ਭਾਈ ਲਹਿਣੇ ਤੋਂ ਗੁਰੂ ਅੰਗਦ ਤਕ ਦਾ ਸਫ਼ਰ -ਡਾ. ਗੁਰਦੇਵ ਸਿੰਘ

TeamGlobalPunjab
4 Min Read

 ਗੁਰਆਈ ਦਿਵਸ ‘ਤੇ ਵਿਸ਼ੇਸ਼


ਭਾਈ ਲਹਿਣੇ ਤੋਂ ਗੁਰੂ ਅੰਗਦ ਤਕ ਦਾ ਸਫ਼ਰ

ਡਾ. ਗੁਰਦੇਵ ਸਿੰਘ*

ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ। (ਵਾਰ 24: ਪਉੜੀ 25)

ਗੁਰਮੁਖ ਲਿੱਪੀ ਨੂੰ ਮੌਲਿਕ ਵਿਗਿਆਨਿਕ ਕ੍ਰਮ ਪ੍ਰਦਾਨ ਕਰਨ ਵਾਲੇ, ਸੇਵਾ, ਸਿਮਰਨ, ਸਹਿਣਸ਼ੀਲਤਾ ਤੇ ਆਪਾ ਸਮਰਪਣ ਦੇ ਪ੍ਰਤੀਕ ਦੂਜੇ ਨਾਨਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਿਆਈ ਦਿਵਸ ਸਾਰਾ ਸਿੱਖ ਜਗਤ ਹਰ ਵਰੇ ਬੜੀ ਸ਼ਰਧਾ ਭਾਵਨਾ ਮਨਾਉਂਦਾ ਹੈ।  ਗੁਰੂ ਜੀ ਨੇ ਭਾਈ ਲਹਿਣੇ ਦੇ ਰੂਪ ਵਿੱਚ ਆਪਾ ਭਾਵ ਮਾਰ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋਏ ਤੇ ਪ੍ਰਵਾਨ ਚੜੇ। ਆਪ ਨੇ ਸ੍ਰੀ ਖਾਡੂਰ ਸਾਹਿਬ ਨੂੰ ਸਿੱਖੀ ਕੇਂਦਰ ਵਜੋਂ ਵਿਕਸਿਤ ਕੀਤਾ।

- Advertisement -

ਸਾਹਿਬ ਸ੍ਰੀ ਅੰਗਦ ਦੇਵ ਜੀ ਨੇ ‘ਮੱਤੇ ਦੀ ਸਰਾਂ ਜਿਲਾ ਫਿਰੋਜਪੁਰ ਵਿਖੇ ਬਾਬਾ ਫੇਰੂਮਲ ਜੀ ਦੇ ਗ੍ਰਹਿ ਮਾਤਾ ਦਇਆ ਜੀ ਦੀ ਕੁੱਖੋਂ 1504 ਈਸਵੀ ਵਿੱਚ ਅਵਤਾਰ ਧਾਰਿਆ। ਆਪ ਦਾ ਬਚਪਨ ਦਾ ਨਾਮ ਲਹਿਣਾ ਸੀ।  ਬਾਬਰ ਦੇ ਹਮਲੇ ਕਾਰਨ ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਆ ਵਸੇ, ਜਿੱਥੇ ਉਨ੍ਹਾਂ ਇਕ ਹੱਟੀ ਦਾ ਕੰਮ ਸੰਭਾਲਿਆ। ਆਪ ਜੀ ਦੇ ਪਿਤਾ ਜੀ ਚੰਗੇ ਧਨਾਢ ਪੁਰਸ਼ ਸਨ ਉਹ ਵੈਸ਼ਣੋ ਦੇਵੀ ਦੇ ਉਪਾਸ਼ਕ ਸਨ। ਭਾਈ ਲਹਿਣਾ ਜੀ ਪਿਤਾ ਦੇ ਦੇਹਾਂਤ ਤੋਂ ਬਆਦ ਪਰਿਵਾਰਕ ਰੀਤ ਅਨੁਸਾਰ ਹਰ ਸਾਲ ਦੇਵੀ ਦਰਸ਼ਨਾਂ ਲਈ ਜਾਂਦੇ। ਇਸੇ ਸਮੇਂ ਦੌਰਾਨ ਭਾਈ ਜੋਧਾ ਜੀ ਤੋਂ ਆਪ ਨੇ ਗੁਰੂ ਨਾਨਕ ਦੇ ਦਰ ਦੀ ਅਜਿਹੀ ਸੋਭਾ ਸੁਣੀ ਕਿ ਆਪ ਗੁਰੂ ਨਾਨਕ ਦੇ ਹੀ ਹੋ ਕੇ ਰਹਿ ਗਏ।

