ਸਿੱਖ ਵਿਦਿਆਰਥੀ ਨੂੰ ਕੈਨੇਡਾ ’ਚ ਮਿਲੀ 1 ਲੱਖ ਡਾਲਰ ਦੀ ਸਕਾਲਰਸ਼ਿਪ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨੌਰਥ ਡੈਲਟਾ ’ਚ ਪੜ੍ਹਾਈ ਕਰ ਰਹੇ ਸਿੱਖ ਵਿਦਿਆਰਥੀ ਖੁਸ਼ਹਾਲ ਸਿੰਘ ਮੁਜਰਾਲ ਨੂੰ 1 ਲੱਖ ਡਾਲਰ ਦਾ ਸਕਾਲਰਸ਼ਿਪ ਐਵਾਰਡ ਮਿਲਿਆ ਹੈ। ਖੁਸ਼ਹਾਲ ਸਿੰਘ ਮੁਜਰਾਲ ਉਨ੍ਹਾਂ 100 ਗਰੈਜੂਏਟ ਵਿਦਿਆਰਥੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਸਾਲ ਕੈਨੇਡਾ ਭਰ ‘ਚੋਂ 1 ਲੱਖ ਡਾਲਰ ਦੇ ‘ਸ਼ੁਲਿਚ ਲੀਡਰ ਸਕਾਲਰਸ਼ਿਪ’ (Schulich Leader Scholarships) ਲਈ ਚੁਣਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਖੁਸ਼ਹਾਲ ਵਾਟਰਲੂ ਯੂਨੀਵਰਸਿਟੀ (University of Waterloo) ’ਚ ਸਾਫ਼ਟਵੇਅਰ ਇੰਜੀਨਅਰਿੰਗ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਿਹਾ ਹੈ।

ਖੁਸ਼ਹਾਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਐਵਾਰਡ ਮਿਲਣ ਸਬੰਧੀ ਨੋਟਿਸ ਮਿਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ ਕਿ ਉਹ 1 ਲੱਖ ਡਾਲਰ ਦੀ ਸਕਾਲਰਸ਼ਿਪ ਜਿੱਤ ਚੁੱਕਾ ਹੈ। ਖੁਸ਼ਹਾਲ ਨੇ ਕਿਹਾ ਕਿ ਉਸ ਦੇ ਮਾਪਿਆਂ ਤੇ ਉਸ ਦੀ ਤੇ ਉਸ ਦੇ ਭਰਾ ਦੀ ਪੜਾਈ ਦੇ ਖਰਚੇ ਦਾ ਵਿੱਤੀ ਬੋਝ ਪੈ ਰਿਹਾ ਸੀ, ਪਰ ਉਸ ਨੂੰ ਵਜ਼ੀਫ਼ਾ ਮਿਲਣ ਨਾਲ ਹੁਣ ਸਾਰੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ।

ਖੁਸ਼ਹਾਲ ਦਾ ਕਹਿਣਾ ਹੈ ਕਿ ਹੁਣ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕੇਗਾ। ਇਸ ਤੋਂ ਪਹਿਲਾਂ ਉਸ ਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਉਹ ਯੂਨੀਵਰਸਿਟੀ ਦੀਆਂ ਮਹਿੰਗੀਆਂ ਫੀਸਾਂ ਕਿੱਥੋਂ ਅਦਾ ਕਰੇਗਾ।

Share this Article
Leave a comment