ਚੰਡੀਗੜ੍ਹ ਕਿਵੇਂ ਵੱਸਿਆ ? (ਭਾਗ-8) ਪਿੰਡ ਰੁੜਕੀ ਪੜਾਓ (ਹੁਣ ਸੈਕਟਰ 21-ਏ ਹੇਠ)

TeamGlobalPunjab
7 Min Read

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਨ੍ਹਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਨ੍ਹਾਂ ਪਿੰਡਾਂ ਦੀ ਲੜੀ ਦੇ ਅੱਠਵੇਂ ਭਾਗ ਵਿੱਚ ਅੱਜ ਚੰਡੀਗੜ ਦੇ ਸੈਕਟਰ 21-ਏ ਹੇਠ ਆ ਚੁੱਕੇ ਪਿੰਡ ਰੁੜਕੀ ਪੜਾਓ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਵੀ ਸ਼੍ਰੀ ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ:

ਚੰਡੀਗੜ੍ਹ ਦੇ ਸੈਕਟਰ ਸਤਾਰਾਂ ਦੇ ਬੱਸ ਅੱਡੇ ਕੋਲ ਪਿੰਡ ਰੁੜਕੀ ਪੜਾਓ ਵੱਸਦਾ ਹੁੰਦਾ ਸੀ। ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ 28 ਪਿੰਡਾਂ ਦੇ ਨਾਲ ਰੁੜਕੀ ਪੜਾਓ ਨੂੰ ਵੀ ਸੰਨ 1950-51 ਦੌਰਾਨ ਪਹਿਲੇ ਉਠਾਲੇ ਸਮੇਂ ਉਠਾਇਆ ਗਿਆ ਸੀ। ਸੈਕਟਰ 17 ਦੇ ਬੱਸ ਅੱਡੇ ਦੇ ਕੋਲ ਪਿਕਾਡਲੀ ਹੋਟਲ ਚੌਕ ਦੇ ਆਲੇ ਦੁਆਲੇ ਇਹ ਪਿੰਡ ਵੱਸਦਾ ਸੀ। ਇਸ ਚੌਕ ਦੇ ਨੇੜੇ ਸੈਕਟਰ 21-ਏ ਵਿੱਚ ਸੜਕ ਨਾਲੋ਼ ਉੱਚੀ ਥਾਂ ਤੇ ਨਜਰ ਆਉਂਦੀਆਂ ਕੋਠੀਆਂ ਇਸ ਪਿੰਡ ਦੇ ਥੇਹ ਉਪਰ ਬਣੀਆਂ ਹੋਈਆਂ ਹਨ। ਇਸ ਪਿੰਡ ਵਿੱਚ ਉਨਾਂ ਵੇਲਿਆਂ ਵਿੱਚ ਰੋਪੜ ਅਤੇ ਖਰੜ ਤੋਂ ਅੰਬਾਲਾ ਅਤੇ ਕਾਲਕਾਂ ਜਾਣ ਵਾਲੇ ਰਾਹਗੀਰਾਂ ਦਾ ਪੜਾਅ ਹੁੰਦਾ ਸੀ ਜਿਸ ਕਰਕੇ ਰੁੜਕੀ ਪਿੰਡ ਦੇ ਨਾਲ ਪੜਾਓ ਜੁੜ ਗਿਆ ਅਤੇ ਲੋਕ ਇਸ ਨੂੰ ਰੁੜਕੀ ਪੜਾਓ ਆਖਣ ਲੱਗ ਗਏ। ਪਿੰਡ ਵਾਸੀਆਂ ਵੱਲੋਂ ਆਉਂਦੇ ਜਾਂਦੇ ਰਾਹੀਆਂ ਦੇ ਰੁਕਣ ਵਾਲੀ ਥਾਂ ਤੇ ਇੱਕ ਖੂਹ ਪੁਟਵਾਇਆ ਹੋਇਆ ਸੀ ਜਿਥੇ ਪਾਣੀ ਪਿਲਾਉਣ ਲਈ ਝਿਊਰ ਬਰਾਦਰੀ ਦਾ ਬੰਦਾ ਰੱਖਿਆ ਹੋਇਆ ਸੀ ਅਤੇ ਹੋਰ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਹ ਸਾਰੀ ਸੇਵਾ ਪਿੰਡ ਵਾਸੀਆਂ ਵੱਲੋਂ ਕੀਤੀ ਹੋਈ ਸੀ। ਲੋਕ ਇਥੇ ਰੁਕ ਕੇ ਅਰਾਮ ਕਰਦੇ ਅਤੇ ਪਾਣੀ ਧਾਣੀ ਪੀ ਕੇ ਅਗਲੀ ਵਾਟ ਮੁਕਾਉਂਦੇ ਸਨ। ਉਨ੍ਹਾਂ ਦਿਨਾਂ ਵਿੱਚ ਲੋਕ ਗੱਡਿਆਂ ਤੇ ਘੋੜੀਆਂ ਤੇ ਜਾਂ ਟਾਂਗੇ ਤੇ ਜਾਂਦੇ ਹੁੰਦੇ ਸੀ। ਰੋਪੜ ਤੋਂ ਅੰਬਾਲਾ ਜਾਣ ਵਾਲੀ ਪੁਰਾਣੀ ਸੜਕ ਤੇ ਪੈਂਦਾ ਰੁੜਕੀ ਪੜਾਓ ਇੱਕ ਅਹਿਮ ਪਿੰਡ ਸੀ। ਰੁੜਕੀ ਪੜਾਓ ਪਿੰਡ ਦੇ ਆਲੇ ਦਆਲੇ ਕਾਲੀਬੜ, ਨਗਲਾ, ਖੇੜੀ, ਬਜਵਾੜਾ, ਬਜਵਾੜੀ ਸਨ।

