ਸ਼ਬਦ ਵਿਚਾਰ -104 ਜਪੁ ਜੀ ਸਾਹਿਬ-ਪਉੜੀ 28

TeamGlobalPunjab
5 Min Read

ਸ਼ਬਦ ਵਿਚਾਰ – 104

ਜਪੁਜੀ ਸਾਹਿਬਪਉੜੀ 28

ਡਾ. ਗੁਰਦੇਵ ਸਿੰਘ*

ਸਦੀਆਂ ਤੋਂ ਪ੍ਰਮਾਤਮਾਂ ਦੀ ਭਗਤੀ ਦਾ ਇੱਕ ਮਾਰਗ ਜੋਗ ਮਤ ਵੀ ਰਿਹਾ ਹੈ। ਜੋਗ ਮਤ ਦੇ ਧਾਰਨੀ ਵਿਸ਼ੇਸ਼ ਵਿਧੀ ਰਾਹੀਂ ਪ੍ਰਮਾਤਮਾ ਦੀ ਭਗਤੀ ਕਰਦੇ ਹਨ। ਉਨ੍ਹਾਂ ਦੀ ਜੀਵਨ ਸ਼ੈਲੀ ਵੀ ਵਿਸ਼ੇਸ਼ ਰੀਤ ਦੀ ਧਾਰਨੀ ਹੁੰਦੀ ਹੈ ਜਿਵੇਂ ਸਰੀਰ ਤੇ ਬਿਭੂਤੀ ਲਾਉਣੀ, ਕੰਨਾਂ ਵਿੱਚ ਮੁੰਦਰਾਂ ਪਾਉਣੀਆਂ ਆਦਿ। ਗੁਰਬਾਣੀ ਇਸ ਸੰਦਰਭ ਵਿੱਚ ਵਿਲੱਖਣ ਉਪਦੇਸ਼ ਕਰਦੀ ਹੈ। ਗੁਰਬਾਣੀ ਅਨੁਸਾਰ ਜੇ ਜੋਗ ਧਾਰਨ ਕਰਨਾ ਹੀ ਹੈ ਤਾਂ ਖਾਸ ਕਿਸਮ ਦੇ ਜੋਗ ਧਾਰਨ ਕਰਨਾ ਚਾਹੀਦਾ ਹੈ। ਇਸ ਦਾ ਇੱਕ ਵਿਸ਼ੇਸ਼ ਪੈਮਾਨਾ ਗੁਰਬਾਣੀ ਤਹਿ ਕਰਦੀ ਹੈ ਜਿਸ ਦਾ ਜ਼ਿਕਰ ਜਪੁਜੀ ਸਾਹਿਬ ਦੀ 28 ਵੀਂ ਪਉੜੀ ਵਿੱਚ ਕੀਤਾ ਗਿਆ ਹੈ । ਸ਼ਬਦ ਵਿਚਾਰ ਦੀ ਲੜੀਵਾਰ ਵਿਚਾਰ ਅਧੀਨ ਅੱਜ ਅਸੀਂ ਇਸ ਪਉੜੀ ਦਾ ਹੀ ਵਿਚਾਰ ਕਰਾਂਗੇ।

