ਇਸ ਵਾਰ ਨਹੀਂ ਟਲਦੀ ਕੁਦਰਤ, ਲੋਕਾਂ ਦਾ ਕਰਕੇ ਰਹੂ ਕੂੰਡਾ, ਆਉਂਦੇ ਦਿਨੀਂ ਦੋ ਦਿਨ ਹੋਰ ਮੀਂਹ ਪੈਣ ਦੀ ਚੇਤਾਵਨੀ, ਹੁਣ ਕੋਈ ਨਹੀਂ ਕਹਿੰਦਾ ਰੱਬਾ ਰੱਬਾ ਮੀਂਹ ਵਸਾ, ਸਾਡੀ ਕੋਠੀ ਦਾਣੇ ਪਾ

TeamGlobalPunjab
4 Min Read

[alg_back_button]

 ਚੰਡੀਗੜ੍ਹ : ਕੋਈ ਦਿਨ ਹੁੰਦਾ ਸੀ ਕਿ ਬੱਚੇ ਇਹ ਗੀਤ ਗਾਉਂਦੇ ਗਲੀਆਂ ‘ਚ ਘੁੰਮਦੇ ਆਮ ਦਿਖਾਈ ਦੇ ਜਾਂਦੇ ਸਨ ਕਿ, “ਕਾਲੀਆਂ ਇੱਟਾਂ ਕਾਲੇ ਰੋੜ,ਮੀਂਹ ਵਸਾ ਦੇ ਜ਼ੋਰੋ ਜ਼ੋਰ,ਰੱਬਾ ਰੱਬਾ ਮੀਂਹ ਵਸਾ,ਸਾਡੀ ਕੋਠੀ ਦਾਣੇ ਪਾ” ਤੇ ਪਤਾ ਨਹੀਂ ਉਹ ਕਿਹੜੀ ਸ਼ਕਤੀ ਹੋਇਆ ਕਰਦੀ ਸੀ ਕਿ ਇਨ੍ਹਾਂ ਬੱਚਿਆਂ ਦਾ ਇਹ ਮਾਸੂਮ ਗੀਤ ਸੁਣ ਕੇ ਦੇਖਦਿਆਂ ਹੀ ਦੇਖਦਿਆਂ ਕਾਲੇ ਬੱਦਲ ਅਸਮਾਨ ਨੂੰ ਘੇਰ ਲੈਂਦੇ ਸਨ ਤੇ ਮੀਂਹ ਪੈ ਵੀ ਜਾਇਆ ਕਰਦਾ ਸੀ। ਸਮਾਂ ਬਦਲਿਆ ਤੇ ਜਿਵੇਂ ਕਹਿੰਦੇ ਨੇ ਕਿ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਯਾਨੀਕਿ ਜਿਵੇਂ ਦਾ ਇਨਸਾਨ ਹੋ ਗਿਆ ਉਵੇਂ ਦੀਆਂ ਹੀ ਰੱਬ ਨੇ ਫਰਿਆਦਾਂ ਵੀ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਬੱਚੇ ਬੁੱਢੇ ਜਵਾਨ ਕੋਈ ਮਰਜ਼ੀ ਭਾਵੇਂ ਸਾਰਾ ਦਿਨ ਹੀ ਇਹ ਗੀਤ ਗਾਈ ਜਾਣ ਤੇ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਤੇ ਕਈ ਵਾਰ ਬਿਨਾਂ ਕੁਝ ਕੀਤਿਆਂ ਹੀ ਰੱਬ ਚਾਰੇ ਪਾਸੇ ਮੀਂਹ ਪਾ ਕੇ ਜਲ-ਥਲ ਕਰ ਦਿੰਦਾ ਹੈ। ਪਰ ਇਸ ਦੇ ਬਾਵਜੂਦ ਅੱਜ ਵੀ ਲੋਕਾਂ ਦੇ ਮਨਾਂ ਅੰਦਰ ਇਹ ਮਿੱਥ ਜਰੂਰ ਹੈ ਕਿ ਅਜਿਹੇ ਗੀਤ ਗਾਉਣ ਨਾਲ ਮੀਂਹ ਪੈ ਜਾਇਆ ਕਰਦਾ ਹੈ ਤੇ ਇਹ ਮਿੱਥ ਅੱਜ ਕੱਲ੍ਹ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਕੁਝ ਜਿਆਦਾ ਹੀ ਡਰਾ ਰਹੀ ਹੈ ਜਿਹੜੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ ਜਾਂ ਜਿਹੜੇ ਲੋਕਾਂ ਨੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਇਲਾਕਿਆਂ ਦੀ ਤਬਾਹੀ ਦਾ ਮੰਜ਼ਰ ਦੇਖਿਆ ਹੋਇਆ ਹੈ। ਇਨ੍ਹਾਂ ਲੋਕਾਂ ਨੂੰ ਹੁਣ ਹੋਰ ਮੀਂਹ ਪੈਣਾ ਇੱਕ ਸ਼ਰਾਪ ਵਾਂਗ ਜਾਪਦਾ ਹੈ ਤੇ ਜਿਉਂ ਹੀ ਹੁਣ ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਆਉਣ ਵਾਲੇ ਦੋ ਦਿਨ ਪੰਜਾਬ ਵਿੱਚ ਹੋਰ ਮੀਂਹ ਪਏਗਾ ਤਾਂ ਉਨ੍ਹਾਂ ਨੇ ਉਹ ਗਾਣਾ ਲੱਭਣਾ ਸ਼ੁਰੂ ਕਰ ਦਿੱਤਾ ਜਿਹੜਾ ਗਾ ਕੇ ਮੀਂਹ ਨੂੰ ਰੋਕਿਆ ਜਾ ਸਕੇ।

ਮੌਸਮ ਵਿਭਾਗ ਵੱਲੋਂ ਹੁਣ ਇੱਕ ਵਾਰ ਫਿਰ ਮੀਂਹ ਆਉਣ ਦੀ ਭਵਿੱਖਬਾਣੀ ਕੀਤੇ ਜਾਣ ਤੋਂ ਬਾਅਦ ਲੋਕਾਂ ਨੂੰ ਉਸ ਪੌਂਗ ਡੈਮ ਵਿੱਚ ਲਗਾਤਾਰ ਭਰ ਰਹੇ ਪਾਣੀ ਦੀ ਯਾਦ ਆ ਰਹੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉੱਥੇ ਪਾਣੀ ਦੀ ਆਮਦ ਤਾਂ 39000 ਕੁਝ ਕਿਉਸਿਕ ਹੈ ਪਰ ਡੈਮ ‘ਚੋਂ ਛੱਡਿਆ ਸਿਰਫ 12000 ਕੁਝ ਕਿਊਸਿਕ ਜਾ ਰਿਹਾ ਹੈ। ਜਾਣਕਾਰੀ ਇਸ ਡੈਮ ਵਿੱਚ ਪਾਣੀ ਸਟੋਰ ਕਰਨ ਦੀ ਸਮਰੱਥਾ 2 ਸੌ ਕਿਊਸਿਕ ਪਾਣੀ ਦੀ ਹੈ ਤੇ ਇਹ 187 ਮੀਟਰ ਦੇ ਖਤਰੇ ਵਾਲੇ ਨਿਸ਼ਾਨ ਨੂੰ ਪਹਿਲਾਂ ਹੀ ਪਾਰ ਕਰ ਚੁਕਿਆ ਹੈ। ਅਜਿਹੇ ਵਿੱਚ 2 ਦਿਨ ਹੋਰ ਮੀਂਹ ਪੈਣ ਦੀ ਚੇਤਾਵਨੀ ਨੇ ਉਨ੍ਹਾਂ ਇਲਾਕਿਆਂ ਦੇ ਲੋਕਾਂ ਦੇ ਮਨਾਂ ਅੰਦਰ ਭੈਅ ਦੇ ਨਾਲ ਨਾਲ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ ਜਿਹੜੇ ਇਲਾਕੇ ਉਸ ਪਾਣੀ ਦੀ ਮਾਰ ਹੇਠ ਆਉਂਦੇ ਹਨ ਜਿਹੜਾ ਪਾਣੀ ਇਸ ਡੈਮ ਦੇ ਤਬਾਹੀ ਵਾਲੇ ਗੇਟ ਖੁੱਲ੍ਹਣ ਤੋਂ ਬਾਅਦ ਛੱਡਿਆ ਜਾਵੇਗਾ।

ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕਿ ਆਉਂਦੇ ਐਤਵਾਰ ਤੱਕ ਸੂਬੇ ਅੰਦਰ ਕਈ ਜਿਲ੍ਹਿਆਂ ‘ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਉਂਝ ਭਾਵੇ ਮਾਨਸੂਨ ਦੀ ਵਾਪਸੀ ਕਾਰਨ ਸੂਬੇ ਅੰਦਰ ਬਰਸਾਤਾਂ ਦਾ ਜੋਰ ਘਟ ਗਿਆ ਹੈ ਪਰ ਫਿਰ ਆਉਂਦੇ ਦੋ ਦਿਨਾਂ ਅੰਦਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਸੂਬੇ ਦੇ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਹੋਈ ਸੀ ਤੇ ਉਸ ਤੋਂ ਪਹਿਲਾਂ ਹੀ ਇਹ ਕਿਹਾ ਜਾਣ ਲੱਗ ਪਿਆ ਸੀ ਪੌਂਗ ਡੈਮ ਵਿੱਚੋਂ 24 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ ਪਰ ਫਿਰ ਬਾਰਿਸ਼ ਰੁਕ ਜਾਣ ਤੋਂ ਬਾਅਦ ਪਾਣੀ ਛੱਡੇ ਜਾਣ ਦਾ ਪ੍ਰੋਗਰਾਮ ਵੀ ਅੱਗੇ ਪਾ ਦਿੱਤਾ ਗਿਆ ਸੀ। ਇੱਕ ਦਿਨ ਪਹਿਲਾਂ ਪਈ ਬਾਰਿਸ਼ ਦੌਰਾਨ ਪਟਿਆਲਾ ਅੰਦਰ 16.8 ਮਿਲੀਮੀਟਰ, ਆਨੰਦਪੁਰ ਸਾਹਿਬ ਅਤੇ ਚੰਡੀਗੜ੍ਹ ‘ਚ 2.1 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਸੀ।

 

- Advertisement -

[alg_back_button]

Share this Article
Leave a comment