ਵਾਸ਼ਿੰਗਟਨ: ਅਮਰੀਕਾ ‘ਚ ਡੋਨਲਡ ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਦੇ ਕੁੱਝ ਨਿਯਮਾਂ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ। ਰਿਪੋਰਟਾਂ ਮੁਤਾਬਕ ਕੁੱਝ ਨਿਯਮਾਂ ਵਿੱਚ ਛੋਟ ਦੇਣ ਦੇ ਫੈਸਲੇ ਨਾਲ H-1B ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਸਕੇਗੀ, ਜੋ ਵੀਜ਼ਾ ਰੋਕ ਦੀ ਵਜ੍ਹਾ ਕਾਰਨ ਨੌਕਰੀ ਛੱਡ ਕੇ ਗਏ ਸਨ। ਜੇਕਰ ਉਹ ਉਨ੍ਹਾਂ ਨੌਕਰੀਆਂ ਵਿੱਚ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ H-1B ਵੀਜ਼ਾ ਵਿੱਚ ਇਸ ਛੋਟ ਦਾ ਫਾਇਦਾ ਮਿਲ ਸਕਦਾ ਹੈ।
ਅਮਰੀਕੀ ਵਿਦੇਸ਼ੀ ਮੰਤਰਾਲੇ ਦੇ ਸਲਾਹਕਾਰ ਨੇ ਕਿਹਾ ਕਿ ਜੀਵਨਸਾਥੀ ਅਤੇ ਬੱਚਿਆਂ ਨੂੰ ਵੀ ਮੁਢਲੇ ਵੀਜ਼ਾ ਧਾਰਕਾਂ ਦੇ ਨਾਲ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਅਮਰੀਕਾ ਦੇ ਰਾਜ ਵਿਭਾਗ ਨੇ ਕਿਹਾ ਕਿ ਜੋ ਵੀ ਆਵੇਦਕ ਅਮਰੀਕਾ ਵਿੱਚ ਪਹਿਲਾਂ ਵਾਲੀ ਆਪਣੀ ਕੰਪਨੀ ‘ਚ ਨੌਕਰੀ ਲਈ ਉਸੇ ਅਹੁਦੇ ਲਈ ਅਪੀਲ ਕਰਨਗੇ, ਤਾਂ ਇਸ ਨਾਲ ਉਨ੍ਹਾਂ ਨੂੰ ਫਾਇਦਾ ਮਿਲ ਸਕਦਾ ਹੈ।
ਟਰੰਪ ਪ੍ਰਸ਼ਾਸਨ ਨੇ ਤਕਨੀਕੀ ਮਾਹਰਾਂ, ਸੀਨੀਅਰ ਲੈਵਲ ਦੇ ਮੈਨੇਜਰ ਅਤੇ ਵਰਕਰਸ ਨੂੰ ਵੀ ਯਾਤਰਾ ਦੀ ਆਗਿਆ ਦੇ ਦਿੱਤੀ ਹੈ, ਜਿਨ੍ਹਾਂ ਦੇ ਕੋਲ H-1B ਵੀਜ਼ਾ ਹੈ। ਹਾਲਾਂਕਿ ਇਹ ਫੈਸਲਾ ਉਨ੍ਹਾਂ ਲੋਕਾਂ ‘ਤੇ ਲਾਗੂ ਹੈ, ਜਿਨ੍ਹਾਂ ਦੀ ਯਾਤਰਾ ਅਮਰੀਕਾ ਦੇ ਤੁਰੰਤ ਅਤੇ ਲਗਾਤਾਰ ਆਰਥਿਕ ਸੁਧਾਰ ਨੂੰ ਸੁਵਿਧਾਜਨਕ ਬਣਾਉਣ ਲਈ ਜ਼ਰੂਰੀ ਹੈ।
ਇਸ ਤੋਂ ਇਲਾਵਾ, ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਵੀਜ਼ਾ ਧਾਰਕਾਂ ਨੂੰ ਵੀ ਯਾਤਰਾ ਦੀ ਆਗਿਆ ਦਿੱਤੀ ਹੈ, ਜੋ ਕੋਵਿਡ-ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪਬਲਿਕ ਹੈਲਥ ਜਾਂ ਹੇਲਥਕੇਅਰ ਪ੍ਰੋਫੈਸ਼ਨਲ ਅਤੇ ਖੋਜਕਾਰ ਵਜੋਂ ਕੰਮ ਕਰ ਰਹੇ ਹਨ। ਦੱਸ ਦਈਏ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ 22 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਾਲ ਲਈ H1-B ਵੀਜਾ ਮੁਅੱਤਲ ਕਰਨ ਦੇ ਘੋਸ਼ਣਾ-ਪੱਤਰ ‘ਤੇ ਦਸਤਖਤ ਕੀਤੇ ਸਨ।