ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼

Global Team
3 Min Read

 ਸਬਰ, ਸਿਦਕ, ਨਿਮਰਤਾ, ਸ਼ਹਿਣਸ਼ੀਲਤਾ, ਨਿਰਮਾਣਤਾ, ਮਿਲਣਸਾਰਤਾ, ਸੇਵਾ ਦੀ ਮੂਰਤ ਬੀਬੀ ਭਾਨੀ ਜੀ ਜਿਨ੍ਹਾਂ ਦਾ ਸਮੁੱਚਾ ਜੀਵਨ-ਕਾਲ ਹੀ ਬੰਦਗੀ ਅਤੇ ਨਿਸ਼ਕਾਮ ਸੇਵਾ ਨਾਲ ਉਤਪੋਤ ਹੈ।ਸਦਗੁਣਾਂ ਦੀ ਦਾਤ ਉਨ੍ਹਾਂ ਨੂੰ ਗੁਰੂ ਪਿਤਾ ਦੀ ਬੰਦਗੀ ਵਾਂਗ ਕੀਤੀ ਸੇਵਾ ਪ੍ਰਾਪਤ ” ਹੋਈ ਸੀ। ਆਪ ਜੀ ਦਾ ਜਨਮ ਸ੍ਰੀ ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੀ ਇਕ ਵਡੀ ਭੈਣ ਬੀਬੀ ਦਾਨੀ ਜੀ ਅਤੇ ਦੋ ਭਰਾ, ਭਾਈ ਮੋਹਨ ਅਤੇ ਭਾਈ ਮੋਹਰੀ ਜੀ  ਸਨ। ਬੀਬੀ ਭਾਨੀ ਜੀ ਬਚਪਨ ਤੋਂ ਹੀ ਸੇਵਾ, ਸਿਦਕ ਸੰਜਮ ਤੇ ਸਿਮਰਨ ਦੇ ਪ੍ਰਤੀਕ ਸਨ। ਉਹ ਛੋਟੀ ਉਮਰ ਤੋਂ ਹੀ  ਜਿਆਦਾ ਸਮਾ ਸੇਵਾ ਕਾਰਜਾਂ ਅਤੇ ਪ੍ਰਭੁ ਭਗਤੀ ਵਿਚ ਲੀਨ ਰਹਿ ਕੇ ਬਿਤਾਂਦੇ ਸਨ ।

ਆਪ ਜੀ ਨੇ ਆਪਣੇ ਜੀਵਨ ਕਾਲ ਵਿੱਚ ਗੁਰਮਤਿ ਸਿਧਾਂਤਾਂ ਦੀ ਸੋਝੀ ਅਤੇ ਉਨ੍ਹਾਂ ਨੂੰ ਨਿਭਾਉਣ ‘ਚ ਜੋ ਉਦਾਹਰਨ ਪੇਸ਼ ਕੀਤਾ ਹੈ, ਉਹ ਵਿਲੱਖਣ ਹੈ। ਨਵੀਆਂ ਕਦਰਾਂ-ਕੀਮਤਾਂ ਨੂੰ ਉਸਾਰਨ ਅਤੇ ਪੁਰਾਤਨ (ਰੂੜ੍ਹੀਵਾਦੀ) ਵਿਚਾਰਧਰਾਵਾਂ ਨੂੰ ਤੋੜਨ ਵਿਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ ਕੀਤੇ ਕਾਰਜਾਂ ‘ਚ ਉਨ੍ਹਾਂ ਦਾ ਯੋਗਦਾਨ ਮੀਲ-ਪੱਥਰ ਹੈ। ਧਰਮ-ਕਰਮ ’ਚ ਮੋਹਰੀ ਹੋ ਕੇ ਤੁਰਨਾ ਅਤੇ ਮਿਸਾਲ ਕਾਇਮ ਕਰਨਾ ਬੀਬੀ ਭਾਨੀ ਦੇ ਕਿਰਦਾਰ ਦਾ ਅਹਿਮ ਪਹਿਲੂ ਹੈ। ਜੇਕਰ ਉਨ੍ਹਾਂ ਦੇ ਜੀਵਨ ਦੇ ਹਰੇਕ ਪਹਿਲੂ ਨੂੰ ਗਹੁ ਨਾਲ ਵੀਚਾਰਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਬੀਬੀ ਜੀ ਹਰ ਪੱਖ ਤੋਂ ਲਾਸਾਨੀ ਸਨ। 

