ਭਾਰਤ ਦੇ ਸੰਵਿਧਾਨ ਦਾ ਰਚਨਹਾਰਾ, ਦਲਿਤਾਂ ਦਾ ਮਸੀਹਾ ਮਹਾਨ ਚਿੰਤਕ – ਡਾ: ਭੀਮ ਰਾਓ ਅੰਬੇਦਕਰ

TeamGlobalPunjab
20 Min Read

-ਜਗਦੀਸ਼ ਸਿੰਘ ਚੋਹਕਾ

ਸਦੀਆਂ ਪੁਰਾਣੀ ਭਾਰਤੀ ਮਨੂਵਾਦੀ ਮਾਨਸਿਕਤਾ ਦੇ ਦਾਬੇ ਹੇਠ, ‘ਛੂਆ-ਛੂਤ ਅਤੇ ਜਾਤ-ਪਾਤ ਅਧੀਨ ਲਤਾੜੇ ਦਲਿਤ ਵਰਗਾਂ ‘ਚ ਚੇਤਨਾ ਦੀ ਲੋਅ ਜਗਾਉਣ ਵਾਲਾ ਮਹਾਨ ਚਿੰਤਕ ਡਾ: ਭੀਮ ਰਾਓ ਅੰਬੇਡਕਰ ਆਧੁਨਿਕ ਸਮੇਂ ਦਾ ਇਕ ਯੁੱਗ ਪੁਰਸ਼ ਸੀ। ਦਲਿਤ ਵਰਗ ਦੇ ਨਾਇਕ ਨੇ ਦੱਬੇ ਕੁਚਲੇ ਵਰਗ ਨੂੰ ਅੱਗੇ ਆਉਣ ਲਈ ਨਾ ਕੇਵਲ ਉਨ੍ਹਾਂ ਨੂੰ ਕਾਨੂੰਨੀ ਅਧਿਕਾਰਾਂ ਦੀ ਢਾਲ ਹੀ ਦਿੱਤੀ, ਸਗੋਂ ਆਪਣੀ ਪ੍ਰਤਿਭਾ ਨੂੰ ਪੇਸ਼ ਕਰਨ ਅਤੇ ਸਮਾਜ ਅੰਦਰ ਪਾਏ ਜਾਂਦੇ ਯੋਗਦਾਨ ਨੂੰ ਮਾਨਤਾ ਵੀ ਦਿਵਾਈੇ। ਨਿਰਸੰਦੇਹ ! ਡਾ: ਭੀਮ ਰਾਓ ਅੰਬੇਦਕਰ ਜਿਥੇ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ‘ਚ ਮੋਹਲੀਆਂ ਸਫ਼ਾ ਵਿੱਚੋਂ ਇਕ ਸਨ ਉਥੇ ਉਨ੍ਹਾਂ ਨੇ ਇਸ ਸੰਵਿਧਾਨ ਰਾਹੀਂ ਭਾਰਤੀਆਂ ਨੂੰ ਕਿਰਤ ਪੱਖੀ, ਮਾਨਵਤਾ ਪ੍ਰੇਮੀ ਅਤੇ ਭਵਿੱਖ ਵਿੱਚ ਝਾਕਣ ਦੇ ਯੋਗ ਬਣਾ ਦਿੱਤਾ। ਡਾ: ਭੀਮ ਰਾਓ ਅੰਬੇਡਕਰ ਦਾ ਜੀਵਨ ਸਾਰੇ ਭਾਰਤੀਆਂ ਲਈ ਇਕ ਪ੍ਰੇਰਨਾ ਸ੍ਰੋਤ ਹੈ। ਜਿਸ ਨੇ ਜਨਮ ਤੋਂ ਲੈ ਕੇ ਮੌਤ ਤੱਕ ਉਸ ਵੇਲੇ ਆਣ-ਸੁਖਾਵੇ ਮਾਹੌਲ ਦੇ ਬਾਵਜੂਦ, ‘ਬਹੁਤ ਸਾਰੀਆਂ ਔਕੜਾਂ ਦਾ ਬੜੀ ਦਿ੍ਰੜਤਾ ਨਾਲ ਮੁਕਾਬਲਾ ਹੀ ਨਹੀਂ ਕੀਤਾ, ਸਗੋਂ ਨਾ-ਮੁਮਕਿਨ ਨੂੰ ਮੁਮਕਿਨ ਵਿੱਚ ਬਦਲ ਕੇ ਵੱਡੀਆਂ ਵੱਡੀਆਂ ਪੱਦਵੀਆਂ ਨੂੰ ਠੁਕਰਾ ਕੇ ਭਾਰਤ ਦੇ ਦਲਿਤ ਵਰਗ ਨੂੰ ਆਪਣੀ ਪਛਾਣ ਬਣਾਉਣ ਯੋਗ ਬਣਾਇਆ। ਭਾਰਤ ਦੇ ਸੰਵਿਧਾਨ ਦੀ ਰਚਨਾ ਬਾਅਦ ਜਦ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਤਾਂ ਡਾ: ਭੀਮ ਰਾਓ ਅੰਬੇਦਕਰ ਦੇ ਬਿਆਨ ਸਨ, ‘ਇਹ ਸੰਵਿਧਾਨ ਜੋ ਮੈਂ ਪੇਸ਼ ਕੀਤਾ ਹੈ, ਚੰਗਾ ਹੋਵੇ ਜਾਂ ਮਾੜਾ, ਭਾਵ ਇਸ ਦਾ ਨਿਰਣਾ ਤਾਂ ਗੱਦੀ ‘ਤੇ ਬੈਠੇ ਹਾਕਮਾਂ (ਰਾਜ ਕਰਦੀ ਜੇਤੂ ਪਾਰਟੀ) ਦੇ ਹੱਥਾਂ ‘ਚ ਹੋਵੇਗਾ। ਸੰਵਿਧਾਨ ਭਾਵੇਂ ਕਿੰਨਾ ਵੀ ਚੰਗਾ ਹੋਵੇ, ਪਰ ਇਸ ਨੂੰ ਲਾਗੂ ਕਰਨ ਵਾਲਿਆਂ ‘ਤੇ ਇਹ ਨਿਰਭਰ ਕਰੇਗਾ? ਜੇਕਰ ਉਹ (ਹਾਕਮ) ਲੋਕਾਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰਦੇ ਤਾਂ ਇਹ ਅਵੱਸ਼ ਮਾੜਾ ਹੀ ਸਾਬਤ ਹੋਵੇਗਾ? ਡਾਕਟਰ ਭੀਮ ਰਾਓ ਜੀ ਨੇ ਭਾਰਤੀ ਸੰਵਿਧਾਨ ਦੀ, ‘ਭਾਰਤੀ ਹਾਲਾਤਾਂ ਅਤੇ ਲੋਕਾਂ ਦੀ ਅਨੁਕੂਲਤਾ ਦੇ ਜਾਇਜ਼ੇ ਨੂੰ ਜਿਥੇ ਦਰਸਾਇਆ, ਉਥੇ ਆਉਣ ਵਾਲੇ ਹਾਕਮਾਂ ਦੇ ਜਮਾਤੀ ਹਿੱਤਾਂ ਪ੍ਰਤੀ ਵੀ ਪ੍ਰਗਟਾਵਾ ਪੇਸ਼ ਕਰਕੇ ਭਵਿੱਖ ਬਾਣੀ ਕਰ ਦਿੱਤੀ। ਇਹ ਸਾਰਾ ਵਰਤਾਰਾ ਅੱਜ ਸਾਡੇ ਸਾਹਮਣੇ ਆ ਰਿਹਾ ਹੈ।

