Home / Uncategorized / ਗੁਰਦੁਆਰਾ ਸੱਚ ਖੰਡ ਸਾਹਿਬ, ਚੂਹੜਕਾਣਾ, ਪਾਕਿਸਤਾਨੀ ਪੰਜਾਬ – ਡਾ. ਗੁਰਦੇਵ ਸਿੰਘ

ਗੁਰਦੁਆਰਾ ਸੱਚ ਖੰਡ ਸਾਹਿਬ, ਚੂਹੜਕਾਣਾ, ਪਾਕਿਸਤਾਨੀ ਪੰਜਾਬ – ਡਾ. ਗੁਰਦੇਵ ਸਿੰਘ

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -7

ਗੁਰਦੁਆਰਾ ਸੱਚ ਖੰਡ ਸਾਹਿਬ, ਚੂਹੜਕਾਣਾ, ਪਾਕਿਸਤਾਨੀ ਪੰਜਾਬ

ਡਾ. ਗੁਰਦੇਵ ਸਿੰਘ*

ਗੁਰਦੁਆਰਿਆਂ ਦੇ ਲੜੀਵਾਰ ਇਤਿਹਾਸ ਦੀ ਕੜੀ ਵਿੱਚ ਅੱਜ ਇਕ ਅਜਿਹੇ ਅਸਥਾਨ ਦੀ ਗੱਲ ਕਰਾਂਗੇ ਜਿਸ ਬਾਰੇ ਗੱਲ ਘੱਟ ਹੀ ਸੁਣਨ ਨੂੰ ਮਿਲਦੀ ਹੈ। ਇਹ ਅਸਥਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸੱਚਾ ਸੌਦਾ ਤੋਂ ਮਹਿਜ ਪੌਣਾ ਕੁ ਮੀਲ ਦੀ ਵਿੱਥ ਤੇ ਖੇਤਾਂ ਵਿੱਚ ਉਦਾਸ ਖਲੋਤਾ ਨਜਰੀਂ ਆਉਂਦਾ ਹੈ। ਇਹ ਪਾਵਨ ਅਸਥਾਨ ਅੱਜ ਮਾਨੋ ਆਪਣੇ ਜੀਵਨ ਦੇ ਆਖ਼ਰੀ ਪਲਾਂ ਦੇ ਸਾਹ ਲੈਂਦਾ ਮਹਿਸੂਸ ਕਰਦਾ ਹੋਇਆ ਗੁਰੂ ਨਾਨਕ ਦੇ ਸਿੱਖਾਂ ਦੀ ਉਡੀਕ ਕਰਦਾ ਪ੍ਰੀਤਤ ਹੁੰਦਾ ਹੈ। ਖਾਲਸਾ ਰਾਜ ਸਮੇਂ ਜਿਸ ਦੀ ਉਸਾਰੀ ਹੋਈ ਤੇ ਜਿਸ ਦੀ ਆਪਣੀ ਇੱਕ ਸ਼ਾਨੋ ਸ਼ੌਕਤ ਸੀ ਅੱਜ ਵਿਰਾਨ ਅਵਸਥਾ ਵਿੱਚ ਖੜਾ ਹੈ। ਇਸ ਪੱਵਿਤਰ ਅਸਥਾਨ ਨੂੰ ਗੁਰੂ ਨਾਨਕ ਪਾਤਸ਼ਾਹੀ ਦੀ ਚਰਣ ਛੋਹ ਪ੍ਰਾਪਤ ਹੈ ਜਿਸ ਨੂੰ ਸਿੱਖ ਇਤਿਹਾਸ ਵਿੱਚ ਗੁਰਦੁਆਰਾ ਸੱਚ ਖੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਤੁਹਾਨੂੰ ਇਸ ਪਾਵਨ ਅਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ।

