ਦੁਆਬੇ ਵਿੱਚ ਉੱਤਰ ਪ੍ਰਦੇਸ਼ ਦੀ ਕੁੜੀ ਬਣੀ ਪਟਵਾਰੀ

TeamGlobalPunjab
6 Min Read

-ਅਵਤਾਰ ਸਿੰਘ

 

ਮੇਰੇ ਇਕ ਦੋਸਤ ਦੇ ਨਜ਼ਦੀਕੀ ਫੌਜੀ ਗੁਰਮੇਲ ਸਿੰਘ ਨੇ ਇਕ ਵਾਰ ਦੱਸਿਆ ਸੀ ਕਿ ਨੇੜਲੇ ਪਿੰਡ ਢਾਹਾਂ ਕਲੇਰਾਂ ਜ਼ਿਲਾ ਨਵਾਂ ਸ਼ਹਿਰ ‘ਚ ਰੋਗੀਆਂ ਦੀ ਸੇਵਾ ਲਈ ਇਕ ਮਿਸ਼ਨਰੀ ਹਸਪਤਾਲ ਬਣਨ ਲੱਗਾ ਹੈ। ਉਥੇ ਜਾ ਕੇ ਦੇਖਿਆ ਤਾਂ ਕੱਲਰ ਜ਼ਮੀਨ ਦੇ ਚਿੱਕੜ ‘ਚ ਇਮਾਰਤ ਦੀ ਨੀਂਹ ਰੱਖੀ ਜਾ ਰਹੀ ਸੀ। ਬਾਬਾ ਬੁੱਧ ਸਿੰਘ ਢਾਹਾਂ ਇਮਾਰਤ ਦੀ ਉਸਾਰੀ ਦੀ ਕਾਰ ਸੇਵਾ ਆਪਣੇ ਹੱਥੀਂ ਕਰਾ ਰਹੇ ਸੀ। ਕਿੱਕਰ ਥੱਲੇ ਬੈਠੇ ਬਾਬਾ ਜੀ ਨੇ ਆਪਣੇ ਮਿਸ਼ਨ ਬਾਰੇ ਦੱਸਿਆ ਸੀ ਕਿ ਕਾਕਾ ਅਸੀਂ ਬਾਬੇ ਨਾਨਕ ਦੇ ਮਿਸ਼ਨ ਨੂੰ ਲੈ ਕੇ ਤੁਰੇ ਆ ਤੇ ਇੱਥੇ ਹਸਪਤਾਲ ਬਣਾ ਕੇ ਲੋਕਾਂ ਦੇ ਇਲਾਜ ਦੀ ਸੇਵਾ ਕਰਾਂਗੇ। ਉਨ੍ਹਾਂ ਦੇ ਮੂੰਹ ਵਿਚੋਂ ਨਿਕਲੇ ਇਹ ਸ਼ਬਦ ਕੁਝ ਹੀ ਸਮੇਂ ਵਿੱਚ ਪੂਰੇ ਹੋਣ ਲੱਗ ਪਏ। ਹਸਪਤਾਲ ਦੀ ਇਮਾਰਤ ਉਸਾਰੀ ਲਈ ਸਹਿਯੋਗੀ ਅੱਗੇ ਆਉਣ ਲੱਗ ਪਏ।

ਢਾਹਾਂ ਕਲੇਰਾਂ ਦੀ ਜੂਹ ‘ਚ ਬਾਬਾ ਬੁੱਧ ਸਿੰਘ ਢਾਹਾਂ ਦੀ ਇਹੀ ਸੇਵਾ ਅੱਜ ਇਲਾਕੇ ਲਈ ਵਰਦਾਨ ਬਣੀ ਹੋਈ ਹੈ। ਰਿਆਇਤੀ ਦਰਾਂ ‘ਤੇ ਸਿਹਤ ਸਹੂਲਤਾਂ ਦੇਣ ਦਾ ਮਿਸ਼ਨ ਧਾਰ ਕੇ ਘਰੋਂ ਤੁਰੇ ਬਾਬਾ ਬੁੱਧ ਸਿੰਘ ਢਾਹਾਂ ਨੇ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਖ਼ੈਰ ਪਾਈ। ਫੇਰ ਦਾਨੀਆਂ ਅਤੇ ਐਨਆਰਆਈ ਵਲੋਂ ਮਿਲੇ ਸਾਥ ਨੇ ਹੌਸਲਾ ਬੰਨ੍ਹ ਦਿੱਤਾ। ਇਸ ਤਰ੍ਹਾਂ ਬਾਬਾ ਬੁੱਧ ਸਿੰਘ ਢਾਹਾਂ ਦਾ ਕਾਫ਼ਲਾ ਵਧਣਾ ਸ਼ੁਰੂ ਹੋ ਗਿਆ। ਕਾਫਲੇ ਨਾਲ ਜੁੜ ਕੇ ਇਲਾਕੇ ਦੇ ਹਰ ਮਾਈ ਭਾਈ ਨੇ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬਾਬਾ ਜੀ ਨੇ ਮੁੜ ਪਿਛੇ ਨਹੀਂ ਦੇਖਿਆ।

- Advertisement -

ਇਸ ਦੌਰਾਨ ਇਕ ਅਜਿਹੀ ਦਿਲਚਸਪ ਘਟਨਾ ਵਾਪਰੀ ਕਿ ਇਸ ਕਾਫ਼ਲੇ ‘ਚ ਉੱਤਰ ਪ੍ਰਦੇਸ਼ ਦਾ ਇਕ ਪਰਿਵਾਰ ਜੁੜ ਗਿਆ। ਪਰਿਵਾਰ ਦਾ ਮੁਖੀਆ ਸੀ ਓਮ ਪ੍ਰਕਾਸ਼ ਤੇ ਕਮਲਾ ਦੇਵੀ ਉਸ ਦੀ ਪਤਨੀ ਵੀ ਕਾਫਲੇ ਦਾ ਹਿੱਸਾ ਬਣ ਗਏ। ਉਹ ਰੁਜ਼ਗਾਰ ਤੇ ਦੋ ਡੰਗ ਦੀ ਰੋਟੀ ਲਈ ਕੰਮ ਧੰਦਾ ਕਰਨ ਪੰਜਾਬ ਆਏ ਸਨ। ਉਨ੍ਹਾਂ ਦਾ ਸਫਰ ਮੁੱਕਿਆ ਆ ਕੇ ਢਾਹਾਂ ਕਲੇਰਾਂ। ਇਥੇ ਉਹਨਾਂ ਦਾ ਮੇਲ ਬਾਬਾ ਬੁੱਧ ਸਿੰਘ ਢਾਹਾਂ ਨਾਲ ਹੋਇਆ ਤਾਂ ਉਹਨਾਂ ਨੂੰ ਰੋਟੀ ਵੀ ਮਿਲੀ ਤੇ ਰੋਜ਼ੀ ਵੀ। ਓਮ ਪ੍ਰਕਾਸ਼ ਨੇ ਮਾਲੀ ਦਾ ਕੰਮ ਸ਼ੁਰੂ ਕੀਤਾ ਤੇ ਕਮਲਾ ਦੇਵੀ ਮਰੀਜ਼ਾਂ ਲਈ ਖਾਣਾ ਬਣਾਉਣ ਲੱਗ ਗਈ। ਦੋਵਾਂ ਨੇ ਸਖ਼ਤ ਮਿਹਨਤ ਤੇ ਵਿਸ਼ਵਾਸ਼ ਨਾਲ ਸੇਵਾਦਾਰੀ ਦੀਆਂ ਡਿਊਟੀਆਂ ਨਿਭਾਈਆਂ। ਹਸਪਤਾਲ ਦੇ ਵਿਹੜੇ ‘ਚ ਓਮ ਪ੍ਰਕਾਸ਼ ਦੇ ਹੱਥੀਂ ਲੱਗੇ ਪੌਦੇ ਅੱਜ ਰੁੱਖ ਬਣ ਕੇ ਛਾਂ ਤੇ ਫ਼ਲ ਦੇਣ ਯੋਗ ਹੋ ਗਏ ਹਨ। ਇਸੇ ਤਰ੍ਹਾਂ ਓਮ ਪ੍ਰਕਾਸ਼ ਦਾ ਪਰਿਵਾਰ ਵੀ ਵਧਣਾ ਫੁੱਲਣਾ ਸ਼ੁਰੂ ਹੋ ਗਿਆ। ਓਮ ਪ੍ਰਕਾਸ਼ ਤੇ ਕਮਲਾ ਦੀ ਮੇਹਨਤ ਰੰਗ ਲਿਆਉਣ ਲੱਗੀ। ਉਨ੍ਹਾਂ ਦੇ ਘਰ ਦੋ ਧੀਆਂ ਤੇ ਇਕ ਪੁੱਤਰ ਨੇ ਜਨਮ ਲਿਆ। ਓਮ ਪ੍ਰਕਾਸ਼ ਤੇ ਕਮਲਾ ਨੂੰ ਬਾਬਾ ਜੀ ਦੇ ਮਿਲੇ ਅਸ਼ੀਰਵਾਦ ਸਦਕਾ ਵੱਡੀ ਧੀ ਅਨੀਤਾ ਇੱਥੇ ਹੀ ਨਰਸਿੰਗ ਦਾ ਕੋਰਸ ਕਰਕੇ ਨਰਸਿੰਗ ਅਧਿਆਪਕਾ ਬਣ ਗਈ ਤੇ ਦੂਜੀ ਲਲਿਤਾ ਪੜ ਲਿਖ ਕੇ ਪਟਵਾਰੀ ਲੱਗ ਗਈ। ਜਦੋਂਕਿ ਲੜਕਾ ਸੁਦੇਸ਼ ਇਲੈਕਟਰੋਨਿਕਸ ਦੀ ਡਿਗਰੀ ਪ੍ਰਾਪਤ ਕਰਕੇ ਬੰਗਲੌਰ ‘ਚ ਨੌਕਰੀ ਕਰ ਰਿਹਾ ਹੈ। ਉਹਨਾਂ ਦੀ ਮਿਹਨਤ ਨੂੰ ਇਸ ਕਦਰ ਫ਼ਲ ਲੱਗਾ ਕਿ ਅੱਜ ਉਹਨਾਂ ਦੀ ਗ੍ਰਹਿਸਥ ‘ਚ ਰੌਣਕਾਂ ਵਾਸ ਕਰ ਰਹੀਆਂ ਹਨ। ਓਮ ਪ੍ਰਕਾਸ਼ ਤੇ ਕਮਲਾ ਦੇਵੀ ਦੀ ਕਿਰਤ ਨੂੰ ਬਰਕਤਾਂ ਪਈਆਂ ਤੇ ਉਹਨਾਂ ਦੇ ਬੱਚੇ ਬਰਾਬਰ ਦੇ ਹੋ ਕੇ ਕੰਮੀਂ ਕਾਰੀਂ ਲੱਗੇ। ਇਸ ਸਾਰੇ ਪ੍ਰਤਾਪ ਪਿੱਛੇ ਬਾਬਾ ਬੁੱਧ ਸਿੰਘ ਢਾਹਾਂ ਹੋਰਾਂ ਵਲੋਂ ਸਥਾਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਸਿਰ ਸਿਹਰਾ ਬੱਝਦਾ ਹੈ।

