Home / ਓਪੀਨੀਅਨ / ਕੋਵਿਡ-19 ਮਹਾਂਮਾਰੀ ਦੌਰਾਨ ਭਾਰਤੀ ਹਾਕਮ ਕਹਿਰਵਾਨ ਸਾਬਤ ਹੋਏ !

ਕੋਵਿਡ-19 ਮਹਾਂਮਾਰੀ ਦੌਰਾਨ ਭਾਰਤੀ ਹਾਕਮ ਕਹਿਰਵਾਨ ਸਾਬਤ ਹੋਏ !

-ਰਾਜਿੰਦਰ ਕੌਰ ਚੋਹਕਾ;

ਕੋਵਿਡ-19 ਦੀ ਮਹਾਂਮਾਰੀ ਦੌਰਾਨ ਸਿਝਣ ਲਈ, ਜੋ ਗੈਰ ਪ੍ਰਸੰਗਿਕ, ਗੈਰ-ਤਰਕਸ਼ੀਲ ਅਤੇ ਗੈਰ ਵਿਗਿਆਨਕ ਨੀਤੀਆਂ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਨੇ ਦੇਸ਼ ਅੰਦਰ ਲਿਆਂਦੀਆਂ ਉਹ ਸਭ ਆਮ ਤੇ ਗਰੀਬ ਲੋਕਾਂ ਲਈ ਮਾਰੂ ਸਾਬਤ ਹੋਈਆਂ ਸਨ। ਭਾਵੇਂ ! ਇਸ ਆਫ਼ਤ ਦੌਰਾਨ ਖਾਸ ਕਰਕੇ ਕਿਰਤੀ ਜਮਾਤ ਅਤੇ ਕਿਸਾਨੀ ਦਾ ਦੇਸ਼ ਦੇ ਨਿਰਮਾਣ ਵਿੱਚ ਸਭ ਤੋਂ ਵੱਧ ਯੋਗਦਾਨ ਪੈ ਰਿਹਾ ਸੀ। ਪਰ ! ਉਸ ਗਰੀਬ ਵਰਗ ਨੂੰ ਸਭ ਤੋਂ ਵੱਧ ਆਰਥਿਕ ਅਤੇ ਸਮਾਜਿਕ ਦੁੱਖ ਭੋਗਣਾ ਪਿਆ। ਕੋਵਿਡ-19 ਮਹਾਂਮਾਰੀ ਦੌਰਾਨ ਅਤੇ ਇਸ ਤੋਂ ਬਾਦ 14 ਕਰੋੜ ਤੋਂ ਵੱਧ ਰਹੀ ਬੇਰੁਜ਼ਗਾਰੀ ਤੇ ਕੋਈ ਕੰਮ-ਕਾਰ ਨਾ ਹੋਣ ਕਰਕੇ ਬੇ-ਸਹਾਰਾ ਹੋ ਗਏ ਸਨ। ਪੇਟ ਭਰ ਰੋਟੀ ਖਾਣ ਨੂੰ ਨਾ ਮਿਲਣ ਅਤੇ ਘਰਾਂ ਦੀਆਂ ਹੋਰ ਜਰੂਰਤਾਂ ਅਤੇ ਥੁੜਾਂ ਪੂਰੀਆਂ ਨਾ ਹੋਣ ਕਾਰਨ ਇਹ ਲੋਕ ਆਪਣੇ-ਆਪਣੇ ਰਾਜਾਂ ਨੂੰ ਕੋਈ ਸੁਰੱਖਿਅਤ ਸਾਧਨ ਨਾ ਹੁੰਦਿਆਂ ਹੋਇਆਂ ਵੀ ਆਪਣੇ ਘਰਾਂ ਵੱਲ ਨੂੰ ਤੁਰ ਪਏ ਸਨ।ਇਸ ਆਫ਼ਤ ਭਰੇ ਸਫ਼ਰ ਦੌਰਾਨ ਰੇਲ ਅਤੇ ਸੜਕ ਦੁਰਘਟਨਾਵਾਂ ਕਾਰਨ ਅਤੇ ਭੁੱਖ ਦੇ ਦੁੱਖੋ ਪੈਦਲ ਚਲਦਿਆਂ, ਇਹੋ ਜਿਹੀ ਮੁਸੀਬਤ ਵਿੱਚ ਆਪਣੀਆਂ ਕੀਮਤੀ ਜਾਨਾ ਵੀ ਉਨ੍ਹਾਂ ਨੂੰ ਗੁਵਾਣੀਆਂ ਪਈਆਂ। ਇਹੋ ਜਿਹੀ ਤਰਾਸਦੀ ਦੌਰਾਨ ਵੀ ਸਾਡੀਆਂ ਸਰਕਾਰਾਂ ਉਨ੍ਹਾਂ ਨੂੰ ਜਾਨ-ਮਾਲ, ਸਿਹਤ, ਰਿਹਾਇਸ਼, ਖਾਣ ਪੀਣ ਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦਾ ਵਿਸ਼ਵਾਸ਼ ਨਹੀ ਦੇ ਸਕੀਆਂ। ਗਰੀਬ ਮਜਦੂਰਾਂ ਦੀ ਇਹੋ ਜਿਹੀ ਤਰਾਸਦੀ ਦੀ ਹਾਲਤ ਨੂੰ ਕੇਵਲ ਰਾਜਨੀਤਕ ਅਸਫਲਤਾ ਕਹਿਣਾ ਹੀ ਠੀਕ ਨਹੀ ਹੋਵੇਗਾ, ਸਗੋਂ ! ‘ਤੇ ਸਰਕਾਰਾਂ ਦੀ ਨੈਤਿਕ ਅਸਫ਼ਲਤਾ ਵੀ ਮੰਨੀ ਜਾਵੇਗੀ ? ਕੋਵਿਡ-19 ਮਹਾਂਮਾਰੀ ਦੀ ਮਾਰ ਦਾ ਸਭ ਤੋਂ ਵੱਧ ਗਰੀਬ, ਬੇਸਹਾਰਾ ਅਤੇ ਆਮ ਲੋਕਾਂ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ ਸੀ।