ਗੁਰੂ ਅੰਗਦ ਦੇਵ ਜੀ ਨੇ ਨਾਲ ਕਈ ਸਾਖੀਆਂ ਪ੍ਰਚਲਿਤ ਨੇ ਜਿਹੜੀਆਂ ਆਪ ਜੀ ਦੀ ਗੁਰੂ ਨਾਨਕ ਨਾਲ ਗੂੜੀ ਸਾਂਝ ਨੂੰ ਬਿਆਨ ਦੀਆਂ ਨੇ ਜਿਵੇਂ -ਨਦੀਨ ਦੀ ਪੰਡ ਚੁੱਕਣੀ, ਚਿੱਕੜ ਵਿਚੋਂ ਕਟੋਰਾ ਕੱਢਣਾ, ਮੁਰਦਾਰ ਖਾਣ ਲਈ ਤਿਆਰ ਹੋ ਜਾਣਾ, ਸਿਆਲ਼ ਦੀ ਠੰਢੀ ਰਾਤ ਸਮੇਂ ਡਿੱਗੀ ਕੰਧ ਬਣਾਉਣੀ, ਅੱਧੀ ਰਾਤੀਂ ਦਰਿਆ ਦੇ ਅਤਿ ਠੰਡੇ ਪਾਣੀ ਨਾਲ ਕੱਪੜੇ ਧੋਣ ਦੀ ਸੇਵਾ ਕਰਨਾ ਆਦਿ । ਇਹ ਸਭ ਸਾਖੀਆਂ ਆਪ ਦਾ ਗੁਰੂ ਲਈ ਪਿਆਰ, ਹੁਕਮ ਮੰਨਣਾ, ਰਜ਼ਾ ਵਿੱਚ ਰਾਜ਼ੀ ਰਹਿਣਾ ਤੇ  ਨਿਮਰਤਾ ਆਦਿ ਜੈਸੇ ਗੁਣਾਂ ਦੀਆਂ ਲਖਾਇਕ ਨੇ। ਇਨ੍ਹਾਂ ਸਭ ਗੁਣਾਂ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਨੂੰ ਆਖਿਆ ਸੀ- “ਤੂੰ ਮੇਰਾ ਆਪਾ ਹੈਂ, ਤੂੰ ਮੇਰਾ ਅੰਗ ਹੈਂ, ਅੱਜ ਤੋਂ ਤੂੰ ਅੰਗਦ ਹੈਂ। ਅੱਜ ਤੋਂ ਤੇਰਾ ਨਾਮ ਤਬਦੀਲ, ਤੇਰਾ ਜੀਵਨ ਤਬਦੀਲ ਅਤੇ ਤੇਰਾ ਕਾਰਜ ਖੇਤਰ ਵੀ ਤਬਦੀਲ।”

ਗੁਰੂ ਨਾਨਕ ਸਾਹਿਬ ਨੇ ਇੱਕ ਕਿਰਤੀ ਕਿਸਾਨ ਬਾਬਾ ਬੁੱਢਾ ਜੀ ਪਾਸੋਂ ਭਾਈ ਲਹਿਣਾ ਜੀ ਨੂੰ 1541 ਈਸਵੀ ਵਿੱਚ ਗੁਰਿਆਈ ਦਾ ਤਿਲਕ ਲੁਆਇਆ ਅਤੇ ਨਵਾ ਨਾਮ ਗੁਰੂ ਅੰਗਦ ਦੇਵ ਰੱਖਿਆ। ਸ੍ਰੀ ਗੁਰੂ ਅੰਗਦ ਦੇਵ ਨੇ ਆਪਣੇ ਗੁਰੂ ਕਾਲ ਚ ਖਾਡੂਰ ਸਾਹਿਬ ਨੂੰ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ।

          ‘‘ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ” (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 968)

ਖਾਡੂਰ ਸਾਹਿਬ ਵਿਖੇ ਆਪ ਨੇ ਲੰਗਰ ਦੀ ਵਿਵਸਥਾ ਕੀਤੀ, ਜਿੱਥੇ ਮਾਤਾ ਖੀਵੀ ਜੀ ਹੱਥੀਂ ਲੰਗਰ ਵਿਚ ਘਿਆਲੀ ਖੀਰ ਦੀ ਸੇਵਾ ਕਰਦੇ ਰਹੇ। ਸਿੱਖਾਂ ਨੂੰ ਸਰੀਰਕ ਪਖੋਂ ਮਜ਼ਬੂਤ ਕਰਨ ਲਈ ਮੱਲ ਅਘਾੜੇ ਸ਼ੁਰੂ ਕਰਵਾਏ, ਗੁਰਦੁਆਰਾ ‘ਮੱਲ ਅਖਾੜਾ ਸਾਹਿਬ’ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਆਪ ਨੇ ਗੁਰਮੁਖੀ ਲਿੱਪੀ ਨੂੰ ਮਿਆਰਬੰਦ ਕੀਤਾ ਤੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਗੁਰਮੁਖੀ ਪਾਠਸ਼ਾਲਾ ਵੀ ਖੋਲ੍ਹੀ, ਜਿਸ ਵਿਚ ਆਪ ਖੁੱਦ ਪੜ੍ਹਾਇਆ ਕਰਦੇ ਸਨ। ਸ੍ਰੀ ਗੁਰੂ ਅੰਗਦ ਸਾਹਿਬ ਨੇ 62 ਸਲੋਕਾਂ ਦੀ ਰਚਨਾ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ।

- Advertisement -

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਸ਼ੁਰੂ ਕਰਵਾ ਕੇ ਜਿੱਥੇ ਸਿੱਖਾਂ ਵਿੱਚ ਸਰੀਰਕ ਚੇਤਨਾ ਜਗਾਈ ਉਥੇ ਗੁਰਮੁਖੀ ਨੂੰ ਮਿਆਰਬੰਦ ਕਰ ਕੇ ਸਿੱਖਾਂ ਦੀ ਬੋਧਿਕਤਾ ਨੂੰ ਵੀ ਪ੍ਰਫੁਲਿਤ ਕੀਤਾ। ਆਪ ਨੇ ਸਿੱਖਾਂ ਨੂੰ ਸੇਵਾ, ਸਿਮਰਨ, ਸਹਿਣਸ਼ੀਲਤਾ, ਗੁਰੂ ਨੂੰ ਸਮਰਪਣ ਦੀ ਭਾਵਨਾ ਤੇ ਪ੍ਰਮਾਤਮਾ ਦੇ ਹੁਕਮ ‘ਚ ਰਹਿਣ ਦਾ ਮਹਾਨ ਸੰਦੇਸ਼ ਦਿੱਤਾ।  ਗੁਰੂ ਜੀ ਸਾਡੇ ਤੇ ਵੀ ਰਹਿਮਤਾਂ ਕਰਨ ਸਾਡੀ ਵੀ ਗੁਰੂ ਪ੍ਰਤੀ ਸੇਵਾ ਭਾਵਨਾ ਤੇ ਸਮਰਪਣ ਵਾਲੀ ਅਵਸਥਾ ਬਣ ਸਕੇ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਿਆਈ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ।

*gurdevsinghdr@gmail.com

Share this Article
Leave a comment