ਨਾ ਬਰਾਬਰੀਆਂ ਵਿਰੁੱਧ ਸੰਘਰਸ਼ ਜ਼ਰੂਰੀ !

TeamGlobalPunjab
21 Min Read

-ਰਾਜਿੰਦਰ ਕੌਰ ਚੋਹਕਾ

ਅੱਜ ਤੋਂ 134 ਸਾਲ ਪਹਿਲਾਂ ਅਮਰੀਕਾ ਦੇ ਸਨਅਤੀ ਸ਼ਹਿਰ ‘ਸ਼ਿਕਾਗੋ’ ਵਿਖੇ ‘ਪਹਿਲੀ ਮਈ 1856’ ਨੂੰ 8 ਘੰਟੇ ਦੀ ਦਿਹਾੜੀ ਨਿਸਚਿਤ ਕਰਵਾਉਣ ਲਈ ਕਿਰਤੀਆਂ ਵੱਲੋਂ ਮਿਲ ਮਾਲਕਾਂ ਵਿਰੁੱਧ ਲੜੇ ਸੰਘਰਸ਼ਾਂ ਦੌਰਾਨ, ਜ਼ਾਬਰ ਹਾਕਮਾਂ ਹੱਥੋਂ ਸ਼ਹੀਦ ਹੋਏ ਮਜ਼ਦੂਰਾਂ ਅਤੇ ਉਨ੍ਹਾਂ ਦੇ ਆਗੂਆਂ ਦੀ ਯਾਦ ਵਿੱਚ ਹਰ ਵਰ੍ਹੇ ‘ਪਹਿਲੀ ਮਈ’ ਸੰਸਾਰ ਭਰ ਦੇ ਕਿਰਤੀਆਂ ਵੱਲੋਂ, ਇਨਕਲਾਬੀ ਸ਼ਰਧਾਂਜਲੀਆਂ ਅਰਪਨ ਕਰਕੇ, ਇੱਕ-ਮੁੱਠਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਦੁਨੀਆਂ ਭਰ ਵਿੱਚ ਸਮੁੱਚੀ ਕਿਰਤੀ-ਜਮਾਤ ਇਸ ਦਿਨ ‘ਤੇ ਇਤਿਹਾਸਕ ਬਰਾਬਰਤਾ ਤੇ ਨਿਆਂ ਅਧੀਨ ਸਮਾਜਿਕ, ਆਰਥਿਕ ਅਤੇ ਰਾਜਨੀਤਕ ਹੱਕਾਂ ਦੀ ਬਰਾਬਰੀ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਨ ਲਈ, ਪਿਛਲੇ ਸੰਘਰਸ਼ਾਂ ਦਾ ਲੇਖਾ-ਜੋਖਾ ਕਰਦੇ ਹੋਏ, ਆਉਣ ਵਾਲੇ ਸਮੇਂ ਲਈ ਨਵੇਂ ਟੀਚੇ ਨਿਰਧਾਰਿਤ ਕਰਦੀ ਹੈ। ਆਪਣੇ ਆਪ ਨੂੰ ਦਰਪੇਸ਼ ਚੁਣੌਤੀਆਂ ਦੇ ਮੁਕਾਬਲੇ ਲਈ ਤਿਆਰ ਕਰਦੀ ਹੈ।

ਮੁੱਢ-ਕਦੀਮਾਂ ਤੋਂ ਹੀ ਮਿਹਨਤਕਸ਼ ਲੋਕਾਂ ਤੇ ਮਜ਼ਦੂਰਾਂ ਦੇ ਸੰਘਰਸ਼ ਦੀ ਦਾਸਤਾਨ ਬਹੁਤ ਲੰਬੀ ਰਹੀ ਹੈ ਅਤੇ ਮਨੁੱਖ ਨੇ ਆਪਣੀ ਹੋਂਦ ਤੋਂ ਹੀ ਸਿਰਜੇ ਮਨੁੱਖੀ ਸਮਾਜ ਦੇ ਇਤਿਹਾਸ ਅੰਦਰ ਕੀਤੇ ਸੰਘਰਸ਼ਾਂ ਰਾਹੀਂ ਹੀ ਉਹ ਅੱਜ, ਇੱਥੇ ਪੁੱਜਿਆ ਹੈ।
ਅਸਲ ਵਿੱਚ ‘ਪਹਿਲੀ ਮਈ ਤਿੰਨ ਵਰੇ ਗੰਢਾਂ’ ਦਾ ਪ੍ਰਤੀਕ ਹੈ। ਪਹਿਲੀ ਦਾ ਸਬੰਧ 1886 ਦੇ ਨਾਲ ਹੈ। ਜਦੋਂ ਅੱਜ ਤੋਂ 134 ਸਾਲ ਪਹਿਲਾਂ ਅਮਰੀਕਾਂ ਦੇ ਸ਼ਹਿਰ ਸ਼ਿਕਾਗੋ ਵਿੱਚ ਅਤੇ ਹੋਰ ਵੱਡੇ ਸਨਅਤੀ ਕੇਂਦਰਾਂ ਵਿੱਚ 8 ਘੰਟੇ ਦੇ ਕੰਮ ਲਈ, ਕੰਮ ਦੀਆਂ ਬਿਹਤਰ ਹਾਲਤਾਂ ਲਈ, ਬਾਲ ਮਜ਼ਦੂਰੀ ਖ਼ਤਮ ਕਰਾਉਣ ਲਈ ਇਸਤਰੀਆਂ ਨਾਲ ਹੋ ਰਹੇ ਵਿਤਕਿਰਆਂ ਨੂੰ ਖ਼ਤਮ ਕਰਾਉਣ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਲਈ ਪਹਿਲੀ ਮਈ 1886 ਨੂੰ ਆਮ ਹੜਤਾਲ ਹੋਈ ਸੀ।

