ਕੋਰੋਨਾ ਵਾਇਰਸ : ਲੋਕਾਂ ਨੂੰ ਇਸ ਤੋਂ ਸਬਕ ਸਿੱਖਣ ਦੀ ਲੋੜ

TeamGlobalPunjab
5 Min Read

-ਅਵਤਾਰ ਸਿੰਘ

ਪੂਰੀ ਦੁਨੀਆ ਵਿੱਚ ਕੋਵਿਡ -19 ਮਹਾਮਾਰੀ ਦੀ ਦਹਿਸ਼ਤ ਹੈ। ਦੋ ਢਾਈ ਮਹੀਨੇ ਤੋਂ ਬੱਚਾ ਬੱਚਾ ਘਰਾਂ ਵਿੱਚ ਬੰਦ ਹੈ। ਫੈਕਟਰੀਆਂ, ਕਾਰੋਬਾਰ ਅਤੇ ਬਾਜ਼ਾਰ ਬੰਦ ਹੋਣ ਕਾਰਨ ਹਰ ਪਾਸੇ ਵੀਰਾਨੀ ਅਤੇ ਚੇਹਰਿਆਂ ਉਪਰ ਉਦਾਸੀ ਛਾਈ ਹੋਈ ਹੈ।

ਇਸ ਉਦਾਸ, ਵੀਰਾਨੀ ਤੇ ਸੁਨਮਸਾਨ ਵਿੱਚ ਜੇ ਕੁਝ ਚੰਗਾ ਹੋਇਆ, ਉਹ ਹੈ ਪ੍ਰਕਿਰਤੀ ਵਿਚ ਨਿਖਾਰ। ਇਨ੍ਹਾਂ ਦਿਨਾਂ ਵਿੱਚ ਪ੍ਰਕਿਰਤੀ ਖੁੱਲ ਕੇ ਸਾਹ ਲੈ ਰਹੀ ਹੈ। ਜੰਗਲੀ ਜਾਨਵਰਾਂ ਨੇ ਖੁੱਲ੍ਹ ਕੇ ਮਸਤੀ ਕੀਤੀ। ਸਮੁੰਦਰ, ਝੀਲਾਂ ਦੇ ਕੰਢਿਆਂ ਉਪਰ ਦੁਰਲੱਭ ਕਛੁਕੁਮਿਆ ਦੀ ਆਮਦ ਹੋਈ। ਘਰਾਂ ਦੇ ਬਾਹਰ ਪਰਿੰਦਿਆਂ ਦੀ ਚਹਿਕ ਵਧੀ। ਪ੍ਰਦੂਸ਼ਣ ਰਹਿਤ ਹਵਾ ਦੇ ਬੁੱਲੇ ਚੱਲੇ। ਦਿਨ ਵਿੱਚ ਅਸਮਾਨ ਨੀਲਾ ਨਜ਼ਰ ਆਇਆ। ਰਾਤ ਨੂੰ ਤਾਰੇ ਸਾਫ ਦਿਖਾਈ ਦਿੱਤੇ।

ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਾਰਬਨ ਫੈਲਣ ਵਿੱਚ ਆਈ ਭਾਰੀ ਕਮੀ। ਟ੍ਰੈਫਿਕ ਅਤੇ ਫੈਕਟਰੀਆਂ ਬੰਦ ਹੋਣ ਨਾਲ ਧੁਆਂ ਅਤੇ ਕਚਰਾ ਵੀ ਖ਼ਤਮ ਹੋ ਗਿਆ। ਇਕ ਰਿਸਰਚ ਰਿਪੋਰਟ ਅਨੁਸਾਰ ਨਿਊਯੌਰਕ ਵਿੱਚ ਕਾਰਬਨ ਡਾਇਆਕਸਾਈਡ ਨਿਕਲਣ ਵਿੱਚ 5 ਤੋਂ 10 ਫ਼ੀਸਦ ਕਮੀ ਆਈ ਹੈ।

- Advertisement -

ਰਿਪੋਰਟਾਂ ਮੁਤਾਬਿਕ ਇਸ ਸਾਲ ਦੇ ਸ਼ੁਰੂ ਵਿੱਚ ਹੀ ਚੀਨ ਵਿੱਚ ਕਾਰਬਨ ਗੈਸ ਨਿਕਲਣ ਵਿੱਚ 25 ਫ਼ੀਸਦ ਕਮੀ ਆਈ ਹੈ। ਫੈਕਟਰੀਆਂ ਵਿੱਚ ਵੱਡੀ ਪੱਧਰ ‘ਤੇ ਕੋਇਲੇ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਹੁਣ ਉਨ੍ਹਾਂ ਦੇ ਬੰਦ ਹੋਣ ਨਾਲ ਉਨ੍ਹਾਂ ਵਿਚੋਂ ਨਿਕਲਣ ਵਾਲਾ ਧੂੰਆਂ ਵੀ ਬੰਦ ਹੋ ਗਿਆ ਹੈ।

