ਉਮੀਦਵਾਰਾਂ ਵੱਲੋਂ ਪ੍ਰਚਾਰ ਤੇ ਜ਼ੋਰ ‘ਤੇ ਪੁਲੀਸ ਵੱਲੋਂ  ਨਸ਼ਿਆਂ ਦੀ ਪਕੜ ਧਕੜ! ਪੰਜਾਬ ਸਿਓਂ ਕਿਸਦੀ ਆਵੇਗੀ ਸਰਕਾਰ ! 

TeamGlobalPunjab
7 Min Read
ਬਿੰਦੁੂ ਸਿੰਘ
ਵੋਟਾਂ ਪੈਣ ਨੂੰ ਆਖ਼ਰੀ ਸੱਤ ਦਿਨ ਰਹਿ ਗਏ ਹਨ। ਸਿਆਸੀ ਪਾਰਟੀਆਂ ਵੱਲੋਂ ਜਿਥੇ ਪੂਰੇ ਜ਼ੋਰ ਸ਼ੋਰ ਨਾਲ ਵੋਟਰਾਂ ਨੂੰ ਆਪਣੇ ਤੱਕ ਖਿੱਚ ਕੇ ਲਿਆਉਣ ਲਈ ਅਜੇ ਤਾਂ ਉਨ੍ਹਾਂ ਦੇ ਦਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਕੋਈ ਮੁਫ਼ਤ ਸਹੂਲਤਾਂ ਦਾ ਪਟਾਰਾ ਚੱਕੀ ਫਿਰਦੈ , ਕੋਈ ਆਪਣੇ ਕੀਤੇ ਕੰਮਾਂ ਤੇ ਆਪਣੀ ਸਰਕਾਰ ਦੇ 111 ਦਿਨਾਂ ਦੀਆਂ ਮੱਲਾਂ ਮਾਰੀਆਂ ਗਿਣਾ ਰਿਹਾ ਹੈ।
ਕੋਈ ਕਹਿ ਰਿਹਾ ਹੈ ਕਿ ਉਹੀ ਹੇੈ ਪੰਜਾਬ ਤੇ ਪੰਜਾਬੀਆਂ ਦੀ ਅਸਲੀ ਨੁਮਾਇੰਦਾ ਪਾਰਟੀ ਹੈ ਇਸ ਲਈ ਵੋਟਾਂ ਉਨ੍ਹਾਂ ਨੂੰ ਪਾਓ। ਇਨ੍ਹਾਂ ਦਾ ਵੀ ਕਹਿਣਾ ਹੈ  ਕਿ ਇੱਕ ਪਾਰਟੀ ਬਾਹਰੋਂ ਪੰਜਾਬ ‘ਚ ਆਈ ਹੈ ਤੇ ਦੂਜੀ ‘ਚ ਲਗਾਤਾਰ ਅੰਦਰੂਨੀ ਲੜਾਈ ਹੈ। ਇਕ ਹੋਰ ਪਾਰਟੀ ਦਾ ਕਹਿਣਾ ਹੈ  ਕਿ ਪੰਜਾਬ ਸਰਹੱਦੀ ਇਲਾਕਾ ਹੈ  ਤੇ ਮੌਜੂਦਾ ਸਰਕਾਰ  ਦੇਸ਼ ਦੇ ਪ੍ਰਧਾਨਮੰਤਰੀ ਦੀ ਵੀ ਰੱਖਿਆ ਕਰਨ ‘ਚ ਨਾਕਾਬਲ ਰਹੀ ਹੈ  ਤੇ ਫਿਰ ਹੁਣ ਪੰਜਾਬ ਦੀ ਸੁਰੱਖਿਆ ਕਿਵੇਂ ਕਰੇਗੀ।