ਬੱਚਿਆਂ ਦੇ ਮਨ ਨੂੰ ‘‘ਇਗਨਾਈਟ“ ਕਰਨ ਵਾਲੀ ਆਪਣੀ ਪ੍ਰਸਿੱਧ ਕਿਤਾਬ, ‘‘ਇਗਨਾਈਟਿੰਗ ਮਾਂਈਡਜ਼“ ਨੂੰ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਤੇ ਗੁਜਰਾਤ ਦੀ ਇਕ ਬਾਰ੍ਹਵੀ ਕਲਾਸ ਦੀ ਵਿਦਿਆਰਥਣ ਨੂੰ 11 ਅਪ੍ਰੈਲ 2002 ਨੂੰ ਉਸ ਸਮੇਂ ਸਮਰਪਿੱਤ ਕੀਤੀ ਸੀ, ਜਦੋਂ ਉਹ ਇਕ ਸਕੂਲ ਦੇ ਮੁੱਖ ਮਹਿਮਾਨ ਵਜੋਂ ਉਥੇ ਪਹੰੁਚੇ ਸਨ। ਉਨਾਂ ਨੇ ਉਥੇ ਬੱਚਿਆਂ ਨੂੰ ਇਕ ਸਵਾਲ ਕੀਤਾ, ‘‘ਕਿ ਸਾਡਾ ਦੁਸ਼ਮਣ ਕੌਣ ਹੈ ?“ ਜਿਸ ਦਾ ਉਤੱਰ ਇਕ ਵਿਦਿਆਰਥਣ ਸਨੇਹਲ ਨੇ ਦਿੱਤਾ, ਤੇ ਜਿਸ ਦਾ ਸਾਰੇ ਵਿਦਿਆਰਥੀਆਂ ਨੇ ਇਕ ਸੁਰ ਹੋ ਕੇ ਸਮਰਥਨ ਕੀਤਾ ਸੀ। ਉਸ ਨੇ ਕਿਹਾ ਸੀ, ‘‘ਕਿ ਗਰੀਬੀ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ ?“ ਕਰੋਨਾ ਕਾਲ ਦੇ ਦੌਰਾਨ ਦੇਸ਼ ਭਰ ਵਿੱਚ ਪੂਰਨ ਬੰਦੀ (ਲਾਕ-ਡਾਊਨ) ਤੇ ਉਸ ਤੋਂ ਬਾਦ ਦੇਸ਼ ਦੇ ਬਦਲਦੇ ਆਰਥਿਕ ਤੇ ਸਮਾਜਿਕ ਹਲਾਤਾਂ ਵਿੱਚ ਇਸ ਅਵਾਜ਼ ਦੀ ਸਾਨੂੰ ਸਹਿਜ ਹੀ ਸਮਝ ਆ ਸਕਦੀ ਹੈ, ‘ਕਿ ਦੇਸ਼ ਅੰਦਰ ਗਰੀਬੀ ਹੀ ਸੱਭ ਤੋਂ ਵੱਡੀ ਲਾਹਨਤ ਹੈ ! ਇਸ ਲਾਕ-ਡਾਊਨ ਦਾ ਸਭ ਤੋਂ ਮਾੜਾ ਅਸਰ ਗਰੀਬ ਤੇ ਦਿਹਾੜੀਦਾਰ ਮਜ਼ਦੂਰਾਂ ਉੱਪਰ ਪਿਆ। ਵਿੰਡਬਨਾ ਇਹ ਸੀ, ਕਿ, ਇਹ ਅਬਾਦੀ ਦਾ ਇਕ ਵੱਡਾ ਹਿੱਸਾ ਕੋਵਿਡ-19 ਦੀ ਮਹਾਂਮਾਰੀ ਰਾਹੀ ਨਹੀਂ ਸਗੋਂ ਉਹ ਗਰੀਬੀ ਤੇ ਭੁੱਖ-ਮਰੀ ਵਾਲੀ ਹਾਲਤ ਜੋ ਸਰਕਾਰ ਤੇ ਅਮੀਰ ਲੋਕਾਂ ਦੀ ਬੇਪ੍ਰਵਾਹੀ ਅਤੇ ਲਾਪ੍ਰਵਾਹੀ ਦੇ ਕਾਰਨ ਪੈਦਾ ਹੋਈ ਦੌਰਾਨ ਹੀ ਮਰ ਰਹੇ ਸਨ।“ ਹਿੰਦੀ ਦੇ ਲੇਖਕ ‘‘ਫਣੀਸ਼ਰ ਰੇੇਣੂ“ ਦੀ ‘‘ਮੈਲਾ ਆਂਚਲ“ ਹਿੰਦੀ ਦੀ ਇਕ ਕਿਤਾਬ ਵਿੱਚ ਲਿਖਿਆ ਹੈ, ‘‘ਕਿ ਕਿਵੇਂ ਲੋਕ ਮਲੇਰੀਆ ਦੀ ਬਿਜਾਏ ਗਰੀਬੀ ਤੇ ਪੱਛੜੇ-ਪਨ ਨਾਲ ਮਰਦੇ ਹਨ। ਡਾ:ਰੇਣੂ ਇਸ ਤੋਂ ਅੱਗੇ ਲਿਖਦੇ ਹਨ ਕਿ ਡਾਕਟਰਾਂ ਨੇ ਰੋਗ ਦੀ ਜੜ ਲੱਭ ਲਈ ਹੈ, ਤੇ ਉਹ ਹੈ, ‘‘ਗਰੀਬੀ ਤੇ ਜਹਾਲਤ“ ਜੋ ਇਸ ਰੋਗ ਦੇ ਸਭ ਤੋਂ ਵੱਡੇ ਕੀਟਾਣੂ ਹਨ। ਇਸੇ ਤਰ੍ਹਾਂ ਹੀ ਸਾਡੇ ਦੇਸ਼ ਵਿੱਚ ਵੀ ਕੋਵਿਡ-19 ਦੀ ਮਹਾਂਮਾਰੀ ਨਾਲ ਉਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਗਰੀਬੀ-ਗੁਰਬਤ ਤੇ ਭੁੱਖ ਨਾਲ ਜੂਝਦਿਆਂ ਹੋਇਆ, ਹੋਈਆਂ ਹਨ, ਜਿਸ ਦਾ ਇਲਾਜ ਪਹਿਲਾਂ ਹੋਣਾ ਚਾਹੀਦਾ ਸੀ।