ਯੂਰਪੀ ਸੈਟੇਲਾਈਟ ਦੀ ਫੋਟੋ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਟਲੀ ਵਿੱਚ ਕਿੰਨੇ ਵੱਡੇ ਪੱਧਰ ‘ਤੇ ਨਾਈਟ੍ਰੋਜਨ ਡਾਈ ਆਕਸਾਈਡ ਉਥੋਂ ਦੀ ਹਵਾ ਵਿਚੋਂ ਗਾਇਬ ਹੋ ਗਈ ਹੈ। ਇਟਲੀ ਵਿਚ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਵੀ ਖਤਰਨਾਕ ਗੈਸਾਂ ਹਨ। ਇਸ ਗੈਸ ਕਾਰਨ ਹੀ ਇਥੇ ਤੇਜ਼ਾਬੀ ਮੀਹਂ ਪੈਂਦਾ ਹੈ।
ਪਰ ਹੁਣ ਪ੍ਰਸ਼ਨ ਇਹ ਹੈ ਕਿ ਕੀ ਇਹ ਤਬਦੀਲੀ ਕੋਵਿਡ -19 ਮਹਾਮਾਰੀ ਦੇ ਖਾਤਮੇ ਤੋਂ ਬਾਅਦ ਵੀ ਜਾਰੀ ਰਹੇਗੀ ?

ਸਾਰੇ ਦੇਸ਼ਾਂ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਵਧਣ ਤੋਂ ਰੋਕਣ ਲਈ ਲੌਕਡਾਊਨ ਦਾ ਤਰੀਕਾ ਅਪਣਾਇਆ। ਜਿਸ ਕਾਰਨ ਸਫ਼ਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਹਵਾ ਵਿੱਚ ਵੱਡੀ ਮਾਤਰਾ ਵਿੱਚ ਕਾਰਬਨ ਘੋਲਣ ਦਾ ਕੰਮ ਹਵਾਈ ਜਹਾਜ਼ ਹੀ ਕਰਦੇ ਹਨ।

ਕਾਰਬਨ ਨਿਕਲਣ ਵਿੱਚ ਆਈ ਕਮੀ ਦਾ ਕਾਰਨ ਕਾਰਖਾਨਿਆਂ ਵਿਚੋਂ ਨਿਕਲਣ ਵਾਲਾ ਧੂੰਆਂ ਹੈ। ਇਨ੍ਹਾਂ ਦਿਨਾਂ ਵਿੱਚ ਫੈਕਟਰੀਆਂ ਬੰਦ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੇ ਬੰਦ ਹੋਣ ਨਾਲ ਵੱਡੀ ਪੱਧਰ ‘ਤੇ ਬੇਰੁਜ਼ਗਾਰੀ ਫੈਲ ਰਹੀ ਹੈ।

ਜ਼ਾਹਿਰ ਹੈ ਕਿ ਸਾਫ ਹਵਾ ਪਾਣੀ ਤਾਂ ਸਾਰੇ ਚਾਹੁੰਦੇ ਹਨ, ਪਰ ਬੇਰੁਜ਼ਗਾਰੀ ਦੀ ਕੀਮਤ ‘ਤੇ ਨਹੀਂ। ਖੋਜਕਾਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਇਸ ਮਹਾਮਾਰੀ ਤੋਂ ਬਾਹਰ ਆਵਾਂਗੇ ਤਾਂ ਦੁਨੀਆ ਭਰ ਵਿੱਚ ਲਗਪਗ 0.3 ਕਾਰਬਨ ਨਿਕਲਣ ਵਿੱਚ ਕਮੀ ਆ ਚੁੱਕੀ ਹੋਵੇਗੀ। ਪਰ ਜਿਵੇਂ ਜਿਵੇਂ ਲੌਕਡਾਊਨ ਹਟੇਗਾ, ਕਾਰੋਬਾਰ ਸ਼ੁਰੂ ਹੋਵੇਗਾ, ਲੋਕਾਂ ਕੋਲ ਪੈਸੇ ਆਉਣਾ ਸ਼ੁਰੂ ਹੋਵੇਗਾ, ਮੁੜ ਤੋਂ ਵੱਡੀ ਪੱਧਰ ‘ਤੇ ਕਾਰਖਾਨਿਆਂ ਵਿਚ ਕੰਮ ਸ਼ੁਰੂ ਹੋਵੇਗਾ। ਲੋਕ ਛੁੱਟੀਆਂ ਮਨਾਉਣ ਲਈ ਸੰਸਾਰ ਦੇ ਟੂਰ ਵਲ ਨਿਕਲ ਪੈਣਗੇ। ਫੇਰ ਕੀ ਹੋਵੇਗਾ ?

