Home / ਓਪੀਨੀਅਨ / ਕਦੋਂ ਸ਼ੁਰੂ ਹੋਈ ਸੀਰੀਆ ਵਿੱਚ ਘਰੇਲੂ ਜੰਗ, ਇਨਸਾਨੀਅਤ ਦਾ ਹੋ ਰਿਹਾ ਘਾਣ

ਕਦੋਂ ਸ਼ੁਰੂ ਹੋਈ ਸੀਰੀਆ ਵਿੱਚ ਘਰੇਲੂ ਜੰਗ, ਇਨਸਾਨੀਅਤ ਦਾ ਹੋ ਰਿਹਾ ਘਾਣ

-ਅਵਤਾਰ ਸਿੰਘ

ਇੱਕ ਦੋ ਸਾਲ ਪਹਿਲਾਂ ਸੀਰੀਆ ਵਿੱਚ ਸ਼ਰੇਆਮ ਕਤਲੇਆਮ ਹੋਇਆ ਸੀ। ਬੰਬਾਰੀ ਕਰਕੇ ਨਿਰਦੋਸ਼ ਲੋਕ ਮਾਰੇ ਗਏ ਸੀ। ਉਦੋਂ UNO ਕਿੱਥੇ ਸੀ ਕਿਓਂ ਨਹੀਂ ਕੁਝ ਬੋਲਿਆ। ਸੀਰੀਆ ਵਿੱਚ ਜੋ ਵੀ ਹੋਇਆ, ਇਨਸਾਨੀਅਤ ਦੇ ਖਿਲਾਫ ਹੋਇਆ ਸੀ।

ਰੋਜ਼ਾਨਾ ਉਥੋਂ ਦੀਆਂ ਫੋਟੋਆਂ ਸਭ ਨੇ ਦੇਖੀਆ ਸਨ, ਕਿਵੇਂ ਨਿੱਕੇ ਨਿੱਕੇ ਬੱਚੇ ਕੁਰਲਾ ਤੇ ਤੜਫ ਰਹੇ ਸਨ। ਸਾਰੇ ਦੇਸ਼ਾਂ ਨੂੰ ਅੱਗੇ ਆ ਕੇ ਬੰਬਾਰੀ ਬੰਦ ਕਰਾਉਣੀ ਚਾਹੀਦੀ ਸੀ ਕਿਉਂਕਿ ਉਥੇ ਸਿਰਫ ਇਨਸਾਨੀਅਤ ਦਾ ਘਾਣ ਹੋ ਰਿਹਾ ਸੀ।

ਜੰਗ ਕਿਸੇ ਵੀ ਦੇਸ਼ ਦੀ ਹੋਵੇ ਪਰ ਮਰਦੀ ਸਿਰਫ ਇਨਸਾਨੀਅਤ ਹੈ। ਜੇ ਕਿਸੇ ਵਿੱਚ ਥੋੜੀ ਜਿਹੀ ਵੀ ਗੈਰਤ ਹੋਵੇ ਤਾਂ ਉਸ ਨੂੰ ਇਹੋ ਜਿਹੇ ਹਮਲਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।

ਸੀਰੀਆ ਦੀ ਘਰੇਲੂ ਜੰਗ ਦਾ ਮੁੱਢ 15 ਮਾਰਚ, 2011 ਦੀਆਂ ਘਟਨਾਵਾਂ ਨਾਲ਼ ਬੱਝਿਆ। ਦਸੰਬਰ, 2010 ਵਿੱਚ ਟਿਉਨੇਸ਼ੀਆ ਤੋਂ ਸ਼ੁਰੂ ਹੋਈ ‘ਅਰਬ ਬਹਾਰ’ ਦੀ ਲਹਿਰ ਨੇ ਸਮੁੱਚੇ ਅਰਬ ਜਗਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਰਬ ਬਹਾਰ ਦੇ ਪ੍ਰਭਾਵ ਹੇਠ ਹੀ ਸੀਰੀਆ ਵਿੱਚ ਵੀ ਤਾਨਾਸ਼ਾਹੀ-ਵਿਰੋਧੀ ਜਮਹੂਰੀਅਤ-ਪੱਖੀ ਰੋਸ-ਵਿਖਾਵੇ ਤੇ ਮਾਰਚਾਂ-ਰੈਲੀਆਂ ਦਾ ਸਿਲਸਿਲਾ ਸ਼ੁਰੂ ਹੋਇਆ।