1889 ਨੂੰ ਦੂਜੀ ਕੌਮਾਂਤਰੀ ਕਾਂਗਰਸ ਨੇ ਪਹਿਲੀ ਮਈ ਨੂੰ ਕੌਮਾਂਤਰੀ ਪੱਧਰ ‘ਤੇ ਮਜ਼ਦੂਰਾਂ ਨਾਲ ਇੱਕ-ਮੁੱਠਤਾ ਦੇ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ ਅਤੇ ਤੀਜੀ ਵਰੇ ਗੰਢ 1890 ਵਿੱਚ ਸ਼ੁਰੂ ਹੋਈ ਅਤੇ ਯੂਰਪ ਦੇ ਕਈ ਸ਼ਹਿਰਾਂ ਵਿੱਚ ਸੈਂਕੜੇ ਅਤੇ ਹਜ਼ਾਰਾਂ ਹੀ ਮਜ਼ਦੂਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਇਹ ਦਿਨ ਪਹਿਲੀ ਵਾਰ ਮਨਾਇਆ ਗਿਆ ਅਤੇ ਮਿੱਲ ਮਾਲਕਾਂ ਵਿਰੁੱਧ ਪੁਰ-ਅਮਨ ਢੰਗ ਨਾਲ ਮੁਜ਼ਾਹਰੇ ਕੀਤੇ ਗਏ। ਕਿਰਤੀ ਸ਼੍ਰੇਣੀ ਦੀ ਜਦੋ-ਜਹਿਦ ਦਾ ਇੱਕ ਬਹੁਤ ਹੀ ਲੰਬਾ, ਪੁਰਾਣਾ ਅਤੇ ਗੌਰਵਮਈ ਇਤਿਹਾਸ ਹੈ। ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਕੇਂਦਰੀ ਲੇਬਰ ਯੂਨੀਅਨ ਨੇ 8 ਘੰਟੇ ਦੀ ਦਿਹਾੜੀ ਦੀ ਮੰਗ ਨੂੰ ਲੈ ਕੇ ਸਾਂਝੇ ਤੌਰ ‘ਤੇ ਫੈਸਲਾ ਕੀਤਾ ਸੀ, ਕਿ 8 ਘੰਟੇ ਕੰਮ ਦੇ ਦਿਨ ਦੀ ਪ੍ਰਾਪਤੀ ਲਈ ਪਹਿਲੀ ਮਈ ਨੂੰ ਸਮੁੱਚੇ ਦੇਸ਼ ਵਿੱਚ ਹੜਤਾਲ ਕੀਤੀ ਜਾਵੇ। ਸ਼ਾਮ ਦੇ ਛੇ ਵਜ੍ਹੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਚੌਂਕ ਵਿੱਚ ਇਕੱਠੇ ਹੋ ਗਏ ਅਤੇ ਪੁਰ-ਅਮਨ ਢੰਗ ਨਾਲ ਮੁਜ਼ਾਹਰਾ ਕੀਤਾ। ਆਪਣੀਆਂ ਮੰਗਾਂ ਨੂੰ ਮੁੱਖ ਰੱਖ ਕੇ ਕਿਰਤੀ-ਕਾਮਿਆਂ ਨੇ 3 ਅਤੇ 4 ਮਈ ਨੂੰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪੁਰ-ਅਮਨ ਢੰਗ ਅਤੇ ਤਰਤੀਬ ਵਿੱਚ ਰੋਹ ਭਰੇ ਨਾਅਰੇ ਮਾਰਦੇ ਹੋਏ ਰੈਲੀ ਵਾਲੀ ਜਗ੍ਹਾ ‘ਤੇ ਪਹੁੰਚ ਗਏ। ਮਿਲ ਮਾਲਕ ਤੇ ਅਮਰੀਕੀ ਪੂੰਜੀਪਤੀ ਵਰਗ ਕਿਰਤੀ ਵਰਗ ਦੇ ਪੁਰ-ਅਮਨ ਢੰਗ ਅਤੇ ਤਰਤੀਬ ਵਿੱਚ ਰੋਹ ਭਰੇ ਨਾਅਰਿਆਂ ਤੋਂ ਬੌਖਲਾ ਗਿਆ। ਜਦੋਂ 3 ਮਈ ਸ਼ਾਮ ਨੂੰ ਇੱਕ ਮੁਜ਼ਾਹਰਾ ਕਿਰਤੀ ਵਰਗ ਵੱਲ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਅਤੇ ਫੈਕਟਰੀਆਂ ਦੇ ਮਾਲਕਾਂ ਦੀ ਮਿਲੀ ਭੁਗਤ ਨਾਲ ਝੂਠਾ ਪ੍ਰਚਾਰ ਕੀਤਾ ਗਿਆ, ਕਿ ਰੈਲੀ ਵਿੱਚ ਸ਼ੋਸ਼ਲਿਸਟਾਂ ਨੇ ਹਥਿਆਰਾਂ ਦੀ ਵਰਤੋਂ ਕੀਤੀ ਹੈ। ਇਸ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਪੁਲਿਸ ਦੀ ਗੋਲੀਆਂ ਨਾਲ 6 ਮਜ਼ਦੂਰ ਮੌਕੇ ‘ਤੇ ਹੀ ਸ਼ਹੀਦ ਗਏ ਤੇ ਦਰਜ਼ਨਾਂ ਜ਼ਖਮੀ ਹੋ ਗਏ।

- Advertisement -

ਇਹ ਸਭ ਦਹਿਸ਼ਤ ਪੈਦਾ ਕਰਕੇ ਮਜ਼ਦੂਰਾਂ, ਕਿਰਤੀਆਂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਫੇਲ ਕਰਨ ਦਾ ਛੜਯੰਤਰ ਰੱਚਿਆ ਗਿਆ ਸੀ। ਪਰ ਕਿਰਤੀ ਕਾਮਿਆਂ ਨੇ ਬਿਨਾਂ ਭੜਕਾਹਟ ਦੇ ਹੜਤਾਲ ਜਾਰੀ ਰੱਖੀ। ਕਿਉਂਕਿ ਕਈ ਹੜਤਾਲੀ ਕਾਮੇ ਸ਼ਹੀਦ ਕੀਤੇ ਜਾ ਚੁੱਕੇ ਸਨ ਜਾਂ ਕੰਮਾਂ ਤੋਂ ਕੱਢੇ ਜਾ ਰਹੇ ਸਨ।
ਇਸ ਜ਼ਬਰ-ਜ਼ੁਲਮ ਦੇ ਖਿਲਾਫ਼ 4 ਮਈ 1886 ਨੂੰ ਸ਼ਾਮ ਦੇ 7 ਵਜ੍ਹੇ ‘ਸ਼ਿਕਾਗੋ ਸ਼ਹਿਰ ਦੀ ਹੇਅ-ਮਾਰ-ਕੀਟ’ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਦਾ ਇਕੱਠ ਹੋਇਆ। ਰੈਲੀ ਪੁਰ-ਅਮਨ ਢੰਗ ਨਾਲ ਚੱਲ ਰਹੀ ਸੀ।

ਪਾਰਸ਼ਨ ਨੇ ਮਜ਼ਦੂਰਾਂ ਦੀ ਹਾਲਤ ਬਾਰੇ ਭਾਸ਼ਣ ਦਿੱਤਾ। ਆਖ਼ਰੀ ਬੁਲਾਰਾ ਸੈਮੁਅਲ ਫੀਲਡਨ ਸੀ। ਉਸ ਨੇ ਆਪਣੇ ਹੱਕਾਂ-ਹਿੱਤਾਂ ਦੀ ਰਾਖੀ ਲਈ, ਸਰਮਾਏਦਾਰਾਂ ਵੱਲੋਂ ਗਰੀਬਾਂ ਦੀ ਲੁੱਟ ਖਸੁੱਟ ਅਤੇ ਮਜ਼ਦੂਰਾਂ ਉਪਰ ਮਾਲਕਾਂ ਦੇ ਜ਼ੁਲਮਾਂ ਦੀ ਦਾਸਤਾਨ ਬਿਆਨ ਕੀਤੀ।

