ਫਰੈਡਰਿਕ ਏਂਗਲਜ਼ : ਕਮਿਉਨਿਜ਼ਮ ਦੇ ਵਿਗਿਆਨਕ ਫ਼ਲਸਫੇ ਦੇ ਬਾਨੀ

TeamGlobalPunjab
3 Min Read

-ਅਵਤਾਰ ਸਿੰਘ

ਕਮਿਉਨਿਜ਼ਮ ਦੇ ਵਿਗਿਆਨਕ ਫ਼ਲਸਫੇ ਦੇ ਬਾਨੀ ਕਾਰਲ ਮਾਰਕਸ ਤੇ ਫ਼ਰੈਡਰਿਕ ਏਂਗਲਜ਼ ਦੀ ਜੋੜੀ ਨੇ ਸਦੀਆਂ ਤੋਂ ਦਬੀ ਆ ਰਹੀ ਮਨੁੱਖ ਜਾਤੀ ਨੂੰ ਮੁਕਤੀ ਦਾ ਇੱਕ ਨਵਾਂ ਵਿਗਿਆਨਕ ਫ਼ਲਸਫਾ ਪ੍ਰਦਾਨ ਕੀਤਾ।

ਕਮਿਊਨਿਜ਼ਮ ਦੇ ਵਿਗਿਆਨਕ ਫ਼ਲਸਫੇ ਦੀ ਘੋਖ ਕਰਨ ਵਿੱਚ ਮਾਰਕਸ ਤੇ ਏਂਗਲਜ਼ ਦਾ ਯੋਗਦਨ ਬੇਮਿਸਾਲ ਤੇ ਅਤੁੱਟ ਹੈ। ਏਂਗਲਜ਼ ਨੇ ਮਾਰਕਸ ਦੇ ਵਿਦਾ ਹੋਣ ਤੋਂ ਬਾਅਦ ਭਾਂਵੇ ਮਾਰਕਸ ਨੂੰ ਕਮਿਊਨਿਜ਼ਮ ਦੇ ਵਿਗਿਆਨਕ ਫ਼ਲਸਫੇ ਦਾ ਮੁੱਖ ਕਰਤਾ ਧਰਤਾ ਮੰਨਿਆ ਪ੍ਰੰਤੂ ਅੱਜ ਕਿਸੇ ਵੀ ਰੂਪ ਵਿੱਚ ਕਮਿਊਨਿਜ਼ਮ ਦੇ ਵਿਗਿਆਨਕ ਫ਼ਲਸਫੇ ਦੇ ਪ੍ਰਗਟ ਹੋਣ ਵਿੱਚ ਏਂਗਲਜ਼ ਦੇ ਰੋਲ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ।

ਸਮੁੱਚੇ ਤੌਰ ‘ਤੇ ਮਾਰਕਸ-ਏਂਗਲਜ਼ ਦੀਆਂ ਕਿਰਤਾਂ ਨੂੰ ਹੀ ਮਾਰਕਸਵਾਦ ਦੇ ਰੂਪ ਵਿੱਚ ਅੰਕਿਤ ਕੀਤਾ ਜਾਂਦਾ ਹੈ। ਇਨ੍ਹਾਂ ਵੱਲੋਂ ਮਨੁੱਖੀ ਸੋਚ, ਪ੍ਰਕਿਰਤੀ ਤੇ ਸਮਾਜ ਦੇ ਲਗਭਗ ਹਰ ਪਹਿਲੂ ਬਾਰੇ ਤੀਖਣ ਵਿਚਾਰ ਪੇਸ਼ ਕੀਤੇ ਹਨ। ਬਾਅਦ ਵਿੱਚ ਲੈਨਿਨ, ਸਟਾਲਿਨ ਤੇ ਮਾਉ ਜੇ ਤੁੰਗ ਨੇ ਇਨ੍ਹਾਂ ਦੇ ਵਿਚਾਰਾਂ ਨੂੰ ਹੋਰ ਮਜ਼ਬੂਤ ਬਣਾ ਦਿੱਤਾ।

- Advertisement -

ਫਰੈਡਰਿਕ ਏਂਗਲਜ਼ ਦਾ ਜਨਮ 28 ਨਵੰਬਰ 1820 ਨੂੰ ਪਰਸ਼ੀਆ ਰਾਜ ਦੇ ਬਾਰਮੇਨ ਸ਼ਹਿਰ ਵਿੱਚ ਹੋਇਆ। ਮਾਰਕਸ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਵਿਚਾਰਧਾਰਕ ਵਿਰਾਸਤ ਨੂੰ ਅੱਗੇ ਲਿਜਾਣ ਲਈ ਏਂਗਲਜ਼ ਦੇ ਸਿਰ ਸਭ ਤੋਂ ਵੱਡੀ ਜਿੰਮੇਵਾਰੀ ਸੀ, ਜਿਸਨੂੰ ਉਨ੍ਹਾਂ ਪੂਰੀ ਨਿਪੁੰਨਤਾ ਨਾਲ ਪੂਰਾ ਕੀਤਾ।