ਕੌਣ ਜਾਣਦਾ ਸੀ, ‘ਕਿ ਮਹਾਰ ਭਾਈਚਾਰੇ ਵਿੱਚ 14 ਅਪ੍ਰੈਲ 1891 ਨੂੰ, ‘ਪਿਤਾ ਸੂਬੇਦਾਰ ਮੇਜਰ ਰਾਮ ਜੀ ਸ਼ਕਪਾਲ ਅਤੇ ਮਾਤਾ ਭੀਮਾਂ ਬਾਈ ਦੀ 6ਵੀਂ ਔਲਾਦ, ਜਿਸ ਦਾ ਨਾਂ ਭੀਮ ਰਾਓ ਰੱਖਿਆ ਗਿਆ, ਭਾਰਤ ਦੇ ਸੰਵਿਧਾਨ ਨੰੂੰ ਘੜਨ ਵਿੱਚ ਮੁੱਖ ਭੂਮਿਕਾ ਅਦਾ ਕਰੇਗਾ? ਇਹ ਪ੍ਰਵਾਰ ਰਤਨਾਗਿਰੀ ‘ਮਹਾਰਾਸ਼ਟਰ’ ਦਾ ਮੂਲ ਦਲਿੱਤ ਨਿਵਾਸੀ ਸੀ। ਬਰਤਾਨਵੀ ਬਸਤੀਵਾਦੀ ਸਾਮਰਾਜ ਵੱਲੋਂ ਭਾਰਤ ਅੰਦਰ ਆਪਣੀਆਂ ਫੌਜਾਂ ਵਿੱਚ ਦਲਿਤਾਂ ਨੂੰ ਵੀ ਭਰਤੀ ਕਰਕੇ, ਆਪਣੇ ਹਿੱਤਾਂ ਲਈ ਇਸ ਭਾਈਚਾਰੇ ਨੂੰ ਖੁਸ਼ ਕਰਨਾ ਸੀ। ਡਾ: ਭੀਮ ਰਾਓ ਅੰਬੇਦਕਰ ਜੀ ਦੇ ਪਿਤਾ ਵੱਲੋਂ ਫੌਜ ਵਿੱਚ ਭਰਤੀ ਹੋਣ ਕਰਕੇ ਪ੍ਰਵਾਰ ਨੂੰ ਵੀ ਭਾਰਤ ਘੁੰਮਣ ਦਾ ਮੌਕਾ ਮਿਲਿਆ। ਭਾਵੇਂ ਅੰਗਰੇਜ਼ਾਂ ਵੱਲੋਂ ਭਾਰਤ ਦੇ ਸਮਾਜੀ ਆਰਥਿਕ ਢਾਂਚੇ ਨੂੰ ਆਪਣੇ ਬਸਤੀਵਾਦੀ ਹਿੱਤਾਂ ਅਨੁਸਾਰ ਢਾਲਣ ਦੇ ਸਿੱਟੇ ਵਜੋਂ, ‘ਦਲਿਤਾਂ ਦੇ ਇਕ ਹਿੱਸੇ ਲਈ ਪਹਿਲੀ ਵਾਰ ਪੜ੍ਹਨ ਲਿਖਣ, ਜੱਦੀ-ਪੁਸ਼ਟੀ ਕਿਤਿਆ ਤੋਂ ਬਾਹਰ ਨਿਕਲਣ ਅਤੇ ਫੌਜ ਤੇ ਹੋਰ ਛੋਟੀਆਂ ਨੌਕਰੀਆਂ ਤੇ ਲੱਗਣ ਦੇ ਰਾਹ ਖੋਲ੍ਹਣ ਕਾਰਨ, ਇਸ ਤਰ੍ਹਾਂ ਇੱਕ ਹਿੱਸਾ ਦਲਿਤ ਲਹਿਰ ਦਾ ਮੁੱਖ ਸਮਾਜਕ ਅਧਾਰ ਵੀ ਬਣਿਆ।ਇਸ ਨਾਲ ਛੂਆ-ਛਾਤ ਅਤੇ ਜਾਤ-ਪਾਤ ਵਿਤਕਰੇ ਵਿਰੁੱਧ ਦਲਿਤ ਜਾਗਿ੍ਰਤੀ ਅਤੇ ਹੱਕਾਂ ਲਈ ਸੋਚਣ ਦਾ ਮੁੱਢ ਬੱਝਿਆ। 20ਵੀਂ ਸਦੀ ਦੇ ਚੌਥੇ ਦਹਾਕੇ ‘ਚ ਜਿੱਥੇ ਭਾਰਤ ਅੰਦਰ ਕੌਮੀ ਮੁਕਤੀ ਲਹਿਰਾਂ ਨੇ ਜ਼ੋਰ ਫੜਿਆ, ਉਥੇ ਦਲਿਤ ਸਮਾਜ ਨੇ ਵੀ ਕਰਵਟ ਲਈ। ਡਾ:ਬੀ.ਆਰ. ਅੰਬੇਦਕਰ ਇਸ ਦੌਰ ਅੰਦਰ ਸੁਚੇਤ ਤੌਰ ‘ਤੇ ਜਿੱਥੇ ਦਲਿਤ ਵਰਗ ਦੇ ਮਸੀਹਾ ਬਣੇ, ਉਥੇ ਉਹ ਇਸ ਵਰਗ ਦੇ ਪਹਿਲੇ ਆਗੂ ਸਨ, ਜਿਨ੍ਹਾਂ ਦਲਿਤ ਸਵਾਲ ਨੂੰ ਦੇਸ਼ ਪੱਧਰ ‘ਤੇ ਸਿਆਸੀ ਏਜੰਡੇ ’ਤੇ ਲਿਆਂਦਾ। ਕੌਮੀ ਮੁਕਤੀ ਅੰਦੋਲਨ ਦੀ ਭਾਰੂ ਲੀਡਰਸ਼ਿਪ ਦੇ ਦਲਿਤ ਸਵਾਲ ਪ੍ਰਤੀ ਨਾਂਹ ਪੱਖੀ ਅਤੇ ਸਵਰਨ ਜਾਤੀਆਂ ਪ੍ਰਤੀ ਵੱਖਰੇ ਵਤੀਰੇ ਨੂੰ ਦੇਖਦਿਆ, ਭੀਮ ਰਾਓ ਜੀ ਇਸ ਸਿੱਟੇ ‘ਤੇ ਪਹੁੰਚੇ ‘ਕਿ ਨਾ ਕਾਂਗਰਸ ਅਤੇ ਨਾ ਹੀ ਮੁਸਲਿਮ ਲੀਗ ਦੀ ਅਗਵਾਈ ਵਾਲੀ ਲਹਿਰ ਦਾ ਹਿੱਸਾ ਬਣ ਕੇ ਦਲਿਤ ਵਰਗ ਛੂਆ-ਛਾਤ ਅਤੇ ਜਾਤ-ਪਾਤ ਵਾਲੇ ਵਿਤਕਰੇ ਅਤੇ ਜ਼ਹਾਲਤ ਵਾਲੀ ਜ਼ਿੰਦਗੀ ਤੋਂ ਛੁਟਕਾਰਾ ਪਾ ਸਕਦਾ ਹੈ ? ਡਾ: ਭੀਮ ਰਾਓ ਨੇ ਮਹਿਸੂਸ ਕਰ ਲਿਆ ਸੀ, ‘ਕਿ ਆਜ਼ਾਦੀ ਹਾਸਲ ਹੋਣ ਤੋਂ ਬਾਅਦ ਵੀ ਦਲਿਤਾਂ ਨੂੰ ਇਸ ਘਿਨਾਉਣੀ ਪ੍ਰਥਾ ਤੋਂ ਨਿਜ਼ਾਤ ਨਹੀਂ ਮਿਲੇਗੀ।’ ਉਨ੍ਹਾਂ ਦੇ ਖਦਸ਼ੇ ਅੱਜ ਭਾਰਤ ਅੰਦਰ ਹਰ ਪਾਸੇ ਦਲਿਤਾਂ, ਇਸਤਰੀਆਂ, ਘੱਟ ਗਿਣਤੀਆਂ ਅਤੇ ਗਰੀਬਾਂ ਨਾਲ ਹੋ ਰਹੇ ਵਿਤਕਰਿਆਂ ਤੋਂ ਸਪੱਸ਼ਟ ਹੋ ਰਹੇ ਹਨ।