ਅਚਾਨਕ ਪੁਲਿਸ ਰੈਲੀ ਕਰ ਰਹੇ ਮਜ਼ਦੂਰਾਂ ਨੂੰ ਘੇਰ ਲਿਆ ਅਤੇ ਆਖ਼ਰੀ ਬੁਲਾਰੇ ਫੀਲਡਨ ਨੂੰ ਸਟੇਜ਼ ਤੋਂ ਧੁਹ ਲਿਆ। ਫਿਰ ਇੱਕ ਜ਼ੋਰਦਾਰ ਬੰਬ ਫੱਟਿਆ। ਪੁਲਿਸ ਨੇ ਮਜ਼ਦੂਰਾਂ ਉਪਰ ਅੰਧਾਂ-ਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਭੱਜੇ ਜਾਂਦੇ ਮਜ਼ਦੂਰਾਂ ਨੂੰ ਘੇਰ ਘੇਰ ਪੁਲਿਸ ਨੇ ਮਾਰਿਆ। ਅਨੇਕਾਂ ਮਜ਼ਦੂਰ ਸ਼ਹੀਦ ਹੋ ਗਏ। ਇੱਕ ਮਾਂ ਨੇ ਆਪਣੇ ਜ਼ਖਮੀ ਬੱਚੇ ਨੂੰ ਯੂਨੀਅਨ ਦੇ ਚਿੱਟੇ ਝੰਡੇ ‘ਚ ਲਪੇਟ ਲਿਆ। ਪੁਲਿਸ ਦੀ ਇੱਕ ਗੋਲੀ ਬੱਚੇ ਦੇ ਜਿਸਮ ਨੂੰ ਚੀਰਦੀ ਹੋਈ ਚੱਲੀ ਤੇ ਮਜ਼ਦੂਰ ਬੱਚੇ ਦੇ ਖੂਨ ਨਾਲ ਚਿੱਟਾ ‘ਝੰਡਾ ਲਾਲ’ ਹੋ ਗਿਆ। ਜਿਸ ਨੂੰ ਸੰਸਾਰ ਦੀ ਸਾਰੀ ਮਜ਼ਦੂਰ ਜਮਾਤ ਨੇ ‘ਲਾਲ ਝੰਡੇ’ ਵੱਜੋਂ ਆਪਣਾ ਲਿਆ ਅਤੇ ਇਸ ਖੂਨੀ ਕਾਂਡ ਵਿੱਚ ਮਜ਼ਦੂਰਾਂ ਦੇ 8 ਹਰਮਨ ਪਿਆਰੇ ਨੇਤਾ ‘ਅਲਬਰਟ ਪਾਰਸਨ, ਆਗਸਤ ਸਪਾਈਸ, ਸ਼ੈਮੁਅਲ-ਫੀਲਡਨ, ਮਾਈਕਲ-ਸ਼ਾਅਬ, ਅਡਾਲਫ ਫਿਸ਼ਰਾ, ਜਾਰਜ ਐਂਗਲ, ਲੂਈ ਲਿੰਗ ਤੇ ਆਸਕਰਨੀਬ’ ਮੁਕੱਦਮਾ ਦਰਜ਼ ਕਰਕੇ ਫੜ ਲਿਆ। ਪ੍ਰੰਤੂ ਪੁਲਿਸ ਪਾਰਸਨ ਨੂੰ ਨਾ ਫੜ ਸਕੀ। ਜਦੋਂ ਪਾਰਸਨ ਨੂੰ ਪਤਾ ਚੱਲਿਆ ਕਿ ਪੁਲਿਸ ਨੇ ਉਸ ਦੇ ਸਾਥੀਆਂ ਨੂੰ ਦੋਸ਼ੀ ਕਰਾਰ ਦੇ ਕੇ ਫੜ ਲਿਆ ਹੈ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗ੍ਰਿਫਤਾਰੀ ਦਿੱਤੀ। ਕਰਮਵਾਰ ਇਨ੍ਹਾਂ ਵਿੱਚੋਂ ਪਹਿਲੇ ਸੱਤਾਂ ਨੂੰ ਸਜ਼ਾਏ ਮੌਤ ਤੇ ਆਸਕਰਨੀਬ ਨੂੰ 15 ਸਾਲ ਦੀ ਕੈਦ ਦੀ ਸਜ਼ਾ ਹੋਈ। ਜਦੋਂ ਕਿ ਮੌਤ ਦੀ ਸਜ਼ਾ ਵਾਲੇ ਨੇਤਾਵਾਂ ਵਿੱਚ ਕੇਵਲ ਦੋ ਹੀ ਸ਼ਿਕਾਗੋ ਦੀ ਰੈਲੀ ਵਿੱਚ ਸ਼ਾਮਲ ਸਨ। ਕਾਨੂੰਨੀ ਲੜਾਈ ਵਿੱਚ ਕੇਵਲ ‘ਫੀਲਡਨ ਅਤੇ ਮਾਈਕਲ’ ਨੂੰ ਹੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲੀ। ਲੂਈ-ਲਿੰਗ ਜ਼ੇਲ ‘ਚ ਮਰ ਗਿਆ। ਬਾਕੀ ਪੰਜਾਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਦਿੱਤੀ ਗਈ। 1886 ਦੇ ਸ਼ਿਕਾਗੋ ਕਾਂਡ ਦੌਰਾਨ ਮਜ਼ਦੂਰਾਂ ਦੇ ਆਗੂਆਂ ਨੂੰ ਜਦੋਂ ਫਾਹੇ ਲਾਇਆ ਜਾ ਰਿਹਾ ਸੀ, ਹਿੰਮਤੀ ਅਤੇ ਗੌਰਵਮਈ ਇਸ ਸ਼ਹਾਦਤ ਦਾ ਸਬੂਤ ਦਿੰਦੇ ਹੋਏ ਇਨ੍ਹਾਂ ਸ਼ਹੀਦਾ ਵਿੱਚੋਂ ਇੱਕ ਸ਼ਹੀਦ ਅਗਸਤ ਸਪਾਈਸ ਦੇ ਅੰਤਮ ਸ਼ਬਦ ਸਨ, “ਕਿ ਇੱਕ ਸਮਾਂ ਆਏਗਾ ! ਜਦੋਂ ਸਾਡੀ ਚੁੱਪ, ਸਾਡੇ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ?”
ਇਨ੍ਹਾਂ ਅਮਰ ਸ਼ਹੀਦਾਂ ਦੀਆਂ ਵੱਡ-ਮੁੱਲੀਆਂ ਕੁਰਬਾਨੀਆਂ ਦੇ ਸਦਕੇ ਹੀ ਅੱਜ ਅਸੀਂ 8 ਘੰਟੇ ਕੰਮ ਕਰਨ ਦਾ ਹੱਕ, ਹਫ਼ਤੇ ਬਾਦ ਛੁੱਟੀ ਤੇ ਹੋਰ ਸਹੂਲਤਾਂ ਮਾਣ ਰਹੇ ਹਾਂ। ਪਰ ਪੰਜ ਬੇ-ਕਸੂਰ ਆਗੂ ਜੋ ਫਾਂਸੀ ‘ਤੇ ਚਾੜ ਦਿੱਤੇ ਗਏ, ਕਿਉਂ ਕਿ ਉਹ ਮੰਗ ਕਰਦੇ ਸਨ ਕਿ ਇਨਸਾਨਾਂ ਨਾਲ ਇਨਸਾਨਾਂ ਵਾਲਾ ਵਰਤਾਉ ਕੀਤਾ ਜਾਵੇ।

ਭੁੱਖਿਆਂ ਲਈ ਰੋਟੀ, ਬੇਕਾਰਾਂ ਲਈ ਰੁਜ਼ਗਾਰ, ਇਸਤਰੀਆਂ ‘ਤੇ ਜ਼ੁਲਮ ਬੰਦ ਕਰਨਾ, ਬਰਾਬਰ ਕੰਮ ਲਈ ਬਰਾਬਰ ਦੀ ਉਜ਼ਰਤ ਤੇ ਬਾਲ ਮਜ਼ਦੂਰੀ ਖ਼ਤਮ ਕੀਤੀ ਜਾਵੇ।“ ਪਰ ! ਪਿਛਲੇ 134 ਸਾਲਾਂ ਦੇ ਇਤਿਹਾਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮਜ਼ਦੂਰ ਜਮਾਤ ਵੱਲੋਂ ਆਪਣੇ ਹੱਕਾਂ-ਹਿੱਤਾਂ ਦੀ ਰਾਖੀ ਲਈ ਚਲਾਈਆਂ ਜਾ ਰਹੀਆਂ ਲਹਿਰਾਂ ਨੂੰ ਦਬਾਇਆਂ ਨਹੀਂ ਜਾ ਸਕਦਾ। ਭਾਵੇਂ ਇਨ੍ਹਾਂ 134 ਸਾਲਾਂ ਵਿੱਚ ਸੰਸਾਰ ਭਰ ਵਿੱਚ ਅਹਿਮ ਘਟਨਾਵਾਂ ਵਾਪਰੀਆਂ ਹਨ, ਪਰ ਫਿਰ ਵੀ ਕੁਲ ਮਿਲਾ ਕੇ ਮਜ਼ਦੂਰ ਜਮਾਤ ਨੇ ਪ੍ਰਾਪਤੀਆਂ ਹੀ ਕੀਤੀਆਂ ਹਨ।