- Advertisement -

ਰੁੜਕੀ ਪਿੰਡ ਦਾ ਹਦਬਸਤ ਨੰਬਰ 213 ਸੀ, ਜਿਸ ਵਿੱਚ ਕੁੱਲ ਵਾਹੀਯੋਗ ਰਕਬਾ 584 ਏਕੜ ਸੀ। ਇਸ ਪਿੰਡ ਦੀ ਜਮੀਨ ਉਪਜਾਊ ਸੀ। ਸਿੰਜਾਈ ਹਲਟਾਂ ਨਾਲ ਕੀਤੀ ਜਾਂਦੀ ਸੀ ਅਤੇ ਉਸ ਸਮੇਂ ਜਿਮੀਂਦਾਰਾਂ ਦੇ 17 ਹਲਟ ਇਸ ਪਿੰਡ ਵਿੱਚ ਚਲਦੇ ਸਨ। ਕਣਕ, ਮੱਕੀ, ਕਮਾਦ, ਚਰੀ, ਕਪਾਹ ਅਤੇ ਮੂੰਗਫਲੀ ਦੀਆਂ ਫਸਲਾਂ ਲੋਕ ਖੇਤਾਂ ਵਿੱਚ ਬੀਜਦੇ ਸਨ। ਇਸ ਪਿੰਡ ਦੇ ਕਈ ਲੋਕ ਗੱਡਿਆਂ ਉੱਤੇ ਭਾੜਾ ਢੋਣ ਦਾ ਕੰਮ ਕਰਦੇ ਹੁੰਦੇ ਸਨ। ਲੋਕ ਬੜੇ ਮੇਹਨਤੀ ਅਤੇ ਮਿਲਾਪੜੇ ਸੁਭਾਅ ਦੇ ਸਨ। ਇਸ ਪਿੰਡ ਦੇ ਜਿਮੀਂਦਾਰਾਂ ਦਾ ਗੋਤ ਟਿਵਾਣਾ, ਸਿੱਧੂ, ਸ਼ੁਕਰੀਆ ਅਤੇ ਮਾਨ ਸਨ। ਪਿੰਡ ਵਿੱਚ 50 ਕੁ ਘਰ ਸਨ ਜਿਹਨਾਂ ਵਿੱਚ ਬਹੁਤ ਕੱਚੇ ਸਨ। ਜਿਮੀਂਦਾਰਾਂ ਦੀ ਆਬਾਦੀ ਜਿਆਦਾ ਸੀ। ਪੀਣ ਲਈ ਪਿੰਡ ਵਿੱਚ ਸਾਂਝੇ ਖੂਹ ਹੁੰਦੇ ਸੀ। ਜਿਸ ਸਮੇ਼ਂ ਇਸ ਪਿੰਡ ਨੂੰ ਉਠਾਇਆ ਗਿਆ ੳਸ ਸਮੇਂ ਇਸ ਦੀ ਆਬਾਦੀ 558 ਸੀ ਅਤੇ ਲਿੰਗ ਅਨੁਪਾਤ 794 ਸੀ। ਪਿੰਡ ਵਿੱਚ ਪੜਾਈ ਲਿਖਾਈ ਦੀ ਦਰ 9.67 ਪ੍ਰਤੀਸ਼ਤ ਸੀ ਅਤੇ ਪਿੰਡ ਦੇ 98.81 ਪ੍ਰਤੀਸ਼ਤ ਲੋਕ ਖੇਤੀਬਾੜੀ ਤੇ ਨਿਰਭਰ ਸਨ। ਇਸ ਪਿੰਡ ਵਿੱਚ ਲੋਕ ਭਗਤ ਆਸਾ ਰਾਮ ਬੈਦਵਾਣ ਸੁਹਾਣੇ ਵਾਲੇ ਦੇ ਅਖਾੜੇ ਲਗਦੇ ਰਹੇ ਸਨ। ਸੰਨ 1917 ਵਿੱਚ ਇਸ ਪਿੰਡ ਵਿੱਚ ਭਗਤ ਆਸਾ ਰਾਮ ਨੇ ਪਹਿਲਾਂ ਹੀ ਚੰਡੀਗੜ੍ਹ ਸ਼ਹਿਰ ਵਸਣ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ। ਲੋਕਾਂ ਨੂੰ ਉਸ ਸਮੇਂ ਸੱਚ ਨਹੀਂ ਸੀ ਆਇਆ ਪਰ ਸਮੇਂ ਦੇ ਨਾਲ ਉਹ ਗੱਲਾਂ ਸੱਚੀਆਂ ਸਾਬਤ ਹੋਈਆਂ।

