ਲੜੀ ਨੰ. 31- ਸੱਖਰ, ਪਾਕਿਸਤਾਨ ਵਿਚਲੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਪਾਵਨ ਅਸਥਾਨ

TeamGlobalPunjab
4 Min Read

*ਡਾ. ਗੁਰਦੇਵ ਸਿੰਘ 

ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਤਾਰਣ ਲਈ ਚਹੁੰ ਦਿਸ਼ਾਵੀਂ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਨੇ ਜਿਥੇ ਜਿਥੇ ਵੀ ਆਪਣੇ ਪਾਵਨ ਚਰਨ ਪਾਏ, ਵਰਤਮਾਨ ਸਮੇਂ ਉਸ ਅਸਥਾਨ ‘ਤੇ ਇਤਿਹਾਸਕ ਯਾਦਗਾਰਾਂ ਸੁਸ਼ੋਭਿਤ ਹਨ। ਪਾਕਿਸਤਾਨ ਦੇ ਸੱਖਰ ਜਿਲ੍ਹੇ ਵਿੱਚ ਕਈ ਇਤਿਹਾਸਕ ਅਸਥਾਨ ਸੁਸ਼ੋਭਿਤ ਹਨ ਜਿਵੇਂ ਗੁਰਦੁਆਰਾ ਪਹਿਲੀ ਪਾਤਸ਼ਾਹੀ, ਸ਼ਿਕਾਰਪੁਰ, ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਜਿੰਦ ਪੀਰ, ਗੁਰਦੁਆਰਾ ਸਾਧੂ ਬੇਲਾ ਆਦਿ। ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰ ਅਸਥਾਨਾਂ ਦੀ ਇਤਿਹਾਸਕ ਲੜੀ ਅੰਦਰ ਅੱਜ ਅਸੀਂ ਇਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ।

ਗੁਰਦੁਆਰਾ ਪਹਿਲੀ ਪਾਤਸ਼ਾਹੀ, ਸ਼ਿਕਾਰਪੁਰ, ਜਿਲਾ ਸੱਖਰ

ਸ਼ਿਕਾਰਪੁਰ ਜਿਲਾ ਸੱਖਰ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਨਗਰ ਹੈ। ਇਸ ਅੰਦਰ ਸਤਿਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਹੈ। ਇਸ ਅਸਥਾਨ ਨੂੰ ਸਿੰਧੀ ਵਿੱਚ ‘ਪੂਜ ਉਦਾਸੀਅਨ ਸਮਾਧਾਂ ਆਸਰਮ’ ਆਖਿਆ ਜਾਂਦਾ ਹੈ।  ਇਹ ਬਹੁਤ ਹੀ ਵੱਡਾ ਅਸਥਾਨ ਹੈ ਇਸ ਦੇ ਅੰਦਰ ਬੋਹੜ ਦਾ ਉਹ ਬ੍ਰਿਛ ਅੱਜ ਤੱਕ ਮੌਜੂਦ ਹੈ, ਜਿਸ ਥੱਲੇ ਜਗਤ ਗੁਰੂ ਨਾਨਕ ਦੇਵ ਜੀ ਬਿਰਾਜੇ। ਅਸਥਾਨ ਦੇ ਨਾਲ ਉਦਾਸੀਆਂ ਦੀਆਂ ਸਮਾਧੀਆਂ ਹਨ।

- Advertisement -

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਜਿੰਦ ਪੀਰ

ਸੱਖਰ ਸਿੰਧ ਪ੍ਰਾਂਤ ਦਾ ਪ੍ਰਸਿੱਧ ਨਗਰ ਹੈ।  ਰੋਹੜੀ ਅਤੇ ਸੱਖਰ ਨੂੰ ਮਿਲਾਉਣ ਵਾਲਾ ਸਿੰਧ ਦਰਿਆ ਦਾ ਪੁਲ ਪਾਰ ਕਰਦਿਆਂ ਸੱਜੇ ਹੱਥ ਇਕ ਸੜਕ ਥੱਲੇ ਉਤਰਦੀ ਹੈ। ਇਹ ਸੜਕ ਦਰਿਆ ਅਤੇ ਪੁਲ ਦੇ ਨਾਲ ਨਾਲ ਘੁੰਮਦੀ ਹੋਈ ਗੁਰਦੁਆਰਾ ਜਿੰਦ ਪੀਰ ਤੇ ਅੱਪੜ ਜਾਂਦੀ ਹੈ। ਇਹ ਇਕ ਬਹੁਤ ਹੀ ਸੁੰਦਰ ਗੁਰਦੁਆਰਾ ਹੈ। ਇਥੇ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਬਿਰਾਜੇ ਸਨ। ਇੱਥੋਂ ਉੱਠ ਕੇ ਹੀ ਆਪ ਸਿੰਧ ਦਰਿਆ ਦੇ ਟਾਪੂ ਅੰਦਰ ਸਾਧੂਆਂ ਦੇ ਬੇਲੇ ਪੁੱਜੇ। ਝੂਲੇ ਲਾਲ ਨਾਮੀ ਉਦਾਸੀ ਸਾਧੂ ਇੱਥੋਂ ਦਾ ਪਹਿਲਾ ਪੁਜਾਰੀ ਸੀ। ਇਸ ਵੇਲੇ ਇਹ ਅਸਥਾਨ ਨਾਨਕ ਪੰਥੀ ਹਿੰਦੂਆਂ ਪਾਸ ਹੈ।