ਏਂਗਲਜ਼ ਬਹੁਤ ਸਾਰੀਆਂ ਮੌਲਿਕ ਦਾਰਸ਼ਨਿਕ ਕਿਰਤਾਂ ਦੇ ਰਚੇਤੇ ਸਨ। 5 ਅਗਸਤ 1895 ਨੂੰ ਉਨ੍ਹਾਂ ਦਾ ਲੰਡਨ ਵਿੱਚ ਦੇਹਾਂਤ ਹੋ ਗਿਆ। ਕਾਰਲ ਮਾਰਕਸ ਤੇ ਏਂਗਲਜ਼ ਦੀਆਂ ਲਿਖਤਾਂ ਦੇ ਕੁਝ ਅੰਸ : ਵਿਗਿਆਨ ਤੱਕ ਕੋਈ ਸ਼ਾਹੀ ਸੜਕ ਨਹੀਂ ਜਾਂਦੀ ਅਤੇ ਕੇਵਲ ਉਹਨਾਂ ਲੋਕਾਂ ਨੂੰ ਹੀ ਜਿਹੜੇ ਇਸ ਦੇ ਢਲਵਾਨ-ਪਹਾੜੀ ਮਾਰਗਾਂ ਦੀ ਥਕਾਨ ਵਾਲੀ ਚੜਾਈ ਤੋਂ ਨਹੀਂ ਡਰਦੇ, ਇਸ ਦੀਆਂ ਉਪਰਲੀਆਂ ਸਿਖਰਾਂ ਤੱਕ ਪਹੁੰਚਣ ਦਾ ਮੌਕਾ ਮਿਲਦਾ ਹੈ।

ਅਗਿਆਨ ਇਕ ਦੈਂਤ ਹੈ, ਸਾਨੂੰ ਡਰ ਹੈ ਇਹ ਹਾਲੇ ਹੋਰ ਬਹੁਤ ਸਾਰੇ ਦੁਖਾਂਤ ਦਾ ਕਾਰਨ ਬਣੇਗਾ। ਫਿਲਾਸਫਰ ਖੁੰਭਾਂ ਵਾਂਗ ਜ਼ਮੀਨ ਵਿੱਚੋਂ ਨਹੀਂ ਉਗ ਪੈਂਦੇ, ਉਹ ਆਪਣੇ ਸਮੇਂ ਦੀ ਆਪਣੀ ਕੌਮ ਦੇ ਉਪਜ ਹੁੰਦੇ ਹਨ। ਮਨੁੱਖ ਆਪਣਾ ਇਤਿਹਾਸ ਆਪ ਸਿਰਜਦੇ ਹਨ, ਪਰ ਉਹ ਇਸਦੀ ਸਿਰਜਣਾ ਉਸ ਤਰ੍ਹਾਂ ਨਹੀਂ ਕਰਦੇ ਜਿਸ ਤਰ੍ਹਾਂ ਉਨ੍ਹਾਂ ਦਾ ਜੀਅ ਕਰਦਾ ਹੋਵੇ। ਉਹ ਇਸ ਦੀ ਸਿਰਜਣਾ ਆਪ ਚੁਣੀਆਂ ਪ੍ਰਸਥਿਤੀਆਂ ਅਧੀਨ ਨਹੀਂ, ਸਗੋਂ ਉਨ੍ਹਾਂ ਪ੍ਰਸਥਿਤੀਆਂ ਅਧੀਨ ਕਰਦੇ ਹਨ, ਜਿਹੜੀਆਂ ਉਨ੍ਹਾਂ ਨੂੰ ਬੀਤੇ ਸਮੇਂ ਤੋਂ ਮਿਲਦੀਆਂ ਹਨ ਅਤੇ ਪੁਚਾਈਆਂ ਜਾਂਦੀਆਂ ਹਨ। ਧਰਮ ਵਿਰੁੱਧ ਸੰਗਰਾਮ ਪਰੋਖ ਢੰਗ ਨਾਲ ਉਸ ਸੰਸਾਰ ਵਿਰੁਧ ਲੜਾਈ ਹੈ, ਧਰਮ ਜਿਸਦੀ ਆਤਮਿਕ ਸੁਗੰਧ ਹੈ।#

Share this Article
Leave a comment