ਨਿਊਜ਼ ਡੈਸਕ: ਲੰਦਨ ‘ਚ ਭਾਰਤੀ ਮੂਲ ਦੀ ਇੱਕ 24 ਸਾਲਾ ਇੱਕ ਕੁੜੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 11 ਨਵੰਬਰ ਦੀ ਸਵੇਰ ਨੂੰ ਪੁਲਿਸ ਨੇ ਪੂਰਬੀ ਲੰਦਨ ਦੇ ਇਲਫੋਰਡ ਵਿੱਚ ਬ੍ਰਿਸਬੇਨ ਰੋਡ ‘ਤੇ ਖੜੀ ਇੱਕ ਸਿਲਵਰ ਵੌਕਸਹਾਲ ਕੋਰਸਾ ਦੇਖੀ, ਜਿਸ ਦੇ ਟਰੰਕ ‘ਚੋਂ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਕਾਰ ਦੇ ਟਰੰਕ ਵਿੱਚੋਂ ਜਿਸ 24 ਸਾਲਾ ਔਰਤ ਦੀ ਲਾਸ਼ ਮਿਲੀ ਹੈ, ਉਸ ਦਾ ਨਾਂ ਹਰਸ਼ਿਤਾ ਬਰੇਲਾ ਹੈ।
ਹਰਸ਼ਿਤਾ ਬਰੇਲਾ ਇੱਕ ਭਾਰਤੀ ਔਰਤ ਸੀ, ਜਿਸਦਾ ਜਨਮ ਦਿੱਲੀ ਵਿੱਚ ਹੋਇਆ ਸੀ। ਪਰ ਪਿਛਲੇ ਸਾਲ ਅਗਸਤ ਵਿੱਚ ਪੰਕਜ ਲਾਂਬਾ ਨਾਲ ਵਿਆਹ ਕਰਨ ਤੋਂ ਬਾਅਦ ਉਹ ਇਸ ਸਾਲ ਅਪ੍ਰੈਲ ਵਿੱਚ ਯੂਨਾਈਟਿਡ ਕਿੰਗਡਮ ਚਲੀ ਗਈ ਸੀ। ਜਿੱਥੇ ਕੁਝ ਦਿਨ ਪਹਿਲਾਂ ਹੀ ਉਹ ਨੌਰਥੈਂਪਟਨਸ਼ਾਇਰ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਲਾਸ਼ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਹਰਸ਼ਿਤਾ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ।
ਪੁਲਿਸ ਮੁਤਾਬਕ ਹਰਸ਼ਿਤਾ ਦੇ ਕਤਲ ਦਾ ਸ਼ੱਕ ਉਸ ਦੇ ਪਤੀ ਪੰਕਜ (23) ‘ਤੇ ਹੈ, ਜੋ ਕਥਿਤ ਤੌਰ ‘ਤੇ ਅਪਰਾਧ ਕਰਨ ਤੋਂ ਤੁਰੰਤ ਬਾਅਦ ਦੇਸ਼ ਛੱਡ ਕੇ ਭੱਜ ਗਿਆ ਸੀ। ਕਾਰ ਦੇ ਟਰੰਕ ਵਿੱਚ ਛੁਪੀ ਹੋਈ ਹਰਸ਼ਿਤਾ ਦੀ ਲਾਸ਼ ਨੂੰ 145 ਕਿਲੋਮੀਟਰ ਦੱਖਣ ਵੱਲ ਇਲਫੋਰਡ ਲਿਜਾਇਆ ਗਿਆ।
ਨੌਰਥੈਂਪਟਨ ਪੁਲਿਸ ਨੇ ਕਿਹਾ, “ਸਾਡੀ ਜਾਂਚ ਤੋਂ ਸਾਨੂੰ ਸ਼ੱਕ ਹੈ ਕਿ ਹਰਸ਼ਿਤਾ ਦੀ ਹੱਤਿਆ ਉਸਦੇ ਪਤੀ ਪੰਕਜ ਲਾਂਬਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਨੌਰਥੈਂਪਟਨਸ਼ਾਇਰ ਵਿੱਚ ਕੀਤੀ ਸੀ।” ਉਸ ਦਾ ਕਹਿਣਾ ਹੈ ਕਿ ਲਾਂਬਾ ਨੇ ਕਾਰ ਰਾਹੀਂ ਹਰਸ਼ਿਤਾ ਦੀ ਲਾਸ਼ ਨੂੰ ਨੌਰਥੈਂਪਟਨਸ਼ਾਇਰ ਤੋਂ ਇਲਫੋਰਡ (ਪੂਰਬੀ ਲੰਦਨ) ਤੱਕ ਪਹੁੰਚਾਇਆ। ਸਾਡਾ ਮੰਨਣਾ ਹੈ ਕਿ ਉਹ ਹੁਣ ਦੇਸ਼ ਤੋਂ ਭੱਜ ਗਿਆ ਹੈ… 60 ਤੋਂ ਵੱਧ ਜਾਸੂਸ ਇਸ ਕੇਸ ‘ਤੇ ਕੰਮ ਕਰ ਰਹੇ ਹਨ ਅਤੇ ਘਰ-ਘਰ, ਜਾਇਦਾਦ ਦੀ ਤਲਾਸ਼ੀ, ਸੀਸੀਟੀਵੀ ਅਤੇ ਏਐਨਪੀਆਰ ਸਮੇਤ ਕਈ ਤਰ੍ਹਾਂ ਦੀ ਜਾਂਚ ਕਰ ਰਹੇ ਹਨ।