ਪਹਿਲੀ ਮਈ ਦਿਵਸ ਕੋਈ ਰਵਾਇਤੀ ਦਿਹਾੜਾ ਨਹੀਂ ਹੈ। ਇਹ ਲੰਬੇ ਸੰਘਰਸ਼ਾਂ ਦੀ ਗਾਥਾ ਹੈ, ਜੋ ਲੁੱਟੇ ਜਾਣ ਵਾਲਿਆਂ ਨੂੰ ਜਾਗਰੂਕ ਕਰਕੇ ਸੁਚੇਤ ਕਰਦਾ ਹੈ, ਸਹਾਰਾ ਦਿੰਦਾ ਹੈ ਅਤੇ ਹੱਕਾਂ ਲਈ ਜੂਝਣ ਵਾਸਤੇ ਅਥਾਹ ਬੱਲ ਬਖਸ਼ਦਾ ਹੈ। “ਮਈ ਦਿਵਸ ਦੀ ਸਾਰਥਿਕਤਾ ਅੱਜ ਵੀ ਪੂੰਜੀਵਾਦੀਆਂ ਲਈ ਇੱਕ “ਹਊਆ” ਹੈ ?” ਮਈ ਦਿਵਸ ਦੀ ਧਾਰਨਾ ਹੈ ਕਿ ਜਿੱਤ ਕਦੇ ਵੀ ਆਪਣੇ ਆਪ ਨਹੀਂ ਪ੍ਰਾਪਤ ਹੁੰਦੀ ? ਇਸ ਲਈ ਜਥੇਬੰਦ ਹੋ ਕੇ ਸੰਘਰਸ਼ਸ਼ੀਲ ਹੋਣਾ ਪੈਂਦਾ ਹੈ ਅਤੇ ਕੁਰਬਾਨੀ ਦੇਣੀ ਪੈਂਦੀ ਹੈ ?” ਪਹਿਲੀ ਮਈ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ ਅਤੇ ਦੁਨੀਆਂ ਭਰ ਦੇ ਕਿਰਤੀਆਂ ਨੂੰ ਇੱਕ-ਮੁੱਠ ਹੋਣ ਦਾ ਸੱਦਾ ਦਿੰਦਾ ਹੈ। ਜਿਸ ਤੋਂ ਉਤਸ਼ਾਹ ਹੋ ਕੇ ਕਿਰਤੀ ਜ਼ਮਾਤ ਹੱਕਾਂ ਲਈ ਸੰਘਰਸ਼ ਕਰਦੀ ਹੈ। 1917 ਨੂੰ ਮਹਾਨ ਰੂਸੀ ਅਕਤੂਬਰ ਇਨਕਲਾਬ ਦੀ ਉਤਪਤੀ ਤੇ ਸਥਾਪਨਾ ਲਈ ਕਿਰਤੀ ਜਮਾਤ ਨੇ ਬਹੁਤ ਵੱਡਾ ਹਿੱਸਾ ਪਾਇਆ ਸੀ। ਰੂਸੀ ਇਨਕਲਾਬ ਨੇ ਹੀ ਦੁਨੀਆਂ ਅੰਦਰ ਕਿਰਤੀ ਜਮਾਤ ਨੂੰ, ਰਾਜ ਸੱਤਾ ‘ਤੇ ਕਾਬਜ਼ ਹੋਣ ਤੇ ਕਿਰਤੀਆਂ ਦੇ ਰਾਜ ਕਰਨ ਦੀ ਧਾਰਨਾ ਨੂੰ ਅਮਰ ਬਣਾ ਦਿੱਤਾ।

- Advertisement -

ਰੂਸੀ ਇਨਕਲਾਬ ਤੇ ਪਹਿਲੀ ਮਈ ਤੋਂ ਪ੍ਰੇਰਿਤ ਹੋ ਕੇ ਉਤਸ਼ਾਹ ਲੈ ਕੇ ਕਿਰਤੀ ਜਮਾਤ ਨੇ ਭਾਰਤ ਅੰਦਰ ਚੱਲ ਰਹੀਆਂ ‘ਅਜ਼ਾਦੀ ਅਤੇ ਮੁਕਤੀ ਲਹਿਰਾਂ’ ਵਿੱਚ ਆਪਣੀਆਂ ਆਰਥਿਕ ਮੰਗਾਂ ਦੇ ਨਾਲ ਨਾਲ ਕੌਮੀ ਅਜ਼ਾਦੀ ਲਈ ਵੀ ਪੂਰੀ ਸ਼ਿੱਦਤ ਨਾਲ ਬਣਦਾ ਯੋਗਦਾਨ ਪਾਇਆ ਸੀ। ਜਿਸ ਦਾ ਸਦਕਾ ਹੀ ਦੇਸ਼ ਬਰਤਾਨਵੀ ਸਾਮਰਾਜ ਤੋਂ ਆਜ਼ਾਦ ਹੋਇਆ ਸੀ। 1757 ਦੀ ਪਲਾਸੀ ਦੀ ਲੜਾਈ ਦੀ ਜਿੱਤ ਦੇ ਬਾਅਦ ‘ਈਸਟ ਇੰਡੀਆ ਕੰਪਨੀ’ ਦਾ ਭਾਰਤ ਦੇ ਗਲਬੇ ਦੇ ਆਰੰਭ ਹੋਣ ਦੇ ਨਾਲ ਹੀ ‘ਈਸਟ ਇੰਡੀਆ ਕੰਪਨੀ ਨੇ ਬੰਗਾਲ ਅਤੇ ਦੱਖਣੀ ਭਾਰਤ ਵਿੱਚ ਆਪਣੀ ਪੂੰਜੀ ਦਾ ਨਿਵੇਸ਼ ਵੀ ਸ਼ੁਰੂ ਕੀਤਾ। ਕੱਚਾ ਮਾਲ ਖਰੀਦ ਕੇ ਭਾਰਤੀ ਉਪਜ ਉਤੇ ਅਜ਼ਾਰੇਦਾਰੀ ਦੇ ਸ਼ੁਰੂ ਹੋ ਜਾਣ ਨਾਲ ਉਦਯੋਗਿਕ ਪੂੰਜੀਵਾਦ ਨੂੰ ਜਨਮ ਦਿੱਤਾ। ਜਿਸ ਨਾਲ ਭਾਰਤੀ ਰਵਾਇਤੀ ਦਸਤਕਾਰੀ ਦੇ ਟੁੱਟ-ਭੱਜ ਹੋਣ ਕਾਰਨ ਦਸਤਕਾਰ ਵਿਹਲੇ ਹੋ ਗਏ ਅਤੇ ਦੇਸ਼ ਅੰਦਰ “ਕਿਰਤੀ ਜਮਾਤ” ਹੋਂਦ ਵਿੱਚ ਆਈ। 1885 ਤੱਕ ਭਾਰਤੀ ਰੇਲਾਂ, ਚਾਹ ਦੇ ਬਾਗ, ਕੋਇਲਾ ਖਾਨਾਂ, ਪਟਸਨ, ਸਮੁੰਦਰੀ ਜਹਾਜ਼ਰਾਨੀ ਰਾਹੀਂ ਆਦਿ ਖੇਤਰਾਂ ਵਿੱਚ ਬਰਤਾਨਵੀ ਪੂੰਜੀ ਲੱਗਣ ਕਰਕੇ ਉਦਯੋਗਿਕ ਪੂੰਜੀਵਾਦ ਦੇ ਆਰੰਭ ਨਾਲ ਹੀ ਭਾਰਤ ਵਿੱਚ ਕਿਰਤੀ ਵਰਗ ਦੇ ਸੰਘਰਸ਼ਾਂ ਦਾ ਆਰੰਭ ਵੀ ਹੋ ਗਿਆ। ਜਿੱਥੋਂ ਤੱਕ ਸੰਘਰਸ਼ਾਂ ਦਾ ਸਵਾਲ ਹੈ, “1827 ਵਿੱਚ ਪਹਿਲੀ ਵਾਰ ਕਲਕੱਤੇ ਵਿੱਚ ‘ਕੁਹਾਰਾਂ’ ਨੇ ਆਪਣੀ ਉਜ਼ਰਤ ਦੇ ਵਾਧੇ ਲਈ ਹੜਤਾਲ ਕੀਤੀ ਸੀ। ਇਸੇ ਤਰ੍ਹਾਂ 1862 ਵਿੱਚ ਬੰਗਾਲ ‘ਹਾਵੜਾ ਵਿਖੇ ਰੇਲ ਕਾਮਿਆਂ’ ਆਪਣੀਆਂ ਉਜ਼ਰਤਾਂ ਦੇ ਵਾਧੇ ਲਈ ਹੜਤਾਲ ਕੀਤੀ ਅਤੇ 1853 ਤੋਂ 7 ਤੱਕ ਦੇਸ਼ ਅੰਦਰ 25 ਤੋਂ ਵੱਧ ਹੜਤਾਲਾਂ ਨੋਟ ਕੀਤੀਆਂ ਗਈਆਂ। ਭਾਰਤ ਵਿੱਚ 1886 ਤੋਂ ਪਹਿਲਾਂ ਕਈ ਥਾਵਾਂ ‘ਤੇ ਕਿਰਤੀਆਂ ਨੇ ਆਪਣੀਆਂ ਉਜ਼ਰਤਾਂ ਅਤੇ ਹੋਰ ਸਹੂਲਤਾਂ ਲਈ ਸੰਘਰਸ਼ ਲੜੇ। ਇਨ੍ਹਾਂ ਹੜਤਾਲਾਂ ਅਤੇ ਸੰਘਰਸ਼ਾਂ ਨੇ ਹੀ ਟਰੇਡ ਯੂਨੀਅਨ ਨੂੰ ਜਨਮ ਦਿੱਤਾ। ਇਸੇ ਤਰ੍ਹਾਂ 1886 ਵਿੱਚ (ਬੰਬਈ) ਹੁਣ ਮੁਬੰਈ ਵਿਖੇ “ਮਾਲਕ ਅਤੇ ਮਜ਼ਦੂਰ ਝਗੜਾ ਐਕਟ” ਬਣਿਆ ਅਤੇ 1887 ਵਿੱਚ “ਸਾਸੀਪਾਦਾ ਬੈਨਰਜੀ ਦੀ” ਅਗਵਾਈ ਵਿੱਚ ਕਲਕੱਤਾ ਵਿਖੇ “ਵਰਕਿੰਗ ਮੈਨ ਕਲੱਬ” ਹੋਂਦ ਵਿੱਚ ਆਈ। ਇਨ੍ਹਾਂ ਲਹਿਰਾਂ ਨੇ ਹੀ ਕਿਰਤੀ ਜਮਾਤ ਨੂੰ ਬਲ ਬਖ਼ਸ਼ਿਆ ਅਤੇ ਆਜ਼ਾਦੀ ਤੋਂ ਪਹਿਲਾਂ ਦੇਸ਼ ਅੰਦਰ ਇੱਕ “ਸ਼ਕਤੀਸ਼ਾਲੀ ਟਰੇਡ ਯੂਨੀਅਨ ਲਹਿਰ” ਸਾਹਮਣੇ ਆਈ ਅਤੇ ਅਹਿਮ ਪ੍ਰਾਪਤੀਆਂ ਕੀਤੀਆਂ। ਆਜ਼ਾਦੀ ਬਾਅਦ ਦੇਸ਼ ਅੰਦਰ ਵਿਕਾਸ ਪੱਖੋਂ ਬਹੁਤ ਸਾਰੇ ਅਦਾਰੇ ਜਨਤਕ ਖੇਤਰ ਵਿੱਚ ਹੋਂਦ ਵਿੱਚ ਆਏ।

ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਵੱਖ ਵੱਖ ਵਿਭਾਗਾਂ ਦੀ ਸਿਰਜਨਾ ਹੋਣ ਕਰਕੇ ਲੱਖਾਂ ਪੜ੍ਹੇ ਲਿਖੇ ਦੇਸ਼ ਵਾਸੀਆਂ, ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਇੱਕ “ਮਜ਼ਬੂਤ ਅਤੇ ਸ਼ਕਤੀਸ਼ਾਲੀ ਜਥੇਬੰਦੀ” ਵੀ ਹੋਂਦ ਵਿੱਚ ਆਈ। ਪੈਨਸ਼ਨ, ਪੈਨਸ਼ਨਰੀ-ਲਾਭ-ਛੁੱਟੀਆਂ, ਇਸਤਰੀਆਂ ਲਈ ਪ੍ਰਸੂਤੀ ਛੁੱਟੀਆਂ, ਬਿਹਤਰ ਸੇਵਾਂਵਾਂ-ਨਿਯਮ ਅਤੇ ਕਈ ਕਿਰਤ-ਕਾਨੂੰਨਾਂ ਦਾ ਹੋਂਦ ਵਿੱਚ ਆਉਣਾ, ਕਿਰਤੀ ਸ਼੍ਰੇਣੀ ਵੱਲੋਂ ਲੜੇ ਲੰਬੇ ਸੰਘਰਸ਼ ਦਾ ਹੀ ਸਿੱਟਾ ਸੀ।

ਮੁਲਾਜ਼ਮ ਵਰਗ ਨੇ ਮਹਿੰਗਾਈ ਕਾਰਨ ਡੀ.ਏ. ਲੈਣ ਤਨਖਾਹਾਂ ਸੋਧਣ, ਤਰੱਕੀਆਂ, ਟਰੇਡ-ਯੂਨੀਅਨ ਅਤੇ ਜਮਹੂਰੀ, ਹੱਕਾਂ ਦੀ ਬਹਾਲੀ ਲਈ ਸੈਂਕੜੇ ਦੇਸ਼ ਵਿਆਪੀ ਹੜਤਾਲਾਂ ਵੀ ਕੀਤੀਆਂ ਅਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਪ੍ਰਤੂੰ 1990 ਵਿੱਚ ‘ਸੋਵੀਅਤ ਯੂਨੀਅਨ” ਦੇ ਢਹਿ-ਢੇਰੀ ਹੋਣ ਦੇ ਨਾਲ ਸਮਾਜਵਾਦੀ-ਉੱਚਮਤਾ ਨੂੰ ਠੇਸ ਪੁੱਜੀ ਅਤੇ ਸਮਾਜਵਾਦੀ ਅਰਥਚਾਰੇ ਦੀ ਚੜਤ ਕਾਰਨ ਜੋ ਸਹੂਲਤਾਂ ਪੂੰਜੀਵਾਦੀ ਤਰਜ਼ ਦੀਆਂ ਸਰਕਾਰਾਂ ਨੂੰ ਮਜ਼ਬੂਰੀ ਵਸ ਦੇਣੀਆਂ ਪੈਂਦੀਆਂ ਸਨ, ਉਨ੍ਹਾਂ ਤੋਂ ਪਾਸਾ ਵੱਟ ਲਿਆ ਗਿਆ ਹੈ। ਸਾਮਰਾਜੀ ਅਮਰੀਕਾ ਨੇ ਆਪਣੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਅਤੇ ਆਪਣਾ ਆਰਥਿਕ ਸੰਕਟ ਗਰੀਬ ਅਤੇ ਵਿਕਾਸ ਸ਼ੀਲ ਦੇਸ਼ਾਂ ਦੀਆਂ ਪੂੰਜੀਵਾਦੀ ਰਾਹ ‘ਤੇ ਚੱਲ ਰਹੀਆਂ ਹਾਕਮ ਜਮਾਤਾਂ ਦੀਆਂ ਰਾਜ ਕਰ ਰਹੀਆਂ ਸਰਕਾਰਾਂ ਜਿਨ੍ਹਾਂ ਵਿੱਚ ਸਾਡਾ ਭਾਰਤ ਦੇਸ਼ ਵੀ ਆਉਂਦਾ ਹੈ ਤੇ ਲੱਦਣ ਲਈ ਆਰਥਿਕ ਸਹਾਇਤਾ ਦੇ ਨਾਂ ਹੇਠਾਂ ਅਜਿਹੇ ਸਮਝੌਤੇ ਲਾਗੂ ਕਰਾਉਂਦਾ ਰਿਹਾ ਹੈ ? ਜੋ ਹੁਣ ਵੀ ਜਾਰੀ ਹਨ। ਜਿਸ ਨਾਲ ਗਰੀਬ ਦੇਸ਼ਾਂ ਦੀ ਜਨਤਾ ਨੂੰ ਢੇਰ ਸਾਰੀਆਂ ਮਜ਼ਬੂਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੇਸ਼ ਵਿੱਚ ਬੇ-ਰੁਜ਼ਗਾਰੀ, ਮਹਿੰਗਾਈ, ਆਰਥਿਕ ਨਾ-ਬਰਾਬਰੀਆਂ ਹਰ ਪਾਸੇ ਦਿੱਸ ਰਹੀਆਂ ਹਨ।