ਗੁਰਦਆਰਾ ਸੱਚ ਖੰਡ

ਗੁਰਦੁਆਰਾ ਸੱਚਖੰਡ ਸਾਹਿਬ ਪਾਕਿਸਤਾਨ ਦੇਸ਼ ਵਿਚਲੇ ਪੰਜਾਬ ਵਿੱਚ ਸੁਸ਼ੋਭਿਤ ਹੈ। ਇਹ ਪਾਵਨ ਅਸਥਾਨ ਗੁਰਦੁਆਰਾ ਸੱਚਾ ਸੌਦਾ, ਚੂਹੜਾਕਾਣਾ (ਗੁਰਦੁਆਰਾ ਸੱਚਾ ਸੌਦਾ ਦੇ ਇਤਿਹਾਸ ਬਾਰੇ ਜਾਨਣ ਲਈ ਇਸ ਇਤਿਹਾਸਕ ਲੜੀ ਦਾ ਪਿਛਲਾ ਅੰਕ ਪੜੋ) ਤੋਂ ਮਹਿਜ ਚਾਰ ਸੋ ਮੀਟਰ ਦੀ ਦੂਰੀ ਉੱਤੇ ਹੀ ਸਥਾਪਿਤ ਹੈ। ਇਕ ਹਵਾਲੇ ਅਨੁਸਾਰ ਇਸ ਪਾਵਨ ਅਸਥਾਨ ਦੀ ਉਸਾਰੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿੱਚ ਹੋਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਦੇ ਨਾਮ ‘ਤੇ ਵੀ ਬਾਕੀ ਗੁਰਦੁਆਰਿਆਂ ਵਾਂਗ ਜ਼ਮੀਨ ਵੀ ਕਰਵਾਈ ਸੀ ਪਰ ਬਾਵਜੂਦ ਇਸ ਦੇ ਵੀ ਵਰਤਮਾਨ ਸਮੇਂ ਇਸ ਗੁਰਦੁਆਰਾ ਸਾਹਿਬ ਦੀ ਹਾਲਤ ਕਾਫੀ ਖਸਤਾ ਬਣ ਚੁੱਕੀ ਹੈ। ਇਹ ਗੁਰਦੁਆਰਾ ਸਾਹਿਬ, ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਤ ਇੱਕ ਬਹੁਤ ਪਿਆਰੀ ਸਾਖੀ ਦੀ ਗਵਾਹੀ ਭਰਦਾ ਹੈ ਜੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਣ ਚੁੱਕੀ ਹੈ।

ਗੁਰਦੁਆਰਾ ਸੱਚ ਖੰਡ ਨਾਲ ਸਬੰਧਤ ਸਾਖੀ

ਪ੍ਰਚਲਿਤ ਸਾਖੀ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਵਾਰ ਜਦੋਂ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇਸ ਜਗ੍ਹਾ ਤੇ ਬੈਠੇ ਸਨ ਤਾਂ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਮੈਨੂੰ ਭੁੱਖ ਲੱਗੀ ਹੈ , ਤਾਂ ਗੁਰੂ ਜੀ ਨੇ ਕਿਹਾ ਕੇ ਉਹ ਕੋਈ ਵਪਾਰੀ ਗਧਿਆਂ ‘ਤੇ ਬੋਰੀਆਂ ਲੱਦੀ ਜਾ ਰਿਹਾ ਹੈ, ਜਾਓ ਪੁੱਛ ਕੇ ਆਓ ਉਹਨਾਂ ਬੋਰੀਆਂ ਵਿੱਚ ਕੀ ਹੈ, ਜਦੋਂ ਭਾਈ ਮਰਦਾਨੇ ਨੇ ਵਪਾਰੀ ਨੂੰ ਪੁੱਛਿਆ ਕੇ ਇਸ ਵਿਚ ਕੀ ਹੈ ਤਾਂ ਉਸ ਨੇ ਕਿਹਾ ਕੇ ਇਸ ਵਿੱਚ ਤਾਂ ਰੇਤ ਹੈ (ਕਈ ਥਾਂਈ ਰੇਤ ਦੇ ਸਥਾਨ ‘ਤੇ  ਨਮਕ ਵੀ ਲਿਖਿਆ ਹੈ), ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਤਾਂ ਗੁਰੂ ਜੀ ਕਿਹਾ: ‘ਠੀਕ ਹੈ! ਜੇ ਉਹ ਕਹਿੰਦਾ ਹੈ ਕਿ ਰੇਤ ਹੈ ਤਾਂ ਰੇਤ ਹੀ ਹੋਵੇਗੀ’ ਜਦੋਂ ਘਰ ਆ ਕੇ ਵਪਾਰੀ ਨੇ ਬੋਰੀਆਂ ਖੋਲ ਕੇ ਦੇਖੀਆਂ ਤਾਂ ਸੱਚਮੁੱਚ ਉਹ ਰੇਤ ਨਾਲ ਭਰੀਆਂ ਹੋਈਆਂ ਸਨ ਜਦਕਿ ਵਪਾਰੀ ਖੰਡ (ਕਈ ਲੇਖਕ ਗੁੜ ਦਾ ਵਪਾਰੀ ਲਿਖਦੇ ਹਨ) ਲੈ ਕੇ ਆਇਆ ਸੀ। ਇਹ ਦੇਖ ਕੇ ਵਪਾਰੀ ਚਿੰਤਤ ਹੋ ਗਿਆ ਅਤੇ ਉਸ ਨੂੰ ਯਾਦ ਆਇਆ ਕੇ ਉਸ ਨੇ ਗੁਰੂ ਜੀ ਕੋਲ ਝੂਠ ਬੋਲਿਆ ਸੀ, ਵਾਪਸ ਆਇਆ ਅਤੇ ਗੁਰੂ ਜੀ ਦੇ ਪੈਰ ਫੜ੍ਹ ਲਏ ਅਤੇ ਕਿਹਾ, ਮੈਂ ਝੂਠ ਬੋਲਿਆ ਸੀ ਇਸ ਵਿੱਚ ਤਾਂ ਖੰਡ ਸੀ ਤਾਂ ਗੁਰੂ ਜੀ ਨੇ ਕਿਹਾ: ‘ਠੀਕ ਹੈ! ਭਾਈ ਜੇ ਖੰਡ ਸੀ ਤਾਂ ਖੰਡ ਹੀ ਹੋਵੇਗੀ’ ਕਿਹਾ ਜਾਂਦਾ ਹੈ ਕਿ ਜਦੋਂ ਵਪਾਰੀ ਨੇ ਬੋਰੀਆਂ ਨੂੰ ਮੁੜ ਖੋਲਿਆ ਤਾਂ ਉਹ ਖੰਡ ਨਾਲ ਭਰੀਆਂ ਹੋਈਆਂ ਸਨ। ਸੋ ਇਸ ਅਸਥਾਨ ‘ਤੇ ਜਿੱਥੇ ਗੁਰੂ ਜੀ ਨੇ ਮਰਦਾਨੇ ਦੀ ਭੁੱਖ ਮਿਟਾਈ ਉਥੇ ਵਿਉਪਾਰੀ ਨੂੰ ਸੱਚ ਬੋਲ ਕੇ ਵਪਾਰ ਕਰਨ ਦਾ ਉਪਦੇਸ਼ ਵੀ ਦਿੱਤਾ।