ਬੀਬੀ ਭਾਨੀ ਜੀ ਜਦੋਂ ਵਿਆਹ ਦੇ ਯੋਗ ਹੋਏ ਤਾਂ ਮਾਤਾ ਮਨਸਾ ਦੇਵੀ ਨੇ ਕੋਈ ਉਚਿਤ ਵਰ ਲਭਣ ਲਈ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਪੁਛਿਆ ਕਿ ਵਰ ਕਿਹੋ ਜਿਹਾ ਹੋਵੇ, ਤਾਂ ਸਹਿਜ ਸੁਭਾ ਨੇੜੇ ਹੀ ਸੇਵਾ-ਕਾਰਜ ਵਿਚ ਲਗੇ ਭਾਈ ਜੇਠਾ ਜੀ ਵਲ ਇਸ਼ਾਰਾ ਕਰਕੇ ਮਾਤਾ ਜੀ ਨੇ ਕਿਹਾ ਕਿ ਇਸ ਵਰਗਾ ਹੋਵੇ। ਗੁਰੂ ਜੀ ਨੇ ਉੱਤਰ ਦਿੱਤਾ ਕਿ ਇਸ ਵਰਗਾ ਤਾਂ ਕੇਵਲ ਇਹੋ ਹੀ ਹੈ। ਤਾਂ ਭਾਈ ਜੇਠਾ ਨਾਲ ਬੀਬੀ ਭਾਨੀ ਜੀ ਦਾ ਵਿਆਹ ਹੋਇਆ। ਜੋ ਬਾਅਦ ਵਿੱਚ ਗੁਰਤਾਗੱਦੀ ‘ਤੇ ਬਿਰਾਜਮਾਨ ਹੋ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ  ਬਣੇ। ਬੀਬੀ ਜੀ ਦੀ ਕੁੱਖੋਂ ਤਿੰਨ ਸੁਪੁੱਤਰਾਂ ਦਾ ਜਨਮ ਹੋਇਆ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ।

ਬੀਬੀ ਭਾਨੀ ਜੀ ਦੀ ਸੇਵਾ ਦਾ ਹੀ ਨਤੀਜਾ ਸੀ ਕਿ ਇਤਿਹਾਸ ਵਿੱਚ ਉਨ੍ਹਾਂ ਨੂੰ ਇੱਕ ਗੁਰੂ ਸਪੁੱਤਰੀ, ਗੁਰੂ ਪਤਨੀ, ਗੁਰੂ ਜਨਨੀ, ਗੁਰੂ ਦਾਦੀ, ਅਤੇ ਗੁਰੂ ਪੜਦਾਦੀ ਹੋਣ ਦਾ ਮਾਣ ਪ੍ਰਾਪਤ ਹੋਇਆ। ਪਹਿਲੇ ਦੋ ਗੁਰੂ ਸਾਹਿਬਾਨ ਤੋਂ ਬਿਨ੍ਹਾਂ ਬਾਕੀ 8 ਗੁਰੂ ਸਾਹਿਬਾਨ  ਬੀਬੀ ਭਾਨੀ ਜੀ ਦੀ ਅੰਸ਼ ਵੰਸ਼ ਸਨ।

- Advertisement -

ਵਰਤਮਾਨ ਵਿਚ ਜੇਕਰ ਅਸੀਂ ਗੁਰਮਤਿ ਵਿਚਾਰਧਾਰਾ ‘ਤੇ ਆਧਾਰਤ ਇਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਤਾਂ ਅੱਜ ਦੀਆਂ ਮਾਤਾਵਾਂ, ਭੈਣਾਂ ਨੂੰ ਬੀਬੀ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਜੇਕਰ ਅੱਜ ਦੀਆਂ ਮਾਤਾਵਾਂ ਨੂੰ ਬੀਬੀ ਭਾਨੀ ਜੀ ਵਾਲੀ ਅਸੀਸ ਆਪਣੇ ਬੱਚਿਆਂ ਨੂੰ ਦੇਣੀ ਆ ਜਾਵੇ ਤਾਂ ਸਮੁੱਚਾ ਸੰਸਾਰ ਹੀ ਦੁੱਖਾਂ ਤੋਂ ਰਹਿਤ ਅਤੇ ਕਿਆਸੇ ਜਾਣ ਵਾਲੇ ਸਵਰਗ ਦੀ ਨਿਆਈਂ ਬਣ ਜਾਵੇਗਾ। ਫਿਰ ਸਹਿਜੇ ਹੀ ਧਰਮ ਦੇ ਮਾਰਗ ਤੋਂ ਭਟਕ ਚੁੱਕੀ ਨੌਜਵਾਨ ਪੀੜ੍ਹੀ ਨੂੰ ਸਾਂਭਿਆ ਜਾ ਸਕੇਗਾ। 

ਰਜਿੰਦਰ ਸਿੰਘ

Share this Article
Leave a comment