ਸਾਨੂੰ ਮੁਨਸ਼ੀ ਪ੍ਰੇਮ ਚੰਦ ਦੇ ਉਸ ਨਾਵਲ ‘‘ਗੋਦਾਨ“ ਜੋ 1936 ਵਿੱਚ ਲਿਖਿਆ ਸੀ, ਜਿਸ ਵਿੱਚ ਕਿਸਾਨ ਦੇ ਮਜ਼ਦੂਰ ਵਿੱਚ ਬਦਲਣ ਦੀ ਤਰਾਸਦੀ ਦੀ ਵਿਆਖਿਆ ਹੈ। ਤਾਂ! ਅੱਜ ਦੇ ਸੰਦਰਭ ਵਿੱਚ ਵੀ ‘‘ਸਾਨੂੰ ਇਸ ਇਸ ਭੂਮੰਡਲੀ-ਕਰਨ ਦੀ ਅਰਥ-ਵਿਵਸਥਾ ਅੰਦਰ ਇਨ੍ਹਾਂ ਮਜ਼ਦੂਰਾਂ ਦੇ ਸ਼ੋਸ਼ਣ ਦੀ ਅਸਲੀ ਗਾਥਾ, ਦੀ ਤਸਵੀਰ ਦਿਸ ਰਹੀ ਹੈ, ਜਿਥੇ ਹਰ ਚੀਜ਼ ਦਾ ਸਰਵੇਖਣ ਕੇਵਲ ਆਰਥਿਕ ਲਾਭ ਦੇ ਮਾਪਦੰਡ ਨਾਲ ਹੀ ਮਾਪਿਆ ਜਾਂਦਾ ਹੈ। ਖੂਨ-ਪਸੀਨੇ ਦੀ ਮਿਹਨਤ ਨਾਲ ਦੇਸ਼ ਭਰ ਵਿੱਚ ਆਲੀਸ਼ਾਨ ਮਹੱਲ, ਹੋਟਲ, ਹਸਪਤਾਲ, ਸੜਕਾਂ, ਪੁੱਲ ਆਦਿ ਬਣਾਉਣ ਵਾਲੇ ਮਜ਼ਦੂਰ ਹੀ ਹਨ ? ਪਰ ! ਸ਼ੋਸ਼ਣਕਾਰੀ ਉਦਯੋਗਪਤੀ ਆਪਣੀ ਧੰਨ ਨੂੰ ਵਧਾਉਣ ਦੀ ਲਾਲਸਾ ਤੇ ਅਸੰਵੇਦਨਸ਼ੀਲਤਾ ਦੇ ਰਵੱਈਏ ਰਾਂਹੀ ਕਿਰਤੀ ਵਰਗ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ।

ਇਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ 58-ਫੀ ਸਦ ਧੰਨ ਦੌਲਤ ਇਸ ਦੇਸ਼ ਦੇ ਸਭ ਤੋਂ ਵੱਧ ਅਮੀਰ ਇਕ-ਫੀ ਸਦ ਲੋਕਾਂ ਕੋਲ ਹੈ ਤੇ ਦੂਜੇ ਪਾਸੇ 21.9 ਫੀ ਸਦ ਲੋਕ ਗਰੀਬੀ ਤੋਂ ਹੇਠਾਂ ਆਪਣਾ ਜੀਵਨ ਨਿਰਬਾਹ ਕਰਨ ਲਈ ਮਜਬੂਰ ਹਨ। ਇਹ ਅੰਕੜੇ, ‘‘ਭਾਰਤ ਦੇਸ਼ ਮਹਾਨ ਹੈ“ ਦੇ ਹਨ ਜੋ ਗਰੀਬ-ਅਮੀਰ ਦੇ ਪਾੜੇ ਦੀ ਤਸਵੀਰ ਪੇਸ਼ ਕਰਦੇ ਹਨ। ਦੇਸ਼ ਦੇ ਇਕ ਫੀ ਸਦ ਲੋਕਾਂ ਕੋਲ ਆਮਦਨ ਕਿੰਨੀ ਹੈ ਅਤੇ ਗਰੀਬਾਂ ਦੀ ਆਮਦਨ ਕਿੰਨੀ ਹੈ, ਦਾ ਪਾੜਾ ਦਿੱਸ ਰਿਹਾ ਹੈ। ਪ੍ਰਤੂੰ ਅਫਸੋਸ ਹੈ, ‘‘ਕਿ ਦੇਸ਼ ਨੂੰ ਆਜ਼ਾਦ ਹੋਇਆ 75 ਸਾਲ ਬੀਤਣ ਦੇ ਬਾਦ ਵੀ ਦੇਸ਼ ਭਰ ਵਿਚਕਾਰ ਗਰੀਬੀ ਅਮੀਰੀ ਦਾ ਪਾੜਾ ਵੱਧਦਾ ਹੀ ਜਾ ਰਿਹਾ ਹੈ। ਅੱਜ ! ਮਿਹਨਤ-ਮਜ਼ਦੂਰੀ ਕਰਕੇ ਪੇਟ ਪਾਲਣ ਵਾਲਾ ਹੋਰ ਗਰੀਬ ਹੋ ਰਿਹਾ ਹੈ। ਅਮੀਰ-ਵਰਗ ਰਾਜ ਸਤਾ ਤੇ ਕਾਬਜ਼ ਹੋ ਕੇ ਗਰੀਬਾਂ ਦੀ ਲੁੱਟ ਕਰ ਕਰ ਕੇ ਹੋਰ ਅਮੀਰ ਹੋ ਰਿਹਾ ਹੈ। ਦੇਸ਼ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਰਾਹੀ, ‘‘ਆਦਮ ਗੌਡਵੀ“ ਦੇ ਲੇਖਕ ਨੇ ਲਿਖਿਆ ਹੈ, ‘‘ਕਿ ਝੀਲ ਪਰ ਪਾਣੀ ਬਰਸਤਾ ਹੈ ; ਹਮਾਰੇ ਦੇਸ਼ ਮੇਂ ਖੇਤ ਪਾਣੀ ਕੋ ਤਰਸਤਾ ਹੈ।“ ਅਫਸੋਸ! ਹੈ ਕਿ ਸਾਡੇ ਦੇਸ਼ ਦੇ ਹਾਕਮ ਤੇ ਸਰਕਾਰਾਂ ਦੇਸ਼ ਵਿਚੋਂ ਨੰਗ-ਭੁਖ, ਮਹਿੰਗਾਈ ਤੇ ਬੇਰੁਜ਼ਗਾਰੀ ਆਦਿ ਮਸਲਿਆਂ ਨੂੰ ਹਲ ਕਰਨ ਵਿੱਚ ਅਸਫਲ ਹੀ ਰਹੇ ਹਨ। ਸਗੋਂ! ਤੇ ਉਹ ਪੂੰਜੀਪਤੀਆਂ ਤੇ ਅਮੀਰ-ਘਰਾਣਿਆਂ ਦੀ ਪੂੰਜੀ ਕਿਵੇਂ ਵਧੇ, ਜਿਹੀਆਂ ਨੀਤੀਆਂ ਘੜ ਕੇ ਉਨ੍ਹਾਂ ਨੂੰ ਲਾਭ ਪਹੰੁਚਾ ਰਹੇ ਹਨ। ਜੇਕਰ ਪਿਛਲਾ ਇਤਿਹਾਸ ਵੀ ਦੇਖਿਆ ਜਾਵੇ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦੇਸ਼ ਦੀ ਰੀੜ ਦੀ ਹੱਡੀ ਕਿਹਾ ਗਿਆ ਹੈ। ਜਨਵਰੀ-1902 ਵਿੱਚ ‘‘ਸਵਾਮੀ ਵਿਵੇਕਾਨੰਦ“ ਨੇ ਵੀ ਕਿਹਾ ਸੀ, ‘‘ਕਿ ਇਸ ਧਰਤੀ ਤੇ ਕੋਈ ਵੀ ਸ਼ਾਸ਼ਕ ਗਰੀਬ ਲੋਕਾਂ ਬਾਰੇ ਨਹੀਂ ਸੋਚਦਾ। ਜਦਕਿ ਉਹ ਇਸ ਦੇਸ਼ ਦੇ ‘ਕਿਰਤੀ-ਕਿਸਾਨ` ਹੀ ਸਨ, ਜਿਨ੍ਹਾਂ ਨੇ ਆਪਣੀ ਮਿਹਨਤ-ਮੁਸ਼ਕਤ ਤੇ ਖੂਨ-ਪਸੀਨੇ ਦੀ ਕਮਾਈ ਨਾਲ ਅਨਾਜ ਦੇ ਭੰਡਾਰ ਪੈਦਾ ਕੀਤੇ ਸਨ। ਪਰ ! ਅਫਸੋਸ ਹੈ ਕਿ ਮਜ਼ਦੂਰਾਂ ਨੂੰ ਉਨਾਂ ਵਲੋਂ ਕੀਤੀ ਗਈ ਮਿਹਨਤ ਦਾ ਫਲ ਉਨਾਂ ਨੂੰ ਘੱਟ ਹੀ ਮਿਲਦਾ ਹੈ। ਜੇਕਰ ! ਉਹ ਮਿਹਨਤੀ ਕਿਸਾਨ-ਮਜ਼ਦੂਰ ਇਕ ਦਿਨ ਕੰਮ ਕਰਨਾ ਛੱਡ ਦੇਣ ਤਾਂ ! ਦੇਸ਼ ਦੀ ਆਰਥਿਕਤਾ ਡਾਵਾਂ-ਡੋਲ ਹੋ ਜਾਵੇਗੀ ਆਵਾਮ ਭੁੱਖਾ ਮਰ ਜਾਵੇਗਾ।

