ਸ਼ਬਦ ਵਿਚਾਰ – 101 ਜਪੁ ਜੀ ਸਾਹਿਬ – ਪਉੜੀ 25

TeamGlobalPunjab
8 Min Read

ਸ਼ਬਦ ਵਿਚਾਰ – 100

ਜਪੁਜੀ ਸਾਹਿਬਪਉੜੀ 25

ਡਾ. ਗੁਰਦੇਵਸਿੰਘ*

ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਦੁਨੀਆਂ ਦੇ ਕਹਿੰਦੇ ਕਹਾਉਂਦੇ ਲੋਕ ਵੀ ਉਸ ਦੇ ਦਰ ਦੇ ਭੇਖਾਰੀ ਹਨ। ਇਸ ਸੰਸਾਰ ਤੇ ਅਜਿਹੇ ਅਨੇਕ ਇਨਸਾਨ ਹਨ ਜੋ ਉਸ ਦੀਆਂ ਦਾਤਾਂ ਦਾ ਨਿਤ ਸ਼ਕਰਾਨਾ ਕਰਦੇ ਹਨ ਪਰ ਕਈ ਹੰਕਾਰ ਵਸਉਸ ਦੇ ਕੀਤੇ ਨੂੰ ਨਹੀਂ ਵੀ ਪਛਾਣਦੇ ਹਨ ਪਰ ਉਸ ਅਕਾਲ ਪੁਰਖ ਦੀ ਇੱਕ ਆਪਣੀ ਹੀ ਆਦਤ ਹੈ ਕਿ ਉਹ ਸਭ ਜੀਆਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੀ ਪਾਲਣਾ ਵੀ ਕਰਦਾ ਹੈ। ਸ਼ਬਦ ਵਿਚਾਰ ਦੀ ਚਲ ਰਹੀ ਲੜੀਵਾਰ ਵਿਚਾਰ ਅਧੀਨ ਅੱਜ ਅਸੀਂ 101ਵੇਂ ਲੜੀਵਾਰ ਸ਼ਬਦ ਦੀ ਵਿਚਾਰ ਕਰਰ ਹੇ ਹਾਂ। ਅੱਜ ਅਸੀਂ ਜਪੁਜੀ ਸਾਹਿਬ ਦੀ 25 ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਉਕਤ ਵਿਚਾਰ ਦੀ ਪ੍ਰੋੜਤਾ ਕੁਝ ਇਸ ਪ੍ਰਕਾਰ ਕੀਤੀ ਗਈ ਹੈ।

ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥

- Advertisement -

ਪਦ ਅਰਥ: ਕਰਮੁ = ਬਖ਼ਸ਼ਸ਼। ਤਿਲੁ = ਤਿਲ ਜਿਤਨੀ ਭੀ। ਤਮਾਇ = ਲਾਲਚ, ਤ੍ਰਿਸ਼ਨਾ। ਦਾਤਾ = ਦਾਤਾਂ ਦੇਣ ਵਾਲਾ।

ਵਿਆਖਿਆ : ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ। ਉਸ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ।

ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥

ਪਦ ਅਰਥ: ਕੇਤੇ = ਕਈ। ਜੋਧ ਅਪਾਰ = ਅਪਾਰ ਜੋਧੇ, ਅਨਗਿਣਤ ਸੂਰਮੇ। ਮੰਗਹਿ = ਮੰਗਦੇ ਹਨ। ਗਣਤ = ਗਿਣਤੀ। ਕੇਤਿਆ = ਕਈਆਂ ਦੀ। ਵੇਕਾਰ = ਵਿਕਾਰਾਂ ਵਿਚ। ਖਪਿ ਤੁਟਹਿ = ਖਪ ਖਪ ਕੇ ਨਾਸ ਹੁੰਦੇ ਹਨ।

ਵਿਆਖਿਆ : ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ, ਜਿਨ੍ਹਾਂ ਦੀ ਗਿਣਤੀ ‘ਤੇ ਵਿਚਾਰ ਨਹੀਂ ਹੋ ਸਕਦੀ, (ਅਕਾਲ ਪੁਰਖ ਦੇ ਦਰ ‘ਤੇ) ਮੰਗ ਰਹੇ ਹਨ, ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ

- Advertisement -

ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥

ਪਦ ਅਰਥ: ਕੇਤੇ = ਬੇਅੰਤ ਜੀਵ। ਮੁਕਰੁ ਪਾਹਿ = ਮੁਕਰ ਪੈਂਦੇ ਹਨ। ਖਾਹਿ ਖਾਹਿ = ਖਾਂਦੇ ਹਨ, ਖਾਹੀ ਜਾਂਦੇ ਹਨ।