ਦੋ-ਸਾਲ ਦੀ ਉਮਰ ਵੇਲੇ ਹੀ ਉਨ੍ਹਾਂ ਦੀ ਮਾਤਾ ਭੀਮਾ-ਬਾਈ ਦਾ ਛਾਇਆ ਉਠ ਗਿਆ। ਬਾਲਗ ਭੀਮ ਰਾਓ ਦਾ ਮੁੱਢਲਾ ਪਾਲਣ-ਪੋਸ਼ਣ ਵੱਡੀ ਭੈਣ ਮੀਰਾ ਬਾਈ ਦੀ ਰੇਖ-ਦੇਖ ‘ਚ ਹੋਇਆ। ਮੁੱਢਲੀ ਪ੍ਰਾਇਮਰੀ ਸਿੱਖਿਆ ਸਤਾਰਾ (ਮਹਾਰਾਸ਼ਟਰ) ਤੋਂ ਪ੍ਰਾਪਤ ਕੀਤੀ। ਇਹ ਉਹ ਸਮਾਂ ਸੀ ਜਦੋਂ ਦੇਸ਼ ਅੰਦਰ ਮਨੂਵਾਦੀ ਪ੍ਰਭਾਵ ਕਾਰਨ ਸਮਾਜ ਅੰਦਰ ਜਾਤ-ਪਾਤ ਅਤੇ ਛੂਆ-ਛੂਤ ਪੂਰੇ ਜੋਬਨ ਤੇ ਸੀ। ਇਸ ਬਿਮਾਰੀ ਦਾ ਸਕੂਲਾਂ ‘ਤੇ ਵੀ ਪੂਰਾ ਪੂਰਾ ਗਲਬਾ ਸੀ। ਦਲਿਤ ਬੱਚਿਆਂ ਨੂੰ ਸਵਰਨ ਜਾਤੀ ਦੇ ਬੱਚਿਆਂ ਤੋਂ ਅੱਡ, ਦੂਰ, ਸਭ ਤੋਂ ਪਿੱਛੇ ਹੱਟ ਕੇ ਬੈਠਣਾ ਪੈਂਦਾ ਸੀ। ਉਨ੍ਹਾਂ ਲਈ ਪਾਣੀ ਦਾ ਪ੍ਰਬੰਧ ਵੱਖਰਾ, ਤੱਪੜ ਅੱਡ ਅਤੇ ਨਾਲ ਲਿਆਂਦੀ ਰੋਟੀ ਵੀ ਵੱਖਰੇ ਹੋ ਕੇ ਖਾਣੀ ਪੈਂਦੀ ਸੀ। ਪਰ ਬਾਲਕ ਭੀਮ ਨੇ ਇਹ ਸਾਰੇ ਵਿਤਕਰੇ ਬੜੇ ਸਬਰ ਨਾਲ ਜ਼ਰੇ, ਇਸ ਨਫਰਤ ਨੂੰ ਪੂਰੀ ਪੂਰੀ ਸ਼ਿੱਦਤ ਨਾਲ ਬਰਦਾਸ਼ਤ ਕੀਤਾ। ਉਸ ਦੇ ਇਕ ਟੀਚਰ ਨੇ ਬਾਲਕ ਭੀਮ ਦੀ ਕਾਫੀ ਮਦਦ ਕੀਤੀ, ਜਿਸ ਨੇ ਆਪਣੇ ਨਾਂ ਪਿੱਛੇ ਅੰਬੇਦਕਰ ਦਾ ਉਪ-ਨਾਂ ਦਿੱਤਾ ਹੋਇਆ ਸੀ।’ ਇਸ ਉਪ ਨਾਂ ਨੂੰ ਹੀ ਭੀਮ ਰਾਓ ਨੇ ਆਪਣੇ ਨਾਂ ਨਾਲ ਜੋੜ ਕੇ ਉਹ ਭੀਮ’ ਰਾਓ ਅੰਬੇਦਕਰ ਬਣ ਗਿਆ। ਭੀਮ ਰਾਓ ਨੇ ‘‘ਏਲਫਿਨ ਸਟੋਨ ਹਾਈ ਸਕੂਲ ਮੁੰਬਈ’’ ਤੋਂ 1907 ਨੂੰ ਦੱਸਵੀ ਪਾਸ ਕਰਕੇ, ਭਾਰਤੀ ਸਮਾਜ ਅੰਦਰ ਛੂਆ-ਛੂਤ ਦੇ ਬੋਲ-ਬਾਲੇ ਦੌਰਾਨ ਇਕ ਦਲਿਤ ਵੱਜੋਂ ਸਭ ਤੋਂ ਪਹਿਲਾ ਮੈਟਿ੍ਰਕ ਪਾਸ ਹੋਣ ਦਾ ਮਾਣ ਪ੍ਰਾਪਤ ਕੀਤਾ। ਭੀਮ ਰਾਓ ਮਰਾਠਾ ਖੇਤਰ ਦਾ ਪਹਿਲਾ ਦਲਿਤ ਸੀ, ਜਿਸ ਨੂੰ ਇਹ ਉਪਾਧੀ ਮਿਲੀ। ਇਸ ਤੋਂ ਖੁਸ਼ ਹੋ ਕੇ ਮਰਾਠਾ ਖੇਤਰ ਦੀ ਇਕ ਪ੍ਰਮੁੱਖ ਸ਼ਖ਼ਸੀਅਤ ‘‘ਕਿ੍ਰਸ਼ਨ ਜੀ ਅਰਜਨ ਕੁਲੱਸਕਰ’’ ਨੇ ਭੀਮ ਰਾਓ ਨੂੰ ‘‘ਗੌਤਮ ਬੁੱਧਾ’’ ਨਾਂ ਦੀ ਇਕ ਕਿਤਾਬ ਤੋਹਫੇ ਵੱਜੋਂ ਦਿੱਤੀ। ਜਿਸ ਨੇ ਭੀਮ ਰਾਓ ਦੇ ਮਨੋ-ਬਲ ਨੂੰ ਇਕ ਵੱਡਾ ਹੁਲਾਰਾ ਦਿੱਤਾ। ਭੀਮ ਰਾਓ ਨੇ ਗਰੀਬੀ ਗੁਰਬਤ ਦਾ ਹਰ ਤਰ੍ਹਾਂ ਮੁਕਾਬਲਾ ਕਰਦੇ ਹੋਏ, ‘ਮਹਾਰਾਜਾ ਬੜੋਦਾ, ‘ਰਾਜਾ ਸਿਆ ਜੀ ਰਾਓ ਗਾਇਕਵਾੜ ਦੀ ਮਦਤ ਨਾਲ ਭੀਮ ਰਾਓ ਨੇ 1912 ‘ਚ ਚੰਗੇ ਨੰਬਰ ਲੈ ਕੇ ਡਿਗਰੀ ਹਾਸਲ ਕਰ ਲਈ। ਰਾਜਾ ਗਾਇਕਵਾੜ ਨੇ ਭੀਮ ਰਾਓ ਨਾਲ ਵਾਇਦਾ ਕੀਤਾ, ‘ਕਿ ਜੇਕਰ ਉਹ ਉÎੱਚ ਸਿੱਖਿਆ ਪ੍ਰਾਪਤ ਕਰਕੇ ਉਸ ਦੇ ਰਾਜ ਵਿੱਚ ਸੇਵਾ ਕਰੇ ਤਾਂ ਉਸ ਨੂੰ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਮਿਲ ਸਕਦੀ ਹੈ।

- Advertisement -

1913 ਨੂੰ ਭੀਮ ਰਾਓ ਉÎੱਚ ਸਿੱਖਿਆ ਲਈ ਨਿਊਯਾਰਕ ਪੁੱਜਿਆ। ਜਿਥੇ ਨਾ ਛੂਆ-ਛੂਤ, ਨਾ ਜਾਤ-ਪਾਤ, ਨਾ ਕੋਈ ਵੱਡਾ-ਛੋਟਾ ਅਤੇ ਨਾ ਹੀ ਕੋਈ ਦਲਿਤ ਜਾਂ ਸਵਰਨ ਜਾਤੀ ਵਾਲਾ ਸੀ ਅਤੇ ਸਾਰੇ ਸਮਾਜਕ ਪੱਖੋ ਬਰਾਬਰ ਸਨ। ਇਸ ਮਾਹੌਲ ਵਿੱਚ ਭੀਮ ਰਾਓ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ 1915 ਵਿੱਚ ਐਮ.ਏ. ਅਤੇ 1916 ਵਿੱਚ ਪੀ.ਐਡ.