ਜੇਕਰ ਸਰਕਾਰ ਸੱਚ-ਮੁੱਚ ਦੇਸ਼ ਵਿਚੋਂ ਗਰੀਬੀ ਗੁਰਬਤ ਖਤਮ ਕਰਨਾ ਚਾਹੰੁਦੀ ਹੈ ਤੇ ਦੇਸ਼ ਦੀ ਸਮਾਜਿਕ-ਆਰਥਿਕ ਹਾਲਤ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ,ਤਾਂ! ਦੇਸ਼ ਵਿੱਚ ਗਰੀਬੀ-ਅਮੀਰੀ ਦੇ ਪਾੜੇ ਨੂੰ ਖਤਮ ਕਰਨਾ ਹੋਵੇਗਾ। ਕਰੋਨ ਮਹਾਂਮਾਰੀ ਦੌਰਾਨ ਕੇਵਲ ‘‘ਮਜ਼ਦੂਰ ਹੀ ਨਹੀਂ ਮਰੇ, ਸਗੋਂ ਤੇ ਦੇਸ਼ ਭਰ ਵਿੱਚ ਇਨਸਾਨੀਅਤ ਵੀ ਮਰੀ ਹੈ !“ ਭਾਂਵੇ ! ਫਿਲਮਾਂ ਵਿੱਚ ਦੇਸ਼ ਦੀ ਰਾਜਨੀਤੀ ਅੰਦਰ ਗਰੀਬੀ-ਗੁਰਬਤ ਵਿੱਚ ਰਹਿ ਰਹੇ ਲੋਕਾਂ ‘ਤੇ ਫਿਲਮਸਾਜ਼ ਤੇ ਐਕਟਿੰਗ ਕਰਨ ਵਾਲੇ ਕੁਝ ਰਾਜਨੀਤਕ ਅਤੇ ਉਨ੍ਹਾਂ ਦੀਆਂ ਪਾਰਟੀਆਂ ਖੁਦ ਕਿਰਤੀ-ਜਮਾਤ ਦੀ ਬਦੌਲਤ ਅਰਬਪਤੀ ਬਣ ਜਾਂਦੇ ਹਨ। ਪ੍ਰਤੂੰ ! ਗਰੀਬ ਉਥੋ ਦਾ ਉਥੇ ਹੀ ਰਹਿ ਜਾਂਦਾ ਹੈ। ਭਾਵ ! ਭਾਰਤ ਦੇਸ਼ ਵਿੱਚ ਰਾਜਸਤਾ ਅੰਦਰ ਇਥੋਂ ਦੇ ਗਰੀਬ ਲੋਕ ਅਮੀਰਾਂ ਨੂੰ ਅੱਗੇ ਵੱਧਣ ਲਈ ਇਕ ‘‘ਪੌੜੀ“ ਵਜੋਂ ਹੀ ਵਰਤੇ ਜਾ ਰਹੇ ਹਨ। ‘‘ਸੂਡਾਨ“ ਵਿੱਚ 1993 ਦੇ ਅਕਾਲ ਸਮੇਂ; ‘‘ਦੀ ਵਲਚਰ ਐਂਡ ਦੀ ਲਿਟਲ ਗਰਲ“ ਵਿੱਚ ਇਕ ਗਿੱਧ ਦੇ ਸਾਹਮਣੇ ਭੁੱਖ ਨਾਲ ਮਰ ਰਹੀ ਇਕ ਛੋਟੀ ਜਿਹੀ ਲੜਕੀ ਦੀ ਤਸਵੀਰ ਇਕ ਫੋਟੋਗਰਾਫ਼ਰ, ‘ਕੇਵਿਨ ਕਾਰਟਰ` ਨੇ ਖਿੱਚੀ ਸੀ। (ਬਾਦ ਵਿਚ ਜਿਸ ਦੀ ਪਛਾਣ ‘ਕੋਂਗ ਨਿਓਗ` ਨਾਮ ਦੇ ਲੜਕੇ ਦੇ ਰੂਪ ਵਿੱਚ ਹੋਈ)। ਕੇਵਿਨ ਰਾਤੋ-ਰਾਤ ਇਕ ਵੱਡੀ ਹਸਤੀ ਫੋਟੋਗਰਾਫਰ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਉਸ ਨੂੰ ਇਸ ਤਸਵੀਰ ਬਦਲੇ ‘ਪੁਲਿਤਜ਼ਰ ਪੁਰਸਕਾਰ` ਨਾਲ ਸਨਮਾਨਿਤ ਕੀਤਾ ਗਿਆ।ਪ੍ਰਤੂੰ ! ਕੇਵਿਨ ਨੇ ਕੁਝ ਚਿਰ ਬਾਦ ‘ਆਤਮ-ਹੱਤਿਆ` ਕਰ ਲਈ। ਕਿਉਂਕਿ ਉਹ ਇਹੀ ਸੋਚਦਾ ਰਿਹਾ ‘‘ਕਿ ਮੈਂ ਬਹੁਤ ਵੱਡਾ ਅਪਰਾਧ ਕੀਤਾ ਹੈ। ਮੈਂ ਉਸ ਲੜਕੇ ਦੀ ਜਾਨ ਬਚਾਉਣ ਦੀ ਬਜਾਏ ਉਸ ਦੀ ਫੋਟੋ ਕਿਉਂ ਖਿੱਚੀ ?“ ਅਸਲ ਬੀਮਾਰੀ ਇਹ ਹੈ ਕਿ ਨੰਗ-ਭੁੱਖ ਨੂੰ ਲੋਕਾਂ ਸਾਹਮਣੇ ਕਿਵੇਂ ਨੰਗਾ ਕੀਤਾ ਜਾਵੇ ਤੇ ਇਸ ਦਾ ਹੱਲ ਕੀ ਹੋਵੇ? ਇਸ ਨੰੰਗ-ਭੁੱਖ ਲਈ ਕੌਣ ਜਿੰਮੇਵਾਰ ਹੈ ?