ਅੱਜ ! ਸਾਡਾ ਦੇਸ਼ ਅਤਿ ਡੂੰਘੇ ਆਰਥਿਕ ਸੰਕਟ ਦਾ ਸ਼ਿਕਾਰ ਹੈ। ਕੇਂਦਰ ਅਤੇ ਰਾਜਾਂ ਵਿੱਚ ਹਾਕਮ ਜਮਾਤਾਂ ਦੀਆਂ ਰਾਜ ਕਰ ਰਹੀਆਂ ਪਾਰਟੀਆਂ ਵੱਲੋਂ ਲਿਆਂਦੀਆਂ ਜਾ ਰਹੀਆਂ ਨਵ-ਉਦਾਰਵਾਦੀ ਆਰਥਿਕ ਨੀਤੀਆਂ ਜਿਨ੍ਹਾਂ ਨੂੰ ਪਹਿਲਾ ਕਾਂਗਰਸ ਦੀ ਯੂ ਪੀ ਏ ਦੀ ਇੱਕ ਅਤੇ ਦੋ ਸਰਕਾਰਾਂ ਤੇ ਹੁਣ 2014 ਤੋਂ ਬੀ ਜੇ ਪੀ ਦੀ ਕੇਂਦਰ ਸਰਕਾਰ ਲਾਗੂ ਕਰ ਰਹੀ ਹੈ। ਇਨ੍ਹਾਂ ਨੀਤੀਆਂ ਨੇ ਅੱਜ ਦੇਸ਼ ਅੰਦਰ ਆਰਥਿਕ ਮੰਦਵਾੜੇ ਨੂੰ ਜਨਮ ਦਿੱਤਾ ਹੈ। ਨਵੀਆਂ ਆਰਥਿਕ ਨੀਤੀਆਂ ਕਾਰਨ ਅੱਜ ਦੇਸ਼ ਅੰਦਰ ਬੇ-ਰੁਜ਼ਗਾਰੀ ਦਾ ਹੜ੍ਹ ਆ ਗਿਆ ਹੈ।

ਬੇ-ਰੁਜ਼ਗਾਰੀ ਕਾਰਨ ਕਰੌੜਾਂ ਨੌਜਵਾਨ ਡਿਗਰੀਆਂ ਲੈ ਕੇ ਸੜਕਾਂ ‘ਤੇ ਰੁੱਲ ਰਹੇ ਹਨ। ਗਰੀਬੀ, ਅਨਪੜ੍ਹਤਾ, ਘੱਟ ਗਿਣਤੀਆਂ ‘ਤੇ ਹਮਲੇ ਅਤੇ ਭ੍ਰਿਸ਼ਟਾਚਾਰ ਦਾ ਚਾਰੇ ਪਾਸੇ ਬੋਲ-ਬਾਲਾ ਹੈ। ਅੱਜ ! ਗਰੀਬੀ ਤੇ ਅਮਰੀ ਵਿੱਚ ਪਾੜਾ ਵੱਧਦਾ ਹੀ ਜਾ ਰਿਹਾ ਹੈ। ਖੇਤੀ ਅਤੇ ਸਨਅਤੀ ਸੰਕਟ ਕਾਰਨ ਦੇਸ਼ ਤਬਾਹੀ ਦੇ ਕੰਢੇ ਉੱਤੇ ਖੜ੍ਹਾ ਹੈ। ਪ੍ਰੰਤੂ ਕੇਂਦਰ ਦੇ ਹਾਕਮ ਇਸ ਸੰਕਟ ਨੂੰ “ਆਰਜ਼ੀ” ਦੱਸ ਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਕੇਂਦਰ ਦੇ ਹਾਕਮ ਇਸ ਸੰਕਟ ਦਾ ਹੱਲ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਨ ਰਾਹੀਂ ਲੱਭ ਰਹੇ ਹਨ। ਜਿਸ ਕਾਰਨ ਸਰਕਾਰੀ ਅਦਾਰੇ ਹਾਕਮਾਂ ਵੱਲੋਂ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਿਦੇਸ਼ੀ ਦਬਾਓ ਹੇਠਾਂ ਹੁਣ ਸਰਕਾਰ ਨੇ ਸਮਾਜ ਭਲਾਈ, ਲੋਕ-ਹਿਤੂ ਸਹੂਲਤਾਂ ਅਤੇ ਸਬ-ਸਿਡੀਆਂ ਬੰਦ ਕਰ ਦਿੱਤੀਆਂ ਹਨ। ਪਬਲਿਕ ਸੈਕਟਰ ਨੂੰ ਢਾਅ ਲੱਗ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਨੇ ਫਿਰਕਾਪ੍ਰਸਤੀ ਨੂੰ ਬਲ ਦਿੱਤਾ ਹੈ ਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਤਾਰ ਤਾਰ ਕਰਨ ਦੇ ਮਨਸੂਬੇ ਬਣਾਏ ਹਨ। ਭਾਰਤ ਬਹੁ-ਕੌਮੀ ਭਾਸ਼ਾਈ ਦੇਸ਼ ਹੈ। ਅੱਜ ਹਿੰਦੂਤਵ ਦਾ ਅਜੰਡਾ ਲਿਆ ਕਿ ਦੇਸ਼ ਨੂੰ ਹਿੰਦੂ ਭਾਸ਼ਾਈ ਦੇਸ਼ ਬਣਾ ਰਿਹਾ ਹੈ। ਘੱਟ ਗਿਣਤੀਆਂ ਤੇ ਧਰਮ ਦੇ ਨਾਂ ‘ਤੇ ਮਾਬਲਾਚਿੰਗ ਹੋ ਰਹੀ ਹੈ। ਇਸਤਰੀਆਂ ਉਪਰ ਹਮਲੇ ਤੇਜ਼ ਹੋ ਰਹੇ ਹਨ। ਵਿਦੇਸ਼ੀ ਨਿਵੇਸ਼ ਦੀ ਘੁੱਸਪੈਠ ਹੋਣ ਕਾਰਨ ਦੇਸ਼ ਦੀ ਪ੍ਰਭੂ ਸਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਗੱਲ ਕੀ ਅੱਜ! ਹਰ ਵਰਗ ਦੀਆਂ ਦੁਸ਼ਵਾਰੀਆਂ ਵਿੱਚ ਵਾਧਾ ਹੋ ਗਿਆ ਹੈ। ਹੁਣ ਇਸਤਰੀਆਂ ਕਿਰਤੀਆਂ, ਅਪੰਗਾਂ, ਬਾਲ ਮਜ਼ਦੂਰੀ ਤੇ ਘੱਟ ਗਿਣਤੀਆਂ ਦੇ ਹੱਕਾਂ ਲਈ ਬਣਾਏ ਮਾੜੇ ਮੋਟੇ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਵੀ ਲੜਾਈ ਲੜਨੀ ਪੈ ਰਹੀ ਹੈ।
ਅਸੀਂ ਹਰ ਸਾਲ 8 ਮਾਰਚ ਕੌਮਾਂਤਰੀ ਇਸਤਰੀ ਦਿਵਸ, ਪਹਿਲੀ ਮਈ ਮਜ਼ਦੂਰ ਦਿਹਾੜਾ, ਪਹਿਲੀ ਜੂਨ ਬਾਲ ਵਰ੍ਹਾ, 24 ਜਨਵਰੀ ਬਾਲੜੀ ਦਿਵਸ ਆਦਿ ਮਨਾਉਂਦੇ ਆ ਰਹੇ ਹਾਂ। ਇਨ੍ਹਾਂ ਵਰ੍ਹੇ ਗੰਢਾਂ ਦੌਰਾਨ ਅਸੀਂ ਪਿਛਲੇ ਸਮਿਆਂ ਦੀਆਂ ਕੀਤੀਅਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵੀ ਕਰਦੇ ਹਾਂ। ਪਰ ਹਰ ਵਰਗ ‘ਤੇ ਤਸ਼ੱਦਦ, ਘਰੇਲੂ ਹਿੰਸਾ, ਮਜ਼ਦੂਰਾਂ ਦੀ ਛਾਂਟੀ, ਬੱਚਿਆਂ ਦਾ ਸ਼ੋਸ਼ਣ, ਅਪੰਗਾਂ ਨਾਲ ਝੂਠੇ ਲਾਰੇ ਅਤੇ ਪਤਾ ਨਹੀਂ ਹੋਰ ਕਿੰਨੀਆਂ ਕੁ ਵਧੀਕੀਆਂ ਹੁੰਦੀਆਂ ਹਨ। ਜਿਹੜੀਆਂ ਆਏ ਸਾਲ ਘੱਟਣ ਦੀ ਬਜਾਏ ਵੱਧਦੀਆਂ ਹੀ ਜਾ ਰਹੀਆਂ ਹਨ। ਇਨ੍ਹਾਂ ਬੇ-ਇਨਸਾਫੀਆਂ ਦੇ ਵਿਰੁੱਧ ਪਹਿਲੀ ਮਈ ਹਰ ਸਾਲ ਸਾਡੇ ਲਈ ਇਹ ਸਦਾ ਲੈ ਕੇ ਆਉਂਦੀ ਹੈ ਕਿ ਦੇਸ਼ ਅੰਦਰ ਕਿਰਤੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤੀ ਨਾਲ ਲਾਮਬੰਦ ਹੋਣਾ ਚਾਹੀਦਾ ਹੈ। ਅੱਜ! ਮਜ਼ਦੂਰ ਜਮਾਤ ਨੂੰ ਆਪਣੀ ਏਕਤਾ, ਮਜ਼ਬੂਤ ਕਰਨ ਲਈ ਮਜ਼ਬੂਤੀ ਨਾਲ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ।