ਡੀ. ਦੀਆਂ ਉÎੱਚ ਡਿਗਰੀਆਂ ਪ੍ਰਾਪਤ ਕੀਤੀਆਂ। ਭੀਮ ਰਾਓ, ਨਿਊਯਾਰਕ ਤੋਂ ਇੰਗਲੈਂਡ ਜਾ ਕੇ ਅੱਗੋਂ ਪੜ੍ਹਾਈ ਕਰਨਾ ਚਾਹੁੰਦਾ ਸੀ। ਪਰ ਮਹਾਰਾਜਾ ਬੜੋਦਾ ਨਾਲ ਹੋਏ ਸਮਝੌਤੇ ਅਨੁਸਾਰ ਉਸ ਨੂੰ ਭਾਰਤ ਪਰਤਣਾ ਪਿਆ। ਭਾਰਤ ਆ ਕੇ ਡਾ: ਭੀਮ ਰਾਓ ਨੇ ਬੜੋਦਾ ਰਿਆਸਤ ‘ਚ ਨੌਕਰੀ ਸ਼ੁਰੂ ਕਰ ਦਿੱਤੀ। ਪਰ ਇਹ ਸੀ ਤਾਂ ਭਾਰਤ ! ਜਿਥੇ ਛੂਆਂ-ਛੂਤ ਅਤੇ ਜਾਤ ਪਾਤ ਦੇ ਵਿਤਕਰੇ ਜੋ ਪੜ੍ਹਾਈ ਕਰਨ ਨਾਲ ਖਤਮ ਤਾਂ ਨਹੀਂ ਹੋ ਜਾਣੇ ਸਨ ? ਅੰਤ ਡਾ: ਭੀਮਾ ਰਾਓ ਭਾਰਤ ਛੱਡ ਕੇ ਇੰਗਲੈਂਡ ਪੜ੍ਹਾਈ ਕਰਨ ਚਲਾ ਗਿਆ। ਜਿੱਥੇ ਉਸ ਨੇ ਆਰਥਿਕ-ਵਿਗਿਆਨ ਅਤੇ ਕਾਨੂੰਨ ਵਿਸ਼ਿਆਂ ‘ਚ ਡਿਗਰੀਆਂ ਪ੍ਰਾਪਤ ਕੀਤੀਆਂ। ਇਕ ਪ੍ਰਪੱਕ ਆਰਥਿਕ ਵਿਗਿਆਨੀ ਅਤੇ ਕਾਨੂੰਨਦਾਨ ਵੱਜੋਂ ਮੁਹਾਰਿਤ ਪ੍ਰਾਪਤ ਕਰਨ ਬਾਅਦ ਉਹ ਭਾਰਤ 1923 ਨੂੰ ਵਾਪਸ ਪਰਤ ਆਇਆ। ਇਕ ਸੰਪੂਰਨ ਅਤੇ ਸੰਤੁਸ਼ਟ ਦਲਿਤਾਂ ਦੀ ਬੰਦ-ਖਲਾਸੀ ਲਈ ਆਸਵੰਦ ! ਡਾ: ਭੀਮ ਰਾਓ ਨੇ ਭਾਰਤ ਆ ਕੇ ਦਲਿਤਾਂ ਅਤੇ ਅਛੂਤਾਂ ਨਾਲ ਛੂਆਂ-ਛੂਤ ਕਾਰਨ ਹੋ ਰਹੇ ਵਿਤਕਰੇ-ਸਿੱਖਿਆ, ਪੀਣ ਵਾਲੇ ਪਾਣੀ, ਘਰ ਬਣਾਉਣ, ਇਕੱਠੇ ਬੈਠਣ-ਖੇਡਣ, ਰੋਟੀ-ਖਾਣ, ਭਿੱਟੇ ਜਾਣ ਆਦਿ ਵਿਰੁੱਧ ‘‘ਬਾਹਿਸ਼ ਕਿ੍ਰਤ ਹਿੱਤ ਕਰਨੀ ਸਭਾ’’ ਬਣਾਈ। ਦੇਸ਼ ਅੰਦਰ ਬਰਤਾਨਵੀ ਬਸਤੀਵਾਦੀ ਸਾਮਰਾਜ ਵਿਰੁੱਧ ‘ਕੌਮੀ ਅੰਦੋਲਨ’ ਜਿਸ ਦੀ ਅਗਵਾਈ ਮਹਾਤਮਾ ਗਾਂਧੀ ਜੀ ਕਰ ਰਹੇ ਸਨ, ਤੇਜ਼ ਹੋ ਰਿਹਾ ਸੀ। ਇਸ ਅੰਦੋਲਨ ਵਿੱਚ ਭੀਮ ਰਾਓ ਵੀ ਛੁਹੇ ਨਾ ਰਹਿ ਸਕੇ। ਡਾ: ਭੀਮ ਰਾਓ ਨੇ ਕੌਮੀ ਅੰਦੋਲਨ ਵਿੱਚ ਪੂਰਾ ਪੂਰਾ ਹਿੱਸਾ ਲਿਆ। ਜਿਸ ਕਾਰਨ ਉਨ੍ਹਾਂ ਨੂੰ 1932 ਦੀ ਗੋਲ-ਮੇਜ਼ ਕਾਨਫਰੰਸ ਵਿੱਚ ਗਾਂਧੀ ਨਾਲ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਕਾਨਫਰੰਸ ਦੌਰਾਨ ਭੀਮ ਰਾਓ ਅੰਬੇਦਕਰ ਨੇ ਪੂਰੀ ਸ਼ਿੱਦਤ ਨਾਲ ਅਛੂਤਾਂ ਦੇ ਮਸਲੇ ਲੈ ਕੇ ਉਨ੍ਹਾਂ ਦੇ ਹੱਲ ਲਈ ਵੱਖਰੇ ਰਾਂਖਵੇਕਰਨ ਦੀ ਮੰਗ ਨੂੰ ਪ੍ਰਾਪਤ ਕਰ ਲਿਆ। ਭਾਵੇਂ ਕਾਂਗਰਸ ਇਸ ਮੰਗ ਦੀ ਵਿਰੋਧਤਾ ਕਰਦੀ ਸੀ, ‘ਕਿ ਇਸ ਨਾਲ ਕੌਮੀ ਲਹਿਰ ਕਮਜ਼ੋਰ ਹੋਵੇਗੀ। ਪਰ ਇਸ ਪਿਛੇ ਛੁਪੇ ਹੋਏ ਜਮਾਤੀ ਹਿੱਤ ਸਨ। ਇਸ ਤਰ੍ਹਾਂ ਅਛੂਤ ਵਰਗ ਨਾਲ ਹੁੰਦੀਆਂ ਬੇ-ਇਨਸਾਫੀਆਂ ਵੱਲ ਸੰਸਾਰ ਦੇ ਲੋਕਾਂ ਦਾ ਧਿਆਨ ਖਿੱਚਣ ਵਿੱਚ ਡਾ: ਭੀਮ ਰਾਓ ਅੰਬੇਦਕਰ ਕਾਮਯਾਬ ਹੋਇਆ। ਭਾਰਤੀ ਸਮਾਜ ਅੰਦਰ ‘‘ਮਨੂਵਾਦੀ’’ ਕਾਲੇ ਧੱਬੇ ਵਿਰੁੱਧ ਭੀਮ ਰਾਓ ਨੇ ਇਕ ਮੁਠ-ਮੀਚਵੀਂ ਲੜਾਈ ਦੀ ਸ਼ੁਰੂਆਤ ਕੀਤੀ ਜੋ ਅੱਜ ਵੀ ਜਾਰੀ ਹੈ।

ਡਾ: ਭੀਮ ਰਾਓ ਅੰਬੇਦਕਰ ਨੇ ਦਲਿਤ ਵਰਗ ਦੀ ਸੋਚ ਨੂੰ ਵੱਡਾ ਮੋੜਾ ਦੇਣ ਵਿੱਚ ਅਹਿਮ ਰੋਲ ਅਦਾ ਕੀਤਾ। ਜੋ ਅੱਜ ਦਲਿਤ ਵਰਗ ਦੇੇ ਲੋਕਾਂ ਨੂੰ ਮਾੜੀਆਂ ਮੋਟੀਆਂ ਰਾਹਤਾਂ, ਕੁਝ ਬਿਹਤਰੀ ਜਾਂ ਉਠਾਨ ਨਜ਼ਰ ਆਉਂਦਾ ਹੈ, ਇਹ ਸਭ ਡਾ: ਭੀਮ ਰਾਓ ਦੀ ਹੀ ਬਹੁਤੀ ਦੇਣ ਕਰਕੇ ਹੀ ਹੈ। ਪਰ ਜਿਊਂਦੇ ਜੀਅ ਇਸ ਮਹਾਨ ਸ਼ਖਸੀਅਤ ਨੂੰ ਭਾਰਤੀ ਹਾਕਮਾਂ ਨੇ ਕਦੀ ਵੀ ਬਣਦਾ ਸਨਮਾਨ ਨਹੀਂ ਦਿੱਤਾ। ਹਾਂ! ਇਕ ਪ੍ਰਸਿੱਧ ਕਾਨੂੰਨਦਾਨ, ਆਰਥਿਕ ਸ਼ਾਸਤਰੀ, ਚਿੰਤਨ ਅਤੇ ਲੇਖਕ ਨੂੰ ਮਰਨ ਉਪਰੰਤ ‘‘ਭਾਰਤ ਰਤਨ’’ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਪਰ ਡਾ: ਭੀਮ ਰਾਓ ਜੀ ਨੇ ਕਦੇ ਵੀ ਕਿਸੇ ਕੀਮਤ ‘ਤੇ ਅਸੂਲਾਂ ਅਤੇ ਸੋਚ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ। ਦਲਿਤ ਵਰਗ ਲਈ ਖਤਰੇ ਸਹੇੜਨੇ, ਖਤਰਿਆ ਤੋਂ ਬੇਪ੍ਰਵਾਹ ਰਹਿਣਾ ਅਤੇ ਆਪਣੇ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਅੱਗੇ ਵੱਧਦੇ ਜਾਣਾ ਉਸ ਦੀ ਨਿਸ਼ਠਾ ਸੀ। ਇੱਥੋਂ ਤੱਕ, ‘ਕਿ ਆਪਣੀ ਸਿਹਤ ਦੀ ਵੀ ਕੋਈ ਪ੍ਰਵਾਹ ਨਾ ਕਰਨੀ ਅਤੇ ਆਖਰੀ ਪਲਾ ਤੱਕ ਸੰਘਰਸ਼ਮਈ ਰਹਿਣਾ ਉਨ੍ਹਾਂ ਦਾ ਅਕੀਦਾ ਰਿਹਾ ਹੈ। ਦਲਿਤਾਂ ਅਤੇ ਅਛੂਤਾਂ ਦੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਹਾਲਤ ਵਿੱਚ ਭਾਵੇਂ ਅੱਜ ਕੁਝ ਸੁਧਾਰ ਨਜ਼ਰ ਆਉਂਦੇ ਹਨ, ਪਰ ਅੱਜੇ ਤੱਕ ਭਾਰਤੀ ਸਮਾਜ ਅੰਦਰ ਉਨ੍ਹਾਂ ਨੂੰ ਬਰਾਬਰੀ ਦਾ ਦਰਜਾ, ਨਹੀਂ ਮਿਲਿਆ। ਇਸ ਸਬੰਧੀ ਭੀਮ ਰਾਓ ਵੱਲੋਂ ‘‘ਮਹਾਦ ਅਤੇ ਨਾਸਕ’’ ਮੋਰਚੇ ਲਾ ਕੇ ਮਨੂਵਾਦੀਆਂ ਨੂੰ ਹਲੂਣਨ ਲਈ ਕੋਸ਼ਿਸ਼ ਕੀਤੀ। ਬਰਤਾਨਵੀ ਬਸਤੀਵਾਦੀ ਹਾਕਮਾਂ ਨੂੰ ਉਨ੍ਹਾਂ ਨੇ ਕਈ ਵਾਰ ਚਿਤਾਵਨੀ ਵੀ ਦਿੱਤੀ, ‘ਕਿ ਦਲਿਤਾਂ ਅਤੇ ਅਛੂਤਾਂ ਨੂੰ ਅਜਿਹੀ ਕੋਈ ਸਕੀਮ ਪ੍ਰਵਾਨ ਨਹੀਂ ਹੋਵੇਗੀ, ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਹੋਵੇ। 2-ਜੁਲਾਈ 1942 ਨੂੰ ਭਾਰਤ ਦੇ ਵਾਇਸਰਾਏ ਨੇ ਡਾ: ਭੀਮ ਰਾਓ ਅੰਬੇਦਕਰ ਦੀ ਯੋਗਤਾ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਆਪਣੀ ਕਾਰਜ ਕਰਨੀ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ। ਇਸ ਮੰਚ ‘ਤੇ ਭੀਮ ਰਾਓ ਜੀ ਨੇ ਬੇਖ਼ੌਫ ਤੇ ਨਿਧੜਕ ਹੋ ਕੇ ਦੱਬੇ-ਕੁਚਲੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਵਾਜ਼ ਉਠਾਈ। ਡਾ: ਭੀਮ ਰਾਓ ਅੰਬੇਦਕਰ ਕਈ ਵਾਰ ਆਪਣੇ ਕੱਟੜ-ਵਿਰੋਧੀਆਂ ਅਤੇ ਆਲੋਚਕਾਂ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦੇ ਦਿ੍ਰਸ਼ਟੀਕੋਣ ਸਮਝ ਕੇ ਆਪਣੀ ਬੌਧਿਕ ਸਹਿਸ਼ੀਲਤਾ, ਤਰਕਸ਼ੀਲਤਾ, ਠਰੰਮੇ।, ਪੂਰੀ ਜੁਅਰਤ, ਮਨੁੱਖਤਾਵਾਦੀ, ਧਰਮ-ਨਿਰਪੱਖਤਾ, ਸਮਾਜਕ ਨਿਆਏ ਅਤੇ ਲੋਕਤੰਤਰੀ ਢੰਗ ਨਾਲ ਬਹਿਸਾਂ ਵਿੱਚ ਹਿੱਸਾ ਲੈ ਕੇ ਉਨ੍ਹਾਂ ਨੂੰ ਕਾਇਲ ਕਰਨ ਦੇ ਸਮਰੱਥ ਰਹੇ। ਤਰਕ, ਧਰਮ ਨਿਰਪੱਖਤਾ ਅਤੇ ਸਮਾਜਵਾਦੀ ਵਿਚਾਰਾਂ ਸਬੰਧੀ ਉਨ੍ਹਾਂ ਦੀ ਲਿਖਤ ‘‘ਜਾਤ-ਪਾਤ ਦਾ ਬੀਜ ਨਾਸ-1936’’ ਅਤੇ ਸਮਾਜਵਾਦੀ ਵਿਚਾਰਾਂ ਨੂੰ ਪ੍ਰਗਟਾਉਂਦੀ ਰਚਨਾ, ‘‘ਰਾਜ ਅਤੇ ਘੱਟ ਗਿਣਤੀਆਂ-1946’’ ਵਿੱਚ ਵਿਚਾਰਾਂ ਦੀ ਵਿਸਥਾਰ ਪੂਰਬਕ ਝਲਕ ਮਿਲਦੀ ਹੈ। ਉਹ ਇਕ ਸੁਲਝੇ ਹੋਏ ਕਨੂੰਨ ਸਾਜ਼, ਪੱਤਰਕਾਰ ਅਤੇ ਸੰਪਾਦਕ ਵੀ ਸਨ।

