ਕਿਸਾਨ ਪੁੱਤਰ ਨੇ ਭਾਰਤ ਲਈ ਕਿਵੇਂ ਜਿੱਤਿਆ ਸੋਨਾ !

TeamGlobalPunjab
4 Min Read

-ਅਵਤਾਰ ਸਿੰਘ;

ਦਿੱਲੀ ਦੇ ਬਾਰਡਰਾਂ ਉਪਰ ਕਿਸਾਨਾਂ ਵਲੋਂ ਆਪਣੇ ਹੱਕਾਂ ਲਈ ਦਿੱਤੇ ਧਰਨੇ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦੇ ਨਾਲ ਨਾਲ ਹਰ ਤਰ੍ਹਾਂ ਦਾ ਮਾਹੌਲ ਮਹਿਸੂਸ ਕਰਨ ਲਈ ਮਿਲ ਰਿਹਾ ਹੈ। ਉਨ੍ਹਾਂ ਨੂੰ ਆਪਣੇ ਕਿਸਾਨ ਧੀਆਂ – ਪੁੱਤਰਾਂ ਵਲੋਂ ਮਾਰੇ ਜਾ ਰਹੇ ਮਾਅਰਕੇ ਉਪਰ ਵੀ ਮਾਣ ਮਹਿਸੂਸ ਹੋ ਰਿਹਾ ਹੈ। ਪਾਣੀਪਤ – ਸੋਨੀਪਤ ਨੇੜੇ ਸਿੰਘੁ ਤੇ ਟਿਕਰੀ ਬਾਰਡਰਾਂ ਉਪਰ ਬੈਠੇ ਹਰਿਆਣਾ ਤੇ ਪੰਜਾਬ ਤੇ ਹੋਰ ਸੂਬਿਆਂ ਦੇ ਕਿਸਾਨ ਆਪਣੇ ਧੀਆਂ ਪੁੱਤਰ ਖਿਡਾਰੀਆਂ ਦੇ ਸੋਨੇ, ਚਾਂਦੀ ਅਤੇ ਕਾਂਸੇ ਦੇ ਮੈਡਲਾਂ ਦੀ ਇੰਤਜ਼ਾਰ ਵੀ ਕਰ ਰਹੇ ਸਨ। ਉਹ ਧਰਨੇ ਵਾਲੇ ਕੈਂਪ ਵਿੱਚ ਟੀ ਵੀ ਦੇਖ ਕੇ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਸਨ। ਧਰਨੇ ਉਪਰ ਬੈਠੇ ਕਿਸਾਨਾਂ ਨੂੰ ਨੀਰਜ ਵਲੋਂ ਦੇਸ਼ ਲਈ ਸੋਨੇ ਦਾ ਮੈਡਲ ਜਿੱਤਣ ਦਾ ਬਹੁਤ ਚਾਅ ਸੀ।

ਬੀਤੇ ਸ਼ਨੀਵਾਰ ਦੀ ਘਟਨਾ ਬਹੁਤ ਦਿਲਚਸਪ ਅਤੇ ਇਤਿਹਾਸਿਕ ਕਹੀ ਜਾ ਸਕਦੀ ਹੈ। ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਓਲੰਪਿਕ ਖੇਡਾਂ ਆਖਰੀ ਦੌਰ ਵਿੱਚ ਚੱਲ ਰਹੀਆਂ ਸਨ। ਇਕ ਪਾਸੇ ਹਰਿਆਣਾ ਦੇ ਪਾਣੀਪਤ ਨੇੜਲੇ ਪਿੰਡ ਖੰਦਰਾ ਦਾ ਜੈਵਲਿਨ ਥ੍ਰੋਅਰ ਖਿਡਾਰੀ ਤੇ ਕਿਸਾਨ ਪੁੱਤਰ ਨੀਰਜ ਚੋਪੜਾ ਆਪਣੇ ਦੇਸ਼ ਲਈ ਸੋਨਾ ਯਾਨੀ ਗੋਲ੍ਡ ਮੈਡਲ ਲੈਣ ਵੱਲ ਵੱਧ ਰਿਹਾ ਸੀ। ਦੂਜੇ ਪਾਸੇ ਨੀਰਜ ਦੇ ਪਿੰਡ ਦੇ ਵਾਸੀ ਕਿਸਾਨ ਮਜ਼ਦੂਰ ਤੇ ਆਮ ਲੋਕ ਉਸ ਦੀ ਪ੍ਰਾਪਤੀ ਉਪਰ ਖੁਸ਼ੀ ਨਾਲ ਖੀਵੇ ਹੋਏ ਪਏ ਸਨ। ਪਿੰਡ ਖੰਦਰਾ ਵਿੱਚ ਵਿਆਹ ਵਰਗਾ ਮਾਹੌਲ ਸੀ। ਨੀਰਜ ਦੀ ਮਾਂ ਲੱਡੂ ਵੰਡ ਰਹੀ ਸੀ ਅਤੇ ਉਸ ਦਾ ਪਿਤਾ ਸਤੀਸ਼ ਚੋਪੜਾ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਡੀ ਸੀ ਅਤੇ ਦੇਸ਼ ਦੀਆਂ ਹੋਰ ਉਘੀਆਂ ਹਸਤੀਆਂ ਦੀਆਂ ਸ਼ੁਭਕਾਮਨਾਵਾਂ ਫੋਨ ਉਪਰ ਕਬੂਲ ਕਰ ਰਿਹਾ ਸੀ। ਨੀਰਜ ਦੀਆਂ ਭੈਣਾਂ ਕਹਿ ਰਹੀਆਂ ਸੀ ਉਨ੍ਹਾਂ ਨੂੰ ਆਪਣੇ ਭਰਾ ਵਲੋਂ ਜਿੱਤੇ ਸੋਨ ਮੈਡਲ ਦਾ ਤੋਹਫ਼ਾ ਮਿਲ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਿਕ ਨੀਰਜ ਨੇ ਆਪਣੇ ਖੰਦਰਾ ਦੇ ਨੇੜਲੇ ਪਿੰਡ ਭਾਲਸੀ ਤੋਂ ਗਿਆਰਵੀਂ ਜਮਾਤ ਪਾਸ ਕਰਕੇ ਉਸ ਨੇ ਓਪਨ ਸਕੂਲ ਤੋਂ ਆਪਣੀ ਪੜ੍ਹਾਈ ਜਾਰੀ ਰਖੀ। 2016 ਵਿੱਚ ਵਿਸ਼ਵ ਚੇਂਪੀਅਨ ਬਣਨ ਮਗਰੋਂ ਉਸ ਦੀ ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਨਿਯੁਕਤੀ ਹੋ ਗਈ ਅਤੇ ਹੁਣ ਉਸ ਨੂੰ ਤਰੱਕੀ ਮਿਲਣ ਤੋਂ ਬਾਅਦ ਉਹ ਸੂਬੇਦਾਰ ਮੇਜਰ ਬਣ ਗਿਆ।

- Advertisement -

ਇਸੇ ਤਰ੍ਹਾਂ ਨੀਰਜ ਦਾ ਬਚਪਨ ‘ਚ ਭਾਰ 80 ਕਿਲੋ ਦੇ ਕਰੀਬ ਹੋ ਗਿਆ ਸੀ। ਆਪਣੇ ਪਿੰਡ ਵਿਚੋਂ ਜਦ ਉਹ ਆਪਣੇ ਪਹਿਰਾਵੇ ਕੁੜਤਾ ਪਜ਼ਾਮਾ ਪਹਿਨ ਕੇ ਵਿੱਚ ਬਾਹਰ ਨਿਕਲਦਾ ਸੀ ਤਾਂ ਉਸ ਨੂੰ ਉਸ ਦੇ ਸਾਥੀ ਸਰਪੰਚ ਕਹਿ ਕੇ ਪੁਕਾਰਦੇ ਸਨ। ਪਰ ਹੌਲੀ ਹੌਲੀ ਨੀਰਜ ਆਪਣੀਆਂ ਪ੍ਰਾਪਤੀਆਂ ਸਦਕਾ ਸੂਬੇਦਾਰ ਬਣ ਗਿਆ। ਨੀਰਜ ਨੇ ਪਾਣੀਪਤ ‘ਚ ਸਟੇਡੀਅਮ ਜਾਣਾ ਸ਼ੁਰੂ ਕੀਤਾ। ਉਥੇ ਹੀ ਉਸ ਨੇ ਨੇਜ਼ਾ ਸੁੱਟਣ ‘ਚ ਆਪਣੀ ਕਿਸਮਤ ਅਜ਼ਮਾਈ। ਇਸ ਤੋਂ ਬਾਅਦ ਉਸ ਨੇ ਪਿਛੇ ਮੁੜ ਕੇ ਨਾ ਵੇਖਿਆ ਅਤੇ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡਦਾ ਗਿਆ।

