ਬਜਟ : ਪੰਜਾਬ ਦੇ ਲੋਕਾਂ ਨਾਲ ਵਧਾਈ ਮਨ ਨੇ ਪ੍ਰੀਤ

TeamGlobalPunjab
8 Min Read

ਅਵਤਾਰ ਸਿੰਘ

ਚੰਡੀਗੜ੍ਹ ਦੇ ਸੈਕਟਰ ਇਕ, ਦੋ ਅਤੇ ਤਿੰਨ ਦੀਆਂ ਸੜਕਾਂ ‘ਤੇ ਸ਼ੁਕਰਵਾਰ ਸਵੇਰੇ ਕਾਫੀ ਗਹਿਮਾ ਗਹਿਮੀ ਰਹੀ। ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀਆਂ ਗੱਡੀਆਂ ਅਤੇ ਹੋਰ ਅਮਲਾ ਫੈਲਾ ਵੀ ਖੂਬ ਹਰਕਤ ਵਿਚ ਨਜ਼ਰ ਆਇਆ। ਪੁਲਿਸ ਨੇ ਇਹਤਿਆਤ ਵਜੋਂ ਆਪਣੇ ਸਾਰੇ ਪ੍ਰਬੰਧ ਕੀਤੇ ਹੋਏ ਸਨ। ਆਖਿਰ ਇਸ ਦਾ ਕਾਰਨ ਕੀ ਸੀ। ਕੋਈ ਅਣਸੁਖਾਵੀਂ ਘਟਨਾ ਤਾਂ ਵਾਪਰੀ ਨਹੀਂ ਸੀ।

ਸਕੱਤਰੇਤ ਤੇ ਹਾਈ ਕੋਰਟ ਵੱਲ ਜਾ ਰਹੇ ਮੁਲਾਜ਼ਮ ਸੋਚ ਰਹੇ ਸਨ ਕਿ ਦੰਗੇ ਤਾਂ ਦਿੱਲੀ ਵਿੱਚ ਹੋਏ ਹਨ ਉਥੇ ਤਾਂ ਫਿਰ ਵੀ ਇੰਨੀ ਪੁਲਿਸ ਨਹੀਂ ਸੀ ਪਹੁੰਚੀ, ਇਥੇ ਕੀ ਵਾਪਰ ਗਿਆ।

ਜਿਉਂ ਜਿਉਂ ਸੂਰਜ ਦੀ ਟਿੱਕੀ ਚਮਕਣ ਲੱਗੀ, ਚੰਡੀਗੜ੍ਹ ਦੇ ਲੋਕਾਂ ਨੂੰ ਵੀ ਸਮਝ ਆਉਣ ਲੱਗ ਪਈ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਪੇਸ਼ ਕਰਨਾ ਹੈ। ਰਸਮੀ ਕਾਰਵਾਈ ਅਨੁਸਾਰ ਹਰ ਵਿਰੋਧੀ ਪਾਰਟੀ ਨੇ ਸੱਤਾ ਧਿਰ ਦਾ ਵਿਰੋਧ ਤਾਂ ਕਰਨਾ ਹੀ ਹੁੰਦਾ ਹੈ। ਇਸ ਤੋਂ ਬਿਨਾ ਵਿਰੋਧੀਆਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ।

- Advertisement -

ਬਜਟ ਪੇਸ਼ ਕਰਨ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਨੂੰ ਘੇਰ ਲਿਆ। ਇਸ ਕਾਰਨ ਵਿੱਤ ਮੰਤਰੀ ਵਿਧਾਨ ਸਭਾ ਵਿਚ ਸਮੇਂ ਸਿਰ ਨਾ ਪਹੁੰਚ ਸਕੇ। ਬਜਟ ਪੇਸ਼ ਕਰਨ ‘ਚ ਦੇਰ ਹੋ ਗਈ। ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਦੀ ਨਿੰਦਾ ਕਰਦਿਆਂ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਣ ਦੀ ਮਤਾ ਪੇਸ਼ ਕੀਤਾ। ਸਪੀਕਰ ਨੇ ਇਸ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦਾ ਫੈਸਲਾ ਕਰ ਦਿੱਤਾ।

ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਮੂਹਰਿਓਂ ਅਕਾਲੀ ਵਿਧਾਇਕਾਂ ਨੂੰ ਉਠਾਉਣ ਲਈ ਚੰਡੀਗੜ੍ਹ ਪੁਲਿਸ ਨੂੰ ਕਾਫੀ ਜੱਦੋਜਹਿਦ ਕਰਨੀ ਪਈ। ਕਈ ਵਿਧਾਇਕ ਪੁਲਿਸ ਨਾਲ ਹੱਥੋਪਾਈ ਵੀ ਹੋਏ। ਪੁਲਿਸ ਨੇ ਅਕਾਲੀ ਵਿਧਾਇਕਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲੈ ਗਈ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਅੰਦਾਜ਼ ਵਿਚ ਕਾਂਗਰਸ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਸ਼ੇਅਰੋ-ਸ਼ਾਇਰੀ ਵਾਲੇ ਬਜਟ ਭਾਸ਼ਣ ‘ਚ ਖ਼ਜ਼ਾਨਾ ਮੰਤਰੀ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੂੰ ਕੋਸਦਿਆਂ ਕਿਹਾ ਉਸ ਨੇ ਸੂਬੇ ਨਾਲ ਧੋਖਾ ਕੀਤਾ ਅਤੇ ਪੰਜਾਬ ਨੂੰ ਆਰਥਿਕ ਸੰਕਟ ਵਿਚ ਧੱਕ ਦਿੱਤਾ ਸੀ। ਤਿੰਨ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਪੰਜਾਬ ਦੀ ਆਰਥਿਕਤਾ ਲੀਹ ਉੱਤੇ ਆ ਗਈ ਹੈ ਅਤੇ ਪੰਜਾਬ ਵਿਚ ਵਿਕਾਸ ਦੀ ਲਹਿਰ ਸ਼ੁਰੂ ਹੋ ਗਈ ਹੈ।

ਮਨਪ੍ਰੀਤ ਬਾਦਲ ਨੇ ਬਜਟ ਭਾਸ਼ਣ ਵਿਚ ਅਹਿਮ ਐਲਾਨ ਕਰਦਿਆਂ ਪੰਜਾਬ ਸਰਕਾਰ ਦੇ ਮੁਲਜ਼ਾਮਾਂ ਦੀ ਸੇਵਾਮੁਕਤੀ ਉਮਰ 60 ਸਾਲਾਂ ਤੋਂ ਘਟਾ ਕੇ 58 ਸਾਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਛੇਤੀ ਹੀ ਸਰਕਾਰੀ ਭਰਤੀਆਂ ਸ਼ੁਰੂ ਕਰ ਰਹੀ ਹੈ। ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ 6 ਫ਼ੀਸਦ ਡੀਏ ਦੀ ਬਕਾਇਆ ਰਾਸ਼ੀ ਵੀ ਮਾਰਚ ਮਹੀਨੇ ਦੇ ਸ਼ੁਰੂ ਵਿਚ ਹੀ ਜਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸੇ ਸਾਲ ਨਵੇਂ ਪੇਅ ਕਮਿਸ਼ਨ ਦੀਆਂ ਸਿਫ਼ਾਰਿਸ਼ਾ ਵੀ ਲਾਗੂ ਹੋ ਜਾਣਗੀਆਂ।

ਬਜਟ ਵਿਚ ਸੂਬੇ ਵਿਚ ਕਿਸਾਨਾਂ ਦੀ ਹਾਲਤ ਨੂੰ ਬੇਹਤਰ ਰੱਖਣ ਦਾ ਵੀ ਧਿਆਨ ਰੱਖਿਆ ਗਿਆ ਹੈ। ਇਸ ਵਿਚ ਪੰਜ ਏਕੜ ਦੇ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਤੋਂ ਬਾਅਦ ਹੁਣ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ ਮਾਫ਼ ਕੀਤਾ ਜਾਵੇਗਾ। ਇਸ ਲਈ ਬਜਟ ਵਿਚ 520 ਕਰੋੜ ਰੁਪਏ ਰੱਖੇ ਗਏ ਹਨ।

- Advertisement -

ਇਸੇ ਤਰ੍ਹਾਂ ਫੈਲ ਤੇ ਸਬਜ਼ੀ ਉਤਪਾਦਕਾਂ ਵੱਲ ਵੀ ਨਜ਼ਰ ਸਵੱਲੀ ਰਖੀ ਗਈ ਹੈ ਜਿਸ ਵਿੱਚ ਮੰਡੀਆਂ ਵਿਚ ਫਲ ਅਤੇ ਸਬਜ਼ੀਆਂ ਉੱਤੇ ਲੱਗਦੀ 4 ਫੀਸਦ ਸਰਕਾਰੀ ਫੀਸ ਨੂੰ ਘਟਾ ਕੇ ਇੱਕ ਫੀਸਦ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਪੰਜਾਬ ਦੇ ਇਸ ਬਜਟ ਵਿਚ ਇਸ ਵਾਰ ਕੰਢੀ ਖੇਤਰ ਦਾ ਧਿਆਨ ਰੱਖਦਿਆਂ ਗੁਰਦਾਸਪੁਰ ਅਤੇ ਬਲਾਚੌਰ ਵਿਚ ਦੋ ਖੇਤੀਬਾੜੀ ਕਾਲਜ ਬਣਾਉਣ ਲਈ 14 ਕਰੋੜ ਰੁਪਏ ਖਰਚਣ ਦਾ ਪ੍ਰਸਤਾਵ ਹੈ।
ਪ੍ਰਦੂਸ਼ਣ ਤਾਂ ਦਿੱਲੀ ਵਿੱਚ ਹੋਰ ਸੂਬਿਆਂ ਦੇ ਧੂੰਏਂ ਤੋਂ ਫੈਲਦਾ ਹੈ ਪਰ ਇਸ ਦਾ ਨਜ਼ਲਾ ਪੰਜਾਬ ਦੇ ਕਿਸਾਨਾਂ ਉਪਰ ਡਿਗਣ ਲੱਗਦਾ ਹੈ ਇਸ ਲਈ ਪਹਿਲੀ ਵਾਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਧਿਆਨ ਰੱਖਦਿਆਂ ਪਰਾਲ਼ੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 100 ਰੁਪਏ ਦੇਣ ਦਾ ਫੈਸਲਾ ਕੀਤਾ ਹੈ।