ਸੋ ਗੁਰਦੁਆਰਾ ਸੱਚ ਖੰਡ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨੇ ਦੀ ਇਲਾਹੀ ਪਿਆਰੀ ਸਾਂਝ ਦਾ ਪ੍ਰਤੀਕ ਹੈ ਪਰ ਇਸ ਦੀ ਮੌਜੂਦਾ ਹਾਲਤ ਕਿਤੇ ਇਸ ਗੁਰੂ ਧਾਮ ਦੀ ਹੋਂਦ ਨੂੰ ਹੀ ਮਿਟਾ ਦੇਵੇ। ਸਾਨੂੰ ਅਜਿਹੇ ਗੁਰੂਧਾਮਾਂ ਦੀ ਹੋਂਦ ਬਚਾਉਂਣ ਲਈ ਵੀ ਯਤਨਸ਼ੀਲ ਹੋਣਾ ਚਾਹੀਦਾ ਹੈ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਅੱਠਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਇਹ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਉਹੀ ਜੋ ਜਿਸ ਨਾਲ ਉਹ ਗੁਰਦੁਆਰੇ ਸਾਹਿਬਾਨ ਪ੍ਰਚਲਿਤ ਹਨ। ਸਾਡਾ ਮਕਸਦ ਗੁਰੂਧਾਮਾਂ ਦੇ ਇਤਿਹਾਸ ਤੇ ਉਨ੍ਹਾਂ ਨਾਲ ਸਬੰਧਤ ਜਾਣਕਾਰੀ ਨੂੰ ਵੱਧ ਤੋਂ ਵੱਧ ਸੰਗਤਾਂ ਤਕ ਪਹੁੰਚਾਉਣਾ ਹੈ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਸਾਡਾ ਮਾਰਗ ਦਰਸ਼ਨ ਜ਼ਰੂਰ ਕਰੋ ਜੀ। ਰਹਿ ਗਈਆਂ ਕਮੀਆਂ ਲਈ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

* gurdevsinghdr@gmail.com

Check Also

ਗੁਰ ਬਿਨੁ ਕਿਉ ਤਰੀਐ ਸੁਖੁ ਹੋਇ … -ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -138 ਗੁਰ ਬਿਨੁ ਕਿਉ ਤਰੀਐ ਸੁਖੁ ਹੋਇ … *ਡਾ. ਗੁਰਦੇਵ ਸਿੰਘ ਸੰਸਾਰ ਨੂੰ …

Leave a Reply

Your email address will not be published. Required fields are marked *