ਦੇਖੋ, ਸਟੇਜਾਂ ਦੀ ਸਿਆਸਤ ‘ਤੇ ਇਹ ਕੀ ਹੋ ਰਿਹਾ

TeamGlobalPunjab
4 Min Read

ਪਹਿਲੀ ਨਵੰਬਰ ਦੀਆਂ ਅਖਬਾਰਾਂ ਪੜ੍ਹ ਕੇ ਦੁਨੀਆਂ ਭਰ ਵਿੱਚ ਬੈਠੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਦਾ ਮਨ ਬਹੁਤ ਖ਼ਰਾਬ ਤੇ ਉਦਾਸ ਹੋਇਆ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ  ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਆ ਕੇ ਸੰਗਤਾਂ ਨੂੰ ਸੰਬੋਧਨ ਤਾਂ ਕਰਨਗੇ ਪਰ ਪੰਜਾਬ ਸਰਕਾਰ ਦੀਆਂ ਸਟੇਜਾਂ ਤੋਂ ਨਹੀਂ। ਪ੍ਰਧਾਨ ਮੰਤਰੀ ਡੇਰਾ ਬਾਬਾ ਨਾਨਕ ਵਿਖੇ ਯਾਤਰੀ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨ ਤੋਂ ਬਾਅਦ ਸੰਗਤਾਂ ਨੂੰ ਸੰਬੋਧਨ ਕਰਨਗੇ।

ਰਿਪੋਰਟਾਂ ਮੁਤਾਬਿਕ ਪ੍ਰਧਾਨ ਮੰਤਰੀ 11 ਵਜੇ ਡੇਰਾ ਬਾਬਾ ਨਾਨਕ ਵਿਚ ਪੀਟੀਬੀ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਵਲੋਂ ਬਣਾਈ ਜਾ ਰਹੀ ਸਟੇਜ ਤੋਂ ਸੰਗਤ ਦੇ ਰੁਬਰੂ ਹੋਣਗੇ। ਓਧਰ ਪੰਜਾਬ ਸਰਕਾਰ ਵਲੋਂ ਮਣਾਂਮੂੰਹੀਂ ਖਰਚਾ ਕਰਕੇ ਤਿਆਰ ਕੀਤੀ ਗਈ ਸਟੇਜ ਜਿਸ ਤੋਂ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਨਾ ਸੀ ਹੁਣ ਕੇਵਲ ਸੂਬਾ ਸਰਕਾਰ ਦੀ ਹੀ ਰਹਿ ਗਈ ਹੈ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਲਗਭਗ ਇਕ ਵਜੇ ਸੁਲਤਾਨਪੁਰ ਲੋਧੀ ਪਹੁੰਚਣਗੇ ਅਤੇ ਉਥੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮ ਨੂੰ ਸੰਬੋਧਨ ਕਰਨਗੇ। ਉਥੇ ਪ੍ਰਧਾਨ ਮੰਤਰੀ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਲਈ ਵੀ ਜਾਣਗੇ। ਸੁਲਤਾਨਪੁਰ ਲੋਧੀ ਵਿਚ ਪਹਿਲਾਂ ਹੀ ਦੋ ਸਟੇਜਾਂ ਲੱਗੀਆਂ ਹੋਈਆਂ ਹਨ। ਇਕ ਸਟੇਜ ਪੰਜਾਬ ਸਰਕਾਰ ਦੀ ਅਤੇ ਦੂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ।

ਪ੍ਰਧਾਨ ਮੰਤਰੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਸਟੇਜ ਤੋਂ ਸੰਗਤ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਸ਼ਖਸੀਅਤਾਂ ਨਾਲ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ ਕਰਨਗੇ। ਇਸ ਤੋਂ ਬਾਅਦ ਉਸੇ ਦਿਨ ਤਿੰਨ ਵਜੇ ਦੇ ਕਰੀਬ ਮੁੱਖ ਮੰਤਰੀ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਇਕ ਸਮਾਗਮ ਕਰਨਗੇ।

- Advertisement -

ਸਟੇਜਾਂ ਦੀ ਇਹ ਰਾਜਨੀਤੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਸਾਂਝੀਵਾਲਤਾ, ਏਕਤਾ ਤੇ ਭਾਈਚਾਰੇ ਦੇ ਸੰਦੇਸ਼ ਦੇ ਉਲਟ ਹੈ। ਵੱਖਰੀਆਂ-ਵੱਖਰੀਆ ਧਿਰਾਂ ਵਲੋਂ ਵੱਖ-ਵੱਖ ਸਟੇਜਾਂ ਲਾ ਕੇ ਵੱਖ ਵੱਖ ਸੰਦੇਸ਼ ਹੀ ਦਿੱਤੇ ਜਾਣਗੇ।

ਓਧਰ ਲਾਂਘਾ ਖੁਲ੍ਹਵਾਉਣ ਦੀ ਪਹਿਲ ਕਰਨ ਵਾਲੇ ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ 9 ਨਵੰਬਰ ਦੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਦਿੱਤਾ ਸੱਦਾ ਕਬੂਲ ਕਰ ਲਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਵੱਲੋਂ  ਜਾਰੀ ਰਿਲੀਜ਼ ਮੁਤਾਬਿਕ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਉਦਘਾਟਨੀ ਸਮਾਗਮ ਲਈ ਸੱਦਾ ਦਿੱਤੇ ਜਾਣ ’ਤੇ ਧੰਨਵਾਦ ਕੀਤਾ ਹੈ। ਸਿੱਧੂ ਨੇ ਕਿਹਾ ਕਿ ਵਿਸ਼ਵ ਵਿੱਚ ਵੱਸਦੇ ਸਿੱਖ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਵਿੱਤਰ ਅਸਥਾਨ ਦੀ ਯਾਤਰਾ ਕਰਨ ਲਈ ਉਤਾਵਲੇ ਹਨ। ਹੁਣ ਦੇਖਣਾ ਇਹ ਹੈ ਕਿ ਇਥੇ ਕੀ ਸਿਆਸਤ ਹੁੰਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਵਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਲਈ ਪਾਕਿਸਤਾਨ ਦਾ ਸੱਦਾ ਕਬੂਲ ਕਰਨ ਸਬੰਧੀ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ‘ਸਿਆਸੀ ਪ੍ਰਵਾਨਗੀ” ਲੈਣੀ ਪਵੇਗੀ।

ਉਂਜ ਕਿਹਾ ਜਾਂਦਾ ਕਿ ਗੱਦੀ ‘ਤੇ ਬੈਠਾ ਰਾਜਾ ਤਾਂ ਨਿਰਪੱਖ ਤੇ ਸਭ ਦਾ ਸਾਂਝਾ ਹੁੰਦਾ ਹੈ। ਉਹ ਕਿਸੇ ਧਰਮ ਜਾਂ ਧੜੇ ਦਾ ਨਹੀਂ ਹੁੰਦਾ। ਪਰ ਇਸ ਪਵਿੱਤਰ ਦਿਹਾੜੇ ‘ਤੇ ਹੋ ਰਹੀਆਂ ਅਜਿਹੀਆਂ ਸੌੜੀਆਂ ਤੇ ਕੋਝੀਆਂ ਸਿਆਸਤਾਂ ਤੋਂ ਸੰਗਤ ਦਾ ਮਨ ਉਦਾਸ ਹੈ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

- Advertisement -
Share this Article
Leave a comment