ਇਸੇ ਤਰ੍ਹਾਂ ਝੋਨੇ ਦੀ ਥਾਂ ਮੱਕੀ ਬੀਜਣ ਨੂੰ ਤਰਜੀਹ ਦੇਣ ਦੀ ਸਕੀਮ ਤਹਿਤ 200 ਕਰੋੜ ਦਾ ਫੰਡ ਜੁਟਾਇਆ ਜਾਵੇਗਾ।

ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਾਰੇ ਆਮ ਧਾਰਨਾ ਹੈ ਕਿ ਉਹ ਕਿਤਾਬਾਂ ਬਹੁਤ ਪੜਦੇ ਹਨ। ਉਨ੍ਹਾਂ ਨੇ ਸਿੱਖਿਆ ਵਲ ਧਿਆਨ ਰੱਖਦਿਆਂ ਕੁੱਲ ਬਜਟ ਰਾਸ਼ੀ ਦਾ ਅੱਠ ਫੀਸਦ ਸਿੱਖਿਆ ਉੱਤੇ ਖਰਚਣ ਦਾ ਪ੍ਰਸਤਾਵ ਰੱਖਿਆ। ਇਸ ਤਰ੍ਹਾਂ ਇਹ ਰਕਮ 12440 ਕਰੋੜ ਰੁਪਏ ਬਣਦੀ ਹੈ।

ਸਰਕਾਰ ਨੇ 12ਵੀਂ ਤੱਕ ਦੇ ਸਾਰੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸਾਰੇ ਸਰਕਾਰੀ ਹਾਈ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਪ੍ਰਸਤਾਵ ਹੈ। ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਲਈ ਮੁਫ਼ਤ ਟਰਾਂਸਪੋਰਟ ਸਹੂਲਤ ਦੇਣ, 259 ਸਕੂਲਾਂ ਵਿਚ ਸੋਲਰ ਪਾਵਰ ਮੁਹੱਈਆ ਕਰਵਾਉਣ ਦੀ ਵੀ ਸਕੀਮ ਹੈ। ਲੜਕੀਆਂ ਦੇ ਨੈਪਕਿਨ ਪੈਂਡਜ਼ ਵਾਸਤੇ 13 ਕਰੋੜ ਦੀ ਰਕਮ ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ।

35 ਕਰੋੜ ਰੁਪਏ ਨਾਲ ਨਵੇਂ ਖੇਡ ਸਟੇਡ਼ੀਅਮ ਦੀ ਉਸਾਰੀ ਅਤੇ 19 ਨਵੀਂਆਂ ਆਈਟੀਆਈ ਤੇ 3 ਤਕਨੀਕੀ ਕਾਲਜ ਖੋਲਣ ਦਾ ਵੀ ਐਲਾਨ ਕੀਤਾ ਗਿਆ।

ਸਿਹਤ ਖੇਤਰ ਲਈ

ਸਿਹਤ ਸਹੂਲਤਾਂ ਵੱਲ ਗੌਰ ਕਰਦਿਆਂ ਇਸ ਵਾਸਤੇ 4675 ਕਰੋੜ ਰੁਪਏ ਰੱਖੇ ਹਨ। ਸਿਹਤ ਖੇਤਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦੀ ਯੋਜਨਾ ਹੈ। ਕਪੂਰਥਲਾ ਤੇ ਹੁਸ਼ਿਆਰਪੁਰ ਵਿਚ ਮੈਡੀਕਲ ਕਾਲਜ ਖੋਲ੍ਹਣ ਲਈ 10-10 ਕਰੋੜ ਅਤੇ ਮੁਹਾਲੀ ਮੈਡੀਕਲ ਕਾਲਜ ਲਈ 157 ਕਰੋੜ ਰੁਪਏ ਖਰਚਣ ਦਾ ਪ੍ਰਸਤਾਵ ਹੈ।
ਪੰਜਾਬ ਦੇ ਬਜ਼ੁਰਗਾਂ ਦਾ ਖਿਆਲ ਰੱਖਦਿਆਂ ਇਸ ਬਜਟ ਵਿਚ ਉਨ੍ਹਾਂ ਦੀ ਸੰਭਾਲ ਲ਼ਈ ਹਰ ਜ਼ਿਲੇ ਵਿਚ ਓਲਡਏਜ਼ ਹੋਮ ਬਣਾਉਣ ਦੀ ਤਜਵੀਜ਼ ਹੈ।