ਪਹਿਲੀ ਮਈ ਦੇ ਦਿਵਸ ‘ਤੇ ਅੱਜ! ਦੁਨੀਆਂ ਭਰ ‘ਚ ਸਮੁੱਚੀ ਕਿਰਤੀ ਜਮਾਤ ਜਦੋਂ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਯਾਦ ਕਰਦੀ ਹੋਈ ਆਪਣੇ ਬੀਤੇ ਸੰਘਰਸ਼ਾਂ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਕੇ ਭਵਿੱਖ ਲਈ ਆਪਣੀ ਰਣਨੀਤੀ ਨੂੰ ਪੜਚੋਲਦੀ ਹੈ। ਇਸ ਸੰਦਰਭ ਵਿੱਚ ਸਾਮਰਾਜੀ ਸੰਸਾਰੀਕਰਨ ਦੇ ਕਿਰਤੀ ਜਮਾਤ ‘ਤੇ ਹੋ ਰਹੇ ਨਵੇਂ ਨਵੇਂ ਆਰਥਿਕ ਹਮਲਿਆਂ ਵਿਰੁੱਧ ਆਪਣੇ ਦਾਅ ਪੇਚਾਂ ਨੂੰ ਨਵਿਆਉਣ ਲਈ ਸਮੁੱਚੇ ਕਿਰਤੀ ਵਰਗ ਦੀ ਇੱਕ-ਜੁਟੱਤਾ ਦੇ ਨਾਅਰੇ ਹੇਠ ਆਪਣੀ ਏਕਤਾ ਨੂੰ ਮਜ਼ਬੂਤ ਕਰਨ ਲਈ ਵੀ ਸੰਘਰਸ਼ਸ਼ੀਲ ਹੋਣ ਦਾ ਮਜ਼ਬੂਤੀ ਨਾਲ ਅਹਿਦ ਲੈਣਾ ਹੈ। ਅੱਜ ! ਜਦੋਂ ਸਮੁੱਚਾ ਪੂੰਜੀਵਾਦੀ ਰਾਜ ਪ੍ਰਬੰਧ ਆਰਥਿਕ ਸੰਕਟ ਕਾਰਨ ਹਿਲਿਆ ਹੋਇਆ ਹੈ, ਜੋ ਇੱਕ ਹੋਰ ‘ਕੁਦਰਤੀ ਕਰੋਪੀ’ ‘ਕੋਵਿਡ-19’ ਨੇ ਸਾਰੇ ਸੰਸਾਰ ਨੂੰ ਆਪਣੇ ਮਹਾਂ-ਮਾਰੂ ਵਾਇਰਸ ਨਾਲ ਹਿਲਾ ਦਿੱਤਾ ਹੈ। ਪੂੰਜੀਵਾਦੀ ਰਾਜ ਪ੍ਰਬੰਧ ਅਧੀਨ ਚੱਲ ਰਹੀਆਂ ਸਰਕਾਰਾਂ, ਜਿਨ੍ਹਾਂ ਅੰਦਰ ਹਾਕਮਾਂ ਦਾ ਨਿਸ਼ਾਨਾ ਆਪਣੇ ਮੁਨਾਫੇ ਵਧਾਉਣੇ, ਹਰ ਪਾਸੇ ਲੁੱਟ-ਖਸੁੱਟ, ਧੌਂਸ ਤੇ ਜੰਗਾਂ ਵਾਲੀ ਪ੍ਰਵਿਰਤੀ ਨੂੰ ਮਜ਼ਬੂਤ ਕਰਨਾ ਸੀ। ਉਨ੍ਹਾਂ ਦੇਸ਼ਾਂ ਦੇ ਹਾਕਮਾਂ ਵੱਲੋਂ ਆਮ ਜਨਤਾ ਦੀ ਭਲਾਈ ਤਾਂ ਕੀ ਕਰਨੀ ਸੀ, ਸਗੋਂ ਕੋਈ ਸਿਹਤ ਸਹੂਲਤਾਂ, ਰੁਜ਼ਗਾਰ ਤੇ ਸਿੱਖਿਆ ਜਿਹੇ ਮੁੱਢਲੇ ਹੱਕੀ ਕਦਮ ਵੀ ਨਹੀਂ ਉਠਾਏ ? ਅੱਜ ! ਕਰੋਨਾ ਵਾਇਰਸ ਦੇ ਹਮਲੇ ਕਾਰਨ ਯੂਰਪ, ਅਮਰੀਕਾ ਤੇ ਹੋਰ ਪੂੰਜੀਵਾਦੀ ਧਾਰਨਾ ਵਾਲੇ ਦੇਸ਼ਾਂ ਅੰਦਰ ਸਭ ਤੋਂ ਪੀੜ੍ਹਤ ਜੇਕਰ ਕੋਈ ਮਨੁੱਖ ਹੈ ਤਾਂ ਉਹ ਹੈ ਕਿਰਤੀ ਵਰਗ। ਅੱਜ ਕਿਰਤੀ ਵਰਗ ਨੂੰ ਪਿਛਲੇ ਸਾਮੰਤਵਾਦੀ ਯੁੱਗ ਵਾਲੇ ਸਮੇਂ ਦੀ ਉਹ ਯਾਦ ਸਾਹਮਣੇ ਆ ਰਹੀ ਹੈ, ਜਦੋਂ ਮਾਲਕ ਹਜ਼ਾਰਾਂ ਗੁਲਾਮ ਲੋਕਾਂ, ਇਸਤਰੀਆਂ ਤੇ ਬੱਚਿਆਂ ਨੂੰ ਜ਼ਬਰੀ ਅੰਦਰ ਤਾੜ ਕੇ ਭੁੱਖੇ ਮਰਨ ਲਈ ਮਜ਼ਬੂਰ ਕਰਦਾ ਸੀ। ਅਜਿਹੀ ਬਦਹਾਲੀ ਦੀ ਤਸਵੀਰ ਅੱਜ ਕੋਵਿਡ-19 ਦੇ ਹਮਲੇ ਕਾਰਨ ਵਿਕਾਸਸ਼ੀਲ ਤੇ ਗਰੀਬ ਦੇਸ਼ਾਂ ਦੀ ਹੋ ਰਹੀ ਹੈ। ਸਗੋਂ ਵਿਕਸਤ ਦੇਸ਼ਾਂ ਅੰਦਰ ਵੀ ਸਾਹਮਣੇ ਆ ਰਹੀ ਹੈ।
ਸਾਡੇ ਦੇਸ਼ ਦੀ ਕਿਰਤੀ ਜਮਾਤ ਜਿਸ ਦਾ ਗੌਰਵ ਮਈ ਸੰਘਰਸ਼ਾਂ ਵਾਲਾ ਇਤਿਹਾਸ ਹੈ, ਕਿਰਤੀ ਜਮਾਤ ਨੇ ਮਜ਼ਬੂਤੀ ਨਾਲ ਇਸ ਮਾਰੂ ਵਾਇਰਸ ਦੇ ਹਮਲੇ ਕੋਰੋਨਾ ਦੇ ਕਹਿਰ ਨੂੰ ਤਾਂ ਝੱਲਣਾ ਸੀ ? ਪਰ ! ਜੋ ਢੰਗ ਤਰੀਕੇ ਹਾਕਮਾਂ ਨੇ ਇਸ ਕੋਰੋਨਾ ਨੂੰ ਰੋਕਣ ਲਈ ਅਪਨਾਏ, ਬਿਨਾਂ ਤਿਆਰੀ ‘ਲਾਕ-ਡਾਊਨ’ ਕਾਰਨ ਦੇਸ਼ ਦੇ 43 ਕਰੌੜ ਗੈਰ ਸੰਗਠਿਤ ਕਿਰਤੀਆਂ ਨੂੰ ਕੰਮ ਬੰਦ ਕਰਨ, ਲੇਅ ਆਫ਼ ਅਤੇ ਸਾਰਾ ਕੁਝ ਬੰਦ ਹੋਣ ਨਾਲ ਹਰ ਤਰ੍ਹਾਂ ਦੇ ਆਰਥਿਕ ਬੋਝਾਂ ਨੂੰ ਝੱਲਣਾਂ ਪਿਆ। ਪਰ ਸਿੱਧੇ ਤੌਰ ‘ਤੇ 9 ਕਰੋੜ ਕਿਰਤੀਆਂ ਨੂੰ ਪ੍ਰੀਵਾਰਾਂ ਸਮੇਤ ਦਰ-ਬ-ਦਰ ਹੋ ਕੇ ਭੁੱਖੇ ਤਿਹਾਏ ਮਰਨਾ ਪੈ ਰਿਹਾ ਹੈ, ਕਦੀ ਵੀ ਭੁਲੇਗਾ ਨਹੀਂ ਮਜ਼ਦੂਰਾਂ ਨੂੰ। ਪਹਿਲੀ ਮਈ ਦੌਰਾਨ ਭਾਰਤ ਦੀ ਕਿਰਤੀ ਜਮਾਤ, ਹਾਕਮੀ ਬੇ-ਵਸੀ ਅਤੇ ਤ੍ਰਿਸਕਾਰ ਕਾਰਨ ਇੱਕ ਆਜ਼ਾਦ ਦੇਸ਼ ਅੰਦਰ ਇਸ ਤਰ੍ਹਾਂ ਦੀ ਹਾਕਮੀ ਮਜ਼ਬੂਰੀ ਤੇ ਦਬਾਉ ਅਧੀਨ ਕੋਰੋਨਾ ਦੇ ਮਾਰੂ ਵਾਰ ਨੂੰ ਤਾਂ ਬਰਦਾਸ਼ਤ ਕਰ ਸਕਦੀ ਹੈ, ਪਰ ਹਾਕਮਾਂ ਦੇ ਸ਼ੋਸ਼ਣ ਨੂੰ ਨਹੀਂ। ਜਿਹੜਾ ਉਨ੍ਹਾਂ ਲਈ ਅਜਿਹੇ ਹਾਲਾਤ ਪੈਦਾ ਕਰਦਾ ਹੈ ?