ਡਾ: ਭੀਮ ਰਾਓ ਅੰਬੇਦਕਰ ਸੰਸਾਰ ਪ੍ਰਸਿੱਧ ਵਿਦਵਾਨ ਸਨ। ਉਨ੍ਹਾਂ ਨੇ ਅਨੇਕਾਂ ਅਣਮੁੱਲੀਆਂ ਰਚਨਾਵਾਂ ਦੀ ਰਚਨਾ ਕੀਤੀ। ‘‘ਮਿਸਟਰ ਗਾਂਧੀ ਅਤੇ ਅਛੂਤਾਂ ਦੀ ਆਜ਼ਾਦੀ’’, ‘‘ਅਛੂਤ ਕੌਣ ਅਤੇ ਕਿਵੇਂ ’’? ‘‘ਥਾਟਸਔਨ ਪਾਕਿਸਤਾਨ’’, ‘‘ਬੁੱਧ ਅਤੇ ਉਸ ਦਾ ਧਰਮ’’ ਤੋਂ ਇਲਾਵਾ ਭਾਰਤ ਅੰਦਰ ਜਾਤ-ਪਾਤ, ਛੋਟੀ ਮਾਲਕੀ ਵਾਲੇ ਲੋਕ, ਬੁੱਧ ਅਤੇ ਕਾਰਲ ਮਾਰਕਸ, ਮਨੂ ਅਤੇ ਸ਼ੂਦਰ, ਅਛੂਤ ਅਤੇ ਗੰਦੀਆਂ ਬਸਤੀਆਂ ਦੇ ਬੱਚੇ, ‘‘ਰਾਨਾਡੇ, ਗਾਂਧੀ ਅਤੇ ਜਿਨਾਹ, ਭਾਰਤ ਅੰਦਰ ਇਨਕਲਾਬ ਅਤੇ ਉਲਟ ਇਨਕਲਾਬ, ਭਾਰਤੀ ਰਾਜਾਂ ਦੀ ਆਜ਼ਾਦੀ ਦਾ ਹੱਕ, ਹਿੰਦੂ ਧਰਮ ਦਾ ਫਲਸਫਾ, ਭਾਰਤ ‘ਚ ਜਾਤਾਂ, ਬਸਤੀਵਾਦੀ ਭਾਰਤ ਦਾ ਸੰਵਿਧਾਨ, ਪਾਕਿਸਤਾਨ ਜਾਂ ਭਾਰਤ ਦੀ ਵੰਡ, ਆਦਿ 30 ਤੋਂ ਵੱਧ ਕਿਰਤਾਂ ਭਾਰਤੀ ਲੋਕਾਂ ਨੂੰ ਸਮਰਪਤ ਕੀਤੀਆਂ। ਉਹ ਇਕ ਮਹਾਨ ਸਿੱਖਿਆ ਸ਼ਾਸਤਰੀ ਵੀ ਸਨ। ਸਿੱਖਿਆ ਨੂੰ ਸਮਾਜਕ-ਆਰਥਿਕ ਤਬਦੀਲੀ ਦਾ ਇਕ ਸ਼ਕਤੀਸ਼ਾਲੀ ਸੰਦ ਸਮਝਦੇ ਸਨ। ਇਸ ਮੰਤਵ ਲਈ ਆਜ਼ਾਦੀ ਬਾਅਦ ਦਲਿਤ ਵਰਗ ਲਈ ਭਾਰਤ ਅੰਦਰ ਸਿੱਖਿਆ ਮੁਫ਼ਤ ਕਰਨ ‘ਤੇ ਉਨ੍ਹਾਂ ਨੇ ਪੂਰਾ ਜ਼ੋਰ ਲਾਇਆ ਜੋ ਅੰਸ਼ਕ ਸਫਲਤਾ ਵੀ ਪ੍ਰਾਪਤ ਕੀਤੀ। ਸਾਲ 1932 ਦੀ ਗੋਲ-ਮੇਜ਼ ਕਾਨਫਰੰਸ, 1941 ਦਾ ਸਮਝੌਤਾ ਅਤੇ 29-ਅਪ੍ਰੈਲ, 1947 ਨੂੰ ਛੂਆ-ਛਾਤ ਵਿਰੁੱਧ ਕਾਨੂੰਨ ਬਣਾਉਣ ਅਧੀਨ ਡਾ: ਭੀਮ ਰਾਓ ਅੰਬੇਦਕਰ ਅਛੂਤਾਂ ਲਈ ਰਾਖਵਾਕਰਨ, ਕੌਮੀ ਅਸੰਬਲੀ ‘ਚ 71 ਦੀ ਥਾਂ 181 ਸੀਟਾਂ ਦਾ ਰਾਖਵਾਂਕਰਨ ਅਤੇ ਫੌਜ ਅੰਦਰ ਮਹਾਰ ਰਜਮੈਂਟ ਦੀ ਕਾਇਮੀ ਉਨ੍ਹਾਂ ਦੀਆ ਕੁਝ ਕੁ ਪ੍ਰਾਪਤੀਆਂ ਸਨ। ਇਕ ਅਛੂਤ ਹੁੰਦਿਆ ਭੀਮ ਰਾਓ ਜੀ ਨੇ ਜੋ ਦੁਸ਼ਵਾਰੀਆਂ ਆਪਣੇ ਪਿੰਡੇ ਹੰਡਾਈਆਂ ਸਨ, ਜੋ ਉਨ੍ਹਾਂ ਦਾ ਤਲਖ ਤਜਰਬਾ ਸੀ, ਉਨ੍ਹਾਂ ਨੇ ਉਸ ਨੂੰ ਆਪਦੀਆਂ ਲਿਖਤਾਂ ਰਾਹੀਂ ਰੂਪਮਾਨ ਕੀਤਾ। ਸਕੂਲ ਸਮੇਂ, ਦਲਿਤ ਭੀਮ ਨੂੰ ਸਵਰਨ ਜਾਤੀ ਦੇ ਇਕ ਗੱਡੇ ਦੇ ਮਾਲਕ ਨੇ ਸਵਾਰੀ ਕਰਨ ਤੋਂ ਰੋਕ ਦਿੱਤਾ, ਖੂਹਾਂ ਤੋਂ ਪਾਣੀ ਲੈਣ ਤੋਂ ਮਨ੍ਹਾਂ ਕਰਨਾ ਅਤੇ ਕਲਾਸ ਵਿੱਚ ਵੱਖਰੇ ਘੜੇ ਦਾ ਪਾਣੀ ਪੀਣ ਨੂੰ ਮਿਲਣਾ, ਅਜਿਹੀਆਂ ਕੁਝ ਕੁ ਮਨੂਵਾਦੀ ਸਮਾਜ ਅੰਦਰ ਜਲੀਲ ਕਰਨ ਵਲੇ ਸੰਸਕਰਨਾਂ ਦਾ ਉਸ ਦੀਆ ਲਿਖਤਾਂ ਵਿੱਚ ਵੇਰਵਾ ਅੰਕਿਤ ਹੈ। ਇਹ ਅਛੂਤ ਬੱਚਾ ਵੀ ਵੱਡਾ ਹੋ ਕੇ ਭਾਰਤ ਦੇ ਵਾਇਸਰਾਏ ਦੀ ਕਾਰਜ ਕਾਰਨੀ ਕੌਂਸਲ ਦਾ ਮੈਂਬਰ ਬਣਿਆ।