ਇਨ੍ਹਾਂ ਸਾਰੀਆਂ ਗੱਲਾਂ ਦੇ ਵਿਚਕਾਰ  ਮੁੱਦੇ ਫਿਰ ਉੱਥੇ ਦੇ ਉੱਥੇ ਖੜ੍ਹੇ ਹਨ। ਸਵਾਲ ਤਾਂ ਫਿਰ ਉਹੀ ਹੈ  ਕਿ ਕਿਹੜੀ ਪਾਰਟੀ  ਰੋਜ਼ਗਾਰ ਦੇ ਵਸੀਲੇ ਮੁਹੱਈਆ ਕਰਵਾਏਗੀ , ਭ੍ਰਿਸ਼ਟਾਚਾਰ ਖ਼ਤਮ ਕਰੇਗੀ, ਸਿੱਖਿਆ ਤੇ ਸਿਹਤ ਨੂੰ ਮੁੱਖ ਮੁੱਦਾ ਬਣਾ ਕੇ ਇਸ ਤੇ ਜ਼ਮੀਨੀ ਪੱਧਰ ਤੇ ਕੰਮ ਕਰੇਗੀ ਤੇ ਪਿਛਲੇ ਕਈ ਵਰ੍ਹਿਆਂ ਤੋਂ  ਪੰਜਾਬ ‘ਚ ਵਗ ਰਹੇ ਛੇਵੇਂ ਦਰਿਆ  ‘ਨਸ਼ਿਆਂ ਦੇ ਵਹਾਅ’ ਨੂੰ ਖ਼ਤਮ ਕਰੇਗੀ, ਠੱਲ੍ਹ ਪਾਵੇਗੀ। ਨਾਲੇ ਹੁਣ ਪਿਛਲੇ ਕੁਝ ਦਿਨਾਂ ਤੋਂ  ‘ਬੇਅਦਬੀ’ ਦਾ ਮੁੱਦਾ ਮੱਧਮ ਤੇ ਫਿੱਕਾ ਪੈ ਗਿਆ ਲੱਗਦਾ ਹੈ ।
ਪਤਾ ਨਹੀਂ ਸਿਆਸੀ ਲੋਕਾਂ ਦੀ ਸੋਚ  ਵਿੱਚ ਕੁਝ ਕਮੀਆਂ ਹਨ  ਜਾਂ ਫਿਰ ਜਨਤਾ ਦੀ ਯਾਦਦਾਸ਼ਤ ਵਿਚੋਂ   ਸ਼ਹਿਦ ਗੱਲਾਂ ਛੇਤੀ ਵਿੱਸਰ ਜਾਂਦੀਆਂ ਹਨ। ਮਹਾਂਮਾਰੀ ਕਰਕੇ  ਚੋਣਾਂ ਚ ਜ਼ਿਆਦਾ ਸਮਾਂ  ਤਾਂ ਪਾਬੰਦੀਆਂ ‘ਚ ਹੀ ਗੁਜ਼ਰ ਗਿਆ  ਤੇ ਉਮੀਦਵਾਰਾਂ ਵੱਲੋਂ ਵੀ  ਵੱਡੀਆਂ ਰੈਲੀਆਂ ਇਕੱਠਾਂ ਦੇ ਪਹਿਲਾਂ ਵਰਗੇ ਮਜਮੇ ਵੇਖਣ ਨੂੰ ਨਹੀਂ ਮਿਲੇ। ਪਰ ਹੁਣ  ਪਾਬੰਦੀਆਂ ‘ਚ ਕੁਝ ਢਿੱਲ ਦਿੱਤੀ ਗਈ ਹੈ  ਤੇ ਰੋਡ ਸ਼ੋਅ ਕੱਢੇ ਜਾ ਰਹੇ ਹਨ , ਆਪਣੀ ਆਪਣੀ ਪਾਰਟੀ ਦੇ ਸਟਾਰ ਪ੍ਰਚਾਰਕਾਂ , ਵੱਡੇ ਲੀਡਰਾਂ  ਵੱਲੋਂ  ਲੋਕਾਂ ਦੇ ਇਕੱਠ ਨੂੰ ਵੋਟਾਂ ‘ਚ ਤਬਦੀਲ ਕਰਨ ਦੀ ਪੂਰੀ ਵਾਅ ਲੱਗੀ ਹੋਈ ਹੈ।
ਇਸ ਵਾਰ ਤਕਰੀਬਨ  ਸਾਰੀਆਂ ਹੀ ਪਾਰਟੀਆਂ  ਦੇ ਕਈ  ਉਮੀਦਵਾਰਾਂ ਵੱਲੋਂ ਆਪਣੇ ਪਰਿਵਾਰ  ਖ਼ਾਸ ਤੌਰ ਤੇ ਮਹਿਲਾ ਮੈਂਬਰਾਂ  ਨੁੂੰ ਵੀ ਚੋਣ ਮੁਹਿੰਮ ‘ਚ ਪ੍ਰਚਾਰ ਕਰਨ ਵਾਸਤੇ ਉਤਾਰਿਆ  ਗਿਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ  ਅਰਵਿੰਦ ਕੇਜਰੀਵਾਲ ਆਪਣੀ ਪਤਨੀ  ਤੇ ਬੇਟੀ ਨਾਲ  ਪੰਜਾਬ  ਵਿੱਚ ਦੌਰਾ ਕਰ ਰਹੇ ਨੇ  ਤੇ ਖਾਸ ਤੌਰ ਤੇ ਉਨ੍ਹਾਂ ਨੇ ਪਾਰਟੀ ਦਾ ਮੁੱਖ ਮੰਤਰੀ ਚਿਹਰਾ  ਭਗਵੰਤ ਮਾਨ ਲਈ  ਵੋਟਾਂ ਮੰਗੀਆਂ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ  ਦੀ ਧੀ  ਨੇ ਵੀ ਆਪਣੇ ਪਿਤਾ ਲਈ  ਘਰ ਘਰ ਜਾ ਕੇ ਪ੍ਰਚਾਰ ਕਰਨ ਤੇ ਵੋਟਾਂ ਮੰਗਣ  ਲਈ ਵਹੀਰਾਂ ਘੱਤੀਆਂ ਹੋਈਆਂ ਹਨ। ਹੁਣ ਜੇ ਗੱਲ ਕਰੀਏ ਪੰਜਾਬ ਕਾਂਗਰਸ ਦੇ ਪ੍ਰਧਾਨ  ਦੀ , ਪਿਛਲੇ ਕਈ ਦਿਨਾਂ ਤੋਂ  ਫਿਰ ਕੋਈ ਨਾ ਕੋਈ ਵਿਵਾਦ  ਉਨ੍ਹਾਂ ਦੇ ਆਲੇ ਦੁਆਲੇ  ਘਿਰਾਓ ਕਰਦਾ ਨਜ਼ਰ ਆਇਆ  ਪਰ ਇਸ ਵਿੱਚ ਵਿਚਾਲੇ  ਉਨ੍ਹਾਂ ਦੀ ਧੀ ਵੀ , ਪਿਤਾ ਦੀ  ਖ਼ੈਰ ਸੁੱਖ ਮੰਗਦੀਆਂ  ਤੇ ਲੋਕਾਂ ਨੂੰ ਸਮਝਾਉਂਦਿਆਂ ਕਿ ਉਨ੍ਹਾਂ ਦੇ ਪਿਤਾ ਪੰਜਾਬ ਲਈ ਕਿੰਨੇ ਗੰਭੀਰ ਤੇ ਸੰਜੀਦਾ ਹਨ, ਲੋਕਾਂ ਨੂੰ ਮਿਲ ਰਹੀ ਹੈ ਤੇ ਮੀਡੀਆ ਦੇ ਤਿੱਖੇ ਸਵਾਲਾਂ  ਦਾ ਵੀ ਸਾਹਮਣਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਚ ਲੱਗੀ ਹੋਈ ਹੈ। ਪੰਜਾਬ ਨੂੰ ਅਗਲੀ  ਸਰਕਾਰ ਕਿਹੜੀ ਮਿਲੇਗੀ ਤੇ ਮੁੱਖ ਮੰਤਰੀ ਕੌਣ ਬਣੇਗਾ ਇਹ ਗੱਲ ਅਜੇ ਅੱਗੇ ਦੀ ਹੈ।
ਪਰ  ਚੋਣ ਕਮਿਸ਼ਨ ਦੇ ਹੱਥਾਂ ਚ ਇਸ ਸਮੇਂ ਸੂਬੇ ਦੀ ਕਮਾਨ ਹੈ  ਤੇ ਸਾਰਾ ਸਰਕਾਰੀ ਅਮਲਾ  ਇਸ ਵਕਤ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਹੀ ਕੰਮਕਾਜ ਕਰ ਰਿਹਾ ਹੈ। ਇਨ੍ਹਾਂ ਦਿਨਾਂ ਚ ਸੁਰੱਖਿਆ ਏਜੰਸੀਆਂ ਨੇ  ਕਾਰਵਾਈ ਕਰਦੇ ਹੋਏ  33 ਕਿੱਲੋ ਹੈਰੋਇਨ  , 4407 ਕਿੱਲੋ  ਚੂਰਾ ਪੋਸਤ  ਜ਼ਬਤ ਕੀਤੀ ਹੈ  ਤੇ ਇਸੇ ਨਾਲ  2012 ਦਾ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਵਾਲਾ ਰਿਕਾਰਡ  ਟੁੱਟਿਆ ਹੈ  ਜਦੋਂ ਕਿ ਉਸ ਸਮੇਂ  ਨਸ਼ਿਆਂ ਦਾ ਮੁੱਦਾ ਪਹਿਲੀ ਵਾਰੀ  ਉੱਭਰ ਕੇ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਇਸ ਵਾਰ ਚੋਣ ਜ਼ਾਬਤਾ ਦੇ ਸਮੇਂ ਦੌਰਾਨ  70 ਕਿੱਲੋ ਅਫੀਮ ਤੇ 164 ਕਿੱਲੋ ਗਾਂਜਾ ਵੀ ਪੁਲੀਸ ਨੇ ਜ਼ਬਤ ਕੀਤਾ ਹੈ। ਹੁਣ ਇਨ੍ਹਾਂ ਹਾਲਾਤਾਂ ‘ਚ ਜਿੱਥੇ ਝਾੜੂ ਚੋਣ ਨਿਸ਼ਾਨ ਵਾਲੀ ਪਾਰਟੀ ਦੀ ਗੱਲ ਕਰੀਏ  ਤੇ ਉਨ੍ਹਾਂ ਦੇ ਬਿਆਨਾਂ ਚੋਂ  ਇਹ ਗੱਲ ਸਾਹਮਣੇ ਆਉਂਦੀ ਹੈ ਕਿ  ਹੁਣ ਨਸ਼ੇ ਦਾ ਮੁੱਦਾ ਪੰਜਾਬ ਚ ਕੋਈ ਖ਼ਾਸ ਨਹੀਂ ਹੈ  ਪਰ ਕਮਲ ਦਾ ਫੁੱਲ ਵਾਲੀ ਪਾਰਟੀ ਦਾ ਕਹਿਣਾ ਹੈ  ਕਿ ਨਸ਼ੇ ਦਾ ਮੁੱਦਾ ਗੰਭੀਰ ਹੈ ਤੇ ਜੇਕਰ ਉਨ੍ਹਾਂ ਦੀ ਭਾਈਵਾਲ ਵਾਲੀਆਂ ਪਾਰਟੀਆਂ ਦੀ ਸਰਕਾਰ ਆਉਂਦੀ ਹੈ  ਤੇ ਨਸ਼ੇ ਦੇ ਸੌਦਾਗਰਾਂ ਨੂੰ  ਸਜ਼ਾਵਾਂ ਦਿੱਤੀਆਂ ਜਾਣਗੀਆਂ । ਤੱਕੜੀ ਚੋਣ ਨਿਸ਼ਾਨ ਵਾਲੀ ਪਾਰਟੀ ਦੀ ਦਸ ਸਾਲ ਤਕ ਸੂਬੇ ਚ ਲਗਾਤਾਰ ਸਰਕਾਰ ਬਰਕਰਾਰ ਰਹੀ , ਨਸ਼ੇ ਦਾ ਮੁੱਦਾ ਵੱਡਾ ਬਣ ਗਿਆ , ਹਾਲ ਵਿੱਚ ਆਏ ਉਨ੍ਹਾਂ ਦੇ ਬਿਆਨਾਂ ‘ਚ ਕਹਿਣਾ ਹੈ  ਕਿ ਉਨ੍ਹਾਂ ਦੀ ਪਾਰਟੀ ਬਦਲਾਖੋਰੀ ਦੀ ਨੀਤੀ ਨਾਲ ਚੱਲਣ ਨੂੰ ਸਹੀ ਨਹੀਂ ਮੰਨਦੀ  ਪਰ ਨਸ਼ੇ ਦਾ ਮੁੱਦਾ ਹੈ ਤੇ ਉਨ੍ਹਾਂ ਦੀ ਸਰਕਾਰ ਵਿੱਚ ਹੀ ਇਹ ਮੁੱਦਾ ਉਜਾਗਰ ਵੀ ਕੀਤਾ ਗਿਆ ਸੀ।