ਨੋਟ: ‘ਤੂੰ ਦੇਖਹਿ ਹਉ ਮੁਕਰਿ ਪਾਉ। ‘ਸਭੁ ਕਿਛੁ ਸੁਣਦਾ ਵੇਖਦਾ, ਕਿਉ ਮੁਕਰਿ ਪਇਆ ਜਾਇ। ‘ ਇਹਨਾਂ ਦੋਹਾਂ ਤੁਕਾਂ ਵਿਚ ਲਫ਼ਜ਼ ‘ਮੁਕਰਿ’ ਹੈ, ਪਰ ਉਪਰਲੀ ਤੁਕ ਵਿਚ ‘ਮੁਕਰੁ’ ਹੈ। ਦੋਹਾਂ ਦਾ ਅਰਥ ਇਕੋ ਹੀ ਹੈ। ‘ਮੁਕਰਿ’ ਵਿਆਕਰਨ ਅਨੁਸਾਰ ਠੀਕ ਢੁਕਦਾ ਹੈ। ਇਸ ਲਫ਼ਜ਼ ਸੰਬੰਧੀ ਅਜੇ ਹੋਰ ਵਧੀਕ ਖੋਜ ਦੀ ਲੋੜ ਹੈ।

ਵਿਆਖਿਆ : ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ) । ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ) ।

ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥

ਪਦ ਅਰਥ: ਕੇਤਿਆ = ਕਈ ਜੀਵਾਂ ਨੂੰ। ਦੂਖ = ਕਈ ਦੁੱਖ ਕਲੇਸ਼। ਭੂਖ = ਭੂੱਖ(ਭਾਵ, ਖਾਣ ਨੂੰ ਭੀ ਨਹੀਂ ਮਿਲਦਾ) । ਸਦ = ਸਦਾ। ਦਾਤਿ = ਬਖ਼ਸ਼ਸ਼। ਦਾਤਾਰ = ਹੇ ਦੇਣਹਾਰ ਅਕਾਲ ਪੁਰਖ!

ਵਿਆਖਿਆ : ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ) । (ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ) ।

ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥

ਪਦ ਅਰਥ: ਬੰਦਿ = ਬੰਦੀ ਤੋਂ, ਮਾਇਆ ਦੇ ਮੋਹ ਤੋਂ। ਖਲਾਸੀ = ਮੁਕਤੀ, ਛੁਟਕਾਰਾ। ਭਾਣੈ = ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ। ਹੋਇ = ਹੁੰਦਾ ਹੈ। ਹੋਰੁ = ਭਾਣੇ ਦੇ ਉਲਟ ਕੋਈ ਹੋਰ ਤਰੀਕਾ। ਕੋਇ = ਕੋਈ ਮਨੁੱਖ।

ਵਿਆਖਿਆ : ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ। ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ) ।

ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥

ਪਦ ਅਰਥ: ਖਾਇਕੁ = ਕੱਚਾ ਮਨੁੱਖ, ਮੂਰਖ। ਆਖਣਿ ਪਾਇ = ਆਖਣ ਦਾ ਜਤਨ ਕਰੇ, (ਭਾਵ, ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ। ਓਹੁ = ਉਹ ਮੂਰਖ ਹੀ। ਜੇਤੀਆ = ਜਿਤਨੀਆਂ (ਚੋਟਾਂ) । ਮੁਹਿ = ਮੂੰਹ ਉੱਤੇ। ਖਾਇ = ਖਾਂਦਾ ਹੈ।

ਵਿਆਖਿਆ : (ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, ‘ਕੂੜ’ ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ‘ਕੂੜ’ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ) ।

ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥

ਪਦ ਅਰਥ: ਦੇਇ = ਦੇਂਦਾ ਹੈ। ਆਖਹਿ = ਆਖਦੇ ਹਨ। ਸਿ ਭਿ = ਇਹ ਗੱਲ ਭੀ। ਕੇਈ ਕੇਇ = ਕਈ ਮਨੁੱਖ।

ਵਿਆਖਿਆ : (ਸਾਰੇ ਨ-ਸ਼ੁਕਰੇ ਹੀ ਨਹੀਂ ਹਨ) ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ।

ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

ਵਿਆਖਿਆ : ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ-ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚੀ ਦਾਤਿ ਹੈ) । 25।

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ ‘ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋਂ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ।  ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 26ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

ਨੋਟ : ਪਉੜੀ 24 ਦੀ ਵੀਚਾਰ , ਸ਼ਬਦ ਵਿਚਾਰ ਦੀ  ਲੜੀ 99 ਦੇ ਅੰਤਰ ਕੀਤੀ ਗਈ ਹੈ

*gurdevsinghdr@gmail.com

Share this Article
Leave a comment