- Advertisement -

ਅਜਿਹਾ ਪਹਿਲੀ ਵਾਰ ਨਹੀਂ ਕਿ ਕਿਸੇ ਮਹਾਮਾਰੀ ਤੋਂ ਬਾਅਦ ਕਾਰਬਨ ਨਿਕਲਣ ਵਿੱਚ ਕਮੀ ਆਈ ਹੋਵੇ। 2008 ਦੀ ਮੰਦੀ ਦੇ ਦੌਰ ਵਿਚ ਵੀ ਦੁਨੀਆ ਦੇ ਜਲਵਾਯੁ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਸੀ। ਗ੍ਰੀਨ ਹਾਉਸ ਗੈਸਾਂ ਦਾ ਨਿਕਲਣਾ ਘਟ ਹੋ ਗਿਆ ਸੀ। ਉਦਾਹਰਣ ਦੇ ਤੌਰ ‘ਤੇ ਚੀਨ ਨੇ ਸਭ ਤੋਂ ਵੱਧ ਸਟੀਲ, ਸੀਮੇਂਟ ਬਣਾਉਣ ਦਾ ਕੰਮ ਕੀਤਾ ਜਿਸ ਕਾਰਨ ਵੱਡੀ ਪੱਧਰ ‘ਤੇ ਪ੍ਰਦੂਸ਼ਣ ਫੈਲਾਇਆ। ਹੁਣ ਚੀਨ ਦੇ ਕਾਰਖਾਨੇ ਬੰਦ ਹੋਣ ਨਾਲ ਉਥੋਂ ਦੀ ਹਵਾ ਵੀ ਕਾਫੀ ਸਾਫ ਵੀ ਹੋ ਗਈ ਹੈ। ਪਰ ਜਦੋਂ ਮੁੜ ਪੂਰੀ ਤਰ੍ਹਾਂ ਕੰਮ ਹੋਵੇਗਾ ਤਾਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ – ਇਸ ਦਾ ਸਭ ਨੂੰ ਪਤਾ ਹੀ ਹੈ।

ਕੋਵਿਡ-19 ਦੀ ਮਹਾਮਾਰੀ ਨੇ ਸਾਨੂੰ ਇਕ ਹੋਰ ਚੀਜ਼ ਸਿਖਾਈ ਹੈ। ਹੁਣ ਤਕ ਅਸੀਂ ਇਹ ਪ੍ਰਵਾਹ ਨਹੀਂ ਕਰਦੇ ਸੀ ਕਿ ਜੋ ਖਾਣਾ ਅਸੀਂ ਖਾਂਦੇ ਹਾਂ ਉਹ ਆਓਂਦਾ ਕਿਥੋਂ ਹੈ। ਖਾਣੇ ਦੀ ਬਰਬਾਦੀ ਬਹੁਤ ਕਰਦੇ ਸੀ। ਪਰ ਹੁਣ ਸਾਨੂੰ ਇਸ ਦੀ ਕਦਰ ਹੋਣ ਲੱਗੀ ਹੈ। ਇਹੀ ਨਹੀਂ, ਹੁਣ ਲੋਕ ਇਕ ਦੂਜੇ ਦਾ ਖਿਆਲ ਰੱਖਣ ਲੱਗ ਪਏ ਹਨ। ਅਸਲ ਵਿੱਚ ਇਸ ਮਹਾਮਾਰੀ ਨੇ ਸਾਨੂੰ ਸਭ ਨੂੰ ਜ਼ਿੰਦਗੀ ਦੇ ਅਸਲ ਮਾਅਨੇ ਸਮਝਾ ਦਿੱਤੇ ਹਨ। ਉਮੀਦ ਕਰਦੇ ਹਾਂ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਮਿਲੇ ਸਬਕ ਸਾਨੂੰ ਅੱਗੇ ਵੀ ਯਾਦ ਰਹਿਣਗੇ।

Share this Article
Leave a comment