ਪਾਕਿ ਦੇ ਖਿਆਲਾ ਕਲਾਂ ਪਿੰਡ ਦਾ ਕੀ ਮਾਨਵਤਾ ਦਾ ਸੁਨੇਹਾ!

Global Team
3 Min Read
ਸੰਕੇਤਕ ਤਸਵੀਰ

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਪਾਕਿਸਤਾਨੀ ਪੰਜਾਬ ਦੇ ਫੈਸਲਾਬਾਦ (ਲਾਇਲਪੁਰ) ਜਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਮੁਸਲਿਮ ਭਾਈਚਾਰੇ ਨੇ ਮਾਨਵਤਾ ਦਾ ਬਹੁਤ ਵੱਡਾ ਸੁਨੇਹਾ ਦਿੱਤਾ ਹੈ। ਪਿੰਡ ਦੇ ਲੋਕਾਂ ਨੇ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਦਿੱਤਾ ਮੱਲ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਸਾਹਿਬ ਦਾ ਨਵੀਨੀਕਰਨ ਕੀਤਾ। ਗੁਰੂ ਸਾਹਿਬਾਨ ਦੀਆਂ ਫੋਟੋ ਲਾਈਆਂ ਅਤੇ ਦੀਵਾਲੀ ਮੌਕੇ ਦੀਪਮਾਲਾ ਕੀਤੀ। ਭਾਰਤ ਦੀ ਵੰਡ ਤੋਂ ਪਹਿਲ਼ਾਂ ਸਿੱਖ ਭਾਈਚਾਰੇ ਦਾ ਇਹ ਪਿੰਡ ਸੀ ਪਰ ਵੰਡ ਤੋਂ ਬਾਅਦ ਲੋਕ ਉਜੜਕੇ ਭੋਗਪੁਰ ਦੇ ਇਲਾਕੇ ਵਿਚ ਆਕੇ ਵਸ ਗਏ ਸਨ। ਖਿਆਲਾ ਕਲਾਂ ਪਿੰਡ ਅੰਮ੍ਰਿਤਸਰ ਵਿਚ ਵੀ ਹੈ। ਅੰਮ੍ਰਿਤਸਰ ਵਾਲੇ ਪਿੰਡ ਦੇ ਲੋਕ ਹੀ ਲਾਇਲਪੁਰ ਜਾਕੇ ਵਸ ਗਏ ਸਨ ਅਤੇ ਉਨਾਂ ਵੱਲੋਂ ਆਪਣੇ ਵੱਡੇ ਬਾਬਾ ਦਿੱਤਾ ਮੱਲ ਦੀ ਯਾਦ ਵਿਚ ਗੁਰਦੁਆਰਾ ਬਣਾਇਆ ਸੀ। ਉਹ ਸਤਿਕਾਰ ਵਜੋਂ ਪੁਰਾਣੇ ਪਿੰਡ ਦੀਆਂ ਚਾਰ ਇੱਟਾਂ ਨਾਲ ਲੈ ਗਏ ਸਨ ਅਤੇ ਉਹ ਇੱਟਾਂ ਗੁਰਦੁਆਰਾ ਸਾਹਿਬ ਦੀ ਨੀਂਹ ਵਿੱਚ ਲਾਈਆਂ ਸਨ। ਮੁਲਕ ਦੀ ਵੰਡ ਹੋਈ ਤਾਂ ਉਹ ਮੁੜ ਵਾਪਸ ਆਪਣੇ ਇਲਾਕੇ ਵਿੱਚ ਆ ਗਏ।

ਸਾਂਝ ਦੀ ਮੁੜ ਗੱਲ ਕਿਵੇਂ ਤੁਰੀ? ਖਿਆਲਾ ਕਲਾਂ ਪਿੰਡ (ਫੈਸਲਾਬਾਦ) ਦੇ ਲੋਕ ਭਾਰਤੀ ਪੰਜਾਬ ਤੋਂ ਉਜੜਕੇ ਖਿਆਲਾ ਕਲਾਂ ਵਸ ਗਏ ਸਨ। ਪਿੰਡ ਨੇ ਸਲਾਹ ਕਰਕੇ ਗੁਰਦੁਆਰਾ ਸਾਹਿਬ ਦਾ 76 ਸਾਲ ਬਾਅਦ ਨਵੀਨੀਕਰਨ ਕੀਤਾ। ਇਸ ਦੀ ਵੀਡੀਓ ਬਣਾ ਕੇ ਯੂ ਟਿਊਬ ਉੱਪਰ ਪਾ ਦਿੱਤੀ। ਇਸ ਬਾਅਦ ਤੁਰੀ ਸਾਂਝ ਦੀ ਗੱਲ। ਭਾਰਤੀ ਪੰਜਾਬ ਦੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਭੰਗੂ ਨੇ ਇਹ ਵੀਡੀਓ ਦੇਖੀ ਤਾਂ ਉਸ ਨੇ ਪਾਕਿਸਤਾਨ ਖਿਆਲਾ ਕਲਾਂ ਪਿੰਡ ਦੇ ਸਰਕਾਰੀ ਅਧਿਆਪਕ ਅੱਲਾ ਰੱਖਾ ਅਤੇ ਮੁਹੰਮਦ ਤਾਰਿਕ ਨਾਲ ਸੰਪਰਕ ਕੀਤਾ। ਇਹ ਦੋਵੇਂ ਗੁਰਦੁਆਰਾ ਸਾਹਿਬ ਦੇ ਨਵੀਨੀਕਰਨ ਲਈ ਮੋਹਰੀ ਹਨ। ਪੱਤਰਕਾਰ ਭੰਗੂ ਵੱਲੋਂ ਮਾਸਟਰ ਅੱਲਾ ਰੱਖਾ ਨਾਲ ਸੰਪਰਕ ਕੀਤਾ ਗਿਆ। ਇਹ ਮੁਲਾਕਾਤ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਹੋਈ। ਮਾਸਟਰ ਜੀ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਉਸ ਬਾਅਦ ਮਾਸਟਰ ਜੀ ਨੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਨਿਸ਼ਾਨ ਸਾਹਿਬ ਚੜਾਇਆ। ਗੁਰਦੁਆਰਾ ਸਾਹਿਬ ਬਾਹਰ ਬੋਰਡ ਲਾ ਕੇ ਅੰਗਰੇਜੀ ਅਤੇ ਉਰਦੂ ਭਾਸ਼ਾ ਵਿਚ ਜਾਣਕਾਰੀ ਦਿੱਤੀ। ਇਸ ਤਰਾਂ ਪਾਕਿ ਦੇ ਖਿਆਲਾ ਕਲਾਂ ਪਿੰਡ ਦੇ ਲੋਕਾਂ ਨੇ ਮਾਨਵਤਾ ਦਾ ਸੁਨੇਹਾ ਦਿੱਤਾ। ਭਾਰਤੀ ਪੰਜਾਬ ਦੇ ਬਰਨਾਲਾ ਅਤੇ ਮੋਗਾ ਜਿਲ੍ਹਾ ਵਿੱਚ ਕਈ ਪਿੰਡ ਹਨ ਜਿਥੇ ਲੋਕਾਂ ਨੇ ਮਸਜਿਦ ਲਈ ਥਾਂ ਦਿੱਤੀ। ਅਸਲ ਵਿਚ ਪੰਜਾਬ ਤਾਂ ਸਾਰੇ ਧਰਮਾਂ ਲਈ ਮਾਨਵਤਾ ਦਾ ਸੁਨੇਹਾ ਦਿੰਦਾ ਹੈ ਪਰ ਪਾਕਿਸਤਾਨ ਸਰਕਾਰ ਦਾ ਭਾਰਤ ਪ੍ਰਤੀ ਮਾੜਾ ਵਤੀਰਾ ਲੋਕਾਂ ਦੀ ਸਾਂਝ ਲਈ ਵੱਡਾ ਅੜਿੱਕਾ ਬਣਦਾ ਹੈ।

Share this Article
Leave a comment