ਇਵੇਂ ਹੀ ਪੰਜਾਬ ਦੇ ਨੌਜਵਾਨਾਂ ਦਾ ਧਿਆਨ ਰੱਖਦਿਆਂ ਉਨ੍ਹਾਂ ਨੂੰ ਫੌਜ ਵਿਚ ਸ਼ਾਰਟ ਸਰਵਿਸ ਕਮਿਸ਼ਨ ਦੀ ਭਰਤੀ ਦੀ ਤਿਆਰੀ ਲਈ ਹੁਸ਼ਿਆਰਪੁਰ ਵਿਚ ਆਰਮਡ ਫੋਰਸਿਜ਼ ਸੰਸਥਾ ਬਣਾਉਣ ਲ਼ਈ 11 ਕਰੋੜ ਰੁਪਏ ਰੱਖੇ ਗਏ ਹਨ। ਨੌਜਵਾਨਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 270 ਕਰੋੜ ਰੁਪਏ ਖ਼ਰਚੇ ਜਾਣਗੇ। ਖੇਡ ਯੂਨੀਵਰਿਸਟੀ ਇਸ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਸਾਲ 2020-21 ‘ਚ 800 ਸਵੈ-ਪਲੇਸਮੈਂਟ ਕੈਂਪ ਤੇ 1,50,000 ਨੌਜਵਾਨਾਂ ਤੇ 69,600 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਕੌਂਸਲਿੰਗ ਰਾਹੀਂ ਮਦਦ ਕੀਤੀ ਜਾਏਗੀ।

ਪੇਸ਼ ਕੀਤੇ ਗਏ ਬਜਟ ਬਾਰੇ ਰਲਿਆ ਮਿਲਿਆ ਪ੍ਰਤੀਕਰਮ ਹਾਸਲ ਹੋਇਆ ਹੈ। ਪੰਜਾਬ ਦੇ ਆਰਥਿਕ ਮਾਹਿਰ ਡਾ ਪਿਆਰਾ ਲਾਲ ਗਰਗ ਦਾ ਕਹਿਣਾ ਹੈ ਕਿ ਇਸ ਬਜਟ ਵਿਚ ਸਿੱਖਿਆ ਤੇ ਸਿਹਤ ਦੇ ਖੇਤਰ ਲਈ ਬਜਟ ਵਿਚ ਕੀਤਾ ਗਿਆ ਵਾਧਾ ਚੰਗਾ ਕਦਮ ਹੈ। ਪਰ ਇਨ੍ਹਾਂ ਵਿਚ ਬਹੁਤ ਕੁਝ ਸੁਧਾਰ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਬਜਟ ਵਿਚ ਮੁਲਾਜ਼ਮਾਂ ਦੀ ਸੇਵਾ ਉਮਰ 60 ਤੋਂ ਘਟਾ ਕੇ 58 ਸਾਲ ਕਰਨਾ ਵਧੀਆ ਫੈਸਲਾ ਹੈ, ਇਸ ਨਾਲ ਜੇ ਭਰਤੀ ਕੀਤੀ ਜਾਂਦੀ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਸਰਕਾਰ ਦਾ ਖਰਚਾ ਘਟੇਗਾ ਕਿਓਂਕਿ ਨਵੇਂ ਮੁਲਜ਼ਮ ਨੂੰ ਤਨਖਾਹ ਘਟ ਦੇਣੀ ਪੈਂਦੀ ਹੈ। ਪਰ ਸਰਕਰ ਨੂੰ ਆਮਦਨੀ ਦੇ ਵਸੀਲੇ ਹੋਰ ਜੁਟਾਓਣੇ ਪੈਣਗੇ। ਇਹ ਕਿਸ ਤਰ੍ਹਾਂ ਪੈਦਾ ਹੋਣਗੇ ਸਮਾਂ ਦੱਸੇਗਾ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇ ਸਰਕਾਰ ਆਮਦਨ ਦੇ ਸਰੋਤ ਲੱਭੇ ਕਿਓਂਕਿ ਚਲ ਤਾਂ ਸਭ ਕੁਝ ਉਸੇ ਤਰ੍ਹਾਂ ਰਿਹਾ ਹੈ।

Share this Article
Leave a comment