ਪਾਣੀਪਤ ਵਿੱਚ ਵਧੀਆ ਖੇਡ ਸਹੂਲਤਾਂ ਨਾ ਮਿਲਣ ਕਾਰਨ ਨੀਰਜ ਪੰਚਕੁਲਾ ਪਹੁੰਚ ਗਿਆ। ਉਥੇ ਪਹਿਲੀ ਵਾਰ ਉਸ ਦਾ ਮੁਕਾਬਲਾ ਕੌਮੀ ਪੱਧਰ ਦੇ ਖਿਡਾਰੀਆਂ ਨਾਲ ਹੋਇਆ। ਵਧੀਆ ਸਹੂਲਤਾਂ ਮਿਲਣ ਕਾਰਨ ਉਹ ਸਫਲਤਾ ਦੇ ਪੈਰ ਚੁੰਮਦਾ ਗਿਆ। 2016 ‘ਚ ਜਦੋਂ ਭਾਰਤ ਪੀਵੀ ਸਿੰਧੂ ਅਤੇ ਸਾਕਸ਼ੀ ਮਲਿਕ ਦੇ ਮੈਡਲਾਂ ਦਾ ਜਸ਼ਨ ਮਨਾ ਰਿਹਾ ਸੀ ਤਾਂ ਅਥਲੈਟਿਕਸ ਦੀ ਦੁਨੀਆ ‘ਚ ਨੀਰਜ ਇਕ ਨਵਾਂ ਸਿਤਾਰਾ ਚਮਕਣ ਲੱਗਾ। ਇਸੇ ਸਾਲ ਨੀਰਜ ਨੇ ਪੋਲੈਂਡ ‘ਚ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ‘ਚ ਸੋਨੇ ਦਾ ਤਮਗਾ ਜਿੱਤਿਆ ਸੀ। ਇਸ ਤਰ੍ਹਾਂ ਛੇਤੀ ਹੀ ਕਿਸਾਨ ਦਾ ਪੁੱਤਰ ਇਹ ਨੌਜਵਾਨ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਬਣਾਉਣ ਲੱਗ ਪਿਆ। ਨੀਰਜ ਨੇ ਗੋਲਡ ਕੋਸਟ ‘ਚ ਰਾਸ਼ਟਰ ਮੰਡਲ ਖੇਡਾਂ ‘ਚ 86.47 ਮੀਟਰ ਨੇਜਾ ਸੁੱਟ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਮਗਾ ਦੇਸ਼ ਦੇ ਨਾਂ ਕੀਤਾ ਸੀ। 2018 ‘ਚ ਏਸ਼ੀਆਈ ਖੇਡਾਂ ‘ਚ 88.07 ਮੀਟਰ ਨੇਜ਼ਾ ਸੁੱਟ ਕੇ ਕੌਮੀ ਰਿਕਾਰਡ ਕਾਇਮ ਬਣਾ ਕੇ ਸੋਨ ਤਮਗਾ ਜਿੱਤਣ ‘ਤੇ ਹੱਥ ਅਜਮਾਉਣਾ ਸ਼ੁਰੂ ਕਰ ਦਿੱਤਾ ਸੀ। ਦੇਸ਼ ਵਾਸੀਆਂ ਨੂੰ ਇਸ ਕਿਸਾਨ ਪੁੱਤਰ ਦੀਆਂ ਇਨ੍ਹਾਂ ਪ੍ਰਾਪਤੀਆਂ ਉਪਰ ਮਾਣ ਹੈ।

Share this Article
Leave a comment