ਮੌਜੂਦਾ ਸਰਕਾਰ ਦੇ ਤਿੰਨ ਮਹੀਨੇ ਪਹਿਲੇ ਰਹੇ ਮੁੱਖ ਮੰਤਰੀ  ਜਿਨ੍ਹਾਂ ਨੇ ਹੁਣ ਆਪਣੀ ਪਾਰਟੀ ਬਣਾ ਲਈ ਹੈ  ਉਨ੍ਹਾਂ ਦਾ ਇਸ ਮੁੱਦੇ ਤੇ ਮੰਨਣਾ ਹੈ ਕਿ  ਇਹ ਮੁੱਦਾ ਹਰੇਕ ਸਮਾਜ ਵਿੱਚ  ਮੌਜੂਦ ਹੈ। ਜਦੋਂ ਉਹ ਮੁੱਖ ਮੰਤਰੀ ਸਨ ਉਨ੍ਹਾਂ ਨੇ ਇਸ ਮੁੱਦੇ ਦਾ ਲੱਕ ਤੋੜ ਦਿੱਤਾ ਸੀ  ਪਰ ਇਸ ਮੁੱਦੇ ਨੂੰ ਚੋਣਾਂ ਦਾ ਮੁੱਦਾ ਬਣਾਉਣਾ ਇਕ ਗਲਤੀ ਹੋਵੇਗੀ।
ਪੰਜਾਬ ਸਿਓਂ! ਸਤਿ ਸ੍ਰੀ ਅਕਾਲ! ਕੀ ਹਾਲ ਚਾਲ ਹੈ! ਸੂਬੇ ਚ ਅਗਲੀ ਸਰਕਾਰ ਬਣਾਉਣ ਦੀ ਤਰਤੀਬ  ਚੱਲ ਰਹੀ ਹੈ। ਲੋਕ ਆਪਣੇ  ਟੀ ਵੀ ਸੈੱਟ ਮੂਹਰੇ ਬੈਠ ਕੇ , ਮੋਬਾਈਲਾਂ ‘ਚ , ਜਾਂ ਫਿਰ  ਉਮੀਦਵਾਰਾਂ ਵੱਲੋਂ ਬੂਹੇ ਖੜਕਾਉਣ ਤੇ ਖੋਲ੍ਹ ਕੇ, ਫਿਰ ਇੱਕ ਵਾਰ ਵੇਖ ਸੁਣ ਰਹੇ ਹਨ ਕਿ ਕੌਣ ਬਣੇਗਾ ਲੀਡਰ  ਪੰਜਾਬ ਦਾ, ਕਿਸ ਦੀ ਆਵੇਗੀ ਸਰਕਾਰ? ਸਿਆਸਤਦਾਨਾਂ ਨੁੂੰ  ਆਪਣੀ ਆਪਣੀ ਸਿਆਸਤ ਨੁੂੰ ਬਰਕਰਾਰ ਰੱਖਣ ਲਈ ਭਾਵੇਂ ਫਿਰ ਲੋਕਾਂ ਦੀ ਕਚਹਿਰੀ ‘ਚ ਖੜ੍ਹੇ ਹੋਣਾ ਪੈ ਰਿਹਾ ਹੈ ਪਰ ਮੁੱਦੇ  ਅਜੇ ਵੀ ਖੜ੍ਹੇ ਹਨ  ਤੇ ਪਿਛਲੇ  ਮੁੱਦਿਆਂ ਚੋਂ  ਕੋਈ ਵੀ ਮੁੱਦਾ ਘੱਟ ਨਹੀਂ ਹੋਇਆ ਸਗੋਂ ਹੋਰ ਮੁੱਦੇ ਜੁੜੇ ਹਨ।
ਕੀ ਵੇਖ ਸੁਣ ਕੇ  ਅਤੇ ਕੀ ਅੰਦਾਜ਼ਾ ਲਾ ਇਸ ਵਾਰ ਲੋਕ ਵੋਟਾਂ ਪਾਉਣਗੇ?

Share this Article
Leave a comment