ਸਿੱਖ ਤੇ ਖੱਬੇ ਪੱਖੀ ਧਿਰਾਂ ਨੂੰ ਮਿਲ ਬੈਠ ਸੋਹਣੇ ਸਮਾਜ ਦੇ ਸੁਫਨੇ ਲਈ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ!

TeamGlobalPunjab
6 Min Read

ਬਿੰਦੂ ਸਿੰਘ

ਕਿਰਤੀ ਕਿਸਾਨ ਯੂਨੀਅਨ ਲੀਡਰ ਡਾ ਦਰਸ਼ਨਪਾਲ ਦਾ ਇੱਕ ਬਿਆਨ ਆਇਆ ਹੈ ਕਿ ਸਿੱਖਾਂ ਅਤੇ ਕਮਿਊਨਿਸਟ ਧਿਰਾਂ ਦਾ ਮੇਲ ਮਿਲਾਪ ਹੀ ਪੰਜਾਬ ਨੂੰ ਮਜ਼ਬੂਤ ਕਰੇਗਾ। ਕੇਂਦਰੀ ਸਿੰਘ ਸਭਾ ਚੰਡੀਗਡ਼੍ਹ ਵਿੱਚ ਕਰਵਾਏ ਗਏ ਇੱਕ ਸੈਮੀਨਾਰ ‘ਚ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਤੇ ਸਿੱਖ ਚਿੰਤਕਾਂ ਨੇ ਸ਼ਿਰਕਤ ਕੀਤੀ।

ਇਸ ਸੈਮੀਨਾਰ ਦੌਰਾਨ ਸਿੱਖ ਅਤੇ ਕਮਿਊਨਿਸਟ ਧਿਰਾਂ ਦੇ ਬੁਲਾਰਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖ ਧਿਰਾਂ ਅਤੇ ਕਮਿਊਨਿਸਟ ਧਿਰਾਂ ਨੂੰ ਆਪਸੀ ਮੇਲ ਮਿਲਾਪੜਾ ਵਧਾਉਣ ਦੀ ਲੋਡ਼ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਇਹ ਦੋਨੋਂ ਵੱਖਰੀਆਂ ਵੱਖਰੀਆਂ ਵਿਚਾਰਧਾਰਾਵਾਂ ਹਨ ਪਰ ਆਪਸੀ ਤਾਲਮੇਲ ਤੇ ਵਿਚਾਰਾਂ ਦੇ ਪ੍ਰਗਟਾਵੇ ਨਾਲ ਨਵੀਂ ਉਸਾਰੀ ਹੱਕਾਂ ਦੀ ਲਹਿਰ ਹੀ ਪੰਜਾਬ ਨੁੂੰ ਅੱਜ ਦੇ ਸੰਕਟ ਵਿਚੋਂ ਕੱਢ ਸਕਦੀ ਹੈ।

ਡਾ ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲਾਏ ਗਏ ਕਿਸਾਨ ਮੋਰਚੇ ਦੌਰਾਨ ਜਦੋਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਚਾਲੇ ਪਾਏ ਸਨ ਤਾਂ ਪੰਜਾਬ ਦੇ ਨੌਜਵਾਨਾਂ ਨੇ ਹਰਿਆਣਾ ਤੇ ਰਾਜਸਥਾਨ ਦੇ ਪੁਲਿਸ ਨਾਕੇ ਤੋੜ ਕੇ ਕਿਸਾਨ ਜਥੇਬੰਦੀਆਂ ਨੂੰ ਅੱਗੇ ਵਧਣ ਦਾ ਹੌਸਲਾ ਦਿੱਤਾ ਤੇ ਉਸ ਵਹਾਅ ਵਿਚ ਦਿੱਲੀ ਪਹੁੰਚ ਕਿਸਾਨ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲਾਇਆ ਗਿਆ ਜੋ ਕਿ ਇੱਕ ਵਰ੍ਹੇ ਤੋਂ ਵੀ ਜ਼ਿਆਦਾ ਵਕਤ ਤੱਕ ਪੂਰੀ ਤਾਕਤ ਨਾਲ ਖੇਤੀ ਕੋਰੋਨਾ ਨੂੰ ਵਾਪਸ ਮੁੜਵਾਉਣ ਲਈ ਸੰਘਰਸ਼ ਕਰਦਾ ਰਿਹਾ। ਜਿਸ ਦੇ ਸਦਕੇ ਦੇਸ਼ ਦੇ ਬਾਕੀ ਸੂਬਿਆਂ ਦੇ ਲੋਕ ਵੀ ਵੱਡੀ ਗਿਣਤੀ ‘ਚ ਉੱਠ ਖੜ੍ਹੇ ਹੋਏ ਤੇ ਉਨ੍ਹਾਂ ਨੇ ਵੀ ਵਧ ਚੜ੍ਹ ਕੇ ਕਿਸਾਨੀ ਸੰਘਰਸ਼ ਚੋਂ ਆਪਣਾ ਹਿੱਸਾ ਪਾਇਆ।

