਰਜਿਸਟਰਾਰ-1 ਲਵਪ੍ਰੀਤ ਸਿੰਘ ਨੇ ਬੀਤੇ ਦਿਨ ਆਪਣਾ ਅਹੁਦਾ ਸੰਭਾਲ ਲਿਆ। ਹਾਲਾਂਕਿ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਤਕਨੀਕੀ ਦਿੱਕਤ ਕਾਰਨ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਰਿਹਾ। ਜਾਣਕਾਰੀ ਮੁਤਾਬਕ, ਈਜ਼ੀ ਰਜਿਸਟ੍ਰੇਸ਼ਨ ਸਿਸਟਮ ਵਿੱਚ ਨਵੇਂ ਅਧਿਕਾਰੀ ਦੀ ਆਈ.ਡੀ. ਨਾ ਬਣਨ ਕਾਰਨ ਦੁਪਹਿਰ 12 ਵੱਜ ਕੇ 30 ਮਿੰਟ ਤੱਕ ਰਜਿਸਟਰੀਆਂ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਘਰ ਬਣਾਉਣ ਵਾਲਿਆਂ ਲਈ ਵੱਡੀ ਰਾਹਤ, ਸਰਕਾਰ ਨੇ ਦਿੱਤੀ ਇਹ ਛੋਟ
ਇਸ ਕਾਰਨ ਆਪਣੇ ਜ਼ਰੂਰੀ ਕੰਮਾਂ ਲਈ ਦਫ਼ਤਰ ਪਹੁੰਚੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਆਈ.ਡੀ. ਬਣਨ ਤੋਂ ਬਾਅਦ ਰਜਿਸਟਰੀਆਂ ਦਾ ਕੰਮ ਸ਼ੁਰੂ ਹੋਇਆ ਅਤੇ ਜੁਆਇੰਟ ਸਬ-ਰਜਿਸਟਰਾਰ ਸਮੇਤ ਦਫ਼ਤਰੀ ਸਟਾਫ਼ ਨੇ ਤੇਜ਼ੀ ਦਿਖਾਉਂਦਿਆਂ ਬਕਾਇਆ ਪਈਆਂ ਅਰਜ਼ੀਆਂ ਦਾ ਨਿਪਟਾਰਾ ਕੀਤਾ। ਪਰ ਅਹੁਦਾ ਸੰਭਾਲਦਿਆਂ ਹੀ ਨਵੇਂ ਅਧਿਕਾਰੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਹੁਣ ਸਭ ਤੋਂ ਵੱਧ ਚਰਚਾ ਵਿੱਚ ਹਨ। ਲਵਪ੍ਰੀਤ ਸਿੰਘ ਨੇ ਅਰਜ਼ੀਨਵੀਸਾਂ ਅਤੇ ਵਕੀਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ NOC ਤੋਂ ਬਿਨਾਂ ਕਿਸੇ ਵੀ ਰਜਿਸਟਰੀ ਦਸਤਾਵੇਜ਼ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਪ੍ਰਾਪਰਟੀ ਦੇ ਪੁਰਾਣੇ ਰਕਬੇ ਨੂੰ ਕੱਟ ਕੇ ਜਾਂ ਉਸ ਦੀ ਵੰਡ ਕਰਕੇ ਰਜਿਸਟਰੀ ਕਰਵਾਉਣ ਦੀ ਇਜਾਜ਼ਤ ਵੀ ਨਹੀਂ ਹੋਵੇਗੀ। ਪਰ ਇੱਥੇ ਇੱਕ ਅਹਿਮ ਗੱਲ ਵੀ ਜਾਣ ਲਓ… ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਸਾਲ 1993 ਤੋਂ ਪਹਿਲਾਂ ਦੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਸਮੇਂ ਜੇਕਰ ਉਸ ਨਾਲ ਸਬੰਧਤ ਪੁਰਾਣਾ ਦਸਤਾਵੇਜ਼ ਲਗਾਇਆ ਜਾਂਦਾ ਹੈ ਤਾਂ NOC ਦੀ ਲਾਜ਼ਮੀ ਸ਼ਰਤ ਲਾਗੂ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਤੋਂ ਰਾਹਤ! ਇੱਕ ਸਾਲ ਦੀ ਸਜ਼ਾ ‘ਤੇ ਲੱਗੀ ਰੋਕ!
ਇਸ ਦੇ ਨਾਲ ਹੀ ਅਧਿਕਾਰੀ ਨੇ ਅਰਜ਼ੀਨਵੀਸਾਂ ਅਤੇ ਵਕੀਲਾਂ ਨੂੰ ਆਨਲਾਈਨ ਅਰਜ਼ੀਆਂ ਭਰਨ ਸਮੇਂ ਖ਼ਾਸ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਲ ਦਸਤਾਵੇਜ਼ ਦੀ ਮੁੱਢਲੀ ਆਨਲਾਈਨ ਮਨਜ਼ੂਰੀ ਲਈ ਅਪਲਾਈ ਕਰਦੇ ਸਮੇਂ ਸਾਰੇ ਲੋੜੀਂਦੇ ਅਤੇ ਸਹੀ ਦਸਤਾਵੇਜ਼ ਅਪਲੋਡ ਕੀਤੇ ਜਾਣ।ਵਾਰ-ਵਾਰ ਅਧੂਰੇ ਦਸਤਾਵੇਜ਼ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਫਿਲਹਾਲ ਜਲੰਧਰ-1 ਸਬ-ਰਜਿਸਟਰਾਰ ਦਫ਼ਤਰ ਵਿੱਚ ਨਵੇਂ ਅਧਿਕਾਰੀ ਦੇ ਆਉਣ ਨਾਲ ਰਜਿਸਟਰੀਆਂ ਦੇ ਕੰਮਕਾਜ ਨੂੰ ਲੈ ਕੇ ਸਖ਼ਤੀ ਦੇ ਸੰਕੇਤ ਮਿਲ ਰਹੇ ਹਨ। ਅਜਿਹੇ ਵਿੱਚ ਜੇਕਰ ਤੁਸੀਂ ਵੀ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਸਾਰੇ ਦਸਤਾਵੇਜ਼ ਅਤੇ NOC ਸਬੰਧੀ ਨਿਯਮਾਂ ਦੀ ਜਾਣਕਾਰੀ ਜ਼ਰੂਰ ਹਾਸਲ ਕਰ ਲਓ।