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥

- Advertisement -

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥

ਪਦ ਅਰਥ: ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਸ਼ਬਦ ਤਿੰਨਾਂ ਰੂਪਾਂ ਵਿਚ ਆਉਂਦਾ ਹੈ, ‘ਪਤਿ’ ‘ਪਤ’ ‘ਪਤੁ’। ਪੰਜਾਬੀ ਵਿਚ ਭਾਵੇਂ ਇਹ ਇਕੋ ਸ਼ਬਦ ਹੀ ਪਰਤੀਤ ਹੁੰਦਾ ਹੋਵੇ, ਪਰ ਇਹ ਵਖੋ-ਵਖਰੇ ਤ੍ਰੈਵੇ ਹੀ ਸੰਸਕ੍ਰਿਤ ਵਿਚੋਂ ਆਏ ਹਨ। ਸ਼ਬਦ ‘ਪਤਿ’ ਦਾ ਸੰਸਕ੍ਰਿਤ ਵਿਚ ਅਰਥ ਹੈ ‘ਖਸਮ, ਮਾਲਕ’। ਪੰਜਾਬੀ ਵਿਚ ਇਸ ਦਾ ਇਕ ਹੋਰ ਅਰਥ ਭੀ ਵਰਤਿਆ ਜਾਂਦਾ ਹੈ ‘ਇਜ਼ਤ, ਅਬਰੋਇ’। ਸ਼ਬਦ ‘ਪਤੁ’ ਇਕ-ਵਚਨ ਹੈ। ਸੰਸਕ੍ਰਿਤ ਵਿਚ ‘ਪਾਤ੍ਰ’ ਹੈ ਜਿਸ ਦਾ ਅਰਥ ਹੈ ‘ਭਾਂਡਾ, ਪਿਆਲਾ, ਖੱਪਰ’। ਇਸ ਦਾ ਬਹੁ-ਵਚਨ ‘ਪਤ’ ਹੈ, ਪਰ ਇਸ ਉਪਰ ਲਿਖੇ ਅਰਥ ਵਿਚ ਇਹ ਸ਼ਬਦ ‘ਪਤ’ ਸ੍ਰੀ ਗੁਰੂ ਗ੍ਰਥ ਸਾਹਿਬ ਜੀ ਵਿਚ ਨਹੀਂ ਆਇਆ। ਸੋ ਸ਼ਬਦ ‘ਪਤ’ ਵਾਸਤੇ ਸੰਸਕ੍ਰਿਤ ਵਿਚ ਇਕ ਹੋਰ ਸ਼ਬਦ ਹੈ ‘ਪਤ੍ਰ’, ਜਿਸ ਦਾ ਅਰਥ ਹੈ ‘ਰੁੱਖਾਂ ਦੇ ਪੱਤਰ’। ਕਰਹਿ = ਜੇ ਤੂੰ ਬਣਾਏਂ। ਬਿਭੂਤਿ = ਗੋਹਿਆਂ ਦੀ ਸੁਆਹ। ਖਿੰਥਾ = ਗੋਦੜੀ। ਕਾਲੁ = ਮੌਤ। ਕੁਆਰੀ ਕਾਇਆ = ਕੁਆਰਾ ਸਰੀਰ, ਵਿਸ਼ੇ = ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਹ ਕਾਇਆਂ। ਜੁਗਤਿ = ਜੋਗ ਮੱਤ ਦੀ ਰਹਿਤ। ਪਰਤੀਤ = ਸ਼ਰਧਾ, ਯਕੀਨ।

ਵਿਆਖਿਆ (ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ) , ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ) ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥

ਆਦੇਸੁ ਤਿਸੈ ਆਦੇਸੁ ॥

- Advertisement -

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥

ਪਦ ਅਰਥਆਈ ਪੰਥੁ = ਜੋਗੀਆਂ ਦੇ 12 ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ ‘ਆਈ ਪੰਥ’ ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ: ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ। ਨਾਇ ਮੰਨਿਐ = ਜੇ ਨਾਮ ਮੰਨ ਲਈਏ। ਆਦੇਸੁ = ਪਰਣਾਮ। ਤਿਸੈ = ਉਸੇ ਹੀ ਅਕਾਲ ਪੁਰਖ ਨੂੰ। ਆਦਿ = ਮੁੱਢ ਤੋਂ। ਅਨੀਲੁ ਕਲੰਕ ਰਹਿਤ, ਪਵਿੱਤਰ, ਸੁੱਧ ਸਰੂਪ। ਅਨਾਦਿ = ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤਿ = (ਅਨ-ਆਹਤਿ) , ਆਹਤਿ-ਨਾਸ, ਖੈ, (ਇਸ ਸ਼ਬਦ ਦਾ ਸੰਸਕ੍ਰਿਤ ਧਾਤੂ ‘ਹਨ’ ਹੈ, ਜਿਸ ਦਾ ਅਰਥ ਹੈ ‘ਮਾਰਨਾ, ਨਾਸ ਕਰਨਾ’) ਅਨਾਹਤਿ = ਨਾਸ ਰਹਿਤ, ਇਕ-ਰਸ। ਜੁਗੁ ਜੁਗੁ-ਹਰੇਕ ਜੁਗ ਵਿਚ, ਸਦਾ। ਵੇਸੁ = ਰੂਪ।

ਵਿਆਖਿਆ : ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ) । (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ) , ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਜੋਗ-ਮਤ ਦੇ ਖਿੰਥਾ, ਮੁੰਦਰਾ, ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਜੋਗੇ ਨਹੀਂ ਹਨ। ਜਿਉਂ ਜਿਉਂ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ, ਤੇ ਸਾਰੀ ਖ਼ਲਕਤ ਵਿਚ ਉਹ ਪ੍ਰਭੂ ਵੱਸਦਾ ਦਿੱਸੇਗਾ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 29ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment