ਅਮਨ ਅਰੋੜਾ ਵੱਲੋਂ ਸਟੇਟ CBG ਪਾਲਿਸੀ ਤਿਆਰ ਕਰਨ ਵਾਸਤੇ ਵਰਕਿੰਗ ਗਰੁੱਪ ਬਣਾਉਣ ਅਤੇ ਅਪਰੈਲ ਦੇ ਅਖੀਰ ਤੱਕ ਰਿਪੋਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼

Prabhjot Kaur
4 Min Read

ਚੰਡੀਗੜ੍ਹ: ਸੂਬੇ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰਾਜੈਕਟ ਸਥਾਪਤ ਕਰਨ ਵਿੱਚ ਹੋਰ ਤੇਜ਼ੀ ਲਿਆਉਣ ਵਾਸਤੇ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸਾਰੀਆਂ ਸਬੰਧਤ ਧਿਰਾਂ ਦਾ ਇਕ ਵਰਕਿੰਗ ਗਰੁੱਪ ਗਠਿਤ ਕਰਨ ਦੇ ਆਦੇਸ਼ ਦਿੱਤੇ। ਇਸ ਗਰੁੱਪ ਵੱਲੋਂ ਅਪਰੈਲ ਮਹੀਨੇ ਦੇ ਅਖੀਰ ਤੱਕ ਰਿਪੋਰਟ ਜਮ੍ਹਾਂ ਕਰਵਾਈ ਜਾਵੇਗੀ।

ਇਥੇ ਪੇਡਾ ਭਵਨ ਵਿਖੇ ਸੀ.ਬੀ.ਜੀ. ਡਿਵੈੱਲਪਰਾਂ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਗੇਲ, ਆਈ.ਸੀ.ਏ.ਆਰ. ਅਤੇ ਬੈਂਕਾਂ ਦੇ ਨੁਮਾਇੰਦਿਆਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ ਤਾਂ ਜੋ ਸੀ.ਬੀ.ਜੀ. ਪਲਾਂਟਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵਿੱਚ ਲਟਕ ਰਹੇ ਮਸਲਿਆਂ ਦਾ ਨਿਬੇੜਾ ਕੀਤਾ ਜਾ ਸਕੇ।

ਸੀ.ਬੀ.ਜੀ. ਪ੍ਰਾਜੈਕਟਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਪੱਧਰ ‘ਤੇ ਬਕਾਇਆ ਪਈਆਂ ਮਨਜ਼ੂਰੀਆਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਅਮਨ ਅਰੋੜਾ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੰਬਿਤ ਪਏ ਕੇਸਾਂ ਦੇ ਜਲਦੀ ਨਿਬੇੜੇ ਲਈ ਸਬੰਧਤ ਵਿਭਾਗਾਂ ਨਾਲ ਸੰਪਰਕ ਕਰਨ ਤਾਂ ਜੋ ਸੀ.ਬੀ.ਜੀ. ਪ੍ਰਾਜੈਕਟਾਂ ਦੀ ਸਥਾਪਨਾ ਲਈ ਮਨਜ਼ੂਰੀਆਂ ਦੇਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕੁਝ ਅਧਿਕਾਰੀਆਂ ਨੂੰ ਫੋਨ ਕਰਕੇ ਸਾਰੇ ਲੰਬਿਤ ਕੇਸਾਂ ਨੂੰ ਬਗ਼ੈਰ ਕਿਸੇ ਦੇਰੀ ਤੋਂ ਕਲੀਅਰ ਕਰਨ ਲਈ ਵੀ ਕਿਹਾ।

ਸੀ.ਬੀ.ਜੀ. ਦੀ ਖਰੀਦ ਤੇ ਚੁਕਾਈ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੀ.ਬੀ.ਜੀ. ਅਤੇ ਇਸ ਤੋਂ ਪੈਦਾ ਹੋਈ ਫਰਮੈਂਟਿਡ ਆਰਗੈਨਿਕ ਮੈਨਿਓਰ (ਜੈਵਿਕ ਖਾਦ) ਦੀ ਖਰੀਦ ਤੇ ਚੁਕਾਈ ਲਈ ਇੱਕ ਢੁਕਵੀਂ ਵਿਧੀ ਵਿਕਸਿਤ ਕਰਨ ਵਾਸਤੇ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਉਹ ਸੀ.ਬੀ.ਜੀ. ਦੀ ਖਰੀਦ ਤੇ ਚੁਕਾਈ ਦਾ ਮਾਮਲਾ ਕੇਂਦਰ ਸਰਕਾਰ ਕੋਲ ਵੀ ਉਠਾਉਣਗੇ।

- Advertisement -

ਅਮਨ ਅਰੋੜਾ ਨੇ ਸੀ.ਬੀ.ਜੀ. ਡਿਵੈੱਲਪਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪ੍ਰਮੁੱਖ ਤੌਰ ’ਤੇ ਖੇਤੀ ਪ੍ਰਧਾਨ ਸੂਬਾ ਹੈ ਅਤੇ ਇੱਥੇ ਝੋਨੇ ਦੀ ਪਰਾਲੀ ਅਤੇ ਖੇਤੀ ਰਹਿੰਦ-ਖੂੰਹਦ ’ਤੇ ਆਧਾਰਤ ਸੀ.ਬੀ.ਜੀ. ਪ੍ਰਾਜੈਕਟ ਲਗਾਉਣ ਦੀਆਂ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਇੱਥੇ ਹਰ ਸਾਲ 20 ਮਿਲੀਅਨ ਟਨ ਤੋਂ ਵੱਧ ਪਰਾਲੀ ਦਾ ਉਤਪਾਦਨ ਹੋ ਰਿਹਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਪੇਡਾ ਦੁਆਰਾ ਪਹਿਲਾਂ ਹੀ 43 ਸੀ.ਬੀ.ਜੀ. ਪ੍ਰਾਜੈਕਟ ਅਲਾਟ ਕੀਤੇ ਜਾ ਚੁੱਕੇ ਹਨ ਅਤੇ ਇਹ 43 ਪ੍ਰਾਜੈਕਟ ਮੁਕੰਮਲ ਹੋਣ ‘ਤੇ ਸਾਲਾਨਾ ਲਗਭਗ 18 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਕਰਨਗੇ, ਜਿਸ ਤੋਂ ਰੋਜ਼ਾਨਾ 510.58 ਟਨ ਸੀ.ਬੀ.ਜੀ. ਪੈਦਾ ਹੋਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਪ੍ਰਤੀ ਦਿਨ 33.23 ਟਨ (ਟੀਪੀਡੀ) ਦੀ ਕੁੱਲ ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪਲਾਂਟ ਸੰਗਰੂਰ ਜ਼ਿਲ੍ਹੇ ਵਿੱਚ ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕਾ ਹੈ ਅਤੇ 12 ਟੀ.ਪੀ.ਡੀ. ਸਮਰੱਥਾ ਦਾ ਇੱਕ ਹੋਰ ਸੀ.ਬੀ.ਜੀ. ਪ੍ਰਾਜੈਕਟ ਖੰਨਾ ਵਿਖੇ ਕਾਰਜਸ਼ੀਲ ਹੋ ਚੁੱਕਾ ਹੈ ਜਿਸ ਦਾ ਟਰਾਇਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 52.25 ਟੀਪੀਡੀ ਦੀ ਕੁੱਲ ਸਮਰੱਥਾ ਵਾਲੇ ਚਾਰ ਹੋਰ ਪ੍ਰਾਜੈਕਟ ਅਗਲੇ 4-5 ਮਹੀਨਿਆਂ ਵਿੱਚ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ।

ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮੀਟਿੰਗਾਂ ਸੀ.ਬੀ.ਜੀ. ਡਿਵੈੱਲਪਰਾਂ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਗੌਰ ਕਰਨ ਅਤੇ ਇਨ੍ਹਾਂ ਦੇ ਜਲਦੀ ਤੋਂ ਜਲਦੀ ਹੱਲ ਦੇ ਸਬੰਧ ਵਿੱਚ ਬੁਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੀ.ਬੀ.ਜੀ. ਪਲਾਂਟ ਵਿਗਿਆਨਕ ਤਰੀਕੇ ਨਾਲ ਪਰਾਲੀ ਨੂੰ ਸਾੜਨ ਤੋਂ ਰੋਕਣ ਦਾ ਸਭ ਤੋਂ ਵਧੀਆ ਹੱਲ ਹਨ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਨਵਿਆਉਣਯੋਗ ਊਰਜਾ ਉਤਪਾਦਨ ਅਤੇ ਇਸ ਦੀ ਵਰਤੋਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ।

ਸੀ.ਬੀ.ਜੀ. ਡਿਵੈੱਲਪਰਾਂ ਨੇ ਉਨ੍ਹਾਂ ਦੇ ਮੁੱਦਿਆਂ ਨੂੰ ਸੁਣਨ ਲਈ ਮੀਟਿੰਗਾਂ ਬੁਲਾਉਣ ਅਤੇ ਸਾਰੇ ਸੀ.ਬੀ.ਜੀ. ਪ੍ਰਾਜੈਕਟਾਂ ਦੇ ਸਟੇਟਸ ਬਾਰੇ ਨਿੱਜੀ ਤੌਰ ‘ਤੇ ਨਿਗਰਾਨੀ ਰੱਖਣ ਲਈ ਅਮਨ ਅਰੋੜਾ ਦਾ ਧੰਨਵਾਦ ਕੀਤਾ।

- Advertisement -
Share this Article
Leave a comment