ਓਮ ਪ੍ਰਕਾਸ਼ ਤੇ ਕਮਲਾ ਦੇਵੀ ਦੱਸਦੇ ਹਨ ਕਿ ਬਾਬਾ ਜੀ ਅਕਸਰ ਆਖਦੇ ਸਨ ਕਿ ਤੁਸੀਂ ਬੱਚਿਆਂ ਨੂੰ ਪੜ੍ਹਾਓ ਤੇ ਉਹ ਟੱਬਰ ਦੀ ਕਿਸਮਤ ਬਦਲ ਦੇਣਗੇ। ਉਹ ਅੱਜ ਕਦੇ ਬਾਬੇ ਦੇ ਬੋਲਾਂ ਤੇ ਕਦੇ ਢਾਹਾਂ ਕਲੇਰਾਂ ਦੀ ਧਰਤੀ ਨੂੰ ਨਮਨ ਕਰਦੇ ਹਨ। ਦੋਵਾਂ ਦਾ ਕਹਿਣ ਹੈ ਕਿ ਉਹਨਾਂ ਦੀ ਜਨਮ ਭੂਮੀ ਭਾਵੇਂ ਉੱਤਰ ਪ੍ਰਦੇਸ਼ ਹੈ ਪਰ ਕਰਮ ਭੂਮੀ ਪੰਜਾਬ ਹੈ ਅਤੇ ਸਾਡੀ ਜ਼ਿੰਦਗੀ ਨੂੰ ਸਵਰਗ ਬਣਾਉਣ ਵਾਲੇ ਢਾਹਾਂ ਕਲੇਰਾਂ ਸਾਡੇ ਸਾਹਾਂ ‘ਚ ਵਸੀ ਹੋਈ ਹੈ।

