ਗੁਰਦੁਆਰਾ ਬਾਲ ਲੀਲਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਪਨ ਦਾ ਗਵਾਹ- ਡਾ. ਗੁਰਦੇਵ ਸਿੰਘ

TeamGlobalPunjab
4 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -2

ਗੁਰਦੁਆਰਾ ਬਾਲ ਲੀਲਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਬਚਪਨ ਦਾ ਗਵਾਹ

-ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦੀ ਲੜੀਵਾਰ ਪਾਵਨ ਇਤਿਹਾਸ ਦੀ ਪਹਿਲੀ ਲੜੀ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਨਾਲ ਸਬੰਧਤ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਈ ਸੀ। ਅੱਜ ਅਸੀਂ ਇਸ ਲੜੀ ਅੱਗੇ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਜੋ ਕਿ ਨਨਕਾਣਾ ਸਾਹਿਬ ਦੇ ਪਾਵਨ ਧਰਤ ‘ਤੇ ਹੀ ਸੁਸ਼ੋਭਿਤ ਹੈ।

ਗੁਰਦੁਆਰਾ ਬਾਲ ਲੀਲਾ ਉਹ ਮੁਕੱਦਸ ਅਸਥਾਨ ਜਿਸ ਨੂੰ ਬਾਲ ਰੂਪ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਗ ਲਾਏ। ਇਸ ਪਾਵਨ ਅਸਥਾਨ ‘ਤੇ ਗੁਰੂ ਜੀ ਬਚਪਨ ਵਿਚ ਆਪਣੇ ਸਾਥੀਆਂ ਨਾਲ ਇਨਸਾਨੀ ਤੇ ਰੂਹਾਨੀ ਖੇਡਾਂ ਖੇਡ ਦੇ ਰਹੇ। ਇਸ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਹੀ ਸਾਫ ਜ਼ਾਹਰ ਹੈ ਕਿ ਇਹ ਪਾਵਨ ਅਸਥਾਨ ਗੁਰੂ ਜੀ ਦੇ ਮੁੱਢਲੇ ਬਚਪਨ ਦੇ ਸ਼ਾਨਦਾਰ ਦਿਨਾਂ ਦੀ ਗਵਾਹੀ ਭਰਦਾ ਹੈ।