ਗੁਰਦੁਆਰਾ ਸਾਧੂ ਬੇਲਾ (ਸੱਖਰ, ਸਿੰਧ)

ਸਾਧੂ ਬੇਲਾ ਦਾ ਇਹ ਪਾਵਨ ਅਸਥਾਨ ਰੇਹੜੀ ਅਤੇ ਸੱਖਰ ਸ਼ਹਿਰਾਂ ਵਿਚਾਲੇ ਵਗਣ ਵਾਲੇ ਸਿੰਧ ਦਰਿਆ ਦੇ ਟਾਪੂ ਵਿਚ ਹੈ। ਇਸ ਤੀਕ ਅਪੜਣ ਵਾਸਤੇ ਬੇੜੀ ਦੇ ਰਾਹੀਂ ਜਾਣਾ ਪੈਂਦਾ ਹੈ। ਬੇੜੀ ਇਸ ਅਸਥਾਨ ਦੇ ਮੁਖ ਦੁਆਰ ਜਾ ਲੱਗਦੀ ਹੈ। ਦਰਸ਼ਨੀ ਡਿਉੜੀ ਵਿਚ ਵੜਦਿਆਂ ਖੱਬੇ ਹੱਥ ਉੱਤੇ ਸੰਗ ਮਰਮਰ ਦੀ ਇਕ ਸੁੰਦਰ ਇਮਾਰਤ ਹੈ। ਇਹ ਹੀ ਉਹ ਪਾਵਨ ਅਸਥਾਨ ਹੈ ਜਿਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਿਰਾਜੇ ਸਨ। ਇਥੇ ਹੀ ਆਪ ਨੇ ਸਾਧਾਂ ਨੂੰ ਜਿੰਦਗੀ ਜੀਵਣ ਦਾ ਰਾਹ ਦਰਸਾਇਆ ਹੈ। ਇਹ ਇਕ ਵਿਸ਼ਾਲ ਟਾਪੂ ਹੈ। ਇਸ ਅੰਦਰ ਸੰਗ ਮਰਮਰ ਦੀ ਇਹ ਮਨ ਮੋਹਣੀ ਇਮਾਰਤ ਜਿਹ ਨੂੰ ਧਰਮ ਮੰਦਰ ਆਖਿਆ ਜਾਂਦਾ ਹੈ, ਤੋਂ ਵੱਖ ਹੋਰ ਬਹੁਤ ਸਾਰੇ ਮੰਦਰ ਅਤੇ ਉਦਾਸੀ ਸਾਧੂਆਂ ਦੀਆਂ ਸਮਾਧਾਂ ਹਨ। ਗੁਰਦੁਆਰਾ ਸਾਹਿਬ ਤੋਂ ਕੋਈ ਅੱਧਾ ਕਿਲੋਮੀਟਰ ਅੱਗੇ ਇਹ ਲਾਇਬਰੇਰੀ ਹੈ। ਇਸ ਪਾਵਨ ਅਸਥਾਨ ਦੇ ਮੱਥੇ ਉੱਤੇ ਸ੍ਰੀ ਰਾਗ ਦਾ ਸ਼ਬਦ ‘ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥’ ਉਕਰਿਆ ਹੋੲਆ ਹੈ। ਸ੍ਰੀ  ਗੁਰੂ ਗ੍ਰੰਥ ਸਾਹਿਬ ਦੇ ਅੰਗ 14 ਦਰਜ ਇਹ ਸ਼ਬਦ ਇਸੇ ਅਸਥਾਨ ‘ਤੇ ਉਚਾਰਿਆ ਗਿਆ ਹੈ ਅਜਿਹੀ ਲੋਕ ਧਾਰਨਾ ਹੈ।

ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖ਼ਿਮਾ। 

- Advertisement -

*gurdevsinghdr@gmail.com

Share this Article
Leave a comment