ਰੁੜਕੀ ਪਿੰਡ ਦੀ ਜ਼ਮੀਨ ਉੱਤੇ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 21, 22, 17 ਅਤੇ 18 ਬਣੇ ਹੋਏ ਹਨ। ਬਹੁਤ ਸਾਰੇ ਪੁਰਾਣੇ ਪਿੱਪਲ ਬਰੋਟੇ ਉਸ ਸਮੇਂ ਦੇ ਅੱਜ ਵੀ ਦੇਖੇ ਜਾ ਸਕਦੇ ਹਨ ਅਤੇ ਹੋਰ ਬਹੁਤ ਨਿਸ਼ਾਨੀਆਂ ਮੌਜੂਦ ਹਨ। ਸੈਕਟਰ 17 ਦਾ ਬੱਸ ਅੱਡਾ ਰੁੜਕੀ ਦੀ ਜਮੀਨ ਉਪਰ ਹੈ। ਸੈਕਟਰ 22 ਦੀ ਪਿਕਾਡਲੀ ਹੋਟਲ ਵਾਲੇ ਪਾਸੇ ਦੀ ਸਾਰੀ ਮਾਰਕੀਟ ਇਸ ਪਿੰਡ ਉਪਰ ਹੈ। ਸੈਕਟਰ ਸਤਾਰਾਂ ਦੇ ਬੈਂਕ ਸੁਕੇਅਰ ਤੋਂ ਅੱਗੇ ਕੇ.ਸੀ. ਸਿਨੇਮੇ ਤੱਕ ਇਸ ਪਿੰਡ ਦੀ ਜ਼ਮੀਨ ਸੀ। ਸੈਕਟਰ ਸਤਾਰਾਂ ਦੀ ਸਾਰੀ ਮਾਰਕੀਟ ਰੁੜਕੀ ਪੜਾਓ ਦੇ ਖੇਤਾਂ ਵਿੱਚ ਬਣੀ ਹੋਈ ਹੈ। ਨੀਲਮ ਸਿਨੇਮਾ ਰੁੜਕੀ ਦੇ ਬਸਤਾ ਸਿੰਘ ਦੇ ਖੇਤਾਂ ਉਪਰ ਬਣਿਆ ਹੋਇਆ ਹੈ। ਸੈਕਟਰ 22 ਦਾ ਕਿਰਨ ਸਿਨੇਮਾ ਵੀ ਰੁੜਕੀ ਦੇ ਰਕਬੇ ਉਪਰ ਹੈ। ਕੁੱਲ ਮਿਲਾ ਕੇ ਰੁੜਕੀ ਦਾ ਰਕਬਾ ਚੰਡੀਗੜ੍ਹ ਦੇ ਬਿਲਕੁਲ ਵਿਚਕਾਰ ਹੈ ਅਤੇ ਇਸ ਨੂੰ ਚੰਡੀਗੜ੍ਹ ਦਾ ਦਿਲ ਵੀ ਕਿਹਾ ਜਾ ਸਕਦਾ ਹੈ।