ਹਸਪਤਾਲ ‘ਤੇ ਵੱਡੇ ਸੜਕੀਂ ਹਾਦਸਿਆਂ ਦੇ ਜਖ਼ਮੀਆਂ ਦਾ ਅਧੁਨਿਕ ਤਕਨੀਕ ਨਾਲ ਇਲਾਜ਼ ਕਰਨ ਲਈ ਜਿਹੜੇ ਟਰੌਮਾਂ ਸੈਂਟਰ ਦਾ ਸੁਪਨਾ ਲਿਆ ਗਿਆ ਸੀ ਉਹ ਬਾਬਾ ਬੁੱਧ ਸਿੰਘ ਢਾਹਾਂ ਦੇ ਨਾਂ ‘ਤੇ ਰੱਖਿਆ ਗਿਆ ਹੈ। ਇੱਥੇ ਮਰੀਜ਼ਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਵੀ ਲੰਗਰ ਦਿੱਤਾ ਜਾਂਦਾ ਹੈ। ਕੋਰੋਨਾ ਸੰਕਟ ਦੇ ਮਰੀਜ਼ਾਂ ਲਈ ਹਸਪਤਾਲ ‘ਚ ਸੌ ਬੈੱਡ ਦਾ ਵਿਸ਼ੇਸ਼ ਵਾਰਡ ਬਣਾ ਕੇ ਸਰਕਾਰ ਨੂੰ ਦਿੱਤਾ ਗਿਆ।

ਇੱਕ ਦਿਨ ਬਾਬਾ ਬੁੱਧ ਸਿੰਘ ਢਾਹਾਂ ਦੀਆਂ ਗੱਲਾਂ ਕਰਦਿਆਂ ਟਰੱਸਟੀਆਂ ਨੇ ਦੱਸਿਆ ਕਿ ਬਾਬਾ ਬੁੱਧ ਸਿੰਘ ਬਹੁਤ ਸਿਰੜੀ ਇਨਸਾਨ ਸਨ। ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਅਸੀਂ ਜਦੋਂ ਬਾਬਾ ਜੀ ਨੂੰ ਇਸ ਮਿਸ਼ਨ ਬਾਰੇ ਪੁਛਦੇ ਹੁੰਦੇ ਸੀ ਤਾਂ ਉਹ ਇੱਕ ਘਟਨਾ ਦਾ ਜ਼ਿਕਰ ਕਰਦੇ ਹੁੰਦੇ ਸਨ। ਬਾਬਾ ਜੀ ਦੱਸਦੇ ਸੀ ਕਿ ਇੱਕ ਵਾਰ ਉਹਨਾਂ ਦੇ ਪਿੰਡ ਕੋਲ ਐਕਸੀਡੈਂਟ ਹੋ ਗਿਆ। ਐਕਸੀਡੈਂਟ ‘ਚ ਦੋ ਬੰਦੇ ਗੰਭੀਰ ਜਖ਼ਮੀਂ ਹੋ ਗਏ। ਉਹਨਾਂ ਦਾ ਇਲਾਜ਼ ਕਰਾਉਣ ਲਈ ਲਾਗੇ ਵੱਡਾ ਹਸਪਤਾਲ ਨਹੀਂ ਲੱਭਾ ਤੇ ਉਹ ਚੰਡੀਗੜ੍ਹ ਜਾਂਦਿਆਂ ਰਾਹ ‘ਚ ਹੀ ਦਮ ਤੋੜ ਗਏ। ਇਸ ਘਟਨਾ ਦਾ ਬਾਬੇ ਨੂੰ ਬਹੁਤ ਸਦਮਾ ਲੱਗਾ ਤੇ ਉਹਨਾਂ ਮਨ ‘ਚ ਸੰਕਲਪ ਲਿਆ ਕਿ ਆਪਾਂ ਇੱਕ ਦਿਨ ਇਸ ਇਲਾਕੇ ‘ਚ ਵੱਡਾ ਹਸਪਤਾਲ ਬਣਾਵਾਂਗੇ। ਤੇ ਅੱਜ ਉਹਨਾਂ ਦੇ ਉਸੇ ਸੰਕਲਪ ਕਰਕੇ ਢਾਹਾਂ ਕਲੇਰਾਂ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਇਲਾਕੇ ਭਰ ‘ਚ ਉਦਾਹਰਣ ਬਣ ਚੁਕਾ ਹੈ।

ਸੰਪਰਕ: 7888973676

- Advertisement -
Share this Article
Leave a comment