ਸਾਲ 2011 ਦੇ ਪਹਿਲੇ ਦੋ-ਢਾਈ ਮਹੀਨਿਆਂ ਤੱਕ ਸੀਰੀਆ ਵਿੱਚ ਕੋਈ ਖਾਸ ਵੱਡਾ ਲੋਕ-ਵਿਰੋਧ ਸਾਹਮਣੇ ਨਾ ਆਇਆ, ਪਰ ਮਾਰਚ ਲੰਘਦੇ-ਲੰਘਦੇ ਜਮਹੂਰੀਅਤ-ਪੱਖੀ ਲਹਿਰ ਨੇ ਜ਼ੋਰ ਫੜ ਲਿਆ ਅਤੇ ਅਪ੍ਰੈਲ ਤੱਕ ਸੀਰੀਆ ਦੇ ਲੱਗਭਗ ਸਾਰੇ ਵੱਡੇ ਸ਼ਹਿਰਾਂ ਵਿੱਚ ਸਰਕਾਰ ਵਿਰੋਧੀ ਰੋਸ-ਵਿਖਾਵੇ ਹੋਣ ਲੱਗੇ। ਜੁਲਾਈ, 2011 ਤੱਕ ਸਰਕਾਰੀ ਫੌਜ ਅਤੇ ਵਿਰੋਧੀਆਂ ਵਿਚਕਾਰ ਹਥਿਆਰਬੰਦ ਟਕਰਾਅ ਸ਼ੁਰੂ ਹੋ ਗਿਆ। ਇਸ ਟਕਰਾਅ ਨੇ ਜਮਹੂਰੀਅਤ-ਪੱਖੀ ਲਹਿਰ ਤੇ ਤਾਨਾਸ਼ਾਹ ਅਲ-ਅਸਾਦ ਵਿਚਕਾਰ ਟਕਰਾਅ ਦੀ ਥਾਂ ਸੀਰੀਆ ਦੇ ਵੱਖ-ਵੱਖ ਫਿਰਕਿਆਂ ਦੇ ਟਕਰਾਅ ਦਾ ਰੂਪ ਧਾਰ ਲਿਆ ਜਿਸਨੂੰ ਸੀਰੀਆ ਦੇ ਗੁਆਂਢੀ ਮੁਲਕਾਂ ਜਿਵੇਂ ਕਤਰ ਤੇ ਸਾਊਦੀ ਅਰਬ ਅਤੇ ਨਾਲ਼ ਹੀ ਸਾਮਰਾਜੀ ਚੌਧਰ ਵਾਲਾ ਅਮਰੀਕਾ ਤੇ ਉਸਦੇ ਜੋਟੀਦਾਰਾਂ, ਬ੍ਰਿਟੇਨ ਤੇ ਫਰਾਂਸ ਨੇ ਹੋਰ ਹਵਾ ਦਿੱਤੀ ਅਤੇ ਇਸ ਨੂੰ ਇੱਕ ਵੱਡੀ ਘਰੇਲੂ ਜੰਗ ਵਿੱਚ ਬਦਲ ਦਿੱਤਾ।

ਸੀਰੀਆ ਪਹਿਲਾਂ ਫਰਾਂਸ ਦੇ ਕਬਜ਼ੇ ਵਿਚ ਸੀ ਦੂਜੀ ਜੰਗ ਤੋਂ ਬਾਅਦ ਜਦੋਂ ਸੀਰੀਆ ਆਜ਼ਾਦ ਹੋ ਗਿਆ। ਸੀਰੀਆ ਦੀ ਬਾਥ ਪਾਰਟੀ ਸ਼ੁਰੂ ਵਿੱਚ ਅਰਬ ਬਾਥ ਪਾਰਟੀ ਦਾ ਹਿੱਸਾ ਸੀ ਜੋ ਅਰਬ ਜਗਤ ਦੀ ਇੱਕ ਬੁਰਜੂਆ-ਰੈਡੀਕਲ ਪਾਰਟੀ ਸੀ ਜਿਸਨੇ 1947 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਸਮੁੱਚੇ ਅਰਬ ਨੂੰ ਇੱਕ ਕੌਮ ਮੰਨਣ, ਸਾਮਰਾਜ-ਵਿਰੋਧ ਤੇ ਧਰਮ-ਨਿਰਪੱਖਤਾ ਦੇ ਆਧਾਰ ’ਤੇ ਅਰਬ ਲੋਕਾਂ ਵਿੱਚ ਵਿਆਪਕ ਆਧਾਰ ਬਣਾਇਆ। ਇਸਦੇ ਨਾਲ਼ ਹੀ ਇਹ ਸੋਵੀਅਤ ਯੂਨੀਅਨ ਦਾ ਪ੍ਰਭਾਵ ਵੀ ਕਬੂਲਦੀ ਸੀ।

1960ਵਿਆਂ ਦੇ ਦਹਾਕੇ ਵਿੱਚ ਬਾਥ ਪਾਰਟੀ ਇਰਾਕ ਤੇ ਸੀਰੀਆ ਵਿੱਚ ਸੱਤ੍ਹਾ ਵਿੱਚ ਆਉਣ ਵਿੱਚ ਕਾਮਯਾਬ ਹੋ ਗਈ ਪਰ 1966 ’ਚ ਇਸ ਵਿੱਚ ਫੁੱਟ ਪੈ ਗਈ ਤੇ ਇਰਾਕ ਤੇ ਸੀਰੀਆ ਦੇ ਧੜਿਆਂ ਦੀ ਅਗਵਾਈ ਹੇਠ ਦੋ ਪਾਰਟੀਆਂ ਹੋਂਦ ਵਿੱਚ ਆ ਗਈਆਂ। 1966 ਵਿੱਚ ਇੱਕ ਉਲਟ-ਬਗਾਵਤ ਨੇ ਬਾਥ ਪਾਰਟੀ ਦੇ ਮੋਹਰੀ ਆਗੂਆਂ ਨੂੰ ਸੱਤ੍ਹਾ ਤੋਂ ਪਾਸੇ ਕਰ ਦਿੱਤਾ ਜਿਸ ਦੇ ਜਵਾਬ ਵਿੱਚ 1971 ਵਿੱਚ ਸੀਰੀਆ ਵਿੱਚ ਇੱਕ ਬਗਾਵਤ ਰਾਹੀਂ ਰੱਖਿਆ ਮੰਤਰੀ ਹਾਫੇਜ ਅਲ-ਅਸਾਦ ਨੇ ਦੇਸ਼ ਤੇ ਪਾਰਟੀ ਦੀ ਕਮਾਨ ਸੰਭਾਲੀ ਤੇ ਦੁਬਾਰਾ ਤੋਂ ਬਾਥ ਪਾਰਟੀ ’ਤੇ ਪੁਰਾਣੀ ਲੀਡਰਸ਼ਿਪ ਦਾ ਪ੍ਰਭਾਵ ਕਾਇਮ ਕੀਤਾ।

ਹਾਫੇਜ ਅਲ-ਅਸਾਦ ਨੇ ਸ਼ੁਰੂ ਤੋਂ ਅਮਰੀਕਾ-ਵਿਰੋਧੀ ਸਾਮਰਾਜ-ਵਿਰੋਧੀ ਪੈਂਤੜਾ ਲਿਆ ਅਤੇ ਤੇਲ ਦੇ ਸੋਮਿਆਂ ਨੂੰ ਸਾਮਰਾਜੀਆਂ ਦੀ ਲੁੱਟ ਤੋਂ ਮੁਕਤ ਕਰਕੇ ਦੇਸ਼ ਦੀ ਉਸਾਰੀ ਵਿੱਚ ਲਾਉਣ ਲਈ ਕਈ ਕਦਮ ਚੁੱਕੇ। ਹਾਫੇਜ ਦੀ ਮੌਤ ਤੋਂ ਬਾਅਦ ਉਸ ਦੇ ਛੋਟੇ ਬੇਟੇ ਬਸ਼ਰ ਅਲ ਅਸਾਦ ਨੇ ਰਾਜਭਾਗ ਸੰਭਾਲਿਆ। ਉਸਨੇ ਕਈ ਲੋਕ ਵਿਰੋਧੀ ਬਿਲ ਪਾਸ ਕੀਤੇ ਤਾਂ ਲੋਕ ਭੜਕ ਪਏ, ਪ੍ਰਦਰਸ਼ਨ ਹੋਣ ਲੱਗ ਪਏ।