ਸਾਡੇ ਦੇਸ਼ ਦੀ ਮੋਦੀ ਸਰਕਾਰ ਨੂੰ ਅਤੇ ਅਡਾਨੀਆਂ, ਅੰਬਾਨੀਆਂ, ਰਿਲਾਇੰਸ ਅਤੇ ਹੋਰ ਅਮੀਰਾਂ ਨੂੰ ਇਹੋ ਜਿਹੀਆਂ ਕਹਾਣੀਆਂ ਤੋਂ ਸਬਕ ਸਿਖਣਾ ਚਾਹੀਦਾ ਹੈ, ਤਾਂ! ਜੋ ‘‘ਗਰੀਬਾਂ ਦੀ ਗਰੀਬੀ ਤੇ ਹੱਸਿਆ ਨਾ ਜਾਵੇ। ਸਗੋਂ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ।“ ਜਰਮਨੀ ਦੇ ਬੋਨ ‘ਚ ਰਹਿਣ ਵਾਲੇ (ਆਈ.ਜੇ.ਡੀ.ਏ) ਇੰਸਟੀਚਿਊਟ ਆਫ ਲੇਬਰ ਇਕਨੌਮਿਕਸ ਦੇ ਫੈਲੋ ਰਿਸਰਚ ‘‘ਸੰਤੋਸ਼ ਮੇਹਰੋਤਰਾ ਅਤੇ ਉਨ੍ਹਾਂ ਦਾ ਸਾਥੀ ਜਜਤੀ ਕੇਸ਼ਰੀ ਪਰਿਦਾ“ ਦੀ ਇਕ ਰੀਪੋਟ ਮੁਤਾਬਿਕ ਭਾਰਤ ਵਿੱਚ ਪਿਛਲੇ 8-ਸਾਲਾਂ (ਅੱਠ-ਸਾਲਾਂ) ਤੋਂ 76-ਮਿਲੀਅਨ ਭਾਵ-7 ਕਰੋੜ 60 ਲੱਖ ਲੋਕ 2020 ਤੱਕ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ‘‘ਦੀ ਵਾਇਰ“ ਦੀ ਰੀਪੋਰਟ ਮੁਤਾਬਿਕ ਇਹ ਹੈਰਾਨ ਕਰਨ ਵਾਲੀ ਗੱਲ ਹੈ, ‘ਕਿ ਇਹ ਵੇਰਵਾ (ਡਾਟਾ) ਕਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ। ਭਾਵ ਭਾਰਤ ਵਿੱਚ ਕਰੋਨਾ ਤੋਂ ਪਹਿਲਾਂ ਹੀ ਗਰੀਬੀ ਸ਼ੁਰੂ ਹੋ ਚੁੱਕੀ ਸੀ। ਕਰੋਨਾ ਮਹਾਂਮਾਰੀ ਦੌਰਾਨ ਪਹਿਲੇ ਅਤੇ ਦੂਸਰੇ ਕਰੋਨਾ ਦੇ ਹਮਲੇ ਬਾਦ ਇਹੋ ਜਿਹੇ ਗਰੀਬਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਇਸ ਦਾ ਅੰਦਾਜ਼ਾ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ।

