ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੰਘ ਸਾਹਿਬਾਨ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇਕੇ ਪ੍ਰਵਾਨਗੀ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤਾ ਹੈ। ਇਸ ਨਾਲ ਮੁੜ ਤੱਥ ਉੱਭਰਕੇ ਸਾਹਮਣੇ ਆ ਗਏ ਹਨ ਕਿ ਇਸ ਵੇਲੇ ਪ੍ਰਵਾਨਤ ਸਿੱਖ ਸੰਸਥਾਵਾਂ ਨੂੰ ਕਿੰਨੇ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ। ਇਸ ਕਮੇਟੀ ਦੇ ਪ੍ਰਧਾਨ ਦਾ ਅੱਜ ਅਚਾਨਕ ਹੀ ਬਕਾਇਦਾ ਪ੍ਰੈਸ ਕਾਨਫਰੰਸ ਵਿੱਚ ਅਸਤੀਫਾ ਆ ਗਿਆ। ਪੰਥਕ ਧਿਰਾਂ ਦੀ ਸਥਿਤੀ ਵੇਖੋ? ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਜਸੀ ਅਤੇ ਧਾਰਮਿਕ ਹਿੱਤਾਂ ਦੀ ਪਹਿਰੇਦਾਰੀ ਕਰਨ ਦਾ ਦਾਅਵਾ ਕਰਨ ਵਾਲੀ ਧਿਰ ਹੈ। ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵੱਡੇ ਮੋਰਚੇ ਅਕਾਲੀ ਦਲ ਵੱਲੋਂ ਲਾਏ ਗਏ ਅਤੇ ਸਭ ਤੋਂ ਲੰਮਾ ਸਮਾਂ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਇਸੇ ਪਾਰਟੀ ਦੇ ਆਗੂ ਸਨ। ਹੁਣ ਪ੍ਰਸਥਿਤੀਆਂ ਨੇ ਲਿਆਕੇ ਪਾਰਟੀ ਨੂੰ ਕਿਥੇ ਖੜਾ ਕਰ ਦਿੱਤਾ ਹੈ ।ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਨਵੇਂ ਪ੍ਰਧਾਨ ਦੀ ਚੋਣ ਬਕਾਇਆ ਮਾਰਚ ਵਿੱਚ ਹੋਣੀ ਹੈ। ਬਲਵਿੰਦਰ ਸਿੰਘ ਭੂੰਦੜ ਇਸ ਵੇਲੇ ਕਾਰਜਕਾਰੀ ਪ੍ਰਧਾਨ ਵਜੋਂ ਜਿੰਮੇਵਾਰੀ ਨਿਭਾ ਰਹੇ ਹਨ। ਭੂੰਦੜ ਇਕ ਤਜਰਬੇਕਾਰ ਰਾਜਸੀ ਆਗੂ ਹਨ ਪਰ ਪਾਰਟੀ ਦੀ ਅਗਵਾਈ ਕਰਨ ਦਾ ਪਹਿਲਾਂ ਮੌਕਾ ਨਹੀਂ ਮਿਲਿਆ ਜਦੋਂ ਕਿ ਖਾਸ ਤੌਰ ਤੇ ਮੌਜੂਦਾ ਸੰਕਟ ਵੱਡੀ ਚੁਣੌਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਸਿੰਘ ਸਾਹਿਬਾਨ ਨੇ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਬਣਾਈ ਸੀ ਪਰ ਇਸ ਕਮੇਟੀ ਦਾ ਮਾਮਲਾ ਕਿਸੇ ਸਿਰੇ ਨਹੀਂ ਲੱਗਾ। ਪਿਛਲੀਆਂ ਮੀਟਿੰਗਾਂ ਦੌਰਾਨ ਕੋਈ ਫ਼ੈਸਲਾ ਨਹੀਂ ਲਿਆ ਜਾ ਸਕਿਆ ਅਤੇ ਹੁਣ 18 ਫਰਵਰੀ ਦੀ ਕਮੇਟੀ ਮੀਟਿੰਗ ਪਟਿਆਲਾ ਰੱਖੀ ਗਈ ਸੀ ਪਰ ਅੱਜ ਧਾਮੀ ਦੇ ਅਸਤੀਫੇ ਨਾਲ ਕਮੇਟੀ ਦੀ ਹੋਂਦ ਤੇ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਹੁਣ ਇਸ ਸਾਰੇ ਘਟਨਾਕ੍ਰਮ ਦੀ ਮੁੱਖ ਕੜੀ ਜਾਂ ਧੁਰਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਨ। ਉੱਨਾਂ ਨੇ ਬਕਾਇਦਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਸੀ ਪਰ ਜੇਕਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਕੋਈ ਦੋਸ਼ ਲੱਗੇ ਹਨ ਤਾਂ ਇਹ ਮਾਮਲਾ ਸਿੰਘ ਸਾਹਿਬਾਨ ਦੇ ਅਧਿਕਾਰ ਖੇਤਰ ਦਾ ਹੈ ਅਤੇ ਅਜਿਹਾ ਫੈਸਲਾ ਜਲੀਲ ਕਰਨ ਵਾਲਾ ਗਲਤ ਹੈ। ਇਸ ਬਿਆਨ ਬਾਅਦ ਪ੍ਰਧਾਨ ਧਾਮੀ ਨੇ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਦੀ ਰੌਸ਼ਨੀ ਵਿੱਚ ਨੈਤਿਕਤਾ ਦੇ ਆਧਾਰ ਉੱਤੇ ਅਸਤੀਫਾ ਦਿੰਦੇ ਹਨ। ਅਜੇ ਤੱਕ ਸਿੰਘ ਸਾਹਿਬਾਨ ਦਾ ਧਾਮੀ ਦੇ ਅਸਤੀਫੇ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਮੀਟਿੰਗ ਕਰਕੇ ਅਸਤੀਫਾ ਪ੍ਰਵਾਨ ਨਹੀਂ ਕਰਦੀ ਤਾਂ ਫਿਰ ਐਡ ਧਾਮੀ ਕੀ ਫੈਸਲਾ ਲੈਣਗੇ?
ਸੰਪਰਕ 9814002186