ਅਸਦ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਜਿਸ ਕਰਕੇ ਹਥਿਆਰਬੰਦ ਸੰਘਰਸ਼ ਹੋਰ ਭਖ ਗਿਆ। ਸੀਰੀਆ ਯੁੱਧ ਦਾ ਅਖਾੜਾ ਬਣ ਗਿਆ। 2011 ਤੋਂ ਹੁਣ ਤਕ ਸੀਰੀਆ ਵਿਚ 197 ਕੈਮੀਕਲ ਰਸਾਇਣਕ ਹਮਲੇ ਹੋ ਚੁੱਕੇ ਹਨ ਤੇ ਸੈਂਕੜੇ ਮੌਤਾਂ ਹੋ ਚੁਕੀਆਂ ਹਨ। ਅਮਰੀਕਾ ਲਗਾਤਾਰ ਸੀਰੀਆ ‘ਤੇ ਹਮਲਾ ਕਰ ਰਿਹਾ ਤੇ ਰੂਸ ਅਸਦ ਦੇ ਬੰਦਿਆਂ ਦੀ ਹਮਾਇਤ ਕਰ ਰਿਹਾ ਹੈ। ਤਾਕਤਵਰ ਦੇਸਾਂ ਨੇ ਆਪਣੇ ਹਥਿਆਰ ਵੇਚਣ ਲਈ ਜੰਗ ਜਾਰੀ ਛੇੜੀ ਰੱਖਣੀ ਹੈ ਇਨ੍ਹਾਂ ਨੇ ਤੇਲ ਦੀ ਲੜਾਈ ਨੂੰ ਅਤਿਵਾਦ ਹੇਠਾਂ ਮਾਸੂਮਾਂ ਨੂੰ ਮਾਰਦੇ ਰਹਿਣਾ ਹੈ।

ਰਿਪੋਰਟਾਂ ਮੁਤਾਬਿਕ ਸੀਰੀਆ ਵਿਚ ਦੋ ਤਿਹਾਈ ਸੁੰਨੀ ਮੁਸਲਿਮ ਤੇ ਇਕ ਤਿਹਾਈ ਸ਼ੀਆ ਮੁਸਲਿਮ ਤੇ ਹੋਰ ਲੋਕ ਹਨ। ਅਮਰੀਕਾ, ਕਤਰ ਤੇ ਜਾਰਡਨ ਦੇਸ਼ਾਂ ਨੇ ਸੀਰੀਆ ਵਿਚ ਸੱਤਾ ਪਲਟਾਊ ਤੇ ਗੜਬੜ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਖਤੀ ਨਾਲ ਦਬਾਅ ਦਿੱਤਾ ਗਿਆ। ਈਰਾਨ ਤੋਂ ਬਾਅਦ ਸੀਰੀਆ ਹੀ ਦੇਸ਼ ਹੈ ਜਿਸ ਨੇ ਈਜ਼ਰਾਈਲ ਦਾ ਡਟਵਾਂ ਵਿਰੋਧ ਕੀਤਾ। ਰੂਸ ਤੇ ਅਮਰੀਕੀ ਸਾਮਰਾਜੀ ਧੜੇ ਲਈ ਸੀਰੀਆ ਦੀ ਘਰੇਲੂ ਜੰਗ ਮੁਸੀਬਤ ਬਣੀ ਹੋਈ ਹੈ।

Check Also

ਆਜ਼ਾਦੀ ਦੀ ਆਤਮ ਕਥਾ: ਬਰਤਾਨਵੀ ਫੌਜ ਦੇ ਬਾਗੀ ਮੇਜਰ ਜੈਪਾਲ ਸਿੰਘ ਦੀ ਸਵੈ-ਜੀਵਨੀ

-ਜਗਦੀਸ਼ ਸਿੰਘ ਚੋਹਕਾ ਮੇਜਰ ਜੈ ਪਾਲ ਸਿੰਘ ਮਰਹੂਮ ਦੀ ਆਤਮਕਥਾ ਇਕ ਸ਼ਖਸ ਦੇ ਖਾਲੀ ਜੀਵਨ …

Leave a Reply

Your email address will not be published. Required fields are marked *