Home / ਓਪੀਨੀਅਨ / ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-11); ਪਿੰਡ ਸੈਣੀਮਾਜਰਾ (ਹੁਣ ਸੈਕਟਰ 25 ਸ਼ਮਸ਼ਾਨਘਾਟ ਏਰੀਆ)

ਚੰਡੀਗੜ੍ਹ ਕਿਵੇਂ ਵੱਸਿਆ? (ਭਾਗ-11); ਪਿੰਡ ਸੈਣੀਮਾਜਰਾ (ਹੁਣ ਸੈਕਟਰ 25 ਸ਼ਮਸ਼ਾਨਘਾਟ ਏਰੀਆ)

-ਅਵਤਾਰ ਸਿੰਘ

ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ੍ਹ ਵਸਾਉਣ ਦੀ ਲੀਕ ਖਿੱਚੀ ਗਈ, ਜਿਨ੍ਹਾਂ ਵਿੱਚ 28 ਪਿੰਡਾਂ ਦਾ ਬਿਲਕੁਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਅਤੇ 22 ਪਿੰਡ ਇਸ ਸਮੇਂ ਵੀ ਚੰਡੀਗੜ੍ਹ ਵਿੱਚ ਮੌਜੂਦ ਹਨ। ਉੱਜੜ ਚੁੱਕੇ ਇਨ੍ਹਾਂ ਪਿੰਡਾਂ ਦੀ ਲੜੀ ਦੇ ਗਿਆਰਵੇਂ ਭਾਗ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ 25 ਹੇਠ ਆ ਚੁੱਕੇ ਪਿੰਡ ਸੈਣੀਮਾਜਰਾ ਦੀ ਗੱਲ ਕਰਾਂਗੇ। ਇਸ ਲੜੀ ਤਹਿਤ ਸੈਕਟਰ ਵਾਈਜ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਬਾਰੇ ਸ੍. ਮਲਕੀਤ ਸਿੰਘ ਔਜਲਾ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਐਤਵਾਰ ਨੂੰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ‌। ਅੱਜ ਪੜ੍ਹੋ ਕਿਵੇਂ, Village Saini majra ਨੂੰ ਉਠਾ ਕੇ Sector 25 Chandigarh ਬਣਾਇਆ ਗਿਆ।

*ਚੰਡੀਗੜ੍ਹ ਬਣਾਉਣ ਲਈ ਉਜਾੜੇ ਗਏ ਪੰਜਾਬ ਦੇ ਪੁਆਧ ਇਲਾਕੇ ਦੇ 28 ਪਿੰਡਾਂ ਵਿੱਚ ਇੱਕ ਪਿੰਡ ਸੈਣੀਮਾਜਰਾ ਵੀ ਸੀ, ਜੋ ਪਹਿਲੇ 17 ਪਿੰਡਾਂ ਦੇ ਨਾਲ ਉਠਾਇਆ ਗਿਆ। ਇਸ ਪਿੰਡ ਦੀ ਮਿੱਟੀ ਉਪਰ ਚੰਡੀਗੜ੍ਹ ਦਾ ਸੈਕਟਰ 25 ਬਣਿਆ ਹੋਇਆ ਹੈ, ਜਿਥੇ ਸ਼ਹਿਰ ਦਾ ਸ਼ਮਸ਼ਾਨਘਾਟ ਹੈ। ਇਸ ਪਿੰਡ ਦੇ ਚੜ੍ਹਦੇ ਪਾਸੇ ਕਾਂਜੀਮਾਜਰਾ, ਕੈਲੜ, ਛਿਪਦੇ ਪਾਸੇ ਡੱਡੂਮਾਜਰਾ, ਉੱਤਰ ਵੱਲ ਧਨਾਸ ਅਤੇ ਦੱਖਣ ਵਾਲੇ ਪਾਸੇ ਸ਼ਾਹਪੁਰ ਸੀ।

