ਆਕਾਸ਼ ਵਿੱਚ ਕਿੱਥੋਂ ਆਇਆ ਇਹ ਜ਼ਹਿਰੀਲਾ ਪਦਾਰਥ ਕਿ ਸਾਹ ਲੈਣ ‘ਚ ਵੀ ਹੋ ਸਕਦੀ ਹੈ ਮੁਸ਼ਕਲ!

TeamGlobalPunjab
3 Min Read

ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਹੈ। ਜਦੋਂ ਕੋਈ ਵੀ ਪ੍ਰਾਣੀ ਸ਼ੁੱਧ ਹਵਾ ਵਿਚ ਸਾਹ ਲੈਂਦਾ ਹੈ ਤਾਂ ਉਸ ਨੂੰ ਇੱਕ ਨਵਾਂ ਜਨਮ ਲੈਣ ਬਰਾਬਰ ਲੱਗਦਾ ਹੈ। ਵੱਡੇ ਵੱਡੇ ਕਾਰਖਾਨਿਆਂ ਵਾਲੇ ਸ਼ਹਿਰਾਂ, ਕਸਬਿਆਂ ਅਤੇ ਮਹਾਂਨਗਰਾਂ ਵਿੱਚ ਵਸਦੇ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪ੍ਰਦੂਸ਼ਣ ਲਈ ਅਕਤੂਬਰ ਤੇ ਨਵੰਬਰ ਮਹੀਨੇ ਨੂੰ ਕਾਫੀ ਨਾਜ਼ੁਕ ਮੰਨਿਆ ਜਾਂਦਾ ਹੈ। ਹਰ ਸਾਲ ਅਕਤੂਬਰ ਮਹੀਨੇ ਵਿਚ ਝੋਨੇ ਦੀ ਵਾਢੀ ਤੋਂ ਬਾਅਦ ਖੇਤਾਂ ਵਿੱਚ ਸਾੜੇ ਜਾਂਦੇ ਨਾੜ (ਪਰਾਲੀ) ਤੋਂ ਬਾਅਦ ਹਵਾ ‘ਚ ਫੈਲਦੇ ਜ਼ਹਿਰੀਲੇ ਧੂੰਏਂ ਨਾਲ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ। ਐਤਕੀਂ ਪੰਜਾਬ ਵਿਚ ਪਹਿਲੀ ਤੋਂ 11 ਅਕਤੂਬਰ ਤੱਕ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ ਰਿਕਾਰਡਤੋੜ 45 ਫ਼ੀਸਦ ਵਾਧਾ ਹੋਇਆ ਹੈ। ਹਾਲਾਂਕਿ ਪ੍ਰਸ਼ਾਸਨ ਨੂੰ ਉਮੀਦ ਸੀ ਕਿ ਕਿਸਾਨਾਂ ਨੂੰ ਜਿਸ ਹਿਸਾਬ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਨਾਲ ਨਾੜ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਵੇਗੀ ਪਰ ਅਜਿਹਾ ਨਹੀਂ ਹੋਇਆ।

ਇੰਨੀਂ  ਦਿਨੀਂ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਜ਼ਹਿਰੀਲਾ ਧੂੰਆਂ ਵਧਣ ਦਾ ਕਾਰਨ ਵੀ ਗੁਆਂਢੀ ਰਾਜਾਂ ਵਿਚ ਝੋਨੇ ਦੀ ਪਰਾਲੀ ਸਾੜਨਾ ਮੰਨਿਆ ਜਾਂਦਾ ਹੈ। ਪਿਛਲੇ ਸਾਲ ਦਰਜ ਕੀਤੀਆਂ ਘਟਨਾਵਾਂ ਵਿੱਚ ਅੰਮ੍ਰਿਤਸਰ, ਤਾਰਨ ਤਾਰਨ ਅਤੇ ਪਟਿਆਲਾ ਦਾ ਅੰਕੜਾ 435 ਸੀ ਜੋ ਐਤਕੀਂ  630 ‘ਤੇ ਜਾ ਪੁੱਜਾ ਹੈ। ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕੇ ਸੈਟੇਲਾਈਟ ਡੇਟਾ ਵਿੱਚ ਸ਼ਮਸ਼ਾਨਘਾਟ ਤੇ ਕੂੜੇ ਦੇ ਢੇਰਾਂ ਨੂੰ ਲੱਗੀਆਂ ਅੱਗਾਂ ਦੀਆਂ ਘਟਨਾਵਾਂ ਵੀ ਸ਼ਾਮਿਲ ਹਨ। ਇਸ ਲਈ ਪੰਜਾਬ ਵਿੱਚ ਪਰਾਲੀ ਨੂੰ ਸਾੜਨਾ ਨਾਮਾਤਰ ਹੀ ਮੰਨਿਆ ਜਾ ਰਿਹਾ ਹੈ।