ਜੇਕਰ ਅਸੀਂ ‘‘ਵਿਸ਼ਵ ਮਹਾਂਮਾਰੀਆਂ“ ਦਾ ਇਤਿਹਾਸ ਪੜੀਏ ਜਾਂ ਦੇਖੀਏ ਤਾਂ ! ਪਤਾ ਲੱਗਦਾ ਹੈ, ‘ਕਿ ਇਹੋ ਜਿਹੀਆਂ ਮਹਾਂਮਾਰੀਆਂ ਦੌਰਾਨ ਅਜਿਹੀਆਂ ਹੋ ਰਹੀਆਂ ਮੌਤਾ ਦਾ ਸਮੇਂ ਸਿਰ ਇਲਾਜ ਨਾ ਕਰਨ ਨਾਲ ਹੀ ਨਹੀਂ ? ਸਗੋਂ ! ਤੇ ਰਾਜਸਤਾ ਤੇ ਬੈਠੀਆਂ ਸਰਕਾਰਾਂ ਦੀਆਂ ਲਪ੍ਰਵਾਹੀਆਂ ‘ਤੇ ਅਣਗੈਹਿਲੀਆਂ ਕਾਰਨ ਲੱਖਾਂ ਮੌਤਾਂ ਹੋਈਆਂ ਹਨ। ਕਿਸੇ ਵੀ ਸਭਿਅਕ ਸਮਾਜ ਅੰਦਰ ਇਸ ਤਰ੍ਹਾਂ ਦੀਆਂ ਗਰੀਬੀ ਨਾਲ ਹੋ ਰਹੀਆਂ ਲੱਖਾਂ ਦੀ ਗਿਣਤੀ ‘ਚ ਮੌਤਾਂ ਜੋ ਤੰਗੀਆਂ ਤਰੁਸ਼ੀਆਂ ਵਿੱਚ ਆਪਦਾ ਜੀਵਨ ਬਤੀਤ ਕਰਦੇ ਹਨ, ਦੇ ਸੰਕੇਤ ਦੇਸ਼ ਲਈ ਅਤੇ ਦੁਨੀਆਂ ਲਈ ਵੀ ਠੀਕ ਨਹੀਂ ਤੇ ਨਾ ਹੀ ਸੋਭਦੇ ਹਨ। ‘‘ਨਿਤਸ਼ ਸ਼ਾਸਤਰੀ ਪੀਟਰ ਸਿੰਗ“ ਨੇ ਆਪਣੇ ਲੇਖ ‘‘ਫੈਸਿਨ ਅਫੂਲੂਏਨਸ਼ ਐਂਡ ਮਾਰਲਟੀ“ ਵਿੱਚ ਲਿਖਦੇ ਹਨ, ‘‘ਕਿ ਉਹ ਇਕ ਮਹਾਨ ਰਾਸ਼ਟਰ ਜਾਂ ਕਿਸੇ ਇਕ ਵਿਅਕਤੀ ਦਾ ਇਹ ਫਰਜ਼ ਹੈ, ਕਿ ਉਹ ਗਰੀਬ, ਕਮਜ਼ੋਰ ਵਿਅਕਤੀ ਜਾਂ ਰਾਸ਼ਟਰ ਦੇਸ਼ ਦੀ ਮਦਦ ਕਰੇ। ਕਿਉਂ ਕਿ ਇਸ ਤਰ੍ਹਾਂ ਨਾ ਕਰਨਾ ਕੇਵਲ ਅਨੈਤਿਕਤਾ ਹੀ ਨਹੀਂ ? ਬਲਕਿ ਮਨੁੱਖਤਾ ਦਾ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ “ ਵਿਸ਼ਵ ਮਹਾਂ-ਮਾਰੀਆਂ ਤੋਂ ਪੈਦਾ ਹੋਈਆਂ ਇਹੋ ਜਿਹੀਆਂ ਭਿਅੰਕਰ ਬੀਮਾਰੀਆਂ ਵਿੱਚ ਸਭ ਤੋਂ ਪਹਿਲਾਂ ਮਨੁੱਖਤਾ ਅਤੇ ਗਰੀਬ ਲੋਕਾਂ ਨੂੰ ਬਚਾਉਣਾ ਜਰੂਰੀ ਹੁੰਦਾ ਹੈ। ਰਾਜ-ਸਤਾ ਤੇ ਬੈਠੀਆਂ ਸਰਕਾਰਾਂ ਦਾ ਫਰਜ਼ ਹੁੰਦਾ ਹੈ, ਕਿ ਉਹ ਆਪਣੇ ਫ਼ਰਜ਼ਾਂ ਦੀ ਪਾਲਣਾ ਕਰੇ।“

‘‘ਮਸ਼ਹੂਰ ਮੈਡੀਕਲ ਮੈਗਜ਼ੀਨ ਦ ਲੈਂਸਟ“ ਦੀ ਸੰਪਾਦਕੀ ‘ਚ ਕਰੋਨਾ ਮਹਾਂਮਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਸੰਪਾਦਕੀ ‘ਚ ਕਿਹਾ ਗਿਆ ਹੈ, ‘‘ਕਿ ਹਸਪਤਾਲ ਮਰੀਜਾਂ ਨਾਲ ਭਰੇ ਪਏ ਹਨ। ਆਕਸੀਜਨ ਦੀ ਭਾਰੀ ਕਮੀ ਹੈ ਤੇ ਸ਼ੋਸ਼ਲ ਮੀਡੀਆ ਤੇ ਲੋਕ ਤੇ ਡਾਕਟਰ ਮੈਡੀਕਲ ਆਕਸੀਜਨ, ਹਸਪਤਾਲਾਂ ਦੇ ਬੈਡ ਤੇ ਦੂਜੀਆਂ ਹੋਰ ਜ਼ਰੂਰਤਾਂ ਲਈ ਗੁਹਾਰ ਲਗਾ ਰਹੇ ਹਨ। ਪਰ ! ਇਸ ਮੁਸ਼ਕਿਲ ਸਮੇਂ ‘ਚ ਉਨ੍ਹਾਂ ਮਦਦ ਤੇ ਉਕਤ ਹਾਲਾਤ ਲਈ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀ ਹੈ। ‘ਦ ਲੈਂਸਟ` ਅਨੁਸਾਰ ਅਜਿਹੇ ਮੁਸ਼ਕਿਲ ਸਮੇਂ ‘ਚ ਮੋਦੀ ਦੀ ਸ਼ੋਸ਼ਲ ਮੀਡੀਆ ਤੇ ਆਪਣੀ ਆਲੋਚਨਾ ਤੇ ਖੁਲ੍ਹੀ ਚਰਚਾ ਨੂੰ ਦਬਾਉਣ ਦੀ ਕੋਸ਼ਿਸ਼ ਮੁਆਫੀ ਦੇ ਯੋਗ ਨਹੀਂ ਹੈ। ‘ਤਨਜ ਕਸਦਿਆਂ ਕਿਹਾ ਗਿਆ ਹੈ, ਕਿ ਲੱਗ ਰਿਹਾ ਹੈ ਕਿ, ਮੋਦੀ ਸਰਕਾਰ ਦਾ ਧਿਆਨ ਟਵਿਟਰ ਤੇ ਆਪਣੀ ਆਲੋਚਨਾ ਨੂੰ ਹਟਾਉਣ ਤੇ ਜਿਆਦਾ ਅਤੇ ਮਹਾਂਮਾਰੀ ਨੂੰ ਕਾਬੂ ਕਰਨ ‘ਤੇ ਘੱਟ ਸੀ ? ਸੰਪਾਦਕੀ ਵਿੱਚ ਕਿਹਾ ਗਿਆ ਕਿ ਕਰੋਨਾ ਖਿਲਾਫ਼ ਸ਼ੁਰੂਆਤੀ ਸਫ਼ਲਤਾ ਤੋਂ ਬਾਦ ਸਰਕਾਰ ਦੀ ‘ਟਾਸਕ ਫੋਰਸ` ਦੀ ਮੀਟਿੰਗ ਅਪ੍ਰੈਲ ਤੱਕ ਇਕ ਵਾਰ ਵੀ ਨਹੀਂ ਹੋਈ ਤੇ ਇਸ ਸਭ ਦਾ ਨਤੀਜਾ ਸਾਡੇ ਸਾਹਮਣੇ ਹੈ। ‘ਦ ਲੈਂਸਟ` ਨੇ ਲਿਖਿਆ ਕਿ ਕੁਝ ਰਾਜਾਂ ਨੇ ਬੈਡ ਅਤੇ ਆਕਸੀਜਨ ਲਈ ਗੁਹਾਰ ਲਗਾ ਰਹੇ ਲੋਕਾਂ ਖਿਲਾਫ਼ ਦੇਸ਼ ਦੀ ਸੁਰੱਖਿਅ ਨਾਲ ਜੁੜੇ ਕਾਨੂੰਨਾਂ ਦੀ ਵਰਤੋਂ ਕੀਤੀ।“