*ਸੈਣੀਮਾਜਰਾ 25 ਕੁ ਘਰਾਂ ਵਾਲਾ ਸੈਣੀਆਂ ਦਾ ਪਿੰਡ ਸੀ ਜਿਸ ਦੀ ਆਬਾਦੀ 200 ਦੇ ਲਗਭਗ ਸੀ। ਪਿੰਡ ਵਾਸੀਆਂ ਦਾ ਗੋਤ ਮਹਿੰਦਵਾਨ, ਗਿਰਨ ਅਤੇ ਕਾਬਲਵਾਲ ਸੀ। ਇਥੇ ਕੁਝ ਪਰਿਵਾਰ ਨਗਲੀਆਂ ਅਤੇ ਖਿਜਰਾਬਾਦ ਤੋਂ ਆ ਕੇ ਵਸੇ ਸਨ। ਪਿੰਡ ਦੇ ਘਰ ਕੱਚੇ ਸਨ ਜਿਹਨਾਂ ਅੱਗੇ ਛੱਪਰ ਪਾ ਕੇ ਬਾਂਸ ਦੀਆਂ ਪੌੜੀਆਂ ਰੱਖੀਆਂ ਹੁੰਦੀਆਂ ਸੀ। ਇਸ ਪਿੰਡ ਵਿੱਚ ਦੋ ਹਲਟ ਚੱਲਦੇ ਹੁੰਦੇ ਸੀ। ਕਈ ਇਸ ਪਿੰਡ ਨੂੰ ਗਿਲੜਾਂ ਵਾਲਾ ਸੈਣੀਮਾਜਰਾ ਵੀ ਕਹਿੰਦੇ ਸੀ। ਇਸ ਪਿੰਡ ਦੇ ਵਧਾਵਾ ਰਾਮ ਸੈਣੀ ਦਾ ਕੱਦ ਸਾਢੇ ਛੇ ਫੁੱਟ ਸੀ ਜਿਸ ਦੀ ਆਵਾਜ ਕਈ ਮੀਲ ਤੱਕ ਸੁਣਦੀ ਸੀ, ਉਸ ਦੀ ਬੋਦੀ ਬਹੁਤ ਲੰਮੀ ਸੀ ਜਿਸ ਕਰਕੇ ਕਈ ਇਸ ਪਿੰਡ ਨੂੰ ਬੋਦੀਮਾਜਰਾ ਵੀ ਕਹਿੰਦੇ ਸੀ। ਇਸ ਪਿੰਡ ਸੈਂਕੜੇ ਸਾਲ ਪੁਰਾਣੀ ਸੌ ਫੁੱਟ ਉੱਚੀ ਖੰਜੂਰ ਸੀ ਜੋ ਭੱਠੇ ਦੀ ਚਿਮਨੀ ਵਾਂਗ ਦੂਰ ਤੋਂ ਦਿਖਾਈ ਦਿੰਦੀ ਸੀ। ਇਹ ਖੰਜੂਰ ਇਸ ਪਿੰਡ ਦੀ ਪਹਿਚਾਣ ਹੁੰਦੀ ਸੀ। ਪਿੰਡ ਵਿੱਚ ਛਿੰਝ ਹੁੰਦੀ ਸੀ ਜਿਥੇ ਮੱਲਾਂ ਦੀਆਂ ਕੁਸ਼ਤੀਆਂ ਦੇਖਣ ਲੋਕ ਆਉਂਦੇ ਹੁੰਦੇ ਸੀ।

*ਵਿਆਹ ਸ਼ਾਦੀਆਂ ਅਤੇ ਹੋਰ ਕਾਰਜਾਂ ਲਈ ਮੁੱਲਾਂਪੁਰ ਗਰੀਬਦਾਸ ਤੋਂ ਕੈਦਾੜ ਨਾਥ ਨੂੰ ਸੁਨੇਹਾ ਭੇਜ ਕੇ ਬੁਲਾਇਆ ਜਾਂਦਾ ਸੀ ਜਿਸ ਦਾ ਕੰਮ ਘਰਾਂ ਵਿੱਚ ਸੱਦਾ ਦੇਣ ਦਾ ਹੁੰਦਾ ਸੀ। ਕੈਦਾੜ ਨਾਥ ਨੇ ਤੰਗੀਆਂ ਕੱਟ ਕੇ ਜਜਮਾਨਾਂ ਦੇ ਸਹਾਰੇ ਆਪਣੇ ਬੱਚਿਆਂ ਨੂੰ ਪੜਾਇਆ ਅਤੇ ਅਫਸਰ ਬਣਾਇਆ। ਉਸ ਦੇ ਦੋਵੇਂ ਪੁੱਤਰ ਚੰਗੇ ਅਹੁਦਿਆਂ ਤੋਂ ਰਿਟਾਇਰ ਹੋਏ ਅਤੇ ਹੁਣ ਉਨ੍ਹਾਂ ਦੇ ਪਰਿਵਾਰ ਕੈਨੇਡਾ ਅਤੇ ਚੰਡੀਗੜ੍ਹ ਰਹਿ ਰਹੇ ਹਨ।

 

*ਸੈਣੀਮਾਜਰੇ ਦੇ ਛੱਪੜ ਦੇ ਕੰਢੇ ਖੜੇ ਬੋਹੜ ਪਿੱਪਲਾਂ ਹੇਠ ਸੱਥਾਂ ਜੁੜਦੀਆਂ ਸਨ। ਅੰਬ, ਜਾਮਣ, ਜਮੋਏ ਅਤੇ ਕਿੱਕਰ ਟਾਹਲੀਆਂ ਬਹੁਤ ਸਨ। ਭਜਨ ਸਿੰਘ ਭੱਜੂ ਹਕੀਮ ਹੁੰਦਾ ਸੀ। ਇੰਦਰ ਅਤੇ ਕਾਬਲ ਤਰਖਾਣਾ ਕੰਮ ਕਰਦੇ ਹੁੰਦੇ ਸੀ ਅਤੇ ਲੁਹਾਰ ਰੌਣਕੀ ਰਾਮ ਸੀ। ਪਿੰਡ ਵਿੱਚ ਗੁਰਦੁਆਰਾ ਨਹੀਂ ਸੀ। ਸੂਬੇਦਾਰ ਦੁਨੀ ਸਿੰਘ ਧਾਰਮਿਕ ਕਾਰਜ ਕਰਵਾਉਂਦੇ ਸੀ। ਪਾਠ ਕਰਾਉਣ ਲਈ ਲੋਕ ਡੱਡੂਮਾਜਰੇ ਤੋਂ ਮਹਾਰਾਜ ਦੀ ਸਵਾਰੀ ਲੈ ਕੇ ਆਉਂਦੇ ਸੀ ਅਤੇ ਕੈਲੜ ਤੋਂ ਤੇਜਾ ਸਿੰਘ ਭਾਈ ਜੀ ਪਾਠ ਕਰਨ ਆਉਂਦਾ ਸੀ। ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਬੱਚੇ ਪੜਨ ਲਈ ਨੇੜਲੇ ਪਿੰਡ ਕੈਲੜ ਦੇ ਸਕੂਲ ਵਿੱਚ ਜਾਂਦੇ ਹੁੰਦੇ ਸੀ। ਸੈਣੀਮਾਜਰਾ ਪਿੰਡ ਉੱਤੇ ਇਸ ਵੇਲੇ ਚੰਡੀਗੜ੍ਹ ਦਾ ਸ਼ਮਸ਼ਾਨਘਾਟ ਬਣਿਆ ਹੋਇਆ ਹੈ। ਰੈਲੀ ਗਰਾਂਊਂਡ, ਚਿਤਕਾਰਾ ਸਕੂਲ, ਪੰਜਾਬ ਯੂਨੀਵਰਸਿਟੀ ਦੇ ਸੈਕਟਰ 25 ਵਾਲੇ ਕੰਪਲੈਕਸ ਵਿੱਚ ਅਦਾਰੇ ਅਤੇ ਰਿਹਾਇਸ਼ੀ ਮਕਾਨ ਸਾਰੇ ਸੈਣੀਮਾਜਰੇ ਦੇ ਰਕਬੇ ਉਪਰ ਬਣੇ ਹੋਏ ਹਨ।

*ਬੋਰਾਂ ਵਾਲੇ ਇੰਜੀ: ਗੁਰਨਾਮ ਸਿੰਘ ਡੇਰਾਬਸੀ ਦੇ ਪੁਰਖਿਆਂ ਦਾ ਪਿੰਡ ਸੈਣੀਮਾਜਰਾ ਸੀ। ਸੂਬੇਦਾਰ ਬਚਨ ਸਿੰਘ, ਗੁਰਦਰਸ਼ਨ ਸਿੰਘ, ਰਾਜਾ ਸਿੰਘ, ਵਰਿਆਮ ਸਿੰਘ ਫੌਜੀ, ਮਹਿਮਾ ਸਿਘ, ਈਸ਼ਰ ਸਿੰਘ, ਦੀਦਾਰ ਸਿੰਘ, ਮੋਤੀ ਸਿੰਘ, ਪੂਰਨ ਸਿੰਘ, ਗੁਰਬਖਸ਼ ਸਿੰਘ ਗਿਆਨ ਸਿੰਘ, ਅਤੇ ਪ੍ਰੀਤਮ ਸਿੰਘ ਪਿੰਡ ਦੇ ਪ੍ਰਮੁੱਖ ਵਿਅੱਕਤੀ ਸਨ। ਇਸ ਪਿੰਡ ਦੇ ਲੋਕ ਚੰਡੀਗੜ ਦੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਰਹਿ ਰਹੇ ਹਨ ਜਿਹਨਾਂ ਵਿੰਚ ਡੇਰਾਬਸੀ, ਡੱਡੂਮਾਜਰਾ, ਸਿੰਘ ਭਗਵੰਤਪੁਰਾ, ਸਕਰੁਲਾਂਪੁਰ, ਅਬਰਾਵਾਂ, ਮਨੌਲੀ ਆਦਿ ਜਿਕਰਯੋਗ ਹਨ। ਮਨੌਲੀ ਜਾ ਕੇ ਵਸੇ ਸੂਬੇਦਾਰ ਬਚਨ ਸਿੰਘ ਤੇ ਹੋਰ ਸੈਣੀ ਪਰਿਵਾਰਾਂ ਨੇ ਇੱਕ ਹੋਰ ਸੈਣੀਮਾਜਰਾ ਵਸਾ ਲਿਆ ਜਿਥੇ ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਤੇ ਧੀਰਾ ਦੋਧੀ ਜਿਥੇ ਰਹਿੰਦੇ ਹਨ। ਇਸ ਪਿੰਡ ਦੇ ਲੋਕਾਂ ਨੂੰ ਜਮੀਨ ਬਦਲੇ ਜਮੀਨ ਅਤੇ ਮਕਾਨ ਬਦਲੇ ਮਕਾਨ ਦਿੱਤੇ ਗਏ ਪ੍ਰੰਤੂ ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਅੱਜ ਤੱਕ ਨਹੀਂ ਮਿਲਿਆ। ਮਿਤੀ 19 ਨਵੰਬਰ 1951 ਨੂੰ ਸੈਣੀਮਾਜਰਾ ਦੀ ਹੱਦਬਸਤ ਨੰ: 203 ਅਧੀਨ ਪੈਂਦੀ 230 ਏਕੜ ਜਮੀਨ ਸਮੇਤ ਲਾਲ ਡੋਰਾ ਰਕਬੇ ਨੂੰ ਐਕੁਆਰਾਇਰ ਕਰਨ ਦਾ ਹੁਕਮ ਜਾਰੀ ਹੋਇਆ ਜਿਸ ਨਾਲ ਇਹ ਪਿੰਡ ਸਦਾ ਲਈ ਅਲੋਪ ਹੋ ਗਿਆ।

*ਚੰਡੀਗੜ੍ਹ ਲਈ ਕੁਰਬਾਨ ਹੋ ਚੁੱਕੇ ਪਿੰਡ ਸੈਣੀਮਾਜਰਾ ਦੀ ਯਾਦ ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਸੈਕਟਰ 25/38 ਵਾਲੀਆਂ ਲਾਈਟਾਂ ਵਾਲੇ ਚੌਂਕ ਦਾ ਨਾਮ ਸੈਣੀਮਾਜਰਾ ਚੌਂਕ ਅਤੇ ਸੈਕਟਰ 25 ਵਿੱਚ ਸ਼ਮਸ਼ਾਨਘਾਟ ਕੋਲ ਲੰਘਦੀ ਸੜਕ ਦਾ ਨਾਮ ਸੈਣੀਮਾਜਰਾ ਰੋਡ ਰੱਖਣ ਬਾਰੇ ਫੈਸਲਾ ਲੋਕ ਹਿੱਤ ਵਿੱਚ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇਸ ਪਿੰਡ ਬਾਰੇ ਜਾਣਕਾਰੀ ਮਿਲਦੀ ਰਹੇ।

ਲੇਖਕ: ਮਲਕੀਤ ਸਿੰਘ ਔਜਲਾ

(ਪਿੰਡ ਮੁੱਲਾਂਪੁਰ ਗਰੀਬਦਾਸ, ਨੇੜੇ ਚੰਡੀਗੜ੍ਹ ਸੰਪਰਕ 9914992424)

Check Also

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ

-ਡਾ.ਚਰਨਜੀਤ ਸਿੰਘ ਗੁਮਟਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਸੂਬੇ ਦੇ ਪ੍ਰਸਿੱਧ ਸ਼ਹਿਰ ਪਟਨਾ …

Leave a Reply

Your email address will not be published. Required fields are marked *