- Advertisement -

ਸੈਮੀਨਾਰ ਵਿੱਚ ਅਮਰੀਕਾ ਤੋਂ ਆਏ ਹਰਿੰਦਰ ਸਿੰਘ ਨੇ ਕਿਹਾ ਕਿ ਦੋਨਾਂ ਧਿਰਾਂ ਦਰਮਿਆਨ ਵਧੇ ਪਾੜ੍ਹੇ ਨੂੰ ਖਤਮ ਕਰਨ ਲਈ ਸਿੱਖ ਸਿਧਾਂਤ ਅਨੁਸਾਰ ਪੁਰਾਣੀ ਆਪਸੀ ਦੁਸ਼ਮਣੀਆਂ ਅਤੇ ਗੁੱਸੇ ਗਿੱਲੇ ਉੱਤੇ ਮਿੱਟੀ ਪਾਕੇ ਹੀ ਸਿੱਖਾਂ ਅਤੇ ਕਮਿਊਨਿਸ਼ਟਾਂ ਦੀ ਆਪਸੀ ਵਿਰੋਧ ਦੇ ਕਰਕੇ ਹੀ ਪੰਜਾਬ ਦੀ ਤਬਾਹੀ ਹੋਈ ਹੈ ਅਤੇ ਸਾਨੂੰ ਆਸਤਕ-ਨਾਸਤਕ ਦੇ ਵਾਧੂ ਝਗੜੇ-ਝੇੜਿਆਂ ਵਿੱਚ ਨਹੀਂ ਪੈਣਾ ਚਾਹੀਦਾ।

ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਸਿੱਖਾਂ ਅਤੇ ਖੱਬੇ ਪੱਖੀਆਂ ਦੇ ਆਪਸੀ ਸਰੋਕਾਰ ਜਿਵੇਂ ਬਰਾਬਰੀ ਅਤੇ ਜਾਤ-ਪਾਤ ਮੁਕਤ ਸਮਾਜ ਦੀ ਕਾਫੀ ਦੂਰ ਤੱਕ ਸਾਂਝੇ ਹਨ ਅਤੇ ਗਦਰੀ ਬਾਬਿਆਂ ਨੇ ਸਿੱਖ ਪਹਿਚਾਣ ਨੂੰ ਕਾਇਮ ਰਖਦਿਆ ਇਹਨਾਂ ਸਾਂਝੇ ਸਰੋਕਾਰਾਂ ਲਈ ਵੱਡੀ ਕੁਰਬਾਨੀ ਦਿੱਤੀ ਹੈ।

ਡਾ. ਸਵਰਾਜ ਸਿੰਘ ਨੇ ਕਿਹਾ ਜਿਥੇ ਖੱਬੇ ਪੱਖੀ ਕਾਰਕੁੰਨਾਂ ਨੇ ਪੰਜਾਬੀ ਸਭਿਆਚਾਰ ਨੂੰ ਛੱਡ ਕੇ ਗਲੀ ਸੜੀ ਪੱਛਮੀ ਸੱਭਿਅਤਾ ਨੂੰ ਅਪਣਾ ਲਿਆ ਉੱਥੇ ਪੰਜਾਬ ਦੇ ਸਿੱਖ ਵੀ ਹਰੇ ਇਨਕਲਾਬ ਰਾਹੀ “ਉੱਜਡਵਾਦ” ਦੇ ਥੱਕੇ ਚੜ੍ਹੇ ਬੌਧਿਕ ਅਤੇ ਨੈਤਿਕ ਕੰਗਾਲੀ ਦੇ ਸ਼ਿਕਾਰ ਹੋ ਗਏ।