ਦੇਸ਼ ਭਰ ਵਿੱਚ ਸਿਹਤ-ਸੇਵਾਵਾਂ ਦੀ ਦਸ਼ਾ ਦਿਨ ਪ੍ਰਤੀ ਦਿਨ ਇਸ ਲਈ ਖਰਾਬ ਹੁੰਦੀ ਜਾ ਰਹੀ ਹੈ, ਕਿ ਹਾਕਮ ਉਨ੍ਹਾਂ ਪ੍ਰਤੀ ਗੰਭੀਰ ਨਹੀਂ ਹਨ। ਭਾਂਵੇ ! ਸਿਹਤ ਸੇਵਾਵਾਂ ਸਬੰਧੀ ਹਰ ਸਾਲ ਖਰਚਿਆਂ ਦਾ ਅੰਕੜਾ ਤਾਂ ਜਾਰੀ ਕੀਤਾ ਜਾਂਦਾ ਹੈ, ਜੋ ਪ੍ਰਤੀ ਵਿਅਕਤੀ ਗਰੀਬ ਦੇਸ਼ਾਂ ਤੋਂ ਵੀ ਬਹੁਤ ਥੋੜ੍ਹਾ ਹੈ। ਕਿਉਂਕਿ ਦੇਸ਼ ਦੀ ਵੱਡੀ ਗਿਣਤੀ ‘ਚ ਲੋਕ ਸਰਕਾਰੀ ਹਸਪਤਾਲਾਂ ਤੇ ਨਿਰਭਰ ਹਨ, ਇਲਾਜ ਵਿਹੁਣੇ ਰਹਿ ਜਾਂਦੇ ਹਨ। ਸਰਕਾਰੀ ਸਿਹਤ ਸੇਵਾਵਾਂ ‘ਚ ਹਰ ਤਰ੍ਹਾਂ ਦੇ ਸੁਧਾਰ-ਸਹੂਲਤਾਂ ਅਤੇ ਆਧੁਨਿਕਤਾ ਤੋਂ ਬਿਨਾਂ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਲਈ ਕਲਿਆਣਕਾਰੀ ਨਹੀਂ ਕਹੀ ਜਾ ਸਕਦੀ ਹੈ। ਇਸ ਲਈ ਲੋਕ ਵਾਇਰਸ ਤੋਂ ਨਹੀਂ ? ਸਗੋਂ ਤੇ ਉਹ ਸਭ ਤੋਂ ਮਾੜੀ ਡਿੱਢ ਦੀ ਭੁੱਖ ਤੋਂ ਡਰਦੇ ਹਨ। ਗਰੀਬੀ ਨਾਲ ਲੜਨਾ, ਬਿਨਾਂ ਇਲਾਜ ਮਰਨਾ, ਇਹ ਵਾਇਰਸ ਤੋਂ ਵੀ ਮਾੜਾ ਹੈ।

ਮੋਬਾਈਲ : 91-98725-44738 001-403-285-4208

Check Also

ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਅੱਜ ਕੱਲ੍ਹ ਪੰਜਾਬ ਵਿਚ ਮਾਹੌਲ ਗਰਮ ਹੈ। ਚੋਣਾਂ ਦਾ ਐਲਾਨ ਭਾਵੇਂ ਸਰਕਾਰੀ ਤੌਰ ‘ਤੇ ਨਹੀਂ …

Leave a Reply

Your email address will not be published. Required fields are marked *