ਭਾਰਤ ਤੇ ਪਾਕਿਸਤਾਨ ਦੀ ਦੋ ਦੇਸ਼ਾਂ ਵਿਚਕਾਰ ਫਿਰਕੂ ਨੀਹਾਂ ਤੋਂ ਵੰਡ, 15-ਅਗਸਤ ਅਤੇ 14-ਅਗਸਤ,1947 ਨੂੰ ਹੋਈ। ਜਦੋਂ ਦੋ ਦੇਸ਼ਾਂ ਦੀ ਆਜ਼ਾਦੀ ਸਬੰਧੀ ਵੰਡ ਦੀ ਤਜਵੀਜ ਬਰਤਾਨਵੀ ਬਸਤੀਵਾਦੀ ਸਾਮਰਾਜ ਵੱਲੋਂ ਤਿਆਰ ਹੋ ਰਹੀ ਸੀ ਤਾਂ ਇਹ ਸਵਾਲ ਵੀ ਸਾਹਮਣੇ ਆਇਆ ਕਿ ਭਾਰਤ ਦਾ ਸੰਵਿਧਾਨ ਕਿਹੋ ਜਿਹਾ ਹੋਵੇ, ਇਸ ਦਾ ਖਰੜਾ ਕੌਣ ਤਿਆਰ ਕਰੇ ਅਤੇ ਸੰਵਿਧਾਨ ਅੰਦਰ ਆਜ਼ਾਦ ਭਾਰਤ ਦੀ ਕਿਹੋ ਜਿਹੀ ਤਸਵੀਰ ਹੋਵੇ ? ਕਿਉਂਕਿ ਭਾਰਤ ਦੇ ਲੋਕ ਸਦੀਆਂ ਤੱਕ, ‘ਵੱਖੋ-ਵੱਖ ਸਾਮੰਤਵਾਦੀ ਸ਼ਾਸ਼ਕਾਂ, ਮੁਗਲ, ਬਸਤੀਵਾਦੀ ਬਰਤਾਨਵੀ ਸਾਮਰਾਜ ਅਤੇ ਦੇਸ਼ ਅੰਦਰ ਸੈਂਕੜੇ ਰਾਜਾਸ਼ਾਹੀ-ਰਾਜਿਆਂ ਅਧੀਨ ਗੁਲਾਮ ਰਹੇ ਸਨ। ਭਾਰਤ-ਬਹੁਕੌਮੀ, ਬਹੁ-ਬੋਲੀਆਂ, ਧਰਮਾਂ, ਖਿਤਿਆ ਅਤੇ ਵੱਖ-ਵੱਖ ਪ੍ਰੰਪਰਾਵਾਂ ਨਾਲ ਬੱਝਿਆ ਹੋਣ ਕਾਰਨ ਬਹੁਲਤਾਵਾਦੀ ਸੱਭਿਆਚਾਰ ਵਾਲਾ ਇਕ ਦੇਸ਼ ਹੈ। ਇਸ ਨੂੰ ਕਿਵੇਂ ਸਰਵ-ਸਮੱਰਥ ਲੋਕ ਰਾਜੀ ਪ੍ਰਬੰਧ ਵਾਲਾ ਬਣਾਇਆ ਜਾਵੇ ? ਇਹ ਇਕ ਬਹੁਤ ਹੀ ਕਠਨ ਕੰਮ ਸੀ। ਭਾਰਤ ਦੀ ਸੰਵਿਧਾਨ ਦੀ ਰਚਨਾ ਲਈ ਖਰੜਾ ਕਮੇਟੀ, ਸਬ-ਕਮੇਟੀਆਂ ਅਤੇ ਮੈਂਬਰ ਆਦਿ ਸਬੰਧੀ 11-ਦਸੰਬਰ, 1947 ਨੂੰ ਇਕ ਵਿਧਾਨ ਕਮੇਟੀ ਬਣਾਈ ਗਈ। (ਕੰਸਟੀਟਿਊਸ਼ਨਲ ਅਸੰਬਲੀ) ਜਿਸ ਦੇ ‘ਪ੍ਰਧਾਨ ਡਾ: ਰਾਜਿੰਦਰ ਪ੍ਰਸਾਦਿ ਬਣਾਏ ਗਏ। 29-ਅਗਸਤ, 1947 ਨੂੰ ਖਰੜਾ ਕਮੇਟੀ ਦੇ ਮੁੱਖੀ (ਚੇਅਰਮੈਨ) ਡਾ:ਭੀਮ ਰਾਓ ਅੰਬੇਦਕਰ ਜੀ ਨੂੰ ਬਣਾਇਆ ਗਿਆ। ਇਸ ਕਮੇਟੀ ਦੇ ਪਹਿਲਾਂ 389 ਮੈਂਬਰ ਸਨ। ਪਾਕਿਸਤਾਨ-ਭਾਰਤ ਦੀ ਵੰਡ ਕਾਰਨ ਇਹ ਮੈਂਬਰ 299 ਰਹਿ ਗਏ। ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ 2-ਸਾਲ, 11 ਮਹੀਨੇ ਅਤੇ 18 ਦਿਨ ਲੱਗੇ। 26-ਨਵੰਬਰ 1949 ਨੂੰ 248 ਮੈਂਬਰੀ ਸੰਵਿਧਾਨ ਘੜਨੀ ਸਭਾ ਵੱਲੋਂ ਸੰਵਿਧਾਨ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਗਈ। 6-ਸਬ ਕਮੇਟੀਆਂ ਵੱਲੋਂ ਭਾਰਤ ਦੇ ਸੰਵਿਧਾਨ ਅੰਦਰ 315-ਧਰਾਵਾਂ ਅਤੇ 8-ਸੂਚੀਆਂ ਨੂੰ ਥਾਂ ਦਿੱਤੀ ਗਈ। ਬਹਿਸ ਮਗਰੋਂ, ਇਨ੍ਹਾਂ ਧਰਾਵਾਂ ਦੀ ਗਿਣਤੀ 386 ਹੋ ਗਈ ਜੋ ਧਰਾਵਾਂ ਅਤੇ ਸੂਚੀਆਂ ਸਮੇਤ 395 ਪੁੱਜ ਗਈ। ਇਸ ਵਿਧਾਨ ਦੇ ਖਰੜੇ ਵਿੱਚ ਲੱਗਭਗ 7635-ਸੋਧਾਂ ਪੇਸ਼ ਹੋਈਆਂ। ਜਿਨ੍ਹਾਂ ਵਿੱਚੋਂ 2473-ਸੋਧਾਂ ਪ੍ਰਵਾਨ ਕੀਤੀਆਂ ਗਈਆਂ। 29-ਨਵੰਬਰ, 1948 ਨੂੰ ਡਾ: ਭੀਮ ਰਾਓ ਜੀ ਨੇ ਛੂਤ-ਛਾਤ ਨੂੰ ਅਪਰਾਧ ਕਰਾਰ ਦੇਣ ਲਈ ਸਿਫਾਰਿਸ਼ ਕੀਤੀ, ਜੋ ਪ੍ਰਵਾਨ ਕਰ ਲਈ ਗਈ। 26-ਜਨਵਰੀ, 1950 ਨੂੰ ਆਜ਼ਾਦ ਭਾਰਤ ਦਾ ਇਹ ਪਹਿਲਾ ਸੰਵਿਧਾਨ ਪਾਸ ਹੋਣ ਉਪਰੰਤ ਲਾਗੂ ਹੋ ਗਿਆ। ਡਾ: ਭੀਮ ਰਾਓ ਅੰਬੇਦਕਰ ਨੇ ਇਸ ਮੌਕੇ ਫਿਰ ਕਿਹਾ, ‘ਕਿ ਭਾਵੇਂ ਅਸੀਂ ਰਾਜਸੀ ਤੌਰ ‘ਤੇ ਬਰਾਬਰ ਹੋ ਗਏ ਹਾਂ। ਪਰ ਆਰਥਿਕ ਤੌਰ ‘ਤੇ ਨਾ-ਬਰਾਬਰ ਹੋਵਾਂਗੇ। ! ਜਿੰਨੀ ਛੇਤੀ ਹੋ ਸਕੇ, ਸਾਨੂੰ ਇਹ ਨਾ-ਬਰਾਬਰਤਾ ਵਾਲਾ ਵਿਤਕਰਾ ਦੂਰ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਉਹ ਵਰਗ ਜੋ ਇਸ ਵਿਤਕਰੇ ਦਾ ਸ਼ਿਕਾਰ ਹਨ, ਲੋਕ ਰਾਜੀ ਪਾਰਲੀਮਾਨੀ ਢਾਂਚੇ ਤੋਂ ਦੂਰ ਹੋ ਜਾਣਗੇ ਜੋ ਅੱਜ ਸਾਹਮਣੇ ਦਿਸ ਰਿਹਾ ਹੈ ?