ਰੁੜਕੀ ਪਿੰਡ ਵਿੱਚ ਇੱਕ ਖੇੜਾ ਹੁੰਦਾ ਸੀ ਅਤੇ ਇੱਕ ਧਰਮਸ਼ਾਲਾ ਹੁੰਦੀ ਸੀ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਹੋਰ ਕੋਈ ਮੰਦਰ ਜਾਂ ਗੁਰਦੁਆਰਾ ਨਹੀਂ ਸੀ ਹੁੰਦਾ। ਇਸ ਪਿੰਡ ਵਿੱਚ ਕੋਈ ਸਕੂਲ ਵੀ ਨਹੀਂ ਸੀ। ਬੱਚੇ ਪੜਨ ਲਈ ਕਾਲੀਬੜ ਜਾਂਦੇ ਹੁੰਦੇ ਸਨ। ਪਿੰਡ ਦੇ ਪ੍ਰਮੁੱਖ ਵਿਅੱਕਤੀਆਂ ਵਿੰਚ ਕੈਪਟਨ ਇੰਦਰ ਸਿੰਘ, ਬਸਤਾ ਸਿੰਘ, ਪ੍ਰੇਮ ਸਿੰਘ, ਚੰਦਾ ਸਿੰਘ, ਗਿਆਨ ਸਿੰਘ, ਬੰਤ ਸਿੰਘ, ਜੋਗਿੰਦਰ ਸਿੰਘ, ਸਰਵਣ ਸਿੰਘ ਅਤੇ ਮਹਿਮਾ ਸਿੰਘ ਆਦਿ ਹੁੰਦੇ ਸਨ। ਚੰਡੀਗੜ੍ਹ ਵਸਾਉਣ ਸਮੇਂ ਇਲਾਕੇ ਦੇ ਲੋਕਾਂ ਦਾ ਸਭ ਤੋਂ ਪਹਿਲਾਂ ਇਕੱਠ ਇਸ ਪਿੰਡ ਵਿੱਚ ਹੋਇਆ ਸੀ ਅਤੇ ਰਾਜਧਾਨੀ ਰੋਕੋ ਅੰਦੋਲਨ ਵੀ ਸ਼ੁਰੂ ਹੋਇਆ। ਪਰ ਲੋਕਾਂ ਦੀ ਸੁਣੀ ਨਾ ਗਈ। ਲੋਕਾਂ ਨੂੰ ਜ਼ਮੀਨ ਬਦਲੇ ਜਮੀਨ ਅਤੇ ਮਕਾਨ ਬਦਲੇ ਮਕਾਨ ਦੇ ਕੇ ਉਜਾੜ ਦਿੱਤਾ ਗਿਆ। ਇਸ ਪਿੰਡ ਦੇ ਲੋਕ ਮਨੀਮਾਜਰਾ, ਲਖਨੌਰ, ਸੈਦਪੁਰ, ਖਰੜ, ਪੀਰ ਸੁਹਾਣਾ, ਧੜਾਕ, ਬਰਵਾਲਾ, ਰਾਏਪੁਰ ਕਲਾਂ ਆਦਿ ਪਿੰਡਾਂ ਵਿੱਚ ਰਹਿ ਰਹੇ ਹਨ ਅਤੇ ਆਪਣੇ ਬਜੁਰਗਾਂ ਦੇ ਪਿੰਡ ਨੂੰ ਹਰ ਵੇਲੇ ਯਾਦ ਕਰਦੇ ਹਨ।

ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਸ਼ਹਿਰ ਲਈ ਕੁਰਬਾਨੀ ਕਰ ਚੁੱਕੇ ਪਿੰਡ ਰੁੜਕੀ ਪੜਾਓ ਦੀ ਯਾਦ ਵਿੱਚ ਸੈਕਟਰ 17-18-21-22 ਵਾਲੇ ਚੌਕ ਦਾ ਨਾਂ ਰੁੜਕੀ ਚੌਕ ਅਤੇ ਸੈਕਟਰ 21-22 ਨੁੰ ਵੰਡਦੀ ਸੜਕ ਦਾ ਨਾਮ ਰੁੜਕੀ ਪੜਾਓ ਰੋਡ ਰੱਖਿਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਮਿਲਦੀ ਰਹੇ।

- Advertisement -

ਲੇਖਕ: ਮਲਕੀਤ ਸਿੰਘ ਔਜਲਾ
ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ
ਸੰਪਰਕ: 9914992424

Share this Article
Leave a comment