- Advertisement -

ਕਈ ਸਾਖੀਆਂ ਵਿੱਚ ਗੁਰੂ ਜੀ ਦੇ ਬਚਪਨ ਦੇ ਕੌਤਕ ਦਰਜ ਹਨ ਜੋ ਗੁਰੂ ਜੀ ਦੀ ਉੱਚੀ ਅਵਸਥਾ ਨੂੰ ਬਿਆਨਦੇ ਹਨ। ਇੱਕ ਪ੍ਰਚਲਿਤ ਸਾਖੀ ਅਨੁਸਾਰ ਇੱਕ ਦਿਨ ਤਲਵੰਡੀ ਨਗਰ ਦੇ ਹਾਕਮ ਰਾਏ ਬੁਲਾਰ ਨੇ ਬਾਲ ਗੁਰੂ ਨਾਨਕ ਸਾਹਿਬ ਦਾ ਗਾਇਨ ਸੁਣਿਆ ਤਾਂ  ਉਹ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਕਿਹਾ ਕਿ “ਇਹ ਆਮ ਬੱਚਾ ਨਹੀਂ ਹੈ, ਇਹ ਲੋਕਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਇਸ ਸੰਸਾਰ ਵਿਚ ਆਇਆ ਹੈ।’’ ਉਹ ਬਚਨ ਬਿਲਾਸ ਕਰਨ ਹਿਤ ਆਪਣੇ ਸੇਵਕਾਂ ਨਾਲ ਅੱਗੇ ਵਧਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਬੜੇ ਸਤਿਕਾਰ ਨਾਲ ਰਾਏ ਬੁਲਾਰ ਨੂੰ ਬੁਲਾਇਆ। ਗੁਰੂ ਜੀ ਨਾਲ ਗੱਲਬਾਤ ਕਰਕੇ ਰਾਏ ਬੁਲਾਰ ਹੋਰ ਪ੍ਰਭਾਵਿਤ ਹੋ ਗਿਆ। ਉਸ ਨੂੰ ਗੁਰੂ ਜੀ ਦੀ ਨਿਮਰਤਾ ਤੇ ਵਿਦਵਤਾ ਨੇ ਗੁਰੂ ਜੀ ਦਾ ਮੁਰੀਦ ਬਣਾ ਦਿੱਤਾ। ਗੁਰਦੁਆਰਾ ਬਾਲ ਲੀਲਾ ਸਾਹਿਬ ਉਸੇ ਅਸਥਾਨ ‘ਤੇ ਸੁਸ਼ੋਭਿਤ ਹੈ ਜਿਥੇ ਗੁਰੂ ਜੀ ਆਪਣੇ ਬਾਲ ਸਖਾਈਆਂ ਨਾਲ ਹਰ ਰੋਜ਼ ਅਜਿਹੇ ਹੀ ਨਿਤ ਦੇ ਕੌਤਕ ਕਰਦੇ ਰਹਿੰਦੇ ਸਨ। ਗੁਰਦੁਆਰਾ ਸਾਹਿਬ ਦੇ ਪੂਰਬ ਵੱਲ ਇੱਕ ਸਰੋਵਰ ਨਾਨਕਸਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਨਗਰ ਦੇ ਪ੍ਰਬੰਧਕ ਰਾਏ ਬੁਲਾਰ ਨੇ ਹੀ ਗੁਰੂ ਜੀ ਦੇ ਨਾਮ ‘ਤੇ ਖੁਦਵਾਇਆ ਸੀ। ਇੱਕ ਹਵਾਲੇ ਨਾਲ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇਸ ਨਗਰ ਦੀ ਯਾਤਰਾ ਦੌਰਾਨ ਬਾਲ ਲੀਲਾ ਸਾਹਿਬ ਦੇ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਸੀ। 1820-21 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖਸ਼ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਸਰੋਵਰ ਦੀ ਕਾਰ ਸੇਵਾ ਕਰਵਾਈ। ਸ਼ੇਰ-ਏ-ਪੰਜਾਬ ਵਲੋਂ ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਦੇ ਨਾਮ ‘ਤੇ ਕਈ ਏਕੜ ਜ਼ਮੀਨ ਨਾਮ ਲਾਈ ਗਈ। 1748 ਈਸਵੀ ਵਿਚ ਸਿੱਖਾਂ ਦੀ ਸਹਾਇਤਾ ਨਾਲ ਦੀਵਾਨ ਕੌੜਾ ਮੱਲ ਨੇ ਇਸ ਗੁਰਦੁਆਰੇ ਦਾ ਹੋਰ ਵਿਸਤਾਰ ਕੀਤਾ।

 ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਆਦ ਇਸ ਗੁਰਦੁਆਰੇ ਦੇ ਨਿਗਰਾਨ ਮਹੰਤਾਂ ਨੇ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ। 1947 ਈਸਵੀ ਦੀ ਵੰਡ ਉਪਰੰਤ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਦੇ ਵਕਫ ਬੋਰਡ ਕੋਲ ਚਲੇ ਗਿਆ। ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਜਨਮ ਸਥਾਨ ਸਾਹਿਬ ਤੋਂ ਦੱਖਣ-ਪੂਰਬ ਵੱਲ 300 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਵਰਤਮਾਨ ਸਮੇਂ ਪ੍ਰਾਪਤ ਜਾਣਕਾਰੀ ਮੁਤਾਬਿਕ ਕਈ ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਹੁਣ ਕਾਰ ਸੇਵਾ ਮੁਕੰਮਲ ਹੋਣ ਉਪਰੰਤ ਇਸ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਤੀਸਰੇ ਭਾਗ ਵਿੱਚ ਅਸੀਂ ਗੁਰਦੁਆਰਾ ਪੱਟੀ ਸਾਹਿਬ; ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਆਸ ਕਰਦੇ ਹਾਂ ਕਿ ਆਪ ਜੀ ਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੋਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਸਾਡਾ ਸਿੱਖ ਇਤਿਹਾਸ ਪੁਹੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment