ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -24
ਗੁਰਦੁਆਰਾ ਟਿੱਬਾ ਨਾਨਕਸਰ, ਪਾਕਪਤਨ ਪਾਕਿਸਤਾਨ
*ਡਾ. ਗੁਰਦੇਵ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਅੰਕਿਤ ਹੈ ਉਥੇ ਵੱਖ ਵੱਖ ਸੰਤਾਂ, ਭਗਤਾਂ ਤੇ ਭੱਟਾਂ ਦੀ ਬਾਣੀ ਵੀ ਅੰਕਿਤ ਹੈ। ਕਈ ਸਾਖੀਆਂ ਤੇ ਇਤਿਹਾਸਕ ਸਰੋਤਾਂ ਵਿੱਚ ਵੀ ਅੰਕਿਤ ਮਿਲਦਾ ਹੈ ਕਿ ਗੁਰੂ ਸਾਹਿਬਾਨ ਨੇ ਜਿੱਥੇ ਆਪ ਬਾਣੀ ਰਚੀ ਉਥੇ ਵੱਖ ਵੱਖ ਸੰਤਾਂ ਭਗਤਾਂ ਦੀ ਬਾਣੀ ਨੂੰ ਵੀ ਇੱਕਤਰ ਕੀਤਾ। ਭਗਤ ਫਰੀਦ ਜੀ ਦੀ ਬਾਣੀ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਇੱਕਤਰ ਕੀਤੀ। ਬਾਬਾ ਫਰੀਦ ਜੀ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਜਿਸ ਅਸਥਾਨ ‘ਤੇ ਫਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ ਗਈ ਉਥੇ ਹੀ ਗੁਰਦੁਆਰਾ ਟਿੱਬਾ ਨਾਨਕਸਰ ਸੁਸ਼ੋਭਿਤ ਹੈ।
ਪਾਕਪਤਨ ਸ਼ਹਿਰ ਤੋਂ ਕੋਈ ਛੇ ਕਿਲੋਮੀਟਰ ਦੂਰ ਰੇਲਵੇ ਲਾਇਨ ਦੇ ਨੇੜੇ ਨਾਨਕਸਰ ਦਾ ਇਹ ਪਾਵਨ ਅਸਥਾਨ ਸਥਿਤ ਹੈ। ਇਸ ਅਸਥਾਨ ‘ਤੇ ਜਗਤ ਗੁਰੂ ਸਾਹਿਬ ਸ੍ਰੀ ਗੂਰੂ ਨਾਨਕ ਦੇਵ ਜੀ ਨੇ ਹਜਰਤ ਬਾਬਾ ਇਬਰਾਹਿਮ ਫਰੀਦ ਸਾਨੀ ਤੋਂ ਬਾਬਾ ਫਰੀਦ ਜੀ ਦੇ ਸਲੋਕ ਪ੍ਰਾਪਤ ਕੀਤੇ। ਇਹ ਅਸਥਾਨ ਇੱਕ ਟਿੱਬੀ ਉਤੇ ਹੈ ਜਿਥੇ ਦੋ ਮੰਜਲਾ ਗੁੰਬਦਦਾਰ ਇਮਾਰਤ ਬਣੀ ਹੋਈ ਹੈ। ਇਸ ਦੇ ਨੇੜੇ ਬਾਬਾ ਫਰੀਦ ਜੀ ਦੀ ਵੰਸ਼ ਵਿਚੋਂ ਹੀ ਇਕ ਦਰਵੇਸ਼ ਬਾਬਾ ਫਤਿਹਉੱਲਾ ਸ਼ਾਹ ਨੂਰੀ ਚਿਸ਼ਤੀ ਦਾ ਮਜਾਰ ਅਤੇ ਮਸੀਤ ਵੀ ਸਥਿਤ ਹੈ। ਇਥੇ ਦੇ ਸੇਵਾਦਾਰ ਮੁਸਲਮਾਨ ਹਨ। ਵਰਤਮਾਨ ਸਮੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਸੇਵਾ ਵਿਹੂਣੀ ਜਿਸ ਦੀ ਸੰਭਾਲ ਹੋਣੀ ਅਤਿ ਲੋੜੀਂਦੀ ਹੈ ਕਿਉਂ ਜੋ ਸਿੱਖ ਇਤਿਹਾਸ ਤੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਸੰਦਰਭ ਵਿੱਚ ਇਸ ਦੀ ਵਿਸ਼ੇਸ਼ ਮਹੱਤਤਾ ਹੈ।
- Advertisement -
ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 25ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।
*gurdevsinghdr@gmail.com