- Advertisement -

ਖੇਤੀਬਾੜੀ ਸਕੱਤਰ ਨੇ ਖੁਲਾਸਾ ਕੀਤਾ ਕਿ ਸੂਬੇ ਦੇ ਪਟਵਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇ ਪਰਵਾਸੀ ਪੰਜਾਬੀਆਂ, ਸ਼ਹਿਰੀ ਮਾਲਕੀ ਵਾਲੇ ਖੇਤਾਂ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਉਸ ਜ਼ਮੀਨ ਦੀ ਗਿਰਦਾਵਰੀ ਰੈੱਡ ਐਂਟਰੀ ਦਰਜ ਕੀਤੀ ਜਾਵੇ। ਇਸ ਨੂੰ ਰੋਕਣ ਲਈ ਸਭ ਰਾਜਾਂ ਨੂੰ ਸਖਤੀ ਨਾਲ ਸਿੱਝਣ ਦੀ ਲੋੜ ਹੈ। ਇਸ ਦੇ ਵਿਚ ਸੁਧਾਰ ਲਿਆਉਣ ਲਈ ਕਈ ਗੈਰ-ਸਰਕਾਰੀ ਸੰਸਥਾਵਾਂ ਵੀ ਜੁਟੀਆਂ ਹੋਈਆਂ ਹਨ।

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸ਼ਨ ਨੇ ਇਕ ਗੈਰ-ਸਰਕਾਰੀ ਸੰਸਥਾ ਨਾਲ ਮਿਲ ਕੇ ਇਕ ਪਰਾਲੀ ਬੈਂਕ ਤਿਆਰ ਕੀਤਾ ਹੈ। ਇਸ ਨੂੰ ਇਕੱਠਾ ਕਰਵਾਉਣ ਲਈ ਬੀ ਡੀ ਪੀ ਓ ਨੂੰ ਟੀਚਾ ਦਿੱਤਾ ਗਿਆ ਹੈ। ਇਸ ਪਰਾਲੀ ਬੈਂਕ ਵਿਚੋਂ ਸਾਰੀ ਪਰਾਲੀ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਸਵਾਮੀ ਅੰਮ੍ਰਿਤਾ ਆਨੰਦ ਵੱਲੋਂ ਬਿਨਾਂ ਕਿਸੇ ਲਾਗਤ ਆਪਣੀ ਗਊਸ਼ਾਲਾ ਵਿਚ ਲਿਜਾਇਆ ਜਾਵੇਗਾ ਜਿਸ ਦਾ ਉਹ ਆਪਣੇ ਪਸ਼ੂਆਂ ਲਈ ਚਾਰਾ ਤਿਆਰ ਕਰਨਗੇ। ਸਾਇੰਟਿਫਿਕ ਅਵੇਰਨੈੱਸ ਐਂਡ ਸੋਸ਼ਲ ਵੈਲਫੇਅਰ ਫੋਰਮ ਦੇ ਪ੍ਰਧਾਨ ਡਾ ਏ ਐਸ ਮਾਨ ਨੇ ਦੱਸਿਆ ਕੇ ਸਵਾਮੀ ਅੰਮ੍ਰਿਤਾ ਆਨੰਦ ਉਹਨਾਂ ਦੇ ਸੱਦੇ ‘ਤੇ ਆਏ ਸਨ।  ਸਾਡੀ ਬੇਨਤੀ ‘ਤੇ ਉਹਨਾਂ ਨੇ ਇਸ ਕੰਮ ਨੂੰ ਨੇਪਰੇ ਚਾੜਨਾ ਸਵੀਕਾਰ ਕੀਤਾ।  ਐੱਨ ਜੀ ਓ ਵਲੋਂ ਸ਼ੁਰੂ ਕੀਤੇ ਨੇਕ ਕੰਮ ਲਈ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਜ਼ਹਿਰੀਲੇ ਧੂੰਏਂ  ਤੋਂ ਸਭ ਨੂੰ ਰਾਹਤ ਮਿਲ ਸਕਦੀ ਹੈ।

-ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

- Advertisement -
Share this Article
Leave a comment