ਡਾ. ਪਿਆਰਾ ਲਾਲ ਗਰਗ ਨੇ ਬਾਬੇ ਨਾਨਕ ਦੇ ਸਿਧਾਂਤ ਅਤੇ ਪੰਜਾਬੀ ਧਰਾਤਲ ਨੂੰ ਸਮਝੇ ਬਗੈਰ, ਖੱਬੇ ਪੱਖੀ ਲਹਿਰ ਵਿਕਾਸ ਨਹੀਂ ਕਰ ਸਕਦੀ। ਦੋਨਾਂ ਧਿਰਾਂ ਇੱਕ ਦੂਜੇ ਦੀਆਂ ਪੂਰਕ ਹਨ। ਬੁਲਾਰਿਆ ਨੇ ਕਿਹਾ ਆਮ ਮਨੁੱਖ ਦੀ ਰੋਜ਼ ਮਰਾ ਦੀ ਜ਼ਿੰਦਗੀ ਨੂੰ ਸੁਖਾਲੀ ਤੇ ਬੇਹਤਰ ਬਣਾਉਣ ਦੀ ਲੜਾਈ ਇਹ ਦੋਨੇ ਧਿਰਾਂ ਵੱਲੋਂ ਇੱਕ ਸਾਂਝਾ ਪ੍ਰੋਗਰਾਮ ਅਤੇ ਮੁਹਾਜ ਖੜ੍ਹਾ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਗਦਰੀ ਯੋਧੇ ਭਾਈ ਸੰਤੋਖ ਸਿੰਘ ਨੇ ਖੱਬੇ ਪੱਖੀ ਕਿਰਤੀ ਕਿਸਾਨ ਪਾਰਟੀ ਬਣਾਈ। ਜਿਸਨੂੰ ਆਫਿਸ ਲਈ ਸਿੱਖ ਮਿਸ਼ਨਰੀ ਕਾਲਜ ਵਿੱਚ ਸਿੱਖ ਲੀਡਰਾਂ ਨੇ ਥਾਂ ਦਿੱਤੀ ਅਤੇ ਪਹਿਲੀ ਵਾਰ ਪੰਜਾਬ ਵਿੱਚ ਲਾਲ ਝੰਡਾ ਉਸੇ ਕਾਲਜ ਉੱਤੇ ਲਹਿਰਾਇਆ ਗਿਆ। ਖੱਬੇ ਪੱਖੀ ਕਿਰਤੀ ਕਿਸਾਨ ਪਾਰਟੀ ਨਾਲ ਜੁੜ੍ਹੇ ਗਦਰੀ ਬਾਬਾ ਵਿਸਾਖਾ ਸਿੰਘ, ਭਾਈ ਅਛਰ ਸਿੰਘ ਲੰਬਾ ਸਮਾਂ ਅਕਾਲ ਤਖਤ ਦੇ ਜਥੇਦਾਰ ਰਹੇ।

ਪਰ 1947 ਦੀ ਵੰਡ ਵੇਲੇ ਪੰਜਾਬ ਵਿੱਚ ਉੱਠੀ ਖੂਨੀ ਫਿਰਕੂ ਹਨੇਰੀ ਵੇਲੇ, ਕਮਿਊਨਿਸ਼ਟਾਂ ਅਤੇ ਸਿੱਖ ਲੀਡਰਾਂ ਵਿੱਚ ਵੰਡੀਆਂ ਪੈ ਗਈਆ। ਇਸ ਤਰ੍ਹਾਂ ਸਿੱਖਾਂ ਅਤੇ ਕਮਿਊਨਿਸ਼ਟਾਂ ਦਾ ਵਧਦਾ ਪਾੜ੍ਹਾ, 1980 ਵੇ ਵਿੱਚ ਆਪਸੀ ਮਾਰ ਮਰਾਈ ਤੱਕ ਪਹੁੰਚ ਗਿਆ ਸੀ। ਕੁਝ ਸੁਚੇਤ ਕਮਿਊਨਿਸ਼ਟ ਧਿਰਾਂ ਨੂੰ ਛੱਡਕੇ, ਬਾਕੀ ਕਾਮਰੇਡ ਪੰਜਾਬ ਵਿੱਚ ਸਰਕਾਰ ਦੀ ਦਮਨਕਾਰੀ ਮਹਿੰਮ ਦੇ ਹਿੱਸੇਦਾਰ ਬਣਕੇ, ਸਟੇਟ ਦੇ ਦਹਿਸ਼ਤਵਾਦ ਸਿਆਸਤ ਦੇ ਸੰਦ ਹੋ ਨਿਬੜੇ।

- Advertisement -

ਵਿਚਾਰਕਾਂ ਨੇ ਕਿਹਾ ਕਿ ਭਾਰਤੀ ਨੈਸ਼ਨਲਿਜ਼ਮ ਹੁਣ ‘ਹਿੰਦੂ ਰਾਸ਼ਟਰਵਾਦ’ ਵਿੱਚ ਬਦਲ ਗਿਆ ਹੈ। ਜਿਸਦੇ ਫਾਂਸੀਵਾਦੀ ਹਮਲੇ ਦੀ ਮਾਰ ਹੇਠ ਘੱਟ ਗਿਣਤੀ ਭਾਈਚਾਰੇ ਅਤੇ ਕਮਿਊਨਿਸ਼ਟ, ਦਲਿਤ ਅਤੇ ਔਰਤਾ ਆ ਗਈਆਂ ਹਨ। ਇਸ ਲਈ ਸੌੜੀ ਸੋਚ ਛੱਡ ਕੇ  ਦੇਸ਼ ਦੇ ਸਹੀ ਜ਼ਮਹੂਰੀਅਤ ਅਤੇ ਫੈਂਡਰਲ ਢਾਂਚੇ ਨੂੰ ਕਾਇਮ ਰੱਖਣ ਲਈ ਸਾਰੀਆਂ ਧਿਰਾਂ ਨੂੰ ਆਪਾ-ਪੜ੍ਹਚੋਲ ਕਰਕੇ, ਸਾਂਝੇ ਸਿਆਸੀ ਪਲੇਟਫਾਰਮ ਖੜ੍ਹੇ ਕਰਨੇ ਪੈਣਗੇ।

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਇਨ੍ਹਾਂ ਸਾਰਿਆਂ ਨੇ ਸ਼ਮੂਲੀਅਤ ਕੀਤੀ।

ਸੈਮੀਨਾਰ ਵਿਚ ਦੋਹਾਂ ਧਿਰਾਂ ਵੱਲੋਂ ਹੋਈਆਂ ਵਿਚਾਰਾਂ ਤੋਂ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਸਿੱਖ ਅਤੇ ਕਮਿਊਨਿਸਟ ਧਿਰਾਂ ਦੇ ਆਪਸੀ ਵਖਰੇਵਿਆਂ ਦੇ ਬਾਵਜੂਦ ਜੇਕਰ ਗੱਲ ਇਨ੍ਹਾਂ ਦੋਹਾਂ ਧਿਰਾਂ ਦੀ ਇਕਮੱਤ ਵਾਲੀਆਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਗੱਲ ਸਾਫ਼ ਹੁੰਦੀ ਹੈ ਕਿ ਦੋਨੋਂ ਹੀ ਧਿਰਾਂ ਦੀਆਂ ਵਿਚਾਰਧਾਰਾਵਾਂ ਗ਼ਰੀਬ ਗੁਰਬੇ ਦੇ ਹੱਕਾਂ ਹਕੂਕਾਂ ਦੀ ਗੱਲ ਕਰਦੀਆਂ ਹਨ, ਸਮਾਜਿਕ ਬਰਾਬਰੀ, ਨਿਆਂ ਅਤੇ ਸ਼ਾਂਤੀ ਤੇ ਖੁਸ਼ਹਾਲੀ ਦਾ ਮਾਹੌਲ ਤੇ ਕਿਰਤ ਦੀ ਪੂਰੀ ਵੁੱਕਤ ਬਾਰੇ ਹੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋਨੋਂ ਹੀ ਵਿਚਾਰ ਧਾਰਾਵਾਂ ਔਰਤ ਅਤੇ ਮਰਦ ਦੀ ਵੀ ਬਰਾਬਰੀ ਦੀ ਪੂਰੀ ਹਿਮਾਇਤ ਕਰਦੀਆਂ ਹਨ।

ਸੈਮੀਨਾਰ ਵਿੱਚ ਸ਼ਾਮਲ ਹੋਏ ਵਿਚਾਰਕਾਂ ਨੇ ਇਹ ਗੱਲ ਵੀ ਅੱਗੇ ਰੱਖੀ ਕਿ ਸੂਖਮ ਤੇ ਸਥੂਲ ਨੂੰ ਲੈ ਕੇ ਵਿਚਾਰਾਂ ਦੇ ਮੱਤਭੇਦ ਨੂੰ ਇੱਕ ਪਾਸੇ ਰੱਖ ਕੇ ਮਨੁੱਖਤਾ ਦੇ ਖਾਤਰ ਤੇ ਮਨੁੱਖੀ ਹੱਕਾਂ ਲਈ ਦੋਹਾਂ ਧਿਰਾਂ ਨੂੰ ਮਿਲ ਬੈਠ ਕੇ ਵਿਚਾਰ ਵਟਾਂਦਰੇ ਜ਼ਰੂਰ ਕਰਨੇ ਚਾਹੀਦੇ ਹਨ ਤੇ ਫਿਰ ਅੱਗੇ ਦੀ ਰੂਪ ਰੇਖਾ ਉਲੀਕਣੀ ਚਾਹੀਦੀ ਹੈ ਤਾਂ ਜੋ ਬਰਾਬਰਤਾ ਵਾਲੇ ਸੋਹਣੇ ਸਮਾਜ ਦਾ ਸੁਫਨਾ ਹਕੀਕਤ ਵਿੱਚ ਤਬਦੀਲ ਕਰਨ ਲਈ ਸਹਾਈ ਹੋ ਸਕੇ।

Share this Article
Leave a comment