ਆਜ਼ਾਦ ਭਾਰਤ ਦੀ ਕੈਬਨਿਟ ਵਿੱਚ ਡਾ: ਭੀਮ ਰਾਓ ਅੰਬੇਦਕਰ ਜੀ ਨੂੰ ਕਾਨੂੰਨ ਮੰਤਰੀ ਦਾ ਅਹੁੱਦਾ ਦਿੱਤਾ ਗਿਆ। ਪਰ ਹਿੰਦੂ ਕੋਡ ਬਿਲ ‘ਤੇ ਮੱਤਭੇਦ ਹੋਣ ਕਾਰਨ ਅੰਬੇਦਕਰ ਨੇ ਨਹਿਰੂ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ। ਅਗਲੀਆ ਲੋਕ ਸਭਾ ਚੋਣਾਂ ਵਿੱਚ ਉਹ ਸਫਲ ਨਹੀਂ ਹੋ ਸਕੇ। ਰਾਜਨੀਤਕ ਸੰਘਰਸ਼ਾਂ, ‘ਆਪਣੇ ਕੱਟੜ ਵਿਰੋਧੀਆਂ ਦੇ ਰਾਜਨੀਤਕ ਹਮਲਿਆਂ ਅਤੇ ਅਪਮਾਨਾਂ ਦੇ ਕਾਰਨ ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਖਤ ਬਿਮਾਰ ਰਹਿਣ ਲੱਗੇ ਪਏ। ਉਹ ਸ਼ੂਗਰ ਜਿਹੀ ਭਿਆਨਕ ਬਿਮਾਰੀ ਦੇ ਮਰੀਜ਼ ਬਣ ਗਏ। ਪਰ ਉਨ੍ਹਾਂ ਹੌਸਲਾ ਨਾ ਹਾਰਿਆ। ਉਨ੍ਹਾਂ ਨੂੰ ਆਪਣੇ ਤੋਂ ਛੋਟੀ ਉਮਰ ਦੀ ਬ੍ਰਾਹਮਣ ਲੜਕੀ ਨਾਲ ਸ਼ਾਦੀ ਰਚਾਉਣ ਕਾਰਨ ਵਿਰੋਧੀਆਂ ਵੱਲੋਂ ਇਸ ਨੂੰ ਬਹੁਤ ਉਛਾਲਿਆ ਗਿਆ। ਪਰ ਬਾਬਾ ਸਾਹਿਬ ਤਾਂ ਹਿੰਦੂ ਕੋਡ ਬਿਲ ਰਾਹੀਂ ਭਾਰਤੀ ਇਸਤਰੀਆਂ ਨੂੰ ਪਹਿਲਾ ਹੀ ਆਤਮ-ਸਨਮਾਨ ਦੇ ਚੁੱਕੇ ਸਨ। ਮੌਜੂਦਾ ਭਾਰਤੀ ਸੰਵਿਧਾਨ ਜੋ ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵੱਲੋਂ ਭਾਰਤੀ ਲੋਕਾਂ ਨੂੰ 20ਵੀਂ ਸਦੀ ਲਈ ਇਕ ਬਹੁਤ ਵੱਡੀ ਦੇਣ ਹੈ, ਜੋ ਅੱਜ ਹਰ ਪਾਸੇ ਤੋਂ ਹਮਲਿਆਂ ਦਾ ਸ਼ਿਕਾਰ ਹੈ। ਉਸ ਦੇ ਮੂਲ ਢਾਂਚੇ, ਸਪਿਰਿਟ ਅਤੇ ਨਿਸ਼ਾਨੇ ਨੂੰ, ਜੋ ਭਾਰਤ ਦੇ ਬਹੁ-ਕੌਮੀ, ਬਹੁ-ਧਰਮਾਂ, ਬੋਲੀਆਂ ਅਤੇ ਸੰਸਕਰਨਾਂ ਨੂੰ ਇੱਕ ਭਾਰਤ ਵਿੱਚ ਸਮੋਅ ਨੇ ਬੈਠਾ ਹੈ। ਉਸ ਨੂੰ ਯੂਨੀਟਰੀ, ਇੱਕ ਧਰਮ-ਪੱਖੀ ਬਣਾਉਣ ਅਤੇ ਹੇਠਲੇ ਪੱਧਰ ਤੋਂ ਲੋਕ ਰਾਜੀ ਸ਼ਕਤੀਆ ਨੂੰ ਖੋਹਣ ਲਈ ਹਮਲੇ ਤੇਜ਼ ਹੋ ਗਏ ਹਨ। ਇਹ ਹਮਲੇ ਭਾਰਤ ਦੀ ਧਰਮ-ਨਿਰਪੱਖਤਾ, ਸਮਾਜਵਾਦੀ ਸੋਚ, ਸੰਘੀਆਤਮਿਕ ਢਾਂਚੇ ਅਤੇ ਪਾਰਲੀਮਾਨੀ ਜਮਹੂਰੀਅਤ ਨੂੰ ਤੋੜਨ ਵੱਲ ਸੇਧਤ ਹਨ। ਇਨ੍ਹਾਂ ਮਨ-ਸੂਬਿਆਂ ਵਿਰੁੱਧ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ, ਅੱਜ ‘ਡਾ: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਯਾਦ ਕਰਦੇ ਹੋਏ, ਇਹ ਸੰਕਲਪ ਲਈਏ ਕਿ ਰਾਜ ਸਤਾ ਦੇ ਕਾਬਜ਼ ਹਾਕਮਾਂ ਦੇ ਮਾੜੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵਾਂਗੇ। ਮਹਾਨ ਸਖਸ਼ੀਅਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ 6-ਦਸੰਬਰ, 1956 ਨੂੰ ਦਿੱਲੀ ਵਿਖੇ ਦੇਸ਼ ਵਾਸੀਆਂ ਨੂੰ ਸਦਾ ਲਈ ਸਦੀਵੀਂ ਵਿਛੋੜਾ ਦੇ ਗਏ ਸਨ।

- Advertisement -

ਸੰਪਰਕ: 91-9217997445
ਕੈਲਗਰੀ (ਕੈਨੇਡਾ): 001-403-285-4208

Share this Article
Leave a comment