ਦੁਨੀਆਂ ਦੇ ਮਹਾਨ ਚਿੰਤਨ “ਪੂੰਜੀ” (ਕੈਪੀਟਲ) ਦੇ ਰਚੇਤਾ ਕਾਰਲ ਮਾਰਕਸ ਨੇ 153 ਸਾਲ ਪਹਿਲਾ ਕਿਹਾ ਸੀ ਕਿ, “ਮਨੁੱਖ ਹੱਥੋਂ ਮਨੁੱਖ” ਦੀ ਹੁੰਦੀ ਲੁੱਟ ਖਸੁੱਟ ਲਈ ਜ਼ਿੰਮੇਵਾਰ ਪੈਦਾਵਾਰੀ ਸਾਧਨਾ ‘ਤੇ ਕਾਬਜ਼ , ਮਾਲਕ ਜਮਾਤ ਦੀ ਰਾਜਸਤਾ ਬਦਲ ਕੇ ਹੀ ਕਿਰਤੀ ਵਰਗ ਦੀ ਮੁਕਤੀ ਹੋ ਸਕਦੀ ਹੈ। ਮਹਾਨ ਚਿੰਤਨ ਕਾਰਲ ਮਾਰਕਸ ਨੇ ਕਮਿਊਨਿਸਟ ਮੈਨੀਫੈਸਟੋ ਰਾਹੀ ਇਹ ਵੀ ਸੱਦਾ ਦਿੰਦੇ ਹੋਏ ਕਿਹਾ ਹੈ ਕਿ, “ਕਿਰਤੀਆਂ ਪਾਸ ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਗੁਆਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਜਦ ਕਿ ਉਨ੍ਹਾਂ ਕੋਲ ਜਿੱਤਣ ਲਈ ਸਾਰਾ ਸੰਸਾਰ ਹੈ ?”

ਇਸ ਲਈ ਕਿਰਤੀਆਂ ਦੀ ਇਨਕਲਾਬੀ ਪਾਰਟੀ ਰਾਜ ਸੱਤਾ ‘ਤੇ ਕਬਜ਼ਾ ਕਰਕੇ ਹੀ ਸਮਾਜਿਕ ਤਬਦੀਲੀ ਲਿਆ ਕੇ ਹੀ, “ਨੰਗ-ਭੁੱਖ ਤੇ ਕੰਗਾਲੀ ‘ਤੇ ਜੇਤੂ ਹੋ ਸਕਦੀ ਹੈ। ਸਿਰਫ ਮਨੁੱਖ ਜਾਤੀ ਦੀ ਮੁਕਤੀ ਰਾਹੀਂ ਹੀ ਪ੍ਰੋਲੇਤਾਰੀ ਆਪਣੀ ਆਖਰੀ ਮੁਕਤੀ ਹਾਸਲ ਕਰ ਸਕਦੀ ਹੈ”!

“ਪਹਿਲੀ ਮਈ ਦੇ ਸ਼ਹੀਦਾਂ ਨੂੰ ਲਾਲ ਸਿਜਦਾ ਕਰੀਏ”!!

ਸੰਪਰਕ: 